ਇੱਕ ਪ੍ਰੋਫੈਸਰ ਦੀ ਕਹਾਣੀ ਜਿਸ ਵੱਲੋਂ ਪੇਪਰ ’ਚ ਪੁੱਛੇ ਸਵਾਲ ਕਾਰਨ ਉਸ ਦਾ ਹੱਥ ਵੱਢ ਦਿੱਤਾ ਗਿਆ ਸੀ

- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਸਾਲ 2010 ਵਿੱਚ ਕੇਰਲ ਦੇ ਇੱਕ ਪ੍ਰੋਫੈਸਰ 'ਤੇ ਪ੍ਰੀਖਿਆ ਪੇਪਰ ਵਿੱਚ ਇਸਲਾਮ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦੇ ਹੋਏ ਕੱਟੜਪੰਥੀਆਂ ਨੇ ਉਸ ਦਾ ਹੱਥ ਵੱਢ ਦਿੱਤਾ ਸੀ।
ਪਿਛਲੇ ਮਹੀਨੇ ਸਰਕਾਰ ਨੇ ਵਿਵਾਦਤ ਮੁਸਲਿਮ ਸਮੂਹ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) 'ਤੇ ਪਾਬੰਦੀ ਲਗਾ ਦਿੱਤੀ, ਜਿਸ ਦੇ ਮੈਂਬਰਾਂ ਨੇ ਇਹ ਹਮਲਾ ਕੀਤਾ ਸੀ।
ਬੀਬੀਸੀ ਇਸ ਭਿਆਨਕ ਘਟਨਾ ਅਤੇ ਇਸ ਦੇ ਨਤੀਜੇ ਵਜੋਂ ਹੋਈਆਂ ਘਟਨਾਵਾਂ ਬਾਰੇ ਪਤਾ ਕਰਨ ਲਈ ਕੇਰਲ ਪਹੁੰਚਿਆ।
ਚੇਤਾਵਨੀ: ਇਸ ਆਰਟੀਕਲ ਵਿੱਚ ਅਜਿਹੇ ਵੇਰਵੇ ਹਨ ਜੋ ਕੁਝ ਪਾਠਕਾਂ ਨੂੰ ਦੁਖਦਾਈ ਲੱਗ ਸਕਦੇ ਹਨ।
ਟੀ.ਜੇ. ਜੋਸੇਫ਼ ਨੂੰ 12 ਸਾਲ ਪਹਿਲਾਂ ਹੋਇਆ ਹਮਲਾ ਚੰਗੀ ਤਰ੍ਹਾਂ ਯਾਦ ਹੈ।
ਇਹ ਜੁਲਾਈ ਦੀ ਇੱਕ ਸਵੇਰ ਸੀ ਤੇ ਮੀਂਹ ਪੈ ਰਿਹਾ ਸੀ। ਪ੍ਰੋ. ਜੋਸੇਫ਼ ਉਸ ਸਮੇਂ ਇੱਕ ਸਥਾਨਕ ਕਾਲਜ ਵਿੱਚ ਮਲਿਆਲਮ ਭਾਸ਼ਾ ਦੇ ਅਧਿਆਪਕ ਸਨ।
ਦੱਖਣੀ ਸੂਬੇ ਕੇਰਲ ਦੇ ਇੱਕ ਰਮਣੀਕ ਸ਼ਹਿਰ ਮੁਵੱਟੂਪੁਝਾ ਵਿੱਚ ਜੋ ਇਸੇ ਨਾਂ ਦੀ ਇੱਕ ਨਦੀ ਦੇ ਕੰਢੇ 'ਤੇ ਸਥਿਤ ਹੈ, ਉੱਥੋਂ ਉਹ 'ਸੰਡੇ ਮਾਸ' (ਕੈਥੋਲਿਕ ਧਰਮ ਵਿੱਚ ਈਸ਼ਵਰ ਨੂੰ ਧਿਆਉਣ ਦੀ ਇੱਕ ਵਿਧੀ) ਤੋਂ ਬਾਅਦ ਆਪਣੀ ਮਾਂ ਅਤੇ ਭੈਣ ਨਾਲ ਘਰ ਜਾ ਰਹੇ ਸਨ।
ਉਨ੍ਹਾਂ ਦੇ ਘਰ ਤੋਂ ਮੁਸ਼ਕਿਲ ਨਾਲ 100 ਮੀਟਰ ਦੀ ਦੂਰੀ 'ਤੇ ਇੱਕ ਹਰਿਆਲੀ ਭਰਪੂਰ ਗਲੀ ਵਿੱਚ ਇੱਕ ਸੁਜ਼ੂਕੀ ਮਿਨੀਵੈਨ ਅੱਗੇ ਆ ਗਈ, ਉਸ ਨੇ ਤਿੱਖਾ ਮੋੜ ਲਿਆ ਅਤੇ ਉਨ੍ਹਾਂ ਦੀ ਕਾਰ ਨੂੰ ਰੋਕ ਦਿੱਤਾ।
ਮਿਨੀਵੈਨ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਉਸ ਵਿੱਚੋਂ ਛੇ ਵਿਅਕਤੀ ਬਾਹਰ ਨਿਕਲੇ। ਉਨ੍ਹਾਂ ਵਿੱਚੋਂ ਇੱਕ ਦੌੜਦਾ ਹੋਇਆ ਪ੍ਰੋ. ਜੋਸੇਫ਼ ਦੀ ਕਾਰ ਵੱਲ ਗਿਆ। ਉਸ ਨੇ ਕੁਹਾੜੀ ਚੁੱਕੀ ਹੋਈ ਸੀ।
ਉਹ ਵਿਅਕਤੀ ਜਿਵੇਂ ਹੀ ਡਰਾਈਵਰ ਦੇ ਦਰਵਾਜ਼ੇ ਕੋਲ ਪਹੁੰਚਿਆ ਅਤੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੋਰ ਵਿਅਕਤੀ ਛੁਰਾ ਲਹਿਰਾਉਂਦਾ ਹੋਇਆ, ਪਿਛਲੇ ਪਾਸੇ ਤੋਂ ਆਇਆ। ਤਿੰਨ ਹੋਰ ਜਣੇ ਕਾਰ ਦੇ ਕੋਲ ਪਹੁੰਚੇ ਜਿੱਥੇ ਪ੍ਰੋਫੈਸਰ ਦੀ ਭੈਣ ਬੈਠੀ ਸੀ।
ਉਹ ਡਰ ਕੇ ਆਪਣੀ ਚਾਰ ਸਾਲ ਪੁਰਾਣੀ ਵੈਗਨ ਆਰ ਦੇ ਸਟੇਰਿੰਗ ਵੱਲ ਝੁਕ ਗਿਆ, ਉਸ ਦਾ ਇੰਜਣ ਬੰਦ ਹੋ ਗਿਆ ਅਤੇ ਕੁਹਾੜੀ ਦੇ ਵਾਰ ਨਾਲ ਡਰਾਈਵਰ ਦੀ ਸਾਈਡ ਦੀ ਖਿੜਕੀ ਦੇ ਟੁਕੜੇ- ਟੁਕੜੇ ਹੋ ਗਏ।
ਹੁਣ ਪ੍ਰੋਫੈਸਰ ਜੋਸੇਫ਼ ਨੇ ਮਹਿਸੂਸ ਕੀਤਾ ਕਿ ਉਹ ਬੁਰੀ ਤਰ੍ਹਾਂ ਫਸ ਗਏ ਹਨ।

ਕੁਹਾੜੀ ਮਾਰਨ ਵਾਲੇ ਵਿਅਕਤੀ ਨੇ ਅੰਦਰੋਂ ਦਰਵਾਜ਼ਾ ਖੋਲ੍ਹਿਆ, ਉਨ੍ਹਾਂ ਨੂੰ ਬਾਹਰ ਕੱਢਿਆ, ਫਿਰ ਉਨ੍ਹਾਂ ਨੂੰ ਮੀਂਹ ਦੇ ਪਾਣੀ ਨਾਲ ਭਰੀ ਸੜਕ 'ਤੇ ਘਸੀਟਿਆ। ਉਸ ਦੀਆਂ ਲੱਤਾਂ ਅਤੇ ਹੱਥਾਂ 'ਤੇ ਵਾਰ ਕੀਤਾ।
"ਮੈਨੂੰ ਨਾ ਮਾਰੋ... ਪਲੀਜ਼, ਮੈਨੂੰ ਨਾ ਮਾਰੋ।" ਪ੍ਰੋਫੈਸਰ ਜੋਸੇਫ਼ ਨੇ ਉਸ ਨੂੰ ਬੇਨਤੀ ਕੀਤੀ।
ਕੁਹਾੜੀ ਮਾਰਨ ਵਾਲਾ ਆਦਮੀ "ਲੱਕੜ ਕੱਟਣ" ਵਾਂਗ ਉਨ੍ਹਾਂ ਦੇ ਹੱਥ ਅਤੇ ਲੱਤਾਂ ਨੂੰ ਕੱਟਦਾ ਅਤੇ ਵੱਢਦਾ ਰਿਹਾ।
ਉਨ੍ਹਾਂ ਦੇ ਖੱਬੇ ਹੱਥ ਦੀ ਹਥੇਲੀ ਪਹਿਲਾਂ ਹੀ ਕੱਟੀ ਜਾ ਚੁੱਕੀ ਸੀ ਅਤੇ ਇੱਕ ਪਾਸੇ ਸੁੱਟ ਦਿੱਤੀ ਗਈ ਸੀ। ਸੱਜੀ ਬਾਂਹ ਬਾਕੀ ਸਰੀਰ ਨਾਲ ਮੁਸ਼ਕਿਲ ਨਾਲ ਲਟਕ ਰਹੀ ਸੀ।
ਪ੍ਰੋਫੈਸਰ ਜੋਸੇਫ਼ ਦਾ ਪੁੱਤਰ ਅਤੇ ਪਤਨੀ ਚੀਕਾਂ ਅਤੇ ਕੱਚ ਟੁੱਟਣ ਦੀਆਂ ਭਿਆਨਕ ਆਵਾਜ਼ਾਂ ਸੁਣ ਕੇ ਘਰੋਂ ਬਾਹਰ ਵੱਲ ਭੱਜੇ ਆਏ। ਪੁੱਤਰ ਨੇ ਮੌਕੇ 'ਤੇ ਪਹੁੰਚ ਕੇ ਆਪਣੇ ਪਿਤਾ 'ਤੇ ਹਮਲਾ ਕਰਨ ਵਾਲੇ ਵਿਅਕਤੀ 'ਤੇ ਕੁਹਾੜੀ ਨਾਲ ਵਾਰ ਕੀਤਾ।
ਇਨ੍ਹਾਂ ਵਿਅਕਤੀਆਂ ਨੇ ਇੱਕ ਕਰੂਡ ਬੰਬ ਨਾਲ ਵਿਸਫੋਟ ਕੀਤਾ। ਉਹ ਖੂਨ ਨਾਲ ਲੱਥਪੱਥ ਹੋਏ ਪੀੜਤ ਨੂੰ ਸੜਕ 'ਤੇ ਛੱਡ ਕੇ ਵੈਨ ਵਿੱਚ ਫਰਾਰ ਹੋ ਗਏ।

ਕਿਉਂ ਚਰਚਾ 'ਚ ਹੈ ਪੀਐੱਫਆਈ?
- ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਪਾਪੂਲਰ ਫਰੰਟ ਆਫ ਇੰਡੀਆ 'ਤੇ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।
- ਪੀਐੱਫਆਈ ਲੰਬੇ ਸਮੇਂ ਤੋਂ ਜਾਂਚ ਏਜੰਸੀਆਂ ਦੇ ਰਡਾਰ 'ਤੇ ਹੈ।
- ਪਾਬੰਦੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਸੰਗਠਨ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
- ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੀਐੱਫਆਈ ਦੇ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ ਅਤੇ ਪਾਬੰਦੀਸ਼ੁਦਾ ਸੰਗਠਨ ਸਿਮੀ ਨਾਲ ਸਬੰਧ ਹਨ।
- ਕੇਂਦਰ ਸਰਕਾਰ ਮੁਤਾਬਕ ਪੀਐੱਫਆਈ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ।

ਪ੍ਰੋਫੈਸਰ ਜੋਸੇਫ਼ ਨੇ ਦੱਸਿਆ "ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਵਾਸਤਵਿਕ ਹੈ।"
ਗੰਭੀਰ ਹਾਲਤ ਵਿੱਚ ਪਹੁੰਚੇ ਹਸਪਤਾਲ
ਗੁਆਂਢੀਆਂ ਨੇ ਪ੍ਰੋਫੈਸਰ ਜੋਸੇਫ਼ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਉਨ੍ਹਾਂ ਦਾ ਵੱਢਿਆ ਹੋਇਆ ਹੱਥ ਗੁਆਂਢੀ ਦੇ ਬਗੀਚੇ ਵਿੱਚ "ਸੁੱਕੇ ਹੋਏ ਟੀਕ ਦੇ ਪੱਤੇ ਵਾਂਗ" ਪਿਆ ਮਿਲਿਆ। ਫਿਰ ਇਸ ਨੂੰ ਇੱਕ ਬੈਗ ਵਿੱਚ ਪਾਇਆ ਅਤੇ ਵੱਖਰੇ ਤੌਰ 'ਤੇ ਹਸਪਤਾਲ ਲਿਜਾਇਆ ਗਿਆ।
ਕਦੇ ਹੋਸ਼ ਅਤੇ ਕਦੇ ਬੇਹੋਸ਼ ਹੋਣ ਦੀ ਹਾਲਤ ਵਿੱਚ ਪ੍ਰੋਫੈਸਰ ਜੋਸੇਫ਼ ਨੂੰ ਲਗਭਗ 50 ਕਿਲੋਮੀਟਰ ਦੂਰ ਇੱਕ ਹਸਪਤਾਲ ਵਿੱਚ ਐਮਰਜੈਂਸੀ ਸਰਜਰੀ ਲਈ ਲੈ ਜਾਇਆ ਗਿਆ। ਛੇ ਡਾਕਟਰਾਂ ਨੇ 16 ਘੰਟੇ ਲਾਏ ਅਤੇ 16 ਖੂਨ ਦੀਆਂ ਬੋਤਲਾਂ ਚੜ੍ਹਾ ਕੇ ਉਨ੍ਹਾਂ ਦਾ ਆਪਰੇਸ਼ਨ ਕੀਤਾ।
ਉਨ੍ਹਾਂ ਦੇ ਕੱਟੇ ਹੋਏ ਹੱਥ ਨੂੰ ਵਾਪਸ ਸਿਉਂ ਦਿੱਤਾ ਅਤੇ ਉਨ੍ਹਾਂ ਦੇ ਗੁੱਟ ਅਤੇ ਬਾਂਹ 'ਤੇ ਵੀ ਮੱਲ੍ਹਮ ਪੱਟੀ ਕੀਤੀ ਗਈ।
ਪ੍ਰੋਫੈਸਰ ਜੋਸੇਫ਼ ਨੂੰ ਸਰਜਰੀ ਤੋਂ 18 ਘੰਟੇ ਬਾਅਦ ਹੋਸ਼ ਆਈ। ਹਸਪਤਾਲ ਮੀਡੀਆ ਕਰਮਚਾਰੀਆਂ ਨਾਲ ਭਰ ਗਿਆ। ਇੱਕ ਅਧਿਆਪਕ 'ਤੇ ਹੋਏ ਹਮਲੇ ਨੇ ਜਨਤਕ ਗੁੱਸਾ ਫੈਲਾ ਦਿੱਤਾ। ਡਾਕਟਰਾਂ ਨੇ ਉਸ ਨੂੰ 35 ਦਿਨਾਂ ਬਾਅਦ ਅਗਸਤ ਵਿੱਚ ਹਸਪਤਾਲੋਂ ਛੁੱਟੀ ਦੇ ਦਿੱਤੀ ਸੀ।
ਇਨ੍ਹਾਂ 35 ਦਿਨਾਂ ਵਿੱਚੋਂ 11 ਦਿਨ ਉਨ੍ਹਾਂ ਦੀ ਹਾਲਤ ਗੰਭੀਰ ਸੀ।
ਪ੍ਰੋ. ਜੋਸੇਫ਼ ਨੇ ਮੈਨੂੰ ਦੱਸਿਆ, "ਮੇਰਾ ਅਪਰਾਧ ਪ੍ਰੀਖਿਆ ਪੇਪਰ ਵਿੱਚ ਇੱਕ ਸਵਾਲ ਸੈੱਟ ਕਰਨਾ ਸੀ ਜਿਸ ਨੂੰ ਕੁਝ ਲੋਕਾਂ ਨੇ ਇਸਲਾਮ ਦਾ ਅਪਮਾਨ ਕਰਨਾ ਸਮਝ ਲਿਆ। ਇਸ ਨੇ ਮੇਰਾ ਜੀਵਨ ਹੀ ਬਰਬਾਦ ਕਰ ਦਿੱਤਾ।''
ਇਹ ਵੀ ਪੜ੍ਹੋ:-

ਹਮਲੇ ਤੋਂ ਮੁਸ਼ਕਿਲ ਨਾਲ ਚਾਰ ਮਹੀਨੇ ਪਹਿਲਾਂ, ਪ੍ਰੋ. ਜੋਸੇਫ਼ ਨੂੰ 26 ਮਾਰਚ ਨੂੰ ਸਵੇਰੇ ਇੱਕ ਫੋਨ ਨੇ ਜਗਾਇਆ ਸੀ। ਉਸ ਰਾਤ ਉਹ ਠੀਕ ਤਰ੍ਹਾਂ ਸੁੱਤੇ ਸਨ, ਪਰ ਉਨ੍ਹਾਂ ਨੂੰ ਥੋੜ੍ਹੀ ਘਬਰਾਹਟ ਮਹਿਸੂਸ ਹੋ ਰਹੀ ਸੀ।
ਫੋਨ 'ਤੇ ਸਥਾਨਕ ਰੋਮਨ ਕੈਥੋਲਿਕ ਚਰਚ ਵੱਲੋਂ ਸੰਚਾਲਿਤ ਨਿਊਮੈਨ ਕਾਲਜ ਦੇ ਪ੍ਰਿੰਸੀਪਲ ਸਨ। ਜਿੱਥੇ ਉਹ 25 ਸਾਲਾਂ ਦੇ ਲੰਬੇ ਅਧਿਆਪਨ ਕਰੀਅਰ ਵਿੱਚ ਆਪਣੀ ਤੀਜੀ ਨੌਕਰੀ ਦੇ ਦੂਜੇ ਸਾਲ ਵਿੱਚ ਸਨ।
ਜਿਵੇਂ ਕਿ ਪ੍ਰੋ. ਜੋਸੇਫ਼ ਦੱਸਦੇ ਹਨ, ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕਿਹਾ ਕਿ ਕਾਲਜ ਦਾ ਮੈਦਾਨ ਪੁਲਿਸ ਨਾਲ ਭਰਿਆ ਹੋਇਆ ਹੈ, ਅਤੇ ਬਿਹਤਰ ਹੋਵੇਗਾ ਕਿ ਉਹ ਕਾਲਜ ਤੋਂ ਦੂਰ ਹੀ ਰਹਿਣ।
ਪ੍ਰਿੰਸੀਪਲ ਨੇ ਚਿਤਾਵਨੀ ਦਿੱਤੀ, "ਜੇ ਤੁਸੀਂ ਕਾਲਜ ਆਏ ਤਾਂ ਸਥਿਤੀ ਵਿਗੜ ਸਕਦੀ ਹੈ।"
ਪ੍ਰੋਫੈਸਰ ਜੋਸੇਫ਼ ਨੇ ਪੁੱਛਿਆ, "ਕਿਉਂ? ਮੈਂ ਕੁਝ ਗਲਤ ਨਹੀਂ ਕੀਤਾ।"
ਪ੍ਰਿੰਸੀਪਲ ਨੇ ਉਨ੍ਹਾਂ ਨੂੰ ਦੱਸਿਆ ਕਿ "ਮੁੱਦਾ ਇਹ ਹੈ ਕਿ ਪੈਗੰਬਰ ਦਾ ਅਪਮਾਨ ਕੀਤਾ ਗਿਆ ਅਤੇ ਕਾਲਜ ਦੀ ਕੰਧ 'ਤੇ ਪੋਸਟਰ ਚਿਪਕਾਏ ਜਾ ਰਹੇ ਹਨ।"
ਪੇਪਰ ਵਿੱਚ ਕੀ ਪ੍ਰਸ਼ਨ ਪੁੱਛਿਆ ਗਿਆ ਸੀ?
ਅਪਮਾਨਜਨਕ ਪ੍ਰਸ਼ਨ ਇੱਕ ਵਿਰਾਮ ਚਿੰਨ੍ਹ ਵਾਲਾ ਅਭਿਆਸ ਸੀ। ਇਸ ਵਿੱਚ ਪ੍ਰੋ ਜੋਸੇਫ਼ ਨੇ ਫਿਲਮ ਨਿਰਮਾਤਾ ਪੀਟੀ ਕੁੰਜੂ ਮੁਹੰਮਦ ਦੁਆਰਾ ਪਟਕਥਾ 'ਤੇ ਲਿਖੀ ਗਈ ਇੱਕ ਕਿਤਾਬ ਤੋਂ ਇੱਕ ਸੰਵਾਦ ਲਿਆ ਸੀ - "ਰੱਬ ਅਤੇ ਇੱਕ ਪਾਗਲ ਆਦਮੀ (ਗੌਡ ਐਂਡ ਏ ਮੈਡ ਮੈਨ)" ਵਿਚਕਾਰ ਕਾਲਪਨਿਕ ਸੰਵਾਦ।''
ਉਸ ਨੇ "ਮੈਡ ਮੈਨ" ਨੂੰ ਡਾਇਰੈਕਟਰ ਦੇ ਸਰਨੇਮ ਮੁਹੰਮਦ ਵਿੱਚ ਬਦਲ ਦਿੱਤਾ।
ਪ੍ਰੋਫੈਸਰ ਜੋਸੇਫ਼ ਨੇ ਕਿਹਾ, "ਮੁਹੰਮਦ ਮੁਸਲਮਾਨਾਂ ਵਿੱਚ ਇੱਕ ਆਮ ਨਾਮ ਹੈ। ਇਹ ਮੇਰੇ ਦਿਮਾਗ ਵਿੱਚ ਨਹੀਂ ਆਇਆ ਕਿ ਕੋਈ ਇਸ ਨੂੰ ਪੈਗੰਬਰ ਮੁਹੰਮਦ ਵਜੋਂ ਗਲਤ ਸਮਝ ਲਏਗਾ।"
ਚਾਰ ਮੁਸਲਮਾਨਾਂ ਸਮੇਤ 32 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਇਸ ਉੱਤੇ ਇਤਰਾਜ਼ ਨਹੀਂ ਕੀਤਾ। ਸਿਰਫ਼ ਇੱਕ ਵਿਦਿਆਰਥਣ ਨੇ "ਕੁਝ ਅਸਹਿਜਤਾ ਦਿਖਾਈ" ਸੀ।
ਤਣਾਅ ਵਧਣ 'ਤੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਕਾਲਜ ਦੇ ਗੇਟਾਂ ਦੇ ਆਸ-ਪਾਸ ਰੋਕ ਰਹੀ ਸੀ। ਭੀੜ ਨੇ ਸ਼ਹਿਰ ਵਿੱਚ ਦੁਕਾਨਾਂ ਬੰਦ ਕਰਨ ਲਈ ਮਜਬੂਰ ਕਰ ਦਿੱਤਾ। ਕਾਲਜ ਨੇ ਤੁਰੰਤ ਅਧਿਆਪਕ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ।
ਪ੍ਰੋ. ਜੋਸੇਫ਼ ਨੇ ਕਿਹਾ, "ਮੈਨੂੰ ਇੰਝ ਲੱਗਾ ਜਿਵੇਂ ਕਿਸੇ ਵਿਅਕਤੀ ਦੇ ਬਿਨਾਂ ਕਿਸੇ ਚਿਤਾਵਨੀ ਦੇ ਕੱਪੜੇ ਉਤਾਰੇ ਜਾ ਰਹੇ ਹੋਣ।"
ਪ੍ਰੋਫੈਸਰ ਜੋਸੇਫ਼ ਨੇ ਆਪਣੀ ਪਤਨੀ ਸਲੋਮੀ ਨੂੰ ਕੱਪੜੇ ਪੈਕ ਕਰਨ ਲਈ ਕਿਹਾ, ਅਤੇ ਸ਼ਹਿਰ ਤੋਂ ਬਾਹਰ ਜਾਣ ਲਈ ਇੱਕ ਬੱਸ ਫੜ ਲਈ।
ਅਗਲੇ ਕੁਝ ਦਿਨਾਂ ਤੱਕ ਉਨ੍ਹਾਂ ਨੇ ਸਸਤੇ ਹੋਟਲਾਂ ਵਿੱਚ ਰਹਿ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਸਫ਼ਰ ਕੀਤਾ, ਟੀਵੀ 'ਤੇ ਚੱਲਦਾ ਡਰਾਮਾ ਦੇਖਦੇ ਰਹੇ। ਪੁਲਿਸ ਨੇ ਉਨ੍ਹਾਂ ਨੂੰ ਲੱਭਣ ਲਈ ਚਾਰ ਟੀਮਾਂ ਬਣਾਈਆਂ ਅਤੇ ਪਿਤਾ ਦੇ ਠਿਕਾਣੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦੇ 22 ਸਾਲਾ ਪੁੱਤਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
ਪ੍ਰੋਫੈਸਰ ਜੋਸੇਫ ਨੇ ਕੀਤਾ ਆਤਮ ਸਮਰਪਣ
ਛੇ ਦਿਨਾਂ ਬਾਅਦ, ਪ੍ਰੋ ਜੋਸੇਫ਼ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ।
ਉਨ੍ਹਾਂ ਨੂੰ ਕਤਲ ਅਤੇ ਨਾਜਾਇਜ਼ ਸ਼ਰਾਬ ਵੇਚਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰਕੇ 15 ਹੋਰ ਮੁਲਜ਼ਮਾਂ ਦੇ ਨਾਲ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ।
ਪੁਲਿਸ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦਾ ਪਾਸਪੋਰਟ, ਬੈਂਕ ਦੇ ਦਸਤਾਵੇਜ਼ ਅਤੇ ਹੋਰ ਸਰਕਾਰੀ ਕਾਗਜ਼ਾਤ ਜ਼ਬਤ ਕਰ ਲਏ। ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਉਨ੍ਹਾਂ 'ਤੇ "ਈਸ਼ਨਿੰਦਾ ਅਤੇ ਈਸ਼ਵਰ ਦੀ ਨਿੰਦਾ ਕਰਨ" ਦਾ ਇਲਜ਼ਾਮ ਲਗਾਇਆ ਸੀ।
ਪ੍ਰੋਫੈਸਰ ਜੋਸੇਫ਼ ਦੇ ਕਾਲਜ ਨੇ ਜਨਤਕ ਮੁਆਫੀਨਾਮਾ ਜਾਰੀ ਕੀਤਾ ਸੀ ਅਤੇ ਪੁਲਿਸ ਨੇ ਉਨ੍ਹਾਂ ਨੂੰ "ਪ੍ਰਸ਼ਨ ਪੱਤਰ ਦਾ ਦੋਸ਼ੀ" ਕਿਹਾ ਸੀ। ਕਾਲਜ ਨੇ ਉਨ੍ਹਾਂ ਨੂੰ ਦੋਸ਼ਾਂ ਦੀ ਇੱਕ ਸੂਚੀ ਭੇਜੀ, ਜਿਸ ਵਿੱਚ "ਸਾਰੇ ਧਰਮਾਂ, ਖਾਸ ਕਰਕੇ ਇਸਲਾਮ ਦੇ ਪੈਰੋਕਾਰਾਂ ਦੀਆਂ ਸੰਵੇਦਨਾਵਾਂ ਨੂੰ ਠੇਸ ਪਹੁੰਚਾਉਣਾ" ਸ਼ਾਮਲ ਸੀ।
ਪ੍ਰੋ. ਜੋਸੇਫ਼ ਨੇ ਕਰੀਬ ਇੱਕ ਹਫ਼ਤਾ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਹਾਸਲ ਕਰ ਲਈ ਅਤੇ ਆਪਣੇ ਸਹੁਰਿਆਂ ਨਾਲ ਰਹਿਣ ਲੱਗ ਪਏ। ਉਹ ਬਾਹਰ ਜਾਣ 'ਤੇ ਸਾਵਧਾਨੀ ਵਰਤਦੇ ਸਨ।
ਉਨ੍ਹਾਂ ਨੇ ਕਿਹਾ, ''ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਕੱਟੜਪੰਥੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨਗੇ।''

ਉਨ੍ਹਾਂ ਵਿਅਕਤੀਆਂ ਦੇ ਵੱਖੋ-ਵੱਖਰੇ ਗਰੁੱਪ ਮਈ ਵਿੱਚ ਤਿੰਨ ਵਾਰ ਪ੍ਰੋਫੈਸਰ ਜੋਸੇਫ਼ ਦੀ ਭਾਲ ਕਰਨ ਆਏ ਅਤੇ ਇੱਕ ਮੌਕੇ 'ਤੇ ਉਨ੍ਹਾਂ ਨੂੰ ਤਲਾਸ਼ਣ ਵਿੱਚ ਕਾਮਯਾਬ ਹੋ ਗਏ।
ਜਦੋਂ ਵਿਦਿਆਰਥੀ ਹੋਣ ਦਾ ਦਾਅਵਾ ਕਰਨ ਵਾਲੇ ਛੇ ਲੋਕ ਉਨ੍ਹਾਂ ਦੇ ਘਰ ਦੇ ਗੇਟ 'ਤੇ ਪਹੁੰਚੇ ਤਾਂ ਉਹ ਘਰ ਨਹੀਂ ਸੀ। ਉਨ੍ਹਾਂ ਲੋਕਾਂ ਨੇ ਪ੍ਰੋਫੈਸਰ ਜੋਸੇਫ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਧਿਆਪਕ ਕਾਲਜ ਮੈਗਜ਼ੀਨ ਲਈ ਆਪਣੀਆਂ ਯਾਦਾਂ ਲਿਖਣ।
ਦੂਜੀ ਵਾਰ, ਉਹ ਦਰਵਾਜ਼ੇ 'ਤੇ ਪਹੁੰਚੇ ਅਤੇ ਪ੍ਰੋਫੈਸਰ ਜੋਸੇਫ਼ ਨੂੰ ਕਿਹਾ ਕਿ ਉਹ ਉਨ੍ਹਾਂ ਵਿੱਚੋਂ ਇੱਕ ਦੀ ਬੇਟੀ ਜੋ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ, ਉਸ ਦੇ ਇਲਾਜ ਲਈ ਦਾਨ ਮੰਗ ਰਹੇ ਹਨ। ਉਨ੍ਹਾਂ ਨੇ ਉਸ ਨੂੰ ਇੱਕ ਲਿਫਾਫਾ ਦਿੱਤਾ ਜਿਸ ਨੂੰ ਉਨ੍ਹਾਂ ਨੇ ਪ੍ਰੋਫੈਸਰ ਦੇ ਕਿਸੇ ਜਾਣਕਾਰ ਦਾ ਰੈਫਰੈਂਸ ਪੱਤਰ ਦੱਸਿਆ।
ਪ੍ਰੋਫੈਸਰ ਜੋਸੇਫ਼ ਨੇ ਦੱਸਿਆ, "ਮੈਂ ਗੇਟ ਤੋਂ ਦੋ ਕਦਮ ਪਿੱਛੇ ਹਟ ਗਿਆ, ਅਤੇ ਆਪਣੇ ਘਰ ਦੇ ਅੰਦਰ ਵਾਪਸ ਆ ਗਿਆ। ਲਿਫਾਫੇ 'ਤੇ ਮੇਰਾ ਨਾਮ ਸੀ। ਮੈਨੂੰ ਲੱਗਿਆ ਕਿ ਇਹ ਕੋਈ ਲੈਟਰ ਬੰਬ ਹੋ ਸਕਦਾ ਹੈ, ਇਸ ਲਈ ਮੈਂ ਇਸ ਨੂੰ ਵਾਪਸ ਕਰ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਦਿੱਤਾ।" ਉਹ ਗੇਟ ਤੋਂ ਬਾਹਰ ਨਿਕਲੇ ਅਤੇ ਆਪਣੇ ਮੋਟਰਸਾਈਕਲਾਂ 'ਤੇ ਸਵਾਰ ਹੋ ਗਏ। "ਉਨ੍ਹਾਂ ਦੇ ਚਿਹਰੇ ਭਾਵਹੀਣ" ਸਨ।
"ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਮੇਰੇ 'ਤੇ ਹਮਲਾ ਕਰਨ ਲਈ ਆ ਰਹੇ ਹਨ। ਮੈਂ ਆਪਣੇ ਗੁਆਂਢੀ ਨੂੰ ਬੁਲਾਇਆ। ਉਸ ਨੇ ਮੈਨੂੰ ਇੱਥੋਂ ਬਾਹਰ ਜਾਣ ਲਈ ਕਿਹਾ। ਮੈਂ ਆਪਣੀ ਬਜ਼ੁਰਗ ਮਾਂ ਅਤੇ ਪਰਿਵਾਰ ਨੂੰ ਛੱਡ ਨਹੀਂ ਸਕਦਾ ਸੀ। ਮੈਂ ਘਬਰਾਉਣ ਲੱਗਿਆ।"
ਪ੍ਰੋਫੈਸਰ ਜੋਸੇਫ਼ ਨੇ ਪੁਲਿਸ ਨੂੰ ਬੁਲਾਇਆ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਆਲੇ ਦੁਆਲੇ ਰਾਤ ਦੀ ਗਸ਼ਤ ਦਾ ਭਰੋਸਾ ਕੇ ਚਲੇ ਗਈ।
ਮਈ ਦੇ ਆਖ਼ਰੀ ਹਫ਼ਤੇ ਦੀ ਇੱਕ ਦੁਪਹਿਰ ਨੂੰ ਇਹ ਆਦਮੀ ਦੁਬਾਰਾ ਪਰਤ ਆਏ।
ਉਨ੍ਹਾਂ ਵਿੱਚੋਂ ਦੋ ਨੇ ਦਰਵਾਜ਼ੇ ਦੀ ਘੰਟੀ ਵਜਾਈ ਅਤੇ ਕਿਹਾ ਕਿ ਉਹ ਬੈਂਕ ਤੋਂ ਹਨ। ਫਿਰ ਉਨ੍ਹਾਂ ਵਿੱਚੋਂ ਇੱਕ ਨੇ ਇਹ ਕਹਿ ਕੇ ਕਿ ਉਹ ਸਾਦੇ ਕੱਪੜਿਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਹੈ, ਘਰ ਦੇ ਕਮਰਿਆਂ ਵਿੱਚ ਪ੍ਰੋਫੈਸਰ ਜੋਸੇਫ਼ ਨੂੰ ਲੱਭਣ ਲੱਗਾ ਜੋ ਆਪਣੇ ਗੁਆਂਢੀ ਨੂੰ ਮਿਲਣ ਗਏ ਸਨ।
ਉਹ ਵਿਅਕਤੀ ਉਨ੍ਹਾਂ ਦੇ ਘਰ ਦੇ ਆਲੇ ਦੁਆਲੇ ਚੱਕਰ ਲਗਾ ਕੇ ਆਪਣੀਆਂ ਮੋਟਰਸਾਈਕਲਾਂ 'ਤੇ ਚਲੇ ਗਏ। ਅਧਿਆਪਕ ਨੂੰ ਇਹ ਇੱਕ ਬਚਣ ਦਾ ਮੌਕਾ ਮਿਲਿਆ ਸੀ।
ਜੋਸੇਫ਼ ਦਾ ਤਿੰਨ ਬੈੱਡਰੂਮ ਵਾਲਾ ਘਰ ਸੀ ਜੋ ਚੰਗੀ ਤਰ੍ਹਾਂ ਸੁਰੱਖਿਅਤ ਸੀ। ਉਨ੍ਹਾਂ ਦੇ ਦਰਵਾਜ਼ੇ ਬੰਦ ਕੀਤੇ ਗਏ ਸਨ, ਗੇਟ 'ਤੇ ਤਾਲਾ ਲੱਗਿਆ ਹੋਇਆ ਸੀ, ਅੰਦਰੋਂ ਕੋਈ ਵਿਅਕਤੀ ਲਗਾਤਾਰ ਨੀਵੀਂ ਕੰਧ ਦੇ ਪਾਰ ਬਾਹਰ ਸੜਕ ਨੂੰ ਦੇਖ ਰਿਹਾ ਸੀ।
ਪ੍ਰੋ. ਜੋਸੇਫ਼ ਨੇ ਇੱਕ ਲੁਹਾਰ ਤੋਂ ਦੋ ਚਾਕੂ ਵਰਗੇ ਹਥਿਆਰ ਬਣਵਾਏ। ਉਸ ਨੇ ਉਨ੍ਹਾਂ ਨੂੰ ਆਪਣੇ ਲਿਵਿੰਗ ਰੂਮ ਵਿੱਚ ਪਰਦਿਆਂ ਦੇ ਪਿੱਛੇ ਛੁਪਾ ਲਿਆ। ਉਹ ਘੱਟ ਹੀ ਬਾਹਰ ਜਾਂਦੇ ਸਨ।
ਪਰ, ਆਖਰਕਾਰ ਉਨ੍ਹਾਂ ਦੀ ਕਿਸਮਤ ਮਾੜੀ ਸੀ ਕਿ ਜੁਲਾਈ ਦੀ ਉਸ ਭਿਆਨਕ ਸਵੇਰ ਨੂੰ ਉਨ੍ਹਾਂ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ।

ਤਸਵੀਰ ਸਰੋਤ, Pti
ਹਮਲੇ ਤੋਂ ਬਾਅਦ ਦਾ ਸੰਘਰਸ਼
ਹਮਲੇ ਦੇ ਸਬੰਧ ਵਿੱਚ ਪੁਲਿਸ ਨੇ 31 ਵਿਅਕਤੀਆਂ ਨੂੰ ਤੁਰੰਤ ਫੜ ਲਿਆ।
ਉਹ ਸਾਰੇ 2006 ਵਿੱਚ ਬਣੇ ਇੱਕ ਵਿਵਾਦਗ੍ਰਸਤ ਮੁਸਲਿਮ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਨਾਲ ਸਬੰਧਤ ਸਨ, ਜਿਸ 'ਤੇ ਪਿਛਲੇ ਮਹੀਨੇ ਅੱਤਵਾਦੀ ਸਮੂਹਾਂ ਨਾਲ ਕਥਿਤ ਸਬੰਧਾਂ ਲਈ ਪੰਜ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ, ਪਰ ਸੰਗਠਨ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਾ ਹੈ।
ਹਮਲੇ ਦੇ ਸਬੰਧ ਵਿੱਚ 13 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 10 ਨੂੰ ਅੱਠ ਸਾਲ ਦੀ ਜੇਲ੍ਹ ਹੋਈ ਸੀ। ਫੈਡਰਲ ਜਾਂਚਕਰਤਾਵਾਂ ਨੇ ਇਸ ਖਿਲਾਫ਼ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਨਰਮ ਸਜ਼ਾ ਦਿੱਤੀ ਗਈ। ਪਟੀਸ਼ਨ ਅਜੇ ਵੀ ਅਦਾਲਤਾਂ ਵਿੱਚ ਵਿਚਾਰ ਅਧੀਨ ਹੈ।
11 ਹੋਰ ਵਿਅਕਤੀਆਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ 'ਤੇ ਕੇਸ ਚੱਲ ਰਿਹਾ ਹੈ ਜਿਸ ਵਿੱਚ ਲਗਭਗ 400 ਗਵਾਹਾਂ ਵੱਲੋਂ ਸਬੂਤ ਦੇਣ ਦੀ ਉਮੀਦ ਹੈ।
ਘਟਨਾ ਦੇ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਕੇਸ ਚੱਲ ਰਿਹਾ ਹੈ, ਪ੍ਰੋ ਜੋਸੇਫ਼ ਨੇ ਅਜੇ ਵੀ ਅਦਾਲਤ ਵੱਲੋਂ ਮੁਆਵਜ਼ਾ ਦੇਣ ਦੇ ਕੀਤੇ ਹੁਕਮਾਂ ਤਹਿਤ ਦੋਸ਼ੀਆਂ ਤੋਂ ਅੱਠ ਲੱਖ ਰੁਪਏ ਪ੍ਰਾਪਤ ਕਰਨੇ ਹਨ।
ਘਟਨਾ ਦੌਰਾਨ ਕੇਰਲ ਪੁਲਿਸ ਦੇ ਮੁਖੀ ਜੈਕਬ ਪੁੰਨੂਜ਼ ਨੇ ਮੈਨੂੰ ਦੱਸਿਆ ਕਿ ਇਹ "ਚੰਗੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹਮਲਾ" ਸੀ।
ਸੇਵਾਮੁਕਤ ਅਧਿਕਾਰੀ ਨੇ ਮੈਨੂੰ ਦੱਸਿਆ, "ਇਸ ਲਈ ਇੰਨੀ ਵਿਉਂਤਬੰਦੀ ਕੀਤੀ ਗਈ ਸੀ। ਪੀੜਤ ਦੀ ਪਛਾਣ ਕੀਤੀ ਗਈ, ਹਮਲੇ ਦੀ ਜਗ੍ਹਾ ਦੀ ਚੋਣ ਕੀਤੀ ਗਈ, ਇਸ ਲਈ ਹਰ ਸਾਵਧਾਨੀ ਵਰਤੀ ਗਈ। ਦੋ ਭੱਜਣ ਲਈ ਵਰਤੀਆ ਗਈਆਂ ਕਾਰਾਂ ਸਮੇਤ ਤਿੰਨ ਵਾਹਨਾਂ ਦੀ ਵਰਤੋਂ ਕੀਤੀ ਗਈ ਸੀ।"
ਹਮਲੇ ਦੀ ਸਾਜ਼ਿਸ਼ ਰਚਣ ਲਈ ਇਹ ਲੋਕ ਘੱਟੋ-ਘੱਟ ਚਾਰ ਵਾਰ ਵੱਖ-ਵੱਖ ਥਾਵਾਂ 'ਤੇ ਮਿਲੇ ਸਨ। ਜਦੋਂ ਪ੍ਰੋ. ਜੋਸੇਫ਼ ਦੇ ਘਰ 'ਤੇ ਹਮਲਾ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ - ਪ੍ਰੋਫੈਸਰ ਦੋ ਬਾਰ ਘਰ ਤੋਂ ਬਾਹਰ ਸਨ, ਅਤੇ ਇੱਕ ਵਾਰ ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ।
ਫਿਰ ਉਨ੍ਹਾਂ ਨੇ ਇੱਕ ਮਿਨੀਵੈਨ ਖਰੀਦੀ ਅਤੇ ਜਾਅਲੀ ਨੰਬਰ ਪਲੇਟਾਂ ਬਣਾਈਆਂ। ਇੱਕ ਮੋਟਰਸਾਈਕਲ ਸਵਾਰ ਮੈਂਬਰ ਨੇ ਚਰਚ ਤੱਕ ਜਾਣ ਵਾਲੇ ਰਸਤੇ ਦੀ ਜਾਂਚ ਕਰਨ ਲਈ ਅਧਿਆਪਕ ਦੀ ਗੱਡੀ ਦਾ ਪਿੱਛਾ ਕੀਤਾ ਸੀ।

ਤਸਵੀਰ ਸਰੋਤ, Getty Images
ਜੈਕਬ ਪੁੰਨੂਜ਼ ਨੇ ਕਿਹਾ, "ਉਹ ਇੰਨੇ ਚਲਾਕ ਸਨ ਕਿ ਹਮਲੇ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਅਤੇ ਸਿਮ ਕਾਰਡ ਨਵੇਂ ਸਨ। ਹਮਲਾਵਰਾਂ ਵਿੱਚੋਂ ਇੱਕ ਨੇ ਇੱਕ ਛੋਟੀ ਜਿਹੀ ਗਲਤੀ ਕੀਤੀ। ਉਸ ਨੇ ਆਪਣੇ ਨਵੇਂ ਫੋਨ ਵਿੱਚ ਨਵਾਂ ਸਿਮ ਕਾਰਡ ਚੈੱਕ ਕਰਨ ਦੀ ਕੋਸ਼ਿਸ਼ ਕਰਦਿਆਂ ਆਪਣੇ ਉਸ ਫੋਨ ਨੰਬਰ 'ਤੇ ਕਾਲ ਕੀਤੀ ਜਿਸ ਨੂੰ ਉਹ ਬੰਦ ਕਰਵਾ ਚੁੱਕਿਆ ਸੀ। ਇਸ ਨੰਬਰ ਤੋਂ ਸੁਰਾਗ ਲੈ ਕੇ ਅਸੀਂ ਅਗਲੀ ਜਾਂਚ ਕੀਤੀ।"
"ਇਹ ਇੱਕ ਮਾਫੀਆ-ਸ਼ੈਲੀ ਦਾ ਹਮਲਾ ਸੀ। ਅਸੀਂ ਖੁਸ਼ਕਿਸਮਤ ਸੀ ਕਿ ਇਸ ਕੇਸ ਨੂੰ ਅਸੀਂ ਜਲਦੀ ਸੁਲਝਾ ਲਿਆ।"
ਪਰ ਅਸਲ ਪ੍ਰੀਖਿਆ ਤਾਂ ਪ੍ਰੋ. ਜੋਸੇਫ਼ ਲਈ ਅਜੇ ਸ਼ੁਰੂ ਹੋਈ ਸੀ।
ਅਗਸਤ 2010 ਵਿੱਚ ਪ੍ਰੋ ਜੋਸੇਫ਼ ਦੇ ਹਸਪਤਾਲ ਤੋਂ ਵਾਪਸ ਆਉਣ ਤੋਂ ਮਹਿਜ਼ ਇੱਕ ਮਹੀਨੇ ਬਾਅਦ, ਉਨ੍ਹਾਂ ਦੇ ਕਾਲਜ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ।

ਕੇਰਲ ਵਿੱਚ ਵਿਰੋਧ ਵਧਿਆ। ਅਧਿਆਪਕਾਂ ਨੇ ਉਨ੍ਹਾਂ ਦੇ ਇਲਾਜ ਲਈ ਪੈਸੇ ਇਕੱਠੇ ਕੀਤੇ; ਸਮਰਥਨ ਅਤੇ ਹਮਦਰਦੀ ਦੇ ਪੱਤਰ ਪਾਏ ਗਏ; ਪ੍ਰਮੁੱਖ ਸਾਹਿਤਕ ਅਤੇ ਸੱਭਿਆਚਾਰਕ ਹਸਤੀਆਂ ਨੇ ਉਨ੍ਹਾਂ ਦੀ ਬਰਖਾਸਤਗੀ ਦੀ ਨਿੰਦਾ ਕੀਤੀ ਅਤੇ ਦੋ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਕਾਲਜ ਦੇ ਬਾਹਰ ਭੁੱਖ ਹੜਤਾਲ 'ਤੇ ਬੈਠ ਗਏ।
ਇੱਕ ਸਥਾਨਕ ਅਖ਼ਬਾਰ ਨੇ ਆਪਣੀ ਇੱਕ ਸੰਪਾਦਕੀ ਵਿੱਚ ਲਿਖਿਆ, "ਸਿਰਫ਼ ਇੱਕ ਅਸੰਵੇਦਨਸ਼ੀਲ ਸੰਸਥਾ ਹੀ ਇਨ੍ਹਾਂ ਮਾੜੇ ਹਾਲਾਤਾਂ ਦੀ ਅਣਦੇਖੀ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਸਕਦੀ ਹੈ, ਜਦੋਂ ਉਨ੍ਹਾਂ 'ਤੇ ਪਤਨੀ ਅਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਹੋਵੇ।"
ਇਸ ਤੋਂ ਬਾਅਦ ਪ੍ਰੋਫੈਸਰ ਦੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਉਤਰਾਅ ਆਇਆ।
ਉਨ੍ਹਾਂ ਨੇ 2010 ਅਤੇ 2011 ਵਿੱਚ ਆਪਣੀ ਜ਼ਖਮੀ ਲੱਤ, ਬਾਂਹ ਅਤੇ ਉਂਗਲਾਂ ਨੂੰ ਠੀਕ ਕਰਨ ਲਈ ਕਈ ਆਪਰੇਸ਼ਨ ਕਰਵਾਏ। ਕਿਉਂਕਿ ਉਨ੍ਹਾਂ ਦੇ ਸੱਜੇ ਹੱਥ ਦੀ ਸੰਵੇਦਨਾ ਖਤਮ ਹੋ ਚੁੱਕੀ ਸੀ, ਇਸ ਲਈ ਉਨ੍ਹਾਂ ਨੇ ਆਪਣੇ ਖੱਬੇ ਹੱਥ ਨਾਲ ਲਿਖਣ ਅਤੇ ਖਾਣ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੂੰ ਪਰਿਵਾਰ ਨੂੰ ਸੰਭਾਲਣ ਲਈ ਸੰਘਰਸ਼ ਕਰਨਾ ਪਿਆ: ਗਹਿਣੇ ਗਿਰਵੀ ਰੱਖਣੇ ਪਏ, ਬੱਚਿਆਂ ਲਈ ਸਿੱਖਿਆ ਕਰਜ਼ਾ ਭਰਨਾ ਪਿਆ। ਪ੍ਰੋ. ਜੋਸੇਫ਼ ਦੀ ਪਤਨੀ ਸਲੋਮੀ ਨੇ ਸਰਕਾਰੀ ਨੌਕਰੀ ਸਕੀਮ ਤਹਿਤ ਦੁਕਾਨ 'ਤੇ ਕੰਮ ਕਰਨ ਜਾਂ ਹੱਥੀਂ ਕੰਮ ਕਰਨ ਬਾਰੇ ਵਿਚਾਰ ਕੀਤਾ।

ਨਵੰਬਰ 2013 ਵਿੱਚ ਇੱਕ ਸੁਨਹਿਰੀ ਕਿਰਨ ਨਜ਼ਰ ਆਈ ਜਦੋਂ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਵਿਵਾਦ ਨੂੰ ਉਨ੍ਹਾਂ "ਕੁਝ ਮੁਸਲਮਾਨਾਂ ਨੇ ਪੈਦਾ ਕੀਤਾ ਸੀ ਜਿਨ੍ਹਾਂ ਨੇ ਸਵਾਲ ਨੂੰ ਗਲਤ ਸਮਝਿਆ ਸੀ।''
ਪ੍ਰੋਫੈਸਰ ਜੋਸੇਫ਼, ਜੋ ਹੁਣ ਲਗਭਗ ਚਾਰ ਸਾਲਾਂ ਤੋਂ ਬੇਰੁਜ਼ਗਾਰ ਹਨ, ਨੇ ਕਿਹਾ ਕਿ ਇਹ "ਖੁਸ਼ੀ ਦਾ ਪਲ" ਸੀ।
ਪਤਨੀ ਨੇ ਲਈ ਆਪਣੀ ਜਾਨ
ਘਰ ਵਿੱਚ ਉਸ ਦੀ 48 ਸਾਲਾ ਪਤਨੀ ਸਲੋਮੀ ਡਿਪਰੈਸ਼ਨ ਵਿੱਚ ਚਲੇ ਗਈ। ਪ੍ਰੋ. ਜੋਸੇਫ਼ ਨੇ ਕਿਹਾ, "ਉਸ ਨੇ ਕਿਹਾ ਕਿ ਉਹ ਮਰਨਾ ਚਾਹੁੰਦੀ ਹੈ।" ਪਰਿਵਾਰ ਨੇ ਘਰ ਵਿੱਚ ਰੱਖੇ ਕੀਟਨਾਸ਼ਕਾਂ ਨੂੰ ਸੁੱਟ ਦਿੱਤਾ, ਸਾਰੇ ਚਾਕੂ ਲੁਕਾ ਦਿੱਤੇ, ਉਸ ਦੀਆਂ ਦਵਾਈਆਂ ਨੂੰ ਤਾਲਾ ਲਗਾ ਦਿੱਤਾ, ਜਿਸ ਤੱਕ ਸਿਰਫ਼ ਪ੍ਰੋ. ਜੋਸੇਫ਼ ਦੀ ਹੀ ਪਹੁੰਚ ਸੀ।
ਇਸ ਸਭ ਨੇ ਮਦਦ ਨਹੀਂ ਕੀਤੀ। ਮਾਰਚ 2014 ਦੀ ਇੱਕ ਦੁਪਹਿਰ ਵਿੱਚ ਲੰਚ ਕਰਨ ਤੋਂ ਬਾਅਦ, ਸਲੋਮੀ ਨੇ ਆਪਣੀ ਜਾਨ ਲੈ ਲਈ। ਉਸ ਦੀ ਮੌਤ ਨੇ ਵੱਡੇ ਪੱਧਰ 'ਤੇ ਰੋਸ ਪੈਦਾ ਕਰ ਦਿੱਤਾ, ਕਾਲਜ ਨੂੰ ਹੁਣ ਪਰਿਵਾਰ ਦੇ ਦੁੱਖਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ।
ਉਸ ਦੀ ਮੌਤ ਤੋਂ ਤਿੰਨ ਦਿਨ ਬਾਅਦ, ਪ੍ਰੋਫੈਸਰ ਜੋਸੇਫ਼ ਨੂੰ ਆਖਰਕਾਰ ਕਾਲਜ ਦੁਆਰਾ ਬਹਾਲ ਕਰ ਦਿੱਤਾ ਗਿਆ। ਉਨ੍ਹਾਂ ਦੀ ਰਿਟਾਇਰਮੈਂਟ ਹੋਣ ਲਈ ਸਿਰਫ਼ ਤਿੰਨ ਦਿਨ ਬਾਕੀ ਸਨ।
ਹਾਲਾਂਕਿ, ਸਥਾਨਕ ਰੋਮਨ ਕੈਥੋਲਿਕ ਡਾਇਓਸਿਸ ਦੀ ਸੁਰ ਨਰਮ ਨਹੀਂ ਪਈ। ਇਸ ਨੇ ਇਕੱਠ ਵਿੱਚ ਪੜ੍ਹੇ ਗਏ ਇੱਕ ਅਧਿਕਾਰਤ ਪੱਤਰ ਵਿੱਚ ਕਿਹਾ ਕਿ ਪ੍ਰੋ. ਜੋਸੇਫ਼ ਦੇ ਪ੍ਰਸ਼ਨ ਨੇ "ਈਸ਼ਨਿੰਦਾ ਅਤੇ ਧਾਰਮਿਕ ਅਪਮਾਨ" ਦੋਵੇਂ ਕੀਤੇ ਸਨ ਅਤੇ "ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਲਈ ਪਰੇਸ਼ਾਨੀ" ਪੈਦਾ ਕੀਤੀ ਸੀ।
ਪੱਤਰ ਵਿੱਚ ਕਿਹਾ ਗਿਆ ਕਿ ਡਾਇਓਸਿਸ ਨੇ "ਮਾਨਵਵਾਦੀ ਦ੍ਰਿਸ਼ਟੀਕੋਣ" 'ਤੇ "ਉਸ 'ਤੇ ਰਹਿਮ ਕੀਤਾ ਅਤੇ ਉਸ ਦੀ ਨੌਕਰੀ ਬਹਾਲ ਕਰ ਦਿੱਤੀ।'' ਅਜਿਹਾ ਜਨਤਕ ਦਬਾਅ ਕਾਰਨ ਨਹੀਂ ਕੀਤਾ।
ਪ੍ਰੋ. ਜੋਸੇਫ਼ ਦੀ ਆਖਰੀ ਸਮੇਂ ਵਿੱਚ ਬਹਾਲੀ ਦਾ ਮਤਲਬ ਸੀ ਕਿ ਉਹ ਆਪਣੀ ਤਨਖਾਹ ਦੇ ਬਕਾਏ ਅਤੇ ਸੇਵਾਮੁਕਤੀ ਦੇ ਲਾਭ ਪ੍ਰਾਪਤ ਕਰਨ ਦੇ ਯੋਗ ਸਨ।
ਉਨ੍ਹਾਂ ਨੂੰ ਇੱਕ ਹੋਰ ਡਾਇਓਸਿਸ ਤੋਂ ਸਮਰਥਨ ਪ੍ਰਾਪਤ ਹੋਇਆ ਜਿਸ ਨੇ ਇੱਕ ਬੁਲੇਟਿਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਘਟਨਾ ਕਾਰਨ ਅਧਿਆਪਕ ਦਾ ਪਰਿਵਾਰਕ ਜੀਵਨ "ਨਰਕ" ਵਿੱਚ ਬਦਲ ਗਿਆ।
ਪ੍ਰੋਫੈਸਰ ਜੋਸੇਫ਼ ਨੇ ਕਿਹਾ, "ਮੈਂ ਦਲੇਰੀ ਨਾਲ ਇਸ ਹਮਲੇ ਦਾ ਸਾਹਮਣਾ ਕੀਤਾ ਹੈ ਅਤੇ ਇਸ ਨੂੰ ਆਪਣੇ 'ਤੇ ਭਾਰੂ ਨਹੀਂ ਪੈਣ ਦਿੱਤਾ।" "ਪਰ ਸਲੋਮੀ ਦੀ ਮੌਤ ਅਜੇ ਵੀ ਮੈਨੂੰ ਪਰੇਸ਼ਾਨ ਕਰਦੀ ਹੈ।"
ਜੋਸੇਫ਼ ਦਾ ਜੀਵਨ ਹੁਣ ਲੀਹ 'ਤੇ ਆ ਗਿਆ ਹੈ।
ਪ੍ਰੋਫੈਸਰ ਜੋਸੇਫ਼ ਦਾ ਕਹਿਣਾ ਹੈ ਕਿ ਇੱਕ ਲੇਖਕ ਦੇ ਰੂਪ ਵਿੱਚ ਉਸ ਦਾ "ਪੁਨਰਜਨਮ" ਹੋਇਆ ਹੈ। ਆਪਣੇ ਖੱਬੇ ਹੱਥ ਨਾਲ ਲੰਬੇ ਸਮੇਂ ਵਿੱਚ 700 ਪੰਨਿਆਂ ਨੂੰ ਲਿਖਦੇ ਹੋਏ, ਉਨ੍ਹਾਂ ਨੇ ਆਪਣੀਆਂ ਯਾਦਾਂ "ਏ ਥਾਊਜ਼ੈਂਡ ਕਟਸ" ਨੂੰ ਪੂਰਾ ਕੀਤਾ ਹੈ ਜਿਸ ਨੂੰ ਪਿਛਲੇ ਸਾਲ ਰਿਲੀਜ਼ ਕੀਤਾ ਗਿਆ ਅਤੇ ਇਸ ਨੇ ਆਲੋਚਨਾਤਮਕ ਪ੍ਰਸ਼ੰਸਾ ਹਾਸਲ ਕੀਤੀ।

ਹੁਣ ਤੱਕ ਇਸ ਦੀਆਂ 30,000 ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਉਨ੍ਹਾਂ ਨੇ ਇੱਕ "ਸਲਿਮਰ, ਮੋਸਟਲੀ ਸਟਾਇਰੀਕਲ" ਸੀਕੁਏਲ ਵੀ ਪ੍ਰਕਾਸ਼ਿਤ ਕੀਤਾ ਹੈ। ਹੁਣ ਉਹ ਮਿੰਨੀ ਕਹਾਣੀਆਂ ਦੀ ਕਿਤਾਬ ਦੀ ਯੋਜਨਾ ਬਣਾ ਰਹੇ ਹਨ।
ਵਧ ਰਹੇ ਪਰਿਵਾਰ ਦੇ ਰਹਿਣ ਲਈ ਹੁਣ ਉਨ੍ਹਾਂ ਦਾ ਘਰ ਵੀ ਵੱਡਾ ਹੋ ਗਿਆ ਹੈ। ਆਪਣੀ ਰਿਟਾਇਰਮੈਂਟ ਦੇ ਪੈਸੇ ਨਾਲ, ਉਨ੍ਹਾਂ ਨੇ ਇੱਕ ਹੋਰ ਮੰਜ਼ਿਲ ਦਾ ਨਿਰਮਾਣ ਕੀਤਾ ਹੈ। ਜਿਸ ਵਿੱਚ ਉਹ ਹੁਣ ਆਪਣੀ 95 ਸਾਲਾ ਮਾਂ, ਸਟਾਕ ਬ੍ਰੋਕਿੰਗ ਫਰਮ ਵਿੱਚ ਵਿੱਤੀ ਸਲਾਹਕਾਰ ਵਜੋਂ ਕੰਮ ਕਰਦੇ 35 ਸਾਲਾ ਪੁੱਤਰ, ਇੰਜੀਨੀਅਰ ਨੂੰਹ ਅਤੇ ਤਿੰਨ ਸਾਲ ਦੇ ਪੋਤੇ ਨਾਲ ਰਹਿੰਦਾ ਹੈ।
ਉਹ ਆਪਣੀ 32 ਸਾਲ ਦੀ ਧੀ ਨਾਲ ਸਮਾਂ ਬਿਤਾਉਣ ਲਈ ਆਇਰਲੈਂਡ ਗਏ, ਜੋ ਉੱਥੇ ਇੱਕ ਨਰਸ ਵਜੋਂ ਕੰਮ ਕਰਦੀ ਹੈ, ਅਤੇ ਇੱਕ ਭਾਰਤੀ ਨਰਸ ਨਾਲ ਵਿਆਹੀ ਹੋਈ ਹੈ। ਇਸ ਜੋੜੇ ਦਾ 18 ਮਹੀਨਿਆਂ ਦਾ ਬੇਟਾ ਹੈ। ਉਨ੍ਹਾਂ ਦੀ ਭੈਣ, ਇੱਕ ਨਨ ਹੈ ਜੋ ਹਮਲੇ ਦੌਰਾਨ ਕਾਰ ਵਿੱਚ ਸੀ। ਉਹ ਅਕਸਰ ਉਨ੍ਹਾਂ ਕੋਲ ਘਰ ਵਿੱਚ ਆਉਂਦੀ ਰਹਿੰਦੀ ਹੈ।
ਸਾਫ਼-ਸੁਥਰੀ ਸ਼ਰਟ, ਡੈਨਿਮ ਅਤੇ ਰਿਮਲੈੱਸ ਐਨਕਾਂ ਲਗਾਏ ਪ੍ਰੋ. ਜੋਸੇਫ਼ 64 ਸਾਲਾਂ ਦੇ ਦਾਦੇ ਵਰਗੇ ਨਹੀਂ ਲੱਗਦੇ, ਜੋ ਇੱਕ ਦਹਾਕਾ ਪਹਿਲਾਂ ਅਪਾਹਜ ਅਤੇ ਬਰਬਾਦ ਹੋ ਗਿਆ ਸੀ। ਇੱਕ ਕਿਸਾਨ ਅਤੇ ਇੱਕ ਘਰੇਲੂ ਮਾਂ ਦੇ ਪੁੱਤਰ, ਉਹ ਚੰਚਲ ਸੁਭਾਅ ਵਾਲਾ ਤੇਜ਼-ਤਰਾਰ ਆਦਮੀ ਹਨ ਜਿਸ ਵਿੱਚੋਂ ਸ਼ਾਂਤੀ ਝਲਕਦੀ ਹੈ।
ਪ੍ਰੋ. ਜੋਸੇਫ਼ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਮਲਾਵਰਾਂ ਨੂੰ ਮੁਆਫ਼ ਕਰ ਦਿੱਤਾ ਹੈ ਕਿਉਂਕਿ ਉਹ "ਇੱਕ ਬਹੁਤ ਵੱਡੀ ਖੇਡ ਵਿੱਚ ਮੋਹਰੇ" ਸਨ। ਉਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਕੱਟੜਪੰਥੀ ਸਮੂਹ 'ਤੇ ਪਾਬੰਦੀ ਲਗਾਉਣ ਦਾ ਸਵਾਗਤ ਕੀਤਾ ਹੈ।
ਪਰ ਹੌਲੀ ਰਫ਼ਤਾਰ ਦੀ ਨਿਆਂ ਪ੍ਰਣਾਲੀ ਨੇ ਉਨ੍ਹਾਂ ਨੂੰ ਥਕਾ ਦਿੱਤਾ ਹੈ: "ਜਦੋਂ ਵੀ ਉਹ ਕੇਸ ਨਾਲ ਜੁੜੇ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਦੇ ਹਨ ਤਾਂ ਮੈਨੂੰ ਉਸ ਦੀ ਪਛਾਣ ਕਰਨ ਲਈ ਜੇਲ੍ਹ ਜਾਣਾ ਪੈਂਦਾ, ਅਤੇ ਅਦਾਲਤਾਂ ਦੇ ਚੱਕਰ ਕੱਟਣੇ ਪੈਂਦੇ ਹਨ। ਮੈਂ ਇੱਕ ਸਾਲ ਪਹਿਲਾਂ ਅਦਾਲਤ ਵਿੱਚ ਗਵਾਹੀ ਦੇਣ ਗਿਆ ਸੀ। ਬਿਆਨ ਦੇਣ ਲਈ ਹਮਲੇ ਦੇ ਸਾਰੇ ਵੇਰਵਿਆਂ ਨੂੰ ਯਾਦ ਰੱਖਣਾ ਪੈਂਦਾ ਹੈ।"
ਮੈਂ ਪ੍ਰੋ. ਜੋਸੇਫ਼ ਨੂੰ ਉਨ੍ਹਾਂ ਦੇ ਪਰਿਵਾਰ ਦੁਆਰਾ ਸਾਹਮਣਾ ਕੀਤੇ ਗਏ ਸਮੂਹਿਕ ਬੁਰੇ ਸੁਪਨੇ ਤੋਂ ਬਾਅਦ ਮਿਲੀ ਮੁਕਤੀ ਬਾਰੇ ਪੁੱਛਿਆ। ਉਨ੍ਹਾਂ ਨੇ ਮੈਨੂੰ ਆਪਣੇ ਘੱਟ ਬੋਲਣ ਦੇ ਤਰੀਕੇ ਨਾਲ ਇੱਕ ਕਿੱਸਾ ਸੁਣਾਇਆ।
ਉਨ੍ਹਾਂ ਨੇ ਕਿਹਾ ਕਿ ਉਹ ਕੁਝ ਸਾਲ ਪਹਿਲਾਂ ਕੇਰਲ ਵਿੱਚ ਆਪਣੇ ਪਰਿਵਾਰ ਨਾਲ ਸੈਰ-ਸਪਾਟੇ 'ਤੇ ਗਏ ਸਨ ਜਿੱਥੇ ਉਹ ਇੱਕ ਵਿਦਿਆਰਥਣ ਨੂੰ ਉਨ੍ਹਾਂ ਦੀ ਅੱਠ ਸਾਲਾ ਧੀ ਨਾਲ ਮਿਲੇ।
ਵਿਦਿਆਰਥਣ ਨੇ ਆਪਣੀ ਧੀ ਨੂੰ ਦੱਸਿਆ, "ਇਹ ਜੋਸੇਫ਼ ਸਰ ਹਨ ਜਿਨ੍ਹਾਂ ਨਾਲ ਇੱਕ ਮੰਦਭਾਗਾ ਹਾਦਸਾ ਹੋਇਆ ਸੀ।"
"ਕੀ ਇਹ ਉਹੀ ਵਿਅਕਤੀ ਹੈ ਜਿਨ੍ਹਾਂ ਲਈ ਤੁਸੀਂ ਜ਼ੋਰ ਜ਼ੋਰ ਨਾਲ ਰੋਏ ਸੀ ਜਦੋਂ ਤੁਸੀਂ ਉਨ੍ਹਾਂ ਦੇ ਹੱਥ ਕੱਟੇ ਜਾਣ ਦੀ ਖ਼ਬਰ ਸੁਣੀ ਸੀ?" ਕੁੜੀ ਨੇ ਆਪਣੀ ਮਾਂ ਨੂੰ ਪੁੱਛਿਆ।

ਇਹ ਵੀ ਪੜ੍ਹੋ-


























