ਗਜਿੰਦਰ ਸਿੰਘ: 1981 ਵਿੱਚ ਭਾਰਤੀ ਜਹਾਜ਼ ਅਗਵਾ ਕਰਨ ਵਾਲੇ ਦਲ ਖਾਲਸਾ ਆਗੂ ਨੇ ਪਾਕ 'ਚ ਆਪਣਾ ਟਿਕਾਣਾ ਜਨਤਕ ਕੀਤਾ

ਗਜਿੰਦਰ ਸਿੰਘ

ਤਸਵੀਰ ਸਰੋਤ, S-Gajinder-Singh/facebook

ਤਸਵੀਰ ਕੈਪਸ਼ਨ, ਫੋਟੋ ਵਿੱਚ ਗਜਿੰਦਰ ਸਿੰਘ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਸਾਲ 1981 ਵਿੱਚ ਏਅਰ ਇੰਡੀਆ ਦੀ ਫਲਾਈਟ ਨੂੰ ਅਗਵਾ ਕਰਕੇ ਲਾਹੌਰ ਲਿਜਾਣ ਵਾਲੇ ਦਲ ਖ਼ਾਲਸਾ ਦੇ ਸਹਿ-ਬਾਨੀ ਗਜਿੰਦਰ ਸਿੰਘ ਨੇ ਫੇਸਬੁੱਕ ਪੇਜ 'ਤੇ ਆਪਣੀ ਇੱਕ ਤਸਵੀਰ ਅਪਲੋਡ ਕੀਤੀ ਹੈ।

ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਕਵਿਤਾ "ਜ਼ਿੰਦਗੀ ਦੀ ਕਿਤਾਬ" ਵੀ ਦਰਜ ਕੀਤੀ ਹੈ। ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਰਹਿ ਰਹੇ ਹਨ।

ਗਜਿੰਦਰ ਸਿੰਘ ਨੇ 1981 ਤੋਂ ਬਾਅਦ ਪਹਿਲੀ ਵਾਰ ਆਪਣਾ ਟਿਕਾਣਾ ਜਨਤਕ ਕੀਤਾ ਹੈ। ਫੋਟੋ ਵਿੱਚ ਉਹ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ।

ਦਲ ਖਾਲਸਾ ਸਿੱਖ ਜਥੇਬੰਦੀ ਦਾ ਗਠਨ 1978 ਵਿੱਚ ਕੀਤਾ ਗਿਆ ਸੀ ਅਤੇ ਇਹ ਆਪਣਾ ਉਦੇਸ਼ ਵੱਖਰੇ ਸਿੱਖ ਰਾਜ 'ਖਾਲਿਸਤਾਨ' ਦੀ ਪ੍ਰਾਪਤੀ ਦੱਸਦੀ ਰਹੀ ਹੈ।

ਹਸਨ ਅਬਦਾਲ ਵਿੱਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਹੈ।

ਹਾਲਾਂਕਿ ਇਸ ਫੋਟੋ ਨਾਲ ਇਹ ਪੁਸ਼ਟੀ ਨਹੀਂ ਹੁੰਦੀ ਕਿ ਗਜਿੰਦਰ ਸਿੰਘ ਪਾਕਿਸਤਾਨ ਦੇ ਕਿਸ ਸ਼ਹਿਰ ਜਾਂ ਕਸਬੇ ਵਿੱਚ ਰਹਿੰਦੇ ਹਨ, ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪਾਕਿਸਤਾਨ ਵਿਚ ਹਨ।

ਦਲ ਖਾਲਸਾ ਨੇ ਫੋਟੋ ਦੀ ਪੁਸ਼ਟੀ ਕੀਤੀ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਫੇਸਬੁੱਕ ਅਕਾਉਂਟ ਉੱਤੇ ਗਜਿੰਦਰ ਸਿੰਘ ਦੀ ਫੋਟੋ ਸ਼ੇਅਰ ਕੀਤੀ ਗਈ ਹੈ, ਉਹ ਉਨ੍ਹਾਂ ਦਾ ਅਧਿਕਾਰਤ ਅਕਾਊਂਟ ਹੈ।

ਇਹ ਫੋਟੋ ਕਦੋਂ ਦੀ ਹੈ, ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਇਹ ਤਾਂ ਨਹੀਂ ਦੱਸ ਸਕਦਾ ਕਿ ਇਹ ਕਦੋਂ ਦੀ ਹੈ, ਕਿਉਂਕਿ ਉਨ੍ਹਾਂ ਨਾਲ ਸਾਡਾ ਸੰਪਰਕ ਨਹੀਂ ਹੈ।

ਬੀਬੀਸੀ
  • 29 ਸਤੰਬਰ 1981 ਨੂੰ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਮੁਸਾਫਰਾਂ ਸਣੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਲਾਹੌਰ ਉਤਾਰਿਆ ਗਿਆ ਸੀ।
  • 5 ਹਾਈਜੈਕਰਜ਼ ਵਿੱਚੋਂ 2 ਅਗਵਾਕਾਰ ਸਤਨਾਮ ਸਿੰਘ ਅਤੇ ਤੇਜਿੰਦਰਪਾਲ ਸਿੰਘ 'ਤੇ ਦੇਸ ਖਿਲਾਫ਼ ਜੰਗ ਛੇੜਨ ਦਾ ਮੁਕੱਦਮਾ ਚਲਾਇਆ ਗਿਆ ਸੀ।
  • ਪਾਕਿਸਤਾਨ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਤਜਿੰਦਰਪਾਲ ਸਿੰਘ 1998 ਵਿੱਚ ਕੈਨੇਡਾ ਚਲਾ ਗਿਆ ਜਦਕਿ 1999 ਵਿੱਚ ਸਤਨਾਮ ਸਿੰਘ ਅਮਰੀਕਾ ਚਲਾ ਗਿਆ ਸੀ।
  • ਹਵਾਈ ਜਹਾਜ਼ ਹਾਈਜੈਕ ਕਰਨ ਕਾਰਨ ਦੋਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।
  • ਬਾਕੀ ਤਿੰਨਾਂ ਅਗਵਾਕਾਰ ਗਜਿੰਦਰ ਸਿੰਘ, ਜਸਬੀਰ ਸਿੰਘ ਅਤੇ ਕਰਨ ਸਿੰਘ ਭਾਰਤ ਵਿੱਚ ਨਹੀਂ ਹਨ।
  • ਅਗਵਾਕਾਰਾਂ ਨੇ ਜਰਨੈਲ ਸਿੰਘ ਭਿੰਡਰਾਵਾਲਾ ਦੀ ਰਿਹਾਈ ਲਈ ਹਵਾਈ ਜਹਾਜ਼ ਅਗਵਾ ਕੀਤਾ ਸੀ ਜਿਨ੍ਹਾਂ ਨੂੰ ਇੱਕ ਕਤਲ ਕੇਸ ਵਿੱਚ 20 ਸਤੰਬਰ 1981 ਨੂੰ ਗ੍ਰਿਫ਼ਤਾਰ ਕੀਤਾ ਸੀ।
ਬੀਬੀਸੀ

ਉਨ੍ਹਾਂ ਕਿਹਾ, ''ਮੈਂ ਇੰਨਾ ਕਹਿ ਸਕਦਾ ਹਾਂ ਕਿ ਉਨ੍ਹਾਂ ਦੇ ਛੇ ਕੁ ਮਹੀਨੇ ਪਹਿਲਾਂ ਬਿਮਾਰ ਹੋਣ ਬਾਰੇ ਪਤਾ ਲੱਗਿਆ ਸੀ, ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਸੀ।''

''ਫੋਟੋ ਵਿੱਚ ਉਹ ਕਾਫੀ ਬਿਰਧ ਤੇ ਕਮਜ਼ੋਰ ਦਿਖ ਰਹੇ ਹਨ, ਜਿਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਫੋਟੋ ਤਾਜ਼ਾ ਹੀ ਹੈ।''

ਗਜਿੰਦਰ ਸਿੰਘ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀ ਇੱਕ ਬਲੈਕ ਐਂਡ ਵਾਈਟ ਫੋਟੋ ਸ਼ੇਅਰ ਕੀਤੀ ਗਈ ਹੈ, ਜਿਸ ਨਾਲ ਉਹ ਆਪਣੀ ਕਵਿਤਾ ਸ਼ੇਅਰ ਕਰਦਿਆਂ ਆਪਣਾ ਟਿਕਾਣਾ ਚੰਡੀਗੜ੍ਹ ਹੋਣ ਦਾ ਦਾਅਵਾ ਕਰ ਰਹੇ ਸਨ।

ਗਜਿੰਦਰ ਸਿੰਘ

ਤਸਵੀਰ ਸਰੋਤ, S-Gajinder-Singh/facebook

ਤਸਵੀਰ ਕੈਪਸ਼ਨ, ਗਜਿੰਦਰ ਸਿੰਘ ਭਾਵੇਂ ਆਪ ਜਰਮਨੀ ਦਾਖ਼ਲ ਦਾਖਲ ਨਹੀਂ ਹੋ ਸਕੇ ਸਨ, ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਤਨੀ ਅਤੇ ਬੇਟੀ ਉੱਥੇ ਹੀ ਰਹਿੰਦੇ ਸਨ

ਗਜਿੰਦਰ ਸਿੰਘ ਪਾਕਿਸਤਾਨ ਕਦੋਂ ਗਏ

29 ਸਤੰਬਰ,1981 ਨੂੰ ਗਜਿੰਦਰ ਸਿੰਘ ਨੇ ਦਲ ਖਾਲਸਾ ਦੇ ਆਪਣੇ 4 ਹੋਰ ਸਾਥੀਆਂ ਨਾਲ ਮਿਲਕੇ ਭਾਰਤੀ ਹਵਾਜੀ ਜਹਾਜ਼ ਨੂੰ ਅਗਵਾ ਕਰ ਲਿਆ ਸੀ।

ਦਲ ਖਾਲਸਾ ਦੇ ਦਾਅਵੇ ਮੁਤਾਬਕ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਵਾਰਦਾਤ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਵਾਉਣ ਅਤੇ ਖਾਲਿਸਤਾਨ ਲਹਿਰ ਨੂੰ ਕੌਮਾਂਤਰੀ ਪੱਧਰ ਉੱਤੇ ਉਭਾਰਨ ਲਈ ਅੰਜਾਮ ਦਿੱਤੀ ਸੀ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਉਦੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 20 ਸਤੰਬਰ 1982 ਨੂੰ ਮੀਡੀਆ ਅਦਾਰੇ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਦਲ ਖਾਲਸਾ ਮੁਤਾਬਕ ਗਜਿੰਦਰ ਸਿੰਘ ਨਾਲ ਜਹਾਜ਼ ਅਗਵਾ ਕਰਨ ਵਾਲੇ ਦੂਜੇ ਵਿਅਕਤੀਆਂ ਵਿੱਚ ਸਤਿਨਾਮ ਸਿੰਘ, ਤੇਜਇੰਦਰਪਾਲ ਸਿੰਘ, ਜਸਬੀਰ ਸਿੰਘ, ਕਰਨ ਸਿੰਘ ਸ਼ਾਮਲ ਸਨ।

ਉਹ ਅਗਵਾ ਕਰਕੇ ਇਸ ਨੂੰ ਪਾਕਿਸਤਾਨ ਲੈ ਗਏ ਸਨ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਨ੍ਹਾਂ ਨੂੰ ਇੱਥੇ 14 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਇਨ੍ਹਾਂ ਪੰਜਾਂ ਨੇ ਪੂਰੀ ਕੈਦ ਕੱਟੀ ਅਤੇ ਨਵੰਬਰ 1994 ਵਿੱਚ ਰਿਹਾਅ ਹੋਏ ਸਨ।

ਸਤਿਨਾਮ ਸਿੰਘ ਅਤੇ ਤੇਜਇੰਦਰਪਾਲ ਸਿੰਘ ਦੋਵੇਂ 1999 ਵਿੱਚ ਕ੍ਰਮਵਾਰ ਅਮਰੀਕਾ ਅਤੇ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਭਾਰਤ ਆ ਗਏ ਸਨ।

ਜਸਬੀਰ ਸਿੰਘ ਅਤੇ ਕਰਨ ਸਿੰਘ ਦੋਵੇਂ ਸਵਿੱਟਜਰਲੈਂਡ ਚਲੇ ਗਏ ਸਨ, ਜਿੱਥੇ ਉਨ੍ਹਾਂ ਨੂੰ ਸਿਆਸੀ ਸ਼ਰਨ ਮਿਲ ਚੁੱਕੀ ਹੈ।

ਭਾਰਤ ਦੀ ਮੋਸਟ ਵਾਟੰਡ ਸੂਚੀ ਉੱਤੇ ਇਤਰਾਜ਼

ਗਜਿੰਦਰ ਸਿੰਘ ਨੇ ਸਜ਼ਾ ਪੂਰੀ ਕਰਨ ਤੋਂ ਬਾਅਦ 1996 ਵਿੱਚ ਜਰਮਨੀ ਜਾਣ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਸਰਕਾਰ ਦੇ ਇਤਰਾਜ਼ ਕਾਰਨ ਜਰਮਨ ਸਰਕਾਰ ਨੇ ਉਨ੍ਹਾਂ ਨੂੰ ਮੁਲਕ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਜਰਮਨੀ ਦੇ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਾ ਹੀ ਦਲ ਖਾਲਸਾ ਨੇ ਅਤੇ ਨਾ ਹੀ ਪਾਕਿਸਤਾਨ ਸਰਕਾਰ ਨੇ ਕੀਤੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਵੇਂ ਕਿ ਭਾਰਤ ਸਰਕਾਰ ਤੇ ਭਾਰਤੀ ਸੁਰੱਖਿਆ ਏਜੰਸੀਆਂ ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਦੇ ਦਾਅਵੇ ਕਰਦੀਆਂ ਰਹੀਆਂ ਹਨ।

ਕੰਵਰਪਾਲ ਸਿੰਘ ਦੱਸਦੇ ਹਨ, ''ਭਾਰਤੀ ਸੰਸਦ ਉੱਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਜਨਵਰੀ 2002 ਵਿੱਚ ਜਦੋਂ ਭਾਈ ਗਜਿੰਦਰ ਸਿੰਘ ਦਾ ਨਾਮ ਮੋਸਟ ਵਾਟੰਡ ਲਿਸਟ ਵਿੱਚ ਪਾਇਆ ਸੀ ਤਾਂ ਪਾਰਟੀ ਵੱਲੋਂ ਸਖ਼ਤ ਇਤਰਾਜ਼ ਜਿਤਾਇਆ ਗਿਆ।''

ਦਲ ਖ਼ਾਲਸਾ ਨੇ ਭਾਰਤ ਸਰਕਾਰ ਦੇ ਤਤਕਾਲੀ ਗ੍ਰਹਿ ਮੰਤਰੀ ਲਾਲ ਕਿਸ਼ਨ ਅਡਵਾਨੀ ਨੂੰ ਫਰਵਰੀ 2002 ਵਿੱਚ ਖ਼ਤ ਲਿਖ ਕੇ ਗਜਿੰਦਰ ਸਿੰਘ ਦਾ ਨਾਂ ਮੋਸਟ ਵਾਟੰਡ ਸੂਚੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ।

ਦਲ ਖਾਲਸਾ ਨੇ ਯੂਐੱਨਓ ਨੂੰ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਦੇ ਗਲਤ ਫ਼ੈਸਲੇ ਉੱਤੇ ਇਤਰਾਜ਼ ਜਤਾਇਆ ਸੀ।

ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਲਿਖਿਆ ਸੀ, ਗਜਿੰਦਰ ਸਿੰਘ ਹਵਾਈ ਜਹਾਜ਼ ਅਗਵਾ ਕੇਸ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।

''ਉਨ੍ਹਾਂ ਨੇ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਹਿੰਸਕ ਗਤੀਵਿਧੀ ਅਤੇ ਬਾਗੀ ਵਿਚਾਰ ਜਾਂ ਵਿਚਾਰਧਾਰਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਹੀਂ ਕੀਤੀ।''

''ਉਨ੍ਹਾਂ ਖਿਲਾਫ਼ ਭਾਰਤ ਵਿੱਚ ਕੋਈ ਬਕਾਇਆ ਕੇਸ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਅੱਤਵਾਦੀ ਵਜੋਂ ਪ੍ਰਚਾਰਨਾ ਘੋਰ ਇਤਰਾਜ਼ਯੋਗ ਹੈ।''

ਕੰਵਰਪਾਲ ਅੱਗੇ ਦੱਸਦੇ ਹਨ ਕਿ ਭਾਰਤ ਸਰਕਾਰ ਨੇ ਇਸ ਪੱਤਰ ਦਾ ਜਵਾਬ ਨਹੀਂ ਸੀ ਦਿੱਤਾ ਪਰ 2008 ਅਤੇ 2009 ਵਿੱਚ ਜਾਰੀ ਦੂਜੀ ਤੇ ਤੀਜੀ ਲਿਸਟ ਵਿੱਚ ਉਨ੍ਹਾਂ ਦਾ ਨਾਮ ਨਹੀਂ ਪਾਇਆ ਗਿਆ ਸੀ।

ਕੰਵਰਪਾਲ ਦਾਅਵਾ ਕਰਦੇ ਹਨ ਕਿ ਗਜਿੰਦਰ ਸਿੰਘ ਇਸ ਸਮੇਂ ਪੂਰੀ ਤਰ੍ਹਾਂ ਅਜ਼ਾਦ ਸ਼ਖਸ਼ੀਅਤ ਹਨ। ਉਹ ਕਿਸੇ ਵੀ ਲੋੜੀਂਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।

ਗਜਿੰਦਰ ਸਿੰਘ

ਤਸਵੀਰ ਸਰੋਤ, S-Gajinder-Singh/facebook

ਤਸਵੀਰ ਕੈਪਸ਼ਨ, ਜਰਨੈਲ ਸਿੰਘ ਭਿੰਡਰਾਵਾਲਾ ਦੀ ਰਿਹਾਈ ਦੀ ਮੰਗ ਲਈ ਹਵਾਈ ਜਹਾਜ਼ ਅਗਵਾ ਕੀਤਾ ਗਿਆ ਸੀ

ਗਜਿੰਦਰ ਸਿੰਘ ਦਾ ਪਿਛੋਕੜ ਤੇ ਭਵਿੱਖ

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗਜਿੰਦਰ ਸਿੰਘ ਬਾਰੇ ਆਪਣੇ ਬਲੌਗ ਵਿੱਚ ਲਿਖਦੇ ਹਨ ਗਜਿੰਦਰ ਸਿੰਘ ਚੰਡੀਗੜ੍ਹ ਵਿੱਚ ਰਹਿੰਦੇ ਸਨ ਅਤੇ ਸ਼ੁਰੂਆਤੀ ਦਿਨਾਂ 'ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰ ਸਨ।

1971 ਵਿੱਚ ਉਨ੍ਹਾਂ ਨੇ ਚੰਡੀਗੜ੍ਹ-ਅੰਬਾਲਾ ਰੋਡ ਉੱਤੇ ਡੇਰਾਬਸੀ ਵਿੱਚ ਹੋਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੈਲੀ ਦੌਰਾਨ ਨਾਅਰੇਬਾਜ਼ੀ ਕੀਤੀ ਸੀ।

ਅਚਾਨਕ ਹੀ ਉਹ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੀ ਵਿਚਾਰਧਾਰਾ ਨਾਲ ਜੁੜ ਗਏ ਅਤੇ ਉਨ੍ਹਾਂ ਆਪਣੇ 5 ਸਾਥੀਆਂ ਨਾਲ ਜਹਾਜ਼ ਅਗਵਾ ਕਰ ਲਿਆ।

ਇਹੀ ਉਨ੍ਹਾਂ ਦੀ ਜਿੰਦਗੀ ਦਾ ਪ੍ਰਮੁੱਖ ਐਕਸ਼ਨ ਸੀ।

ਗਜਿੰਦਰ ਸਿੰਘ ਭਾਵੇਂ ਆਪ ਜਰਮਨੀ ਦਾਖ਼ਲ ਨਹੀਂ ਹੋ ਸਕੇ ਸਨ, ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਤਨੀ ਅਤੇ ਬੇਟੀ ਉੱਥੇ ਹੀ ਰਹਿੰਦੇ ਸਨ।

ਉਨ੍ਹਾਂ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੇਟੀ ਦਾ ਵਿਆਹ ਹੋ ਚੁੱਕਿਆ ਹੈ।

ਉਹ ਆਪਣੀ ਪਤਨੀ ਦੇ ਸਸਕਾਰ ਅਤੇ ਬੇਟੀ ਦੇ ਵਿਆਹ ਮੌਕੇ ਜਰਮਨੀ ਨਹੀਂ ਜਾ ਸਕੇ ਸਨ।

ਜਗਤਾਰ ਸਿੰਘ ਆਪਣੇ ਬਲੌਗ ਵਿੱਚ ਸਵਾਲ ਕਰਦੇ ਹਨ ਕਿ ਗਜਿੰਦਰ ਸਿੰਘ ਕਿਸੇ ਲੋਂੜੀਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।

ਹੁਣ ਆਪਣੀ ਪਾਕਿਸਤਾਨ ਵਿੱਚ ਮੌਜਦੂਗੀ ਨੂੰ ਜਨਤਕ ਕਰਨ ਤੋਂ ਬਾਅਦ ਉਹ ਅਗਲਾ ਕੀ ਕਦਮ ਚੁੱਕਦੇ ਹਨ ਇਹ ਦੇਖਣਾ ਹੋਵੇਗਾ।

ਇਹ ਵੀ ਪੜ੍ਹੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)