ਇੱਕੋ ਘਰ ਵਿਆਹੀਆਂ 3 ਭੈਣਾਂ ਤੇ 4 ਬੱਚਿਆਂ ਦੀ ਮੌਤ- ਖੁਦਕਸ਼ੀ ਜਾਂ ਕਤਲ ਬਣਿਆ ਬੁਝਾਰਤ - ਗਰਾਊਂਡ ਰਿਪੋਰਟ

ਤਿੰਨ ਭੈਣਾਂ

ਤਸਵੀਰ ਸਰੋਤ, Mohar Singh Meena/BBC

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਜੈਪੁਰ ਤੋਂ ਬੀਬੀਸੀ ਲਈ
  • ਪੜ੍ਹਨ ਦਾ ਸਮਾਂ: 7 ਮਿੰਟ

ਇੱਕ ਖੇਤ ਵਿੱਚ ਸਰਜੀਕਲ ਗਲੱਬਸ ਅਤੇ ਮਾਸਕ ਖਿੱਲਰੇ ਪਏ ਹਨ, ਨੇੜੇ ਦੀ ਖੇਤ ਕੰਢੇ ਇੱਕ ਖੂਹ ਹੈ। ਜਿਸ ਵਿੱਚ ਉੱਤੋਂ ਹੀ ਪਾਣੀ ਨਜ਼ਰ ਆਉਂਦਾ ਹੈ, ਪਰ ਇਹ ਡੂੰਘਾ ਹੈ।

ਖੂਹ ਦੇ ਬਾਹਰਲੀ ਜ਼ਮੀਨ ਗਿੱਲੀ ਹੈ, ਜਿਵੇਂ ਕੁਝ ਹੀ ਦੇਰ ਪਹਿਲਾਂ ਖੂਹ 'ਚੋਂ ਪਾਣੀ ਕੱਢ ਕੇ ਜ਼ਮੀਨ 'ਤੇ ਸੁੱਟਿਆ ਹੋਵੇ।

29 ਮਈ ਦੁਪਹਿਰ ਕਰੀਬ ਡੇਢ ਵਜੇ ਸਾਡੇ ਇੱਥੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਇਸ ਖੂਹ ਵਿੱਚੋਂ ਨਵਜੰਮੇ ਬੱਚੇ ਦੀ ਲਾਸ਼ ਕੱਢੀ ਗਈ।

ਇਹੀ ਉਹੀ ਖੂਹ ਹੈ, ਜਿੱਥੇ 28 ਮਈ ਦੀ ਸਵੇਰ 27, 23 ਅਤੇ 20 ਸਾਲ ਦੀਆਂ ਤਿੰਨ ਸਕੀਆਂ ਭੈਣਾਂ ਅਤੇ 25 ਦਿਨ ਅਤੇ ਚਾਰ ਸਾਲ ਦੇ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਸਨ।

ਜਿਨ੍ਹਾਂ ਵਿੱਚ ਦੋ ਭੈਣਾਂ 7 ਅਤੇ 9 ਮਹੀਨੇ ਦੀਆਂ ਗਰਭਵਤੀ ਵੀ ਸਨ। ਇਹ ਲਾਸ਼ਾਂ ਤਿੰਨ ਦਿਨ ਤੱਕ ਖੂਹ ਵਿੱਚ ਹੀ ਪਈਆਂ ਰਹੀਆਂ ਸਨ।

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਜੈਪੁਰ-ਅਜਮੇਰ ਹਾਈਵੇ 'ਤੇ ਕਰੀਬ 65 ਕਿਲੋਮੀਟਰ ਦੂਰ ਦੂਦੂ ਫਲਾਈਓਵਰ ਤੋਂ ਕੁਝ ਮੀਟਰ ਹੀ ਅੱਗੇ ਮੀਣਾ ਭਾਈਚਾਰੇ ਦੇ ਲੋਕਾਂ ਦਾ ਮੁਹੱਲਾ ਹੈ।

ਰਾਜਸਥਾਨ

ਤਸਵੀਰ ਸਰੋਤ, Mohar Singh Meena/BBC

ਤਸਵੀਰ ਕੈਪਸ਼ਨ, ਪੇਕੇ ਪਿੰਡ ਸਾਰਿਆਂ ਦਾ ਇੱਕੋ ਚਿਤਾ ਉੱਤੇ ਅੰਤਿਮ ਸੰਸਕਾਰ ਕੀਤਾ ਗਿਆ

ਇਸੇ ਮੁਹੱਲੇ ਵਿੱਚ ਦੋ ਗਲੀਆਂ ਬਾਅਦ ਇਨ੍ਹਾਂ ਮ੍ਰਿਤਕ ਔਰਤਾਂ ਦਾ ਸਹੁਰਾ ਘਰ ਹੈ। ਸਹੁਰੇ ਘਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੀ ਇੱਕ ਖੇਤ ਵਿੱਚ ਉਹ ਖੂਹ ਹੈ, ਜਿੱਥੇ 7 ਜ਼ਿੰਦਗੀਆਂ ਇੱਕੋ ਵੇਲੇ ਖ਼ਤਮ ਹੋ ਗਈਆਂ ਹਨ।

ਵਟਸਐਪ ਸਟੇਟਸ ਲਗਾ ਕੇ ਲਾਪਤਾ ਹੋਈਆਂ

ਜੈਪੁਰ-ਅਜਮੇਰ ਹਾਈਵੇ 'ਤੇ ਦੂਦੂ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਛਪਿਆ ਪਿੰਡ ਵਿੱਚ ਮ੍ਰਿਤਕ ਤਿੰਨ ਭੈਣਾਂ ਦੇ ਪੇਕੇ ਹਨ। ਗ਼ਮਗੀਨ ਮਾਹੌਲ ਵਿੱਚ ਘਰ ਵਾਲੇ ਅਸਥੀਆਂ ਪਾਉਣ ਲਈ ਹਰੀਦੁਆਰ ਜਾਣ ਦੀ ਤਿਆਰੀ ਕਰ ਰਹੇ ਸਨ।

ਘਰ ਦੇ ਬਾਹਰ ਹੀ ਸ਼ੋਕ ਸਭਾ ਵਿੱਚ ਮ੍ਰਿਤਕ ਔਰਤਾਂ ਅਤੇ ਬੱਚਿਆਂ ਦੀ ਤਸਵੀਰ ਦੇ ਨੇੜੇ ਬੈਠੇ ਰਿਸ਼ਤੇ ਵਿੱਚ ਮ੍ਰਿਤਕਾਂ ਦੇ ਭਰਾ ਛੀਤਰ ਮਲ ਮੀਣਾ ਬੀਬੀਸੀ ਨੂੰ ਦੱਸਦੇ ਹਨ, "25 ਮਈ ਦੀ ਦੁਪਹਿਰੇ ਮਾਸੜ ਜੀ ਨੇ ਦੇਖਿਆ ਕਿ ਛੋਟੀ ਭੈਣ ਨੇ ਵਟਸਐਪ ਸਟੇਟਸ ਲਗਾਇਆ ਹੋਇਆ ਸੀ ਕਿ 'ਜੀਣ ਨਾਲੋਂ ਮਰਨਾ ਠੀਕ ਹੈ', ਸਹੁਰਿਆਂ ਤੋਂ ਪਰੇਸ਼ਾਨ ਹਨ, ਘਰ ਵਾਲਿਓ ਸਾਡੀ ਚਿੰਤਾ ਨਾ ਕਰੋ'।"

"ਸਟੇਟਸ ਦੇਖਣ ਤੋਂ ਬਾਅਦ ਉਹ ਦੂਦੂ ਉਨ੍ਹਾਂ ਦੇ ਸਹੁਰੇ ਗਏ ਤਾਂ ਉੱਥੇ ਭੈਣਾਂ ਨਹੀਂ ਸਨ।"

ਇਹ ਵੀ ਪੜ੍ਹੋ-

ਇੱਥੇ ਮੌਜੂਦ ਮ੍ਰਿਤਕ ਔਰਤਾਂ ਦੇ ਭਰਾ ਬਣਵਾਰੀ ਮੀਣਾ ਬੀਬੀਸੀ ਨਾਲ ਦੱਸਦੇ ਹਨ, "ਕਰੀਬ ਢਾਈ ਵਜੇ ਮਾਸੜ ਜੀ ਦਾ ਫੋਨ ਆਇਆ ਕਿ ਭੈਣਾਂ ਨੇ ਅਜਿਹਾ ਸਟੇਟਸ ਕਿਉਂ ਲਗਾਇਆ ਹੈ। ਅਸੀਂ ਤੁਰੰਤ ਹੀ ਦੂਦੂ ਗਏ, ਪਰ ਉਨ੍ਹਾਂ ਸਹੁਰਿਆਂ 'ਚੋਂ ਕਿਸੇ ਨੇ ਕੁਝ ਨਹੀਂ ਦੱਸਿਆ ਕਿ ਭੈਣਾਂ ਕਿੱਥੇ ਹਨ।"

"ਅਸੀਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਅਤੇ ਖ਼ੂਬ ਤਲਾਸ਼ ਕੀਤਾ ਪਰ ਨਹੀਂ ਮਿਲੀਆਂ।"

ਉਨ੍ਹਾਂ ਨੇ ਦੱਸਿਆ, "ਫਿਰ ਅਸੀਂ ਪੁਲਿਸ ਵਿੱਚ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਵੀ ਖ਼ੂਬ ਭਾਲਿਆ ਪਰ ਕਿਤੇ ਕੋਈ ਜਾਣਕਾਰੀ ਨਹੀਂ ਮਿਲੀ।"

"ਪੁਲਿਸ ਨੇ ਅਤੇ ਅਸੀਂ, ਤਿੰਨ ਦਿਨਾਂ ਤੱਕ ਭਾਲਿਆ ਪਰ ਕਿਤੇ ਨਹੀਂ ਮਿਲੀ। ਫਿਰ 28 ਮਈ ਨੂੰ ਭਾਲ ਕਰਨ ਦੌਰਾਨ ਸਵੇਰੇ ਕਰੀਬ 10 ਵਜੇ ਖੂਹ ਵਿੱਚ ਇਕੱਠਿਆਂ ਸਾਰਿਆਂ ਦੀਆਂ ਲਾਸ਼ਾਂ ਮਿਲੀਆਂ।"

ਜੈਪੁਰ ਦੇਹਾਤੀ ਦੇ ਐੱਸਐੱਸਪੀ ਮਨੀਸ਼ ਅਗਰਵਾਲ ਨੇ ਬੀਬੀਸੀ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ, "25 ਮਈ ਨੂੰ ਸਹੁਰੇ ਪੱਖ ਵੱਲੋਂ ਗੁਮਸ਼ੁਦਗੀ ਦੀ ਸ਼ਿਕਾਇਤ ਮਿਲੀ ਸੀ। 26 ਮਈ ਨੂੰ ਔਰਤਾਂ ਦੇ ਪਿਤਾ ਨੇ ਆਈਪੀਸੀ ਦੀ ਧਾਰਾ 498ਏ ਵਿੱਚ ਮਾਮਲਾ ਦਰਜ ਕਰਵਾਇਆ ਸੀ। 28 ਮਈ ਨੂੰ ਲਾਸ਼ਾਂ ਮਿਲਣ ਤੋਂ ਬਾਅਦ ਧਾਰਾ 304 ਜੋੜੀ ਗਈ ਹੈ।"

ਰਾਜਸਥਾਨ

ਤਸਵੀਰ ਸਰੋਤ, Mohar Singh Meena/BBC

ਕੀ ਪੁਲਿਸ ਵਟਸਐਪ ਸਟੇਟਸ ਨੂੰ ਮ੍ਰਿਤਕਾਂ ਦਾ ਅੰਤਿਮ ਬਿਆਨ (ਸੁਸਾਇਡ ਨੋਟ) ਮੰਨ ਰਹੀ ਹੈ।

ਬੀਬੀਸੀ ਦੇ ਇਸ ਸਵਾਲ 'ਤੇ ਦੂਦੂ ਥਾਣਾ ਅਧਿਕਾਰੀ ਚੇਤਨ ਰਾਮ ਕਹਿੰਦੇ ਹਨ, "ਵਟਸਐਪ 'ਤੇ ਸਟੇਟਸ ਲਗਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਵਿੱਚ ਐੱਸਐੱਫਐੱਲ ਟੀਮ ਜਾਂਚ ਕਰ ਰਹੀ ਹੈ, ਐੱਸਐੱਫਐੱਲ ਦੀ ਰਿਪੋਰਟ ਨਾਲ ਹੀ ਸੱਚ ਸਾਹਮਣੇ ਆਵੇਗਾ।"

ਸਹੁਰੇ ਪੱਖ ਦੀ ਗ੍ਰਿਫ਼ਤਾਰੀ

ਦੂਦੂ ਦੇ ਡਿਪਟੀ ਐੱਸਪੀ ਅਸ਼ੋਕ ਰਾਠੌੜ ਨੇ ਦੱਸਿਆ, "ਇਸ ਮਾਮਲੇ ਵਿੱਚ ਮ੍ਰਿਤਕ ਤਿੰਨਾਂ ਔਰਤਾਂ ਦੇ ਪਤੀ, ਔਰਤਾਂ ਦੀ ਸੱਸ ਅਤੇ ਜੇਠਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੋਰਟ ਤੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।"

"ਗ੍ਰਿਫ਼ਤਾਰ ਪੰਜੇ ਮੁਲਜ਼ਮਾਂ ਦੇ ਨਾਮ ਐੱਫਆਈਆਰ ਵਿੱਚ ਨਾਮਜ਼ਦ ਹਨ।"

ਦੂਦੂ ਦੇ ਮੀਣਾਵਾਂ ਦੇ ਮੁਹੱਲੇ ਵਿੱਚ ਮ੍ਰਿਤਕ ਔਰਤਾਂ ਦੇ ਸਹੁਰੇ ਘਰ ਵਿੱਚ ਸਨਾਟਾ ਪਸਰਿਆ ਹੋਇਆ ਹੈ। ਘਰ ਵਿੱਚ ਦਖ਼ਲ ਕਰਦਿਆਂ ਹੀ ਬਜ਼ੁਰਗ ਔਰਤਾਂ ਬੈਠੀਆਂ ਹੋਈਆਂ ਸਨ।

ਇਹ ਬਜ਼ੁਰਗ ਔਰਤਾਂ ਗ੍ਰਿਫ਼ਤਾਰ ਪੁਰਸ਼ਾਂ ਦੀ ਨਾਨੀ ਨਾਨਕੀ, ਮਾਸੀ ਸੰਤਰਾ ਅਤੇ ਭੂਆ ਬਾਦਾਮ ਮੀਣਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਸੰਤਰਾ ਮੀਣਾ ਕਹਿੰਦੀ ਹੈ, "ਬੱਚੇ ਦੇ ਜਨਮ ਨਾਲ ਸਬੰਧਤ ਪ੍ਰੋਗਰਾਮ ਸੀ ਇਸ ਲਈ ਮਹਿਮਾਨ ਇਕੱਠਾ ਹੋ ਰਹੇ ਸਨ। ਕੋਈ ਲੜਾਈ-ਝਗੜਾ ਨਹੀਂ ਸੀ। ਪਤਾ ਨਹੀਂ ਕਿਉਂ ਅਜਿਹਾ ਕੀਤਾ।"

ਉਨ੍ਹਾਂ ਨੇ ਇਹ ਵੀ ਦੱਸਿਆ, "ਸਾਰੇ ਆਪਣੇ ਕੰਮ ਵਿੱਚ ਲੱਗੇ ਸਨ। ਨਾਨੀ ਇੱਥੇ ਬੈਠੀ ਸੀ ਅਤੇ ਉਹ ਚੁੱਪਚਾਪ ਹੀ ਨਿਕਲ ਗਈਆਂ। ਬੜਾ ਦੇਖਿਆ ਪਰ ਕਿਤੇ ਨਹੀਂ ਮਿਲੀਆਂ।"

ਰਾਜਸਥਾਨ

ਤਸਵੀਰ ਸਰੋਤ, Mohar Singh Meena/BBC

ਤਸਵੀਰ ਕੈਪਸ਼ਨ, ਮ੍ਰਿਤਕਾਂ ਦੇ ਸਹੁਰੇ ਇਹੀ ਤਿੰਨ ਬਜ਼ੁਰਗ ਔਰਤਾਂ ਅਤੇ ਜੇਠਾਣੀ ਦੇ ਬੱਚੇ ਮੌਜੂਦ ਹਨ

ਸੰਤਰਾ ਕਹਿੰਦੀ ਹੈ, "ਪੁਲਿਸ ਪਹਿਲਾਂ ਦੋ ਮੁੰਡਿਆਂ ਜਗਦੀਸ਼ ਅਤੇ ਮੁਕੇਸ਼ ਨੂੰ ਲੈ ਗਈ। ਫਿਰ ਅਗਲੇ ਦਿਨ ਵੱਡੇ ਮੁੰਡੇ ਨਰਸੀ ਅਤੇ ਉਨ੍ਹਾਂ ਦੀ ਸੱਸ ਨੂੰ ਲੈ ਗਈ।"

ਮ੍ਰਿਤਕਾਂ ਦੇ ਘਰ ਵਾਲਿਆਂ ਵੱਲੋਂ ਦਾਜ ਅਤੇ ਕੁੱਟਮਾਰ ਦੇ ਇਲਜ਼ਾਮ 'ਤੇ ਸੰਤਰਾ ਮੀਣਾ ਕਹਿੰਦੀ ਹੈ, "ਫਾਲਤੂ ਇਲਜ਼ਾਮ ਹੈ। ਇੱਥੇ ਕੁੜੀਆਂ ਨੂੰ ਪੜ੍ਹਾ ਰਹੇ ਸਨ, ਸਾਰਾ ਖਰਚਾ ਦੇ ਰਹੇ ਸਨ, ਪ੍ਰੀਖਿਆ ਦੇਣ ਜਾਂਦੀਆਂ ਸਨ।"

"ਵੱਡੀ ਅਤੇ ਛੋਟੀ ਤਾਂ ਸਹੀ ਸੀ ਪਰ ਵਿਚਕਾਰ ਵਾਲੀ ਨਾਲ ਲੈ ਕੇ ਗਈ ਦੋਵਾਂ ਨੂੰ। ਪਹਿਲਾਂ ਵੀ ਦਾਜ ਦਾ ਕੇਸ ਕਰਵਾਇਆ ਸੀ, ਉਦੋਂ ਇੱਕ ਲੱਖ ਰੁਪਏ ਦੇਣ 'ਤੇ ਕੇਸ ਵਾਪਸ ਲਿਆ।"

ਹਾਲਾਂਕਿ, ਮ੍ਰਿਤਕ ਔਰਤਾਂ ਦੇ ਸਹੁਰੇ ਘਰ ਦੇ ਗੁਆਂਢ ਵਿੱਚ ਰਹਿੰਦੇ ਇੱਕ ਸ਼ਖ਼ਸ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ, "ਤਿੰਨੇ ਭੈਣਾਂ ਪੜ੍ਹੀਆਂ-ਲਿਖੀਆਂ ਸਨ। ਮੁੰਡੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ, ਕਈ ਵਾਰ ਝਗੜੇ ਅਤੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਸਨ ਪਰ ਕੋਈ ਬਚਾਅ ਕਰਨ ਨਹੀਂ ਜਾਂਦਾ ਸੀ।"

ਉਹ ਇਸ ਘਟਨਾ ਤੋਂ ਬੇਹੱਦ ਪਰੇਸ਼ਾਨ ਨਜ਼ਰ ਆ ਰਹੇ ਸਨ। ਦੁਖੀ ਮਨ ਨਾਲ ਕਹਿੰਦੇ ਹਨ, "ਕੋਈ ਖੁਸ਼ੀ ਨਾਲ ਖੁਦਕੁਸ਼ੀ ਨਹੀਂ ਕਰਦਾ, ਬੇਹੱਦ ਪਰੇਸ਼ਾਨ ਹੋ ਕੇ 7 ਜ਼ਿੰਦਗੀਆਂ ਖ਼ਤਮ ਹੋ ਗਈਆਂ ਹਨ।"

ਵੀਡੀਓ ਕੈਪਸ਼ਨ, ਕੇਤਕੀ ਦੇ ਸਿਰ ਦੇ ਵਾਲ ਚਲੇ ਗਏ, ਪਰ ਉਨ੍ਹਾਂ ਨੇ ਜ਼ਿੰਦਗੀ ਤੋਂ ਹੌਸਲਾ ਨਹੀਂ ਜਾਣ ਦਿੱਤਾ

ਸਮੂਹਿਕ ਖੁਦਕੁਸ਼ੀ 'ਤੇ ਸਵਾਲ

ਤਿੰਨ ਪੜ੍ਹੀਆਂ-ਲਿਖੀਆਂ ਸਕੀਆਂ ਭੈਣਾਂ ਆਖ਼ਰ ਕਿਵੇਂ ਖੁਦਕੁਸ਼ੀ ਕਰ ਸਕਦੀਆਂ ਹਨ?

ਕਿਵੇਂ ਵੱਡੀ ਔਰਤ 27 ਸਾਲ ਕਾਲੂ ਮੀਣਾ ਆਪਣੇ ਨਾਲ ਇੱਕ ਚਾਰ ਸਾਲ ਅਤੇ 25 ਦਿਨ ਦੇ ਜੀਵਨ ਨੂੰ ਖ਼ਤਮ ਕਰ ਸਕਦੀ ਹੈ?

ਕਿਵੇਂ ਮਮਤਾ ਅਤੇ ਕਮਲੇਸ਼ ਆਪਣੇ ਗਰਭ ਵਿੱਚ ਪਲ ਰਹੇ 7 ਅਤੇ 9 ਮਹੀਨਿਆਂ ਦੇ ਬੱਚਿਆਂ ਨੂੰ ਖ਼ੁਦ ਨਾਲ ਖ਼ਤਮ ਸਕਦੀਆਂ ਹਨ?

ਪੇਕੇ ਪੱਖ ਅਤੇ ਨੇੜਲੇ ਲੋਕਾਂ ਨੂੰ ਵੀ ਨਹੀਂ ਸਮਝ ਆ ਰਿਹਾ ਹੈ ਕਿ ਆਖ਼ਰ ਕਿਵੇਂ ਸਾਰਿਆਂ ਨੇ ਇੱਕ ਮਨ ਬਣਾ ਕੇ 7 ਜ਼ਿੰਦਗੀਆਂ ਇਕੱਠਿਆਂ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੋਵੇਗਾ?

ਰਿਸ਼ਤੇ ਵਿੱਚ ਮ੍ਰਿਤਕਾਂ ਦੇ ਭਰਾ ਛੀਤਰ ਮਲ ਮੀਣਾ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਹਿੰਦੇ ਹਨ, "25 ਮਈ ਨੂੰ ਭੈਣਾਂ ਘਰੋਂ ਗਈਆਂ, ਉਸ ਦਿਨ 5-6 ਮਹਿਮਾਨ ਮੁੰਡੇ ਉਨ੍ਹਾਂ ਦੇ ਘਰ ਆਏ ਹੋਏ ਸਨ। ਸਾਨੂੰ ਉਨ੍ਹਾਂ 'ਤੇ ਸ਼ੱਕ ਹੈ, ਕਿਤੇ ਮਾਰ ਕੇ ਤਾਂ ਨਹੀਂ ਸੁੱਟ ਆਏ।"

ਉਹ ਕਹਿੰਦੇ ਹਨ, "ਸਾਰਿਆਂ ਦਾ ਮਨ ਇਕੱਠਿਆਂ ਕਿਵੇਂ ਖੁਦਕੁਸ਼ੀ ਲਈ ਰਾਜ਼ੀ ਹੋ ਗਿਆ ਹੋਵੇਗਾ। ਇੱਕ ਨੂੰ ਤਾਂ ਲਗਦਾ ਹੋਵੇਗਾ ਕਿ ਸੁਸਾਈਡ ਨਾ ਕਰੀਏ। ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ, ਇਹ ਗੱਲ ਅਸੀਂ ਪੁਲਿਸ ਨੂੰ ਵੀ ਦੱਸੀ।"

ਪਰਿਵਾਰ ਵਾਲਿਆਂ ਦੇ ਇਸ ਸ਼ੱਕ 'ਤੇ ਦੂਦੂ ਦੇ ਡਿਪਟੀ ਐੱਸਪੀ ਅਸ਼ੋਕ ਰਾਠੋੜ ਤੋਂ ਦੂਦੂ ਥਾਣੇ ਵਿੱਚ ਬੀਬੀਸੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ, "ਉਨ੍ਹਾਂ ਦੇ ਘਰ ਮਹਿਮਾਨ ਆਏ ਹੋਏ ਸਨ। ਕਾਲੂ ਮੀਣਾ ਦੇ ਬੱਚਾ ਹੋਇਆ ਸੀ, ਜਿਸ ਦਾ ਨਾਮਕਰਨ 26 ਮਈ ਨੂੰ ਹੋਣਾ ਸੀ।"

ਰਾਜਸਥਾਨ

ਤਸਵੀਰ ਸਰੋਤ, Mohar Singh Meena/BBC

"ਇਹ ਘਟਨਾ 25 ਮਈ ਨੂੰ ਹੋਈ। ਅਸੀਂ ਜਾਂਚ ਕਰ ਰਹੇ ਹਾਂ।"

ਇਨ੍ਹਾਂ ਔਰਤਾਂ ਨੂੰ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਬਜਰੰਗ ਲਾਲ ਬੀਬੀਸੀ ਨੂੰ ਦੱਸਦੇ ਹਨ, "ਇਹ ਬੇਹੱਦ ਹੋਣਹਾਰ ਕੁੜੀਆਂ ਸਨ। ਮਮਤਾ ਕੁਝ ਦਿਨ ਪਹਿਲਾਂ ਹੀ ਅਲਵਰ ਵਿੱਚ ਰਾਜਸਥਾਨ ਪੁਲਿਸ ਦੇ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਦੇ ਕੇ ਆਈ ਸੀ।"

"ਇੰਨੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਆਖ਼ਿਰ ਕਿਵੇਂ ਇੱਕ ਮਤ ਹੋ ਕੇ ਖੁਦਕੁਸ਼ੀ ਦਾ ਕਦਮ ਚੁੱਕ ਸਕਦੀਆਂ ਹਨ, ਇਹ ਸਮਝ ਤੋਂ ਪਰੇ ਹੈ।"

ਮ੍ਰਿਤਕਾਂ ਦੇ ਭਰਾ ਬਨਵਾਰੀ ਮੀਣਾ ਦਾ ਇਲਜ਼ਾਮ ਹੈ, "ਸਹੁਰਾ ਪੱਖ ਭੈਣਾਂ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਦੀ ਜੇਠਾਣੀ ਵੀ ਉਨ੍ਹਾਂ ਨੂੰ ਤਾਅਨੇ ਮਾਰਿਆ ਕਰਦੀ ਸੀ। ਭੈਣਾਂ ਬੇਹੱਦ ਪਰੇਸ਼ਾਨ ਸਨ, ਕਈ ਵਾਰ ਉਨ੍ਹਾਂ ਨੇ ਦੱਸਿਆ ਵੀ ਸੀ।"

ਇੱਕੋ ਚਿਤਾ 'ਤੇ ਅੰਤਿਮ ਸੰਸਕਾਰ

28 ਮਈ ਸਵੇਰੇ ਲਾਸ਼ ਖੂਹ 'ਚੋਂ ਕੱਢਣ ਗਏ। ਇਸ ਦੌਰਾਨ ਉੱਥੇ ਮੌਜੂਦ ਸਮਾਮ ਸੇਵੀ ਸੌਨੀਰਾਮ ਮੀਣਾ ਨੇ ਬੀਬੀਸੀ ਨੂੰ ਦੱਸਿਆ, "ਐੱਸਡੀਆਰਐੱਫ ਦੀਆਂ ਟੀਮਾਂ ਨੇ ਲਾਸ਼ਾਂ ਨੂੰ ਖੂਹ ਵਿੱਚੋਂ ਬਾਹਰ ਕੱਢਿਆ।"

"ਤਿੰਨ ਦਿਨਾਂ ਤੱਕ ਖੂਹ ਵਿੱਚ ਰਹਿਣ ਕਰ ਕੇ ਲਾਸ਼ਾਂ ਗਲਣ ਦੀ ਹਾਲਤ ਵਿੱਚ ਸਨ।"

ਉਨ੍ਹਾਂ ਨੇ ਕਿਹਾ, "ਮੈਡੀਕਲ ਬੋਰਡ ਨੇ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ। ਇਸ ਦੌਰਾਨ ਗਰਭਵਤੀ ਔਰਤ ਦੇ ਪੇਟ ਵਿੱਚੋਂ ਬੱਚਾ ਕੱਢਿਆ ਗਿਆ।"

ਰਾਜਸਥਾਨ

ਤਸਵੀਰ ਸਰੋਤ, Mohar Singh Meena/BBC

ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲਾਸ਼ਾਂ ਲੈ ਕੇ ਪੇਕੇ ਹੀ ਸਾਰਿਆਂ ਦਾ ਇੱਕ ਚਿਤਾ 'ਤੇ ਅੰਤਿਮ ਸੰਸਕਾਰ ਕੀਤਾ ਗਿਆ।

28 ਮਈ ਨੂੰ ਲਾਸ਼ਾਂ ਮਿਲਣ ਤੋਂ ਬਾਅਦ 29 ਮਈ ਦੁਪਹਿਰ ਵੇਲੇ ਖੂਹ ਵਿੱਚ ਇੱਕ ਹੋਰ ਨਵਜੰਮੇ ਬੱਚੇ ਦੀ ਲਾਸ਼ ਮਿਲੀ।

ਇਸ 'ਤੇ ਦੂਦੂ ਦੇ ਡਿਪਟੀ ਐੱਸਪੀ ਅਸ਼ੋਕ ਰਾਠੌੜ ਨੇ ਕਿਹਾ, "ਸੰਭਾਵਿਤ ਇਹ ਬੱਚਾ ਹੇਠਾਂ ਪੱਥਰਾਂ ਵਿੱਚ ਦੱਬ ਗਿਆ ਹੋਣਾ, ਉੱਪਰ ਆਉਣ 'ਤੇ ਪਤਾ ਲੱਗਾ। ਮ੍ਰਿਤਕਾਂ ਦੇ ਪੇਕੇ ਪੱਖ ਨੂੰ ਸੂਚਿਤ ਕਰ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ।"

ਬਾਲ ਵਿਆਹ ਤੋਂ ਬਾਅਦ ਵੀ ਗਰੈਜੂਏਟ

ਦੂਦੂ ਵਿੱਚ ਜੈਪੁਰ-ਅਜਮੇਰ ਹਾਈਵੇ ਤੋਂ ਇੱਕ ਪਾਸੇ ਮ੍ਰਿਤਕ ਔਰਤਾਂ ਦੇ ਪੇਕੇ ਹਨ ਅਤੇ ਦੂਜੇ ਪਾਸੇ ਸਹੁਰੇ। ਦੋਵਾਂ ਵਿਚਾਲੇ ਕਰੀਬ ਸੱਤ ਕਿਲੋਮੀਟਰ ਦਾ ਫਰਕ ਹੈ।

ਸਾਲ 2005 ਵਿੱਚ ਨਾਬਾਲਗ਼ ਉਮਰ ਵਿੱਚ ਤਿੰਨਾਂ ਭੈਣਾਂ, ਕਾਲੂ ਦੇਵੀ, ਮਮਤਾ ਅਤੇ ਕਮਲੇਸ਼ ਦਾ ਵਿਆਹ ਮੀਣਾਵਾਂ ਦਾ ਮੁਹੱਲਾ ਨਿਵਾਸੀ ਭੰਵਰ ਮੀਣਾ ਦੇ ਪੁੱਤਰਾਂ, ਨਰਸੀ, ਜਗਦੀਸ਼ ਅਤੇ ਮੁਕੇਸ਼ ਨਾਲ ਹੋਇਆ।

ਭੰਵਰ ਮੀਣਾ ਦੀ ਕਈ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ।

ਮ੍ਰਿਤਕ ਭੈਣਾਂ ਦੇ ਰਿਸ਼ਤੇ ਵਿੱਚ ਭਰਾ ਲੱਗਦੇ ਛੀਤਰ ਮਲ ਮੀਣਾ ਨੇ ਦੱਸਿਆ, "ਦੋਵੇਂ ਭੈਣਾਂ ਗ੍ਰੇਜੂਏਟ ਸਨ। ਪੜ੍ਹਾਈ ਵਿੱਚ ਸ਼ੁਰੂ ਤੋਂ ਹੁਸ਼ਿਆਰ ਸਨ, ਵਿਆਹ ਤੋਂ ਬਾਅਦ ਵੀ ਪੜ੍ਹਾਈ ਜਾਰੀ ਰੱਖੀ।"

ਮ੍ਰਿਤਕ ਭੈਣਾਂ ਨੂੰ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕ ਬਜਰੰਗ ਮਾਲ ਕਹਿੰਦੇ ਹਨ, "ਤਿੰਨੇ ਭੈਣਾਂ ਸ਼ੁਰੂ ਤੋਂ ਹੀ ਹੁਸ਼ਿਆਰ ਸਨ। ਬਾਲ ਵਿਆਹ ਹੋਣ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਜਾਰੀ ਰੱਖੀ ਅਤੇ ਸਰਕਾਰੀ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ।"

"ਕਮਲੇਸ਼ ਗ੍ਰੇਜੂਏਟ ਸੀ, ਮਮਤਾ ਸੈਂਟਰਲ ਯੂਨੀਵਰਸਿਟੀ ਤੋਂ ਐੱਮਏ ਦੀ ਪੜ੍ਹਾਈ ਕਰ ਰਹੀ ਸੀ। ਸਰਕਾਰੀ ਨੌਕਰੀ ਲਈ ਤਿਆਰੀ ਵੀ ਕਰ ਰਹੀ ਸੀ ਅਤੇ ਉਨ੍ਹਾਂ ਦੀ ਨੌਕਰੀ ਵੀ ਜ਼ਰੂਰ ਲੱਗਦੀ।"

ਬਜਰੰਗ ਲਾਲ ਦੱਸਦੇ ਹਨ, "ਇਨ੍ਹਾਂ ਭੈਣਾਂ ਦੇ ਪਤੀਆਂ ਨੇ ਸਕੂਲੀ ਸਿੱਖਿਆ ਵੀ ਪੂਰੀ ਨਹੀਂ ਕੀਤੀ ਹੈ। ਤਿੰਨਾਂ ਵਿੱਚੋਂ ਕੋਈ ਸੱਤਵੀਂ ਜਾਂ ਅਠਵੀਂ ਤੋਂ ਜ਼ਿਆਦਾ ਨਹੀਂ ਪੜ੍ਹਿਆ ਹੈ।"

ਬਾਲ ਵਿਆਹ ਰੱਦ ਕਰਨ ਅਤੇ ਰੋਕਥਾਮ ਲਈ ਕਈ ਸਾਲ ਤੋਂ ਕੰਮ ਕਰ ਰਹੀ ਡਾਕਟਰ ਕ੍ਰਿਤੀ ਭਾਰਤੀ ਇਸ ਘਟਨਾ 'ਤੇ ਕਹਿੰਦੀ ਹੈ, "ਬੇਟੀਆਂ ਨੂੰ ਉੱਡਣ ਲਈ ਪੰਖ ਦਿੱਤੇ ਜਾਂਦੇ ਹਨ, ਪਰ ਪੈਰੋਂ ਬਾਲ ਵਿਆਹ ਦੀਆਂ ਬੇੜੀਆਂ ਨਾਲ ਜਕੜ ਦਿੱਤਾ ਜਾਂਦਾ ਹੈ।"

"ਸਮਾਂ ਰਹਿੰਦਿਆਂ ਜੇਕਰ ਬਾਲ ਵਿਆਹ ਦੇ ਬੰਧਨ ਤੋਂ ਮੁਕਤ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਉਹ ਅਤੇ ਉਨ੍ਹਾਂ ਦੇ ਬੱਚੇ ਅਤੇ ਗਰਭ ਵਿੱਚ ਪਲ ਰਿਹਾ ਜੀਵਨ ਜ਼ਿੰਦਾ ਹੁੰਦਾ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)