ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇਸ ਕਾਰਨ ਅਕਾਲ ਤਖ਼ਤ ਤੋਂ ਮੰਗੀ ਮੁਆਫੀ - ਪ੍ਰੈੱਸ ਰਿਵੀਊ

ਕੁਲਤਾਰ ਸਿੰਘ ਸੰਧਵਾਂ

ਤਸਵੀਰ ਸਰੋਤ, Kultar Singh Sandhwan/FB

ਤਸਵੀਰ ਕੈਪਸ਼ਨ, ਸੰਧਵਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸ਼ੇਅਰ ਕਰ ਵੀ ਮੁਆਫ਼ੀ ਮੰਗੀ
ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸ਼ਨੀਵਾਰ ਨੂੰ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਪੁਜਾਰੀ ਵੱਲੋਂ ਉਨ੍ਹਾਂ ਦੀ ਪੱਗ ਨੂੰ ਵਾਰ-ਵਾਰ ਗਾਂ ਦੀ ਪੂਛ ਨਾਲ ਛੂਹਿਆ ਗਿਆ। ਇਹ ਵੀਡੀਓ ਵਾਇਰਲ ਹੋ ਗਿਆ ਅਤੇ ਸਿੱਖ ਭਾਈਚਾਰੇ ਦੇ ਇੱਕ ਵਰਗ ਨੇ ਇਸ ਨੂੰ ਦਸਤਾਰ ਦੀ ਬੇਅਦਬੀ ਕਹਿੰਦਿਆਂ ਆਲੋਚਨਾ ਕੀਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਧਵਾਂ, ਜੋ ਕਿ ਇੱਕ ਅੰਮ੍ਰਿਤਧਾਰੀ ਸਿੱਖ ਹਨ, ਸ਼ਨੀਵਾਰ ਸ਼ਾਮ ਨੂੰ ਅਕਾਲ ਤਖ਼ਤ ਪਹੁੰਚੇ ਅਤੇ ਵੀਡੀਓ ਦੇ ਸਬੰਧ ਵਿੱਚ ਆਪਣਾ ਲਿਖਤੀ ਮੁਆਫੀਨਾਮਾ ਸੌਂਪਿਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਸੰਧਵਾਂ ਨੇ ਆਪਣੇ ਮੁਆਫ਼ੀਨਾਮੇ ਵਿੱਚ ਕਿਹਾ ਕਿ "ਮੇਰੀ ਆਪਣੀ ਸ਼ਰਧਾ ਦੇ ਨਾਲ-ਨਾਲ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਅਤੇ ਇੱਕ ਗਊਸ਼ਾਲਾ ਦੇ ਦੌਰੇ ਦੌਰਾਨ, ਹਾਲਾਤ ਕੁਝ ਅਜਿਹੇ ਬਣੇ ਕਿ ਇੱਕ ਧਾਰਮਿਕ ਪੁਜਾਰੀ ਨੇ ਮੇਰੀ ਪੱਗ ਨੂੰ ਗਾਂ ਦੀ ਪੂਛ ਨੂੰ ਛੂਹਿਆ।"

"ਮੈਂ ਸਰਵ ਸ਼ਕਤੀਮਾਨ ਦੀ ਬਖਸ਼ਿਸ਼ ਨਾਲ ਅੱਜ ਇੱਕ ਮੁਕਾਮ 'ਤੇ ਪਹੁੰਚ ਗਿਆ ਹਾਂ। ਜ਼ਾਹਿਰ ਹੈ ਕਿ ਇਸ ਘਟਨਾ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੈਨੂੰ ਬੁੱਧੀ ਪ੍ਰਦਾਨ ਕਰਨ ਤਾਂ ਜੋ ਮੈਂ ਗੁਰੂ ਦੇ ਹੁਕਮ ਵਿੱਚ ਰਹਿੰਦਿਆਂ ਸਾਰੇ ਧਰਮਾਂ ਦਾ ਸਤਿਕਾਰ ਕਰ ਸਕਾਂ।"

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਨਹੀਂ ਸਨ ਜਿਸ ਕਰਕੇ ਉਨ੍ਹਾਂ ਦੇ ਜਵਾਬ ਬਾਰੇ ਅਜੇ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ:

ਪੰਜਾਬ 'ਚ ਸਿਆਸੀ ਕਾਰਨਾਂ ਕਰਕੇ 437 ਨਿਰਦੋਸ਼ ਲੋਕ ਫਸੇ: ਜਾਂਚ ਕਮਿਸ਼ਨ

ਪੰਜਾਬ ਪੁਲਿਸ ਵੱਲੋਂ ਸਿਆਸੀ ਅਤੇ ਹੋਰ ਕਾਰਨਾਂ ਕਰਕੇ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੇ ਮਾਮਲੇ ਸਬੰਧੀ "ਕਮਿਸ਼ਨ ਆਫ਼ ਇਨਕੁਆਰੀ" ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ, ਜਿਸ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਅਕਾਲੀ ਸਰਕਾਰ ਦੇ 10 ਸਾਲਾਂ ਦੌਰਾਨ ਸਿਆਸੀ ਕਾਰਨਾਂ ਕਰਕੇ 437 ਨਿਰਦੋਸ਼ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, 420 ਪੰਨਿਆਂ ਦੀ ਇਸ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਕੇਸ ਧੋਖਾਧੜੀ, ਜਾਅਲਸਾਜ਼ੀ ਅਤੇ ਬਲਾਤਕਾਰ ਦੇ ਅਪਰਾਧਾਂ ਲਈ ਦਰਜ ਕੀਤੇ ਗਏ ਸਨ। ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ ਤਹਿਤ ਵੀ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ।

ਜੇਲ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਪੋਰਟ ਮੁਤਾਬਕ, ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਜਾਣ ਕਾਰਨ ਕੁੱਲ ਸ਼ਿਕਾਇਤਾਂ ਵਿੱਚੋਂ 727 ਸ਼ਿਕਾਇਤਾਂ ਖਾਰਜ ਵੀ ਕਰ ਦਿੱਤੀਆਂ ਗਈਆਂ ਹਨ।

ਇਸ ਕਮਿਸ਼ਨ ਨੂੰ ਅਪ੍ਰੈਲ 2017 ਵਿੱਚ ਜਸਟਿਸ ਗਿੱਲ ਦੀ ਅਗਵਾਈ ਹੇਠ ਗਠਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁੱਲ ਮਿਲਾ ਕੇ ਇਸਨੂੰ ਅਜਿਹੇ ਮਾਮਲਿਆਂ ਸਬੰਧੀ 4,702 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਇਸ ਕਮਿਸ਼ਨ ਨੂੰ ਉਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿੱਥੇ "ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿੱਚ ਕਥਿਤ ਤੌਰ 'ਤੇ ਝੂਠੇ ਅਤੇ ਬੇਬੁਨਿਆਦ ਕੇਸਾਂ/ਐੱਫਆਈਆਰਾਂ ਵਿੱਚ ਵਿਅਕਤੀਆਂ ਨੂੰ ਗਲਤ ਢੰਗ ਨਾਲ ਫਸਾਇਆ ਗਿਆ ਹੈ"।

2 ਸਾਲਾਂ ਬਾਅਦ ਭਾਰਤ ਨੇ ਅੱਜ ਤੋਂ ਮੁੜ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ

ਭਾਰਤ, ਦੋ ਸਾਲਾਂ ਬਾਅਦ ਐਤਵਾਰ ਨੂੰ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਸਨ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਐਤਵਾਰ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 100 ਫੀਸਦੀ ਸਮਰੱਥਾ ਨਾਲ ਚੱਲਣਗੀਆਂ। ਸਰਕਾਰ ਨੇ ਕਿਹਾ ਹੈ ਕਿ ਗਲੋਬਲ ਵੈਕਸੀਨ ਕਵਰੇਜ ਦੇ ਚੱਲਦਿਆਂ ਹੀ ਇਹ ਵੱਡਾ ਕਦਮ ਚੁੱਕਿਆ ਜਾ ਸਕਿਆ ਹੈ।

ਹਵਾਈ ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਤੋਂ ਪਹਿਲਾਂ, ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਸੈਲਾਨੀ ਵੀਜ਼ੇ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਬਹਾਲ ਕਰ ਦਿੱਤਾ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਨਵੇਂ ਵੀਜ਼ੇ ਵੀ ਜਾਰੀ ਕੀਤੇ ਸਨ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਕੈਬਿਨ ਕਰੂ ਮੈਂਬਰਾਂ ਨੂੰ ਹੁਣ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਪਹਿਨਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਸਟਾਫ ਅਤੇ ਯਾਤਰੀਆਂ ਲਈ ਮਾਸਕ ਪਹਿਨਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਅਜੇ ਵੀ ਲਾਜ਼ਮੀ ਹੈ।

ਫਰਾਂਸ, ਜਰਮਨੀ, ਇਟਲੀ, ਚੀਨ, ਦੱਖਣੀ ਕੋਰੀਆ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਮਹੀਨੇ ਹੀ ਵਾਇਰਸ ਦੀਆਂ ਤਾਜ਼ਾ ਲਹਿਰਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਵਿੱਚ, ਜਨਵਰੀ 'ਚ ਆਈ ਓਮੀਕਰੋਨ ਦੀ ਤੀਜੀ ਲਹਿਰ ਤੋਂ ਬਾਅਦ ਮਾਮਲਿਆਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)