ਯੂਕਰੇਨ ਰੂਸ ਜੰਗ: 'ਖਾਣ ਲਈ ਕੁਝ ਨਹੀਂ ਹੈ...ਪਾਣੀ ਵੀ ਘੁੱਟ-ਘੁੱਟ ਕਰ ਕੇ ਪੀ ਰਹੇ ਹਾਂ ਤਾਂ ਜੋ ਬਚਾ ਸਕੀਏ'

ਵੀਡੀਓ ਕੈਪਸ਼ਨ, ਪੰਜਾਬੀਆਂ ਸਣੇ ਕਈ ਭਾਰਤੀ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਕਿਉਂ ਜਾਂਦੇ ਹਨ
ਪੜ੍ਹਨ ਦਾ ਸਮਾਂ: 4 ਮਿੰਟ

ਰੂਸ ਤੇ ਯੂਕਰੇਨ ਦਰਮਿਆਨ ਜਾਰੀ ਜੰਗ ਦੇ ਅੱਠਵੇਂ ਦਿਨ ਤੱਕ 6200 ਭਾਰਤੀ ਵਾਪਸ ਆ ਚੁੱਕੇ ਹਨ ਅਤੇ 18000 ਯੂਕਰੇਨ ਛੱਡ ਚੁੱਕੇ ਹਨ। ਇਸ ਦੀ ਪੁਸ਼ਟੀ ਭਾਰਤ ਸਰਕਾਰ ਨੇ ਕੀਤੀ ਹੈ।

ਇਸ ਵਿਚਾਲੇ ਦਿੱਲੀ ਦੇ ਛੱਤਰਪੁਰ ਵਿੱਚ ਰਹਿਣ ਵਾਲੇ ਹਰਜੋਤ ਸਿੰਘ ਨੂੰ ਕੀਵ ਤੋਂ ਵਾਪਿਸ ਆਉਂਦਿਆਂ ਗੋਲੀ ਲੱਗ ਗਈ।

ਇਸ ਕਾਰਨ ਉਹ ਕੀਵ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਦਿੱਲੀ ਦੇ ਹਰਜੋਤ ਨੂੰ ਕਿਵੇਂ ਲੱਗੀ ਗੋਲੀ

ਹਰਜੋਤ ਸਿੰਘ ਬਾਰੇ ਕੇਂਦਰੀ ਰਾਜ ਮੰਤਰੀ ਸਿਵਲ ਏਵੀਏਸ਼ਨ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇੱਕ ਭਾਰਤੀ ਵਿਦਿਆਰਥੀ ਦੇ ਗੋਲੀ ਲੱਗੀ ਹੈ ਤੇ ਉਹ ਵਾਪਿਸ ਨਹੀਂ ਆ ਸਕਿਆ।

ਹਰਜੋਤ ਸਿੰਘ ਨੇ ਏਬੀਪੀ ਨਿਊਜ਼ ਨਾਲ ਹਸਪਤਾਲ ਦੇ ਅੰਦਰੋਂ ਕਾਫੀ ਵਿਸਥਾਰ ਵਿੱਚ ਗੱਲਬਾਤ ਕੀਤੀ।

ਹਰਜੋਤ ਸਿੰਘ

ਤਸਵੀਰ ਸਰੋਤ, ANI

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 27 ਫਰਵਰੀ ਨੂੰ ਉਨ੍ਹਾਂ ਨੂੰ ਗੋਲੀ ਲੱਗੀ ਸੀ...ਜਿਸ ਦੌਰਾਨ ਉਨ੍ਹਾਂ ਦੀ ਲੱਤ ਵਿੱਚ ਫਰੈਕਚਰ ਹੋ ਗਿਆ।

ਜਿਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋਏ, ਉਨ੍ਹਾਂ ਨੂੰ ਹਰ ਪਾਸਿਓਂ ਗੋਲੀਆਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਸਨ।

''ਉਦੋਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੇਰੀ ਮਾਂ ਦੀਆਂ ਅਰਦਾਸਾਂ ਨੇ ਮੈਨੂੰ ਬਚਾ ਲਿਆ।''

ਹਸਪਤਾਲ ਦੇ ਵਿੱਚ ਉਨ੍ਹਾਂ ਨੂੰ 2 ਮਾਰਚ ਦੀ ਸ਼ਾਮ ਹੋਸ਼ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ-

''ਮੇਰੀ ਮਾਂ ਨੇ ਸਿਰਫ਼ ਹੈਲੋ ਕਿਹਾ ਤੇ ਫਿਰ ਰੋਂਦੀ ਨਹੀਂ ਹਟੀ।''

ਜਦੋਂ ਹਰਜੋਤ ਤੋਂ ਇਹ ਪੁੱਛਿਆ ਗਿਆ ਕਿ ਘਰ ਪਹੁੰਚਣ 'ਤੇ ਸਭ ਤੋਂ ਪਹਿਲਾਂ ਕੀ ਖਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੱਸਿਆ, ''ਜਦੋਂ ਮੈਂ ਬੇਹੋਸ਼ ਹੋਇਆ ਸੀ ਤਾਂ ਸਾਰੀ ਰਾਤ ਮੇਰੇ ਦਿਮਾਗ਼ ਵਿੱਚ ਇਹੀ ਆਉਂਦਾ ਰਿਹਾ ਸੀ ਮੇਰੀ ਮਾਂ ਖਾਣਾ ਬਣਾ ਰਹੀ ਹੈ ਤੇ ਮੈਂ ਖਾ ਰਿਹਾ ਹਾਂ। ਘਰ ਪਹੁੰਚਣ 'ਤੇ ਸਭ ਤੋਂ ਪਹਿਲਾਂ ਮੈਂ ਆਲੂ ਦੇ ਪਰਾਂਠੇ ਖਾਵਾਂਗਾ।''

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਉੱਥੋਂ ਦੇ ਮਾਹੌਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, ''ਇੱਥੋਂ ਦਾ ਮਾਹੌਲ ਬਹੁਤ ਖਰਾਬ ਹੈ, ਹਰ ਵੇਲੇ ਗੋਲੀਆਂ ਤੇ ਮਿਜ਼ਾਇਲਾਂ ਦੀਆਂ ਆਵਾਜਾਂ ਆਉਂਦੀਆਂ ਹਨ। ਬਹੁਤ ਸਾਰੇ ਭਾਰਤੀ ਵਿਦਿਆਰਥੀ ਅਜੇ ਵੀ ਇੱਥੇ ਫਸੇ ਹੋਏ ਹਨ।''

''ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਛੇਤੀ ਤੋਂ ਛੇਤੀ ਇੱਥੋਂ ਕੱਢਿਆ ਜਾ ਸਕੇ, ਤਾਂ ਜੋ ਮੈਂ ਆਪਣੇ ਪਰਿਵਾਰ ਕੋਲ ਪਹੁੰਚ ਸਕਾਂ।''

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨਾਲ ਗੱਲ ਕਰਦਿਆਂ ਹਰਜੋਤ ਸਿੰਘ ਨੇ ਦੱਸਿਆ, "ਮੈਂ ਯੂਕਰੇਨ ਦੇ ਕੀਵ ਵਿੱਚ ਹਾਂ, ਉੱਥੇ ਕੀਵ ਕਲੀਨੀਕਲ ਹਸਪਤਾਲ 'ਚ ਹਾਂ।"

ਉਨ੍ਹਾਂ ਨੇ ਅੱਗੇ ਦੱਸਿਆ, "27 ਫਰਵਰੀ ਦੀ ਗੱਲ ਹੈ ਕਿ ਜਦੋਂ ਮੈਂ ਕੀਵ ਤੋਂ ਲਵੀਵ ਜਾਣ ਲਈ ਟਰੇਨ ਫੜ੍ਹਨ ਚੱਲਿਆ ਸੀ, ਮੈਂ 3-4 ਟਰੇਨਾਂ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਚੜ੍ਹਨ ਨਹੀਂ ਦਿੱਤਾ ਗਿਆ।

ਨਾ ਕਿਸੇ ਮੁੰਡੇ ਨੂੰ ਅਤੇ ਨਾ ਹੀ ਕਿਸੇ ਕੁੜੀ ਨੂੰ ਉਹ ਸਿਰਫ਼ ਆਪਣੇ ਲੋਕਾਂ ਨੂੰ ਪ੍ਰਾਥਮਿਕਤਾ ਦੇ ਰਹੇ ਸੀ। ਫਿਰ ਮੈਂ ਫ਼ੈਸਲਾ ਲਿਆ ਕਿ ਪ੍ਰਾਈਵੇਟ ਕੈਬ ਬੁੱਕ ਕਰ ਲੈਂਦੇ ਹਾਂ ਤੇ ਸਟੇਸ਼ਨ ਦੇ ਬਾਹਰੋਂ ਹੀ ਕੈਬ ਬੁੱਕ ਕਰ ਲਈ।

ਆਮ ਦਿਨਾਂ ਵਿੱਚ ਕੈਬ ਦਾ ਕਿਰਾਇਆ 3-4 ਹਜ਼ਾਰ ਰੁਪਏ ਲੱਗਦਾ ਹੈ ਪਰ ਉਸ ਦਿਨ ਮੇਰੇ ਕੋਲੋਂ 3-4 ਹਜ਼ਾਰ ਡਾਲਰ ਮੰਗੇ ਗਏ।"

ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

ਉਨ੍ਹਾਂ ਨੇ ਕਿਹਾ, "ਮੋਲ-ਭਾਅ ਕਰਨ ਤੋਂ ਬਾਅਦ ਅਖ਼ੀਰ ਮੈਂ ਇੱਕ ਹਜ਼ਾਰ ਡਾਲਰ ਵਿੱਚ ਕੈਬ ਬੁੱਕ ਕੀਤੀ। ਫਿਰ ਅਸੀਂ ਲਵੀਵ ਵੱਲ ਵਧੇ ਤਾਂ ਅੱਧ ਰਸਤੇ ਸਾਡੇ 'ਤੇ ਗੋਲੀ ਚੱਲੀ।

ਪਹਿਲੀ ਵਾਰ ਮੈਂ ਜ਼ਿੰਦਗੀ ਵਿੱਚ ਗੋਲੀ ਦੇਖੀ ਸੀ, ਜੋ ਕਿ ਕਾਰ ਦਾ ਅਗਲਾ ਸ਼ੀਸ਼ਾ ਚੀਰਦੀ ਹੋਈ ਲੰਘ ਤੇ ਅਸੀਂ ਸਾਰੇ ਗੱਡੀ ਦੇ ਹੇਠਾਂ ਵੱਲ ਝੁੱਕ ਗਏ।

ਫਿਰ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ, ਇੱਕ ਗੋਲੀ ਮੇਰੇ ਪੈਰ ਨੂੰ ਛੂਹ ਕੇ ਨਿਕਲ ਗਈ ਸੀ ਤੇ ਇੱਕ ਗੋਲੀ ਮੇਰਾ ਹੱਥ ਚੀਰਦੀ ਹੋਈ ਮੇਰੀ ਛਾਤੀ ਵਿੱਚ ਵੱਜ ਗਈ।

ਜਿਸ ਤੋਂ ਬਾਅਦ ਮੇਰੀ 2 ਮਾਰਚ ਨੂੰ ਰਾਤੀਂ ਅੱਖ ਖੁੱਲ੍ਹੀ ਅਤੇ ਮੈਨੂੰ ਡਾਕਟਰਾਂ ਨੇ ਦੱਸਿਆ ਕਿ ਉਹ ਮੈਨੂੰ ਕਿੱਥੋਂ ਚੁੱਕ ਕੇ ਲਿਆਏ ਸੀ।"

ਵੀਡੀਓ ਕੈਪਸ਼ਨ, ‘ਕਰਜ਼ਾ ਚੁੱਕ ਯੂਕਰੇਨ ਪੜ੍ਹਨ ਭੇਜਿਆ ਸੀ ਕਹਿੰਦੀ ਸੀ ਡਾਕਟਰ ਬਣ ਕੇ ਘਰ ਬਣਵਾਂਗਾ’

"ਫਿਰ ਉਨ੍ਹਾਂ ਨੇ ਮੈਨੂੰ ਮੇਰਾ ਮੋਬਾਈਲ ਦਿੱਤਾ ਅਤੇ ਮੈਂ ਦਿੱਲੀ ਵਿੱਚ ਰਹਿੰਦੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ।

ਉਸੇ ਰਾਤ ਨੂੰ ਅੰਬੈਸੀ ਨੂੰ 170 ਕਾਲਾਂ ਲਗਾਈਆ ਤੇ 171ਵੀਂ ਕਾਲ ਲੱਗੀ ਅਤੇ ਮੈਨੂੰ 8 ਵਾਰ ਆਪਣੀ ਕਹਾਣੀ ਬਿਆਂ ਕਰਨੀ ਪਈ।

ਡਾਕਟਰਾਂ ਨੇ ਦੱਸਿਆ ਕਿ ਛਾਤੀ ਵਿੱਚੋਂ ਗੋਲੀ ਕੱਢ ਦਿੱਤੀ ਗਈ ਅਤੇ ਲੱਤ ਵਿੱਚ ਫਰੈਕਚਰ ਹੈ ਕਿਉਂਕਿ ਗੋਲੀਆਂ ਲੱਗੀਆਂ ਸਨ। ਮੇਰੀ ਪੂਰੀ ਲੱਤ 'ਤੇ ਪਲੱਸਤਰ ਕੀਤਾ ਹੋਇਆ ਹੈ।

ਅੰਬੈਸੀ ਨੇ ਅਜੇ ਤੱਕ ਕੋਈ ਮੇਰੀ ਮਦਦ ਨਹੀਂ ਕੀਤੀ ਅਤੇ ਇੱਕ ਐੱਨਜੀਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਦੇਸ਼ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ ਜੇ ਮਿਲ ਸਕਦਾ ਹੁੰਦਾ ਤਾਂ ਅਸੀਂ ਤੁਹਾਨੂੰ ਚੁੱਕ ਕੇ ਲੈ ਜਾਂਦੇ।"

ਵੀਡੀਓ ਕੈਪਸ਼ਨ, ਯੂਕਰੇਨ : ਗੋਲੀ ਲੱਗਣ ਮਗਰੋਂ ਹਸਪਤਾਲ ’ਚ ਪਏ ਪੰਜਾਬੀ ਨੂੰ ਸੁਣੋ

ਪੰਜਾਬ ਦੀਆਂ ਕੁੜੀਆਂ ਦਾ ਕੀ ਹੈ ਹਾਲ

ਇੱਕ ਵੀਡੀਓ ਵਿੱਚ ਗੱਲ ਕਰਦਿਆਂ ਕੁੜੀਆਂ ਨੇ ਕਿਹਾ ਕਿ ਉਹ ਪੰਜਾਬ ਦੀਆਂ ਰਹਿਣ ਵਾਲੀਆਂ ਹਨ ਅਤੇ ਖਾਰਕੀਵ ਸ਼ਹਿਰ ਵਿੱਚ ਰਹਿ ਰਹੀਆਂ ਸੀ।

ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਆਪਣੀ ਵਿਥਿਆ ਕੁਝ ਇਸ ਤਰ੍ਹਾਂ ਬਿਆਨ ਕੀਤੀ:-

"ਕੱਲ੍ਹ ਸਾਨੂੰ ਖਾਰਕੀਵ ਖਾਲ੍ਹੀ ਕਰਨ ਲਈ ਕਿਹਾ ਗਿਆ। ਖਾਰਕੀਵ ਤੋਂ ਨਿਕਲ 8 ਕਿਲੋਮੀਟਰ ਚੱਲ ਕੇ ਅਸੀਂ ਸਟੇਸ਼ਨ 'ਤੇ ਪਹੁੰਚੀਆਂ। ਉੱਥੇ ਦੋ ਟਰੇਨ ਸਨ ਪਰ ਯੂਕਰੇਨੀ ਲੋਕਾਂ ਨੇ ਸਾਨੂੰ ਬਿਲਕੁਲ ਵੀ ਉਨ੍ਹਾਂ ਟਰੇਨਾਂ ਵਿੱਚ ਚੜ੍ਹਨ ਨਹੀਂ ਦਿੱਤਾ। ਉੱਥੇ ਹਾਲਾਤ ਬਹੁਤ ਖਰਾਬ ਸੀ, ਬੰਬਾਰੀ ਹੋ ਰਹੀ ਸੀ, ਹਾਲਾਤ ਬਹੁਤ ਮਾੜੇ ਸਨ।

ਫਿਰ ਅਸੀਂ ਮੁੜ ਬੰਕਰ ਵਿੱਚ ਗਏ ਤਾਂ ਅੰਬੈਸੀ ਨੇ ਐਡਵਾਇਜ਼ਾਰੀ ਕੀਤੀ ਕਿ ਖਾਰਕੀਵ ਤੋਂ ਨਿਕਲੋ ਤੇ ਸਾਡੇ ਏਜੰਡ ਨੇ ਸਾਨੂੰ ਪਿਸੋਚਿਨ ਆਉਣ ਲਈ ਕਿਹਾ ਜੋ ਕਿ ਉਥੋਂ 15 ਕਿਲੋਮੀਟਰ ਦੂਰ ਸੀ।

ਵਿਦਿਆਰਥੀ

ਅਸੀਂ ਤੁਰ ਕੇ ਹਨੇਰੇ ਵਿੱਚ ਇੱਥੇ ਪਹੁੰਚੇ। ਅਸੀਂ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਦਾ, ਇਥੋਂ ਤੱਕ ਅਸੀਂ ਪਾਣੀ ਵੀ ਇੱਕ-ਇੱਕ ਘੁੱਟ ਕਰ ਕੇ ਪੀ ਰਹੇ ਹਾਂ ਤਾਂ ਜੋ ਸਟੋਰ ਕਰ ਸਕੀਏ।

ਅਸੀਂ ਇੱਥੇ ਪਹੁੰਚੇ ਤਾਂ ਹਾਂ ਪਰ ਅਸੀਂ ਸੁਰੱਖਿਅਤ ਨਹੀਂ ਹਾਂ, ਪਤਾ ਨਹੀਂ ਕਿਹੜੇ ਵੇਲੇ ਇੱਥੇ ਬੰਬਾਰੀ ਸ਼ੁਰੂ ਹੋ ਜਾਵੇ।

ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਨੇੜਲੇ ਬਾਰਡਰ ਤੋਂ ਕੱਡਿਆ ਜਾਵੇ, ਇੱਥੇ ਹਜ਼ਾਰ ਤੋਂ ਵੱਧ ਬੱਚੇ ਫਸੇ ਹੋਏ ਹਨ, ਕਈਆਂ ਦੀ ਤਬੀਅਤ ਖ਼ਰਾਬ ਹੈ, ਕਈਆਂ ਨੂੰ ਸੱਟਾਂ ਲੱਗੀਆਂ ਹੋਈਆਂ ਹਨ।

ਬੱਚੇ ਬਹੁਤ ਪੈਦਲ ਤੁਰ ਕੇ ਆਏ ਹਨ ਅਤੇ ਉਹ ਬਹੁਤ ਥੱਕੇ ਹੋਏ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਭਾਰਤ ਹੀ ਲਿਆਂਦਾ ਜਾਵੇ ਪਰ ਘੱਟੋ-ਘੱਟ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ, ਬੇਸ਼ੱਕ ਉੱਥੋਂ ਬਾਅਦ ਵਿੱਚ ਹੀ ਭਾਰਤ ਜਾਈਏ ਪਰ ਅਸੀਂ ਯੂਕਰੇਨ ਤੋਂ ਨਿਕਲਨਾ ਚਾਹੁੰਦੇ ਹਾਂ।

ਬੰਬਾਰੀ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਬੇਹੱਦ ਡਰ ਗਏ ਹਾਂ। ਸਾਨੂੰ ਕਿਹਾ ਤਾਂ ਜਾ ਰਿਹਾ ਹੈ ਕਿ ਪੋਲੈਂਡ ਬਾਰਡਰ ਪਹੁੰਚੋ ਪਰ ਇੱਥੋਂ ਪੋਲੈਂਡ ਬਾਰਡਰ ਬਹੁਤ ਦੂਰ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)