ਗਿਆਨੀ ਰਘਬੀਰ ਸਿੰਘ ਦੀਆਂ ਐੱਸਜੀਪੀਸੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਖ਼ਤਮ ਕੀਤੀਆਂ, ਸ਼੍ਰੋਮਣੀ ਕਮੇਟੀ ਨੇ ਕੀ ਕਾਰਨ ਦੱਸੇ

ਤਸਵੀਰ ਸਰੋਤ, Getty Images/Ravinder Singh Robin

ਪੜ੍ਹਨ ਦਾ ਸਮਾਂ: 6 ਮਿੰਟ

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈੱਡ ਗ੍ਰੰਥੀ ਤੋਂ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ।

ਐੱਸਜੀਪੀਸੀ ਮੁਤਾਬਕ ਇਹ ਫ਼ੈਸਲਾ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਉੱਤੇ ਉਨ੍ਹਾਂ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਸਬੂਤ ਨਾ ਪੇਸ਼ ਕਰਨ ਮਗਰੋਂ ਲਿਆ ਗਿਆ ਹੈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਜੋ ਸਬੂਤ ਉਨ੍ਹਾਂ ਕੋਲ ਮੌਜੂਦ ਹਨ, ਉਨ੍ਹਾਂ ਨੂੰ ਉਹ ਪੇਸ਼ ਕਰਨਗੇ।

ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸਨ। ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਆਪਣੇ ਇਲਜ਼ਾਮਾਂ ਨੂੰ ਸਾਬਿਤ ਕਰਨ ਲਈ 72 ਘੰਟਿਆਂ ਵਿੱਚ ਸਬੂਤ ਪੇਸ਼ ਕਰਨ ਨੂੰ ਕਿਹਾ ਸੀ।

Sorry, we can’t display this part of the story on this lightweight mobile page.

ਤਸਵੀਰ ਸਰੋਤ, Singh sahib giani raghbir singh ji/FB

ਤਸਵੀਰ ਕੈਪਸ਼ਨ, ਗਿਆਨੀ ਰਘਬੀਰ ਸਿੰਘ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾਵਾਂ ਵੀ ਨਿਭਾ ਰਹੇ ਸਨ

ਮੀਟਿੰਗ ਤੋਂ ਬਾਅਦ ਧਾਮੀ ਨੇ ਕੀ ਕਿਹਾ

ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ, "ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਐੱਸਜੀਪੀਸੀ ਖ਼ਿਲਾਫ਼ ਲਗਾਤਾਰ ਲਗਾਏ ਜਾ ਰਹੇ ਇਲਜ਼ਾਮਾਂ ਸਬੰਧੀ ਉਨ੍ਹਾਂ ਨੂੰ 72 ਘੰਟਿਆਂ ਦਾ ਨੋਟਿਸ ਦਿੱਤਾ ਗਿਆ ਸੀ, ਪਰ ਨਿਰਧਾਰਿਤ ਸਮੇਂ ਅੰਦਰ ਕੋਈ ਵੀ ਜਵਾਬ ਨਹੀਂ ਮਿਲਿਆ।"

"ਮੀਟਿੰਗ ਦੌਰਾਨ ਸਾਰੇ ਪੱਖਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਸਵੇਰੇ-ਸ਼ਾਮ ਦੀ ਸੇਵਾ ਨਿਯਮਤ ਤੌਰ 'ਤੇ ਨਾ ਨਿਭਾਉਣਾ, ਨਿਯਮਾਂ ਦੀ ਪਾਲਾਣਾ ਨਾ ਕਰਨਾ ਅਤੇ ਮੁੱਖ ਗ੍ਰੰਥੀ ਵਰਗੇ ਉੱਚ ਸਤਿਕਾਰ ਅਤੇ ਜ਼ਿੰਮੇਵਾਰ ਅਹੁਦੇ ਨਾਲ ਇਨਸਾਫ਼ ਨਾ ਕਰਨਾ, ਗੁਰੂ ਘਰ ਦੀ ਮਰਿਆਦਾ ਦੇ ਖਿਲਾਫ਼ ਹੈ। ਇਸ ਕਾਰਨ ਅੰਤ੍ਰਿੰਗ ਕਮੇਟੀ ਨੇ ਇਕਮਤ ਨਾਲ ਫੈਸਲਾ ਲਿਆ ਕਿ ਗਿਆਨੀ ਰਘਬੀਰ ਸਿੰਘ ਨੂੰ ਅੱਜ ਤੋਂ ਸੇਵਾ ਮੁਕਤ (ਰਿਟਾਇਰ) ਕੀਤਾ ਜਾਂਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਸਬੰਧੀ ਝੂਠਾ ਬਿਰਤਾਂਤ ਪੈਦਾ ਕਰਕੇ ਸੰਗਤ ਵਿਚ ਭਰਮ ਫੈਲਾਇਆ ਜਾ ਰਿਹਾ ਹੈ, ਜਦਕਿ ਹਕੀਕਤ ਇਹ ਹੈ ਕਿ ਕਮੇਟੀ ਦੇ ਕਾਰਜਕਾਲ ਦੌਰਾਨ ਜਾਇਦਾਦਾਂ ਦੀ ਖਰੀਦ ਅਤੇ ਵਿੱਤੀ ਮਜ਼ਬੂਤੀ ਵਿੱਚ ਵੱਡਾ ਵਾਧਾ ਦਰਜ ਹੋਇਆ ਹੈ।"

ਤਸਵੀਰ ਸਰੋਤ, BBC/Getty

ਗਿਆਨੀ ਰਘਬੀਰ ਸਿੰਘ ਨੇ ਕੀ ਕਿਹਾ

ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੋਬਿਨ ਦੀ ਰਿਪੋਰਟ ਮੁਤਾਬਕ ਫ਼ੈਸਲੇ ਬਾਰੇ ਆਪਣੀ ਪ੍ਰਤੀਕਿਰਿਆ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ, "ਕਮੇਟੀ ਦੇ ਇਸ ਫ਼ੈਸਲੇ ਬਾਰੇ ਪਹਿਲਾਂ ਤੋਂ ਹੀ ਅਨੁਮਾਨ ਲਗਾਇਆ ਜਾ ਰਿਹਾ ਸੀ। ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲਿਆ ਹੈ ਉਸ ਫ਼ੈਸਲੇ ਦਾ ਸੁਆਗਤ ਹੈ।"

"ਕਿਸੇ ਪ੍ਰਕਾਰ ਦਾ ਕੋਈ ਸ਼ਿਕਵਾ ਨਹੀਂ ਹੈ। ਜੋ ਗੁਰੂ ਰਾਮਦਾਸ ਦਾ ਹੁਕਮ ਹੈ ਉਹੀ ਹੋਣਾ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਇਸ ਸਾਰੇ ਵਰਤਾਰੇ ਪਿੱਛੇ 2 ਦਸੰਬਰ, 2024 ਹੈ, ਜੇਕਰ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਰੇ ਫ਼ੈਸਲੇ ਬਾਦਲਾਂ ਦੇ ਹੱਕ ਵਿੱਚ ਆਉਂਦੇ ਤਾਂ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਕੋਈ ਗਾਜ਼ ਨਹੀਂ ਡਿੱਗਣੀ ਸੀ।"

"ਪਰ ਜੋ ਫ਼ੈਸਲੇ 2 ਦਸੰਬਰ, 2024 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੋਂ ਲਏ ਗਏ ਦਾਸ ਉਨ੍ਹਾਂ ਤੋਂ ਇੱਕ ਸੂਤਰ ਵੀ ਪਿੱਛੇ ਨਾ ਹਟੇ ਹਨ ਅਤੇ ਨਾ ਹੀ ਹਟਣਗੇ। ਮੇਰੇ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਕਮੇਟੀ ਬਣਾ ਕੇ ਤੇ ਦੋਸ਼ ਲਗਾ ਹਟਾਇਆ ਗਿਆ। ਉਦੋਂ ਤੋਂ ਹੀ ਦਾਸ ਉੱਤੇ ਕਈ ਤਰ੍ਹਾਂ ਦੇ ਦਬਾਅ ਬਣਾਏ ਜਾ ਰਹੇ ਹਨ।"

ਜ਼ਿਕਰਯੋਗ ਹੈ ਕਿ 10 ਫ਼ਰਵਰੀ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਉਹ 2 ਦਸੰਬਰ 2024 ਨੂੰ ਅਕਾਲ ਤਖ਼ਤ ਵਿਖੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਸ਼ਾਮਲ ਸਨ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਸਜ਼ਾ ਸੁਣਾਈ ਗਈ ਸੀ।

ਤਸਵੀਰ ਸਰੋਤ, Singh sahib giani raghbir singh ji/FB

ਤਸਵੀਰ ਕੈਪਸ਼ਨ, ਇਸ ਤੋਂ ਪਹਿਲਾਂ 19 ਫ਼ਰਵਰੀ ਨੂੰ ਐੱਸਜੀਪੀਸੀ ਨੇ ਉਨ੍ਹਾਂ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ

ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਕੀ ਕਿਹਾ?

ਬੀਤੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਤੇ ਗਿਆਨੀ ਰਘਬੀਰ ਸਿੰਘ ਵਿਚਾਲੇ ਕਾਫੀ ਟਕਰਾਅ ਵੇਖਣ ਨੂੰ ਮਿਲਿਆ।

ਦਰਅਸਲ ਇਸ ਟਕਰਾਅ ਦਾ ਕਾਰਨ ਗਿਆਨੀ ਰਘਬੀਰ ਸਿੰਘ ਵੱਲੋਂ ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਲਗਾਏ ਗਏ ਕਈ ਇਲਜ਼ਾਮ ਹਨ।

ਇਸ ਤੋਂ ਬਾਅਦ 19 ਫ਼ਰਵਰੀ ਨੂੰ ਐੱਸਜੀਪੀਸੀ ਦੀ ਕਾਰਜਕਾਰਨੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਨੋਟਿਸ ਜਾਰੀ ਕੀਤਾ। ਨੋਟਿਸ ਵਿੱਚ ਗੁਰਦੁਆਰਾ ਪ੍ਰਬੰਧਕ ਸੰਸਥਾ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਲਗਾਏ ਗਏ "ਭ੍ਰਿਸ਼ਟਾਚਾਰ ਅਤੇ ਗਲਤ ਕਾਰਗੁਜ਼ਾਰੀਆਂ" ਦੇ ਇਲਜ਼ਾਮ ਸਬੰਧੀ 72 ਘੰਟਿਆਂ ਵਿੱਚ ਸਬੂਤ ਪੇਸ਼ ਕਰਨ ਲਈ ਕਿਹਾ ਗਿਆ।

ਕਮੇਟੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਲਿਖਤੀ ਸਬੂਤ ਨਾ ਦਿੱਤੇ ਗਏ ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਜਵਾਬ ਵਿੱਚ ਗਿਆਨੀ ਰਘਬੀਰ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਵੀਡੀਓ ਵਿੱਚ ਕਿਹਾ, "ਮੈਂ ਸਿਰਫ਼ ਇਹ ਬੇਨਤੀ ਕੀਤੀ ਸੀ ਕਿ ਘਪਲਿਆਂ ਅਤੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਵੇ। ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਇ ਮੈਨੂੰ ਨੋਟਿਸ ਭੇਜ ਦਿੱਤਾ ਗਿਆ।"

18 ਫਰਵਰੀ ਨੂੰ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਬਾਦਲ ਪਰਿਵਾਰ ਉੱਤੇ ਧਾਰਮਿਕ ਭਾਵਨਾਵਾਂ ਨੂੰ ਰਾਜਨੀਤਕ ਮਕਸਦ ਲਈ ਵਰਤਣ ਦੇ ਇਲਜ਼ਾਮ ਲਗਾਏ। ਉਨ੍ਹਾਂ ਨੇ ਐੱਸਜੀਪੀਸੀ ਨੂੰ ਮੁਕਤ ਕਰਨ ਲਈ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਵੀ ਕੀਤੀ।

ਗਿਆਨੀ ਰਘਬੀਰ ਸਿੰਘ ਨੇ ਆਪਣੇ ਫੇਸਬੁੱਕ ਪੰਨੇ ਉੱਤੇ ਇੱਕ ਵੀਡੀਓ ਪਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਦਿੱਤਾ ਸੀ।

ਗਿਆਨੀ ਰਘਬੀਰ ਸਿੰਘ ਨੇ ਕਿਹਾ, "18 ਤਰੀਕ ਨੂੰ ਜਲੰਧਰ ਵਿੱਚ ਇੱਕ ਪ੍ਰੈੱਸ ਵਾਰਤਾ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਕਰਪੱਸ਼ਨ ਦੇ ਮੁੱਦੇ ਉਠਾਏ ਸਨ। ਔਰ 19 ਤਰੀਕ ਨੂੰ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਮੇਰੇ ਕੋਲੋਂ ਸਵਾਲ ਕਰਨ ਵਾਲੇ ਕੋਲੋਂ ਹੀ 72 ਘੰਟੇ ਦਾ ਨੋਟਿਸ ਦੇ ਕੇ ਜਵਾਬ ਮੰਗੇ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪ੍ਰਧਾਨ ਸਾਹਬ, ਤੁਸੀਂ ਆਪ ਹੀ ਤਾਂ ਸਾਰਿਆਂ ਦੇ ਸਾਹਮਣੇ ਮੰਨੇ ਹੋ ਕਿ 15-20 ਘਪਲੇ ਕਮੇਟੀ ਵਿੱਚ ਹਰ ਰੋਜ਼ ਹੁੰਦੇ ਹਨ।"

"ਅਸੀਂ ਵੀ ਤਾਂ ਇਹ ਜੋ ਕਰੱਪਸ਼ਨ ਹੋ ਰਹੀ ਹੈ। ਇਸ ਬਾਰੇ ਜੋ ਸਾਡੇ ਸਵਾਲ ਹਨ ਉਨ੍ਹਾਂ ਦੇ ਜਵਾਬ ਸੰਗਤ ਦੇ ਸਾਹਮਣੇ ਰੱਖੇ ਜਾਣ। ਲੇਕਿਨ ਸਾਡੇ ਸਵਾਲਾਂ ਦੀ ਤਸੱਲੀ ਕਰਵਾਉਣ ਦੀ ਥਾਂ ਤੁਸੀਂ ਉਲਟਾ ਮੈਨੂੰ ਹੀ 72 ਘੰਟੇ ਦਾ ਨੋਟਿਸ ਦੇ ਦਿੱਤਾ ਹੈ।"

ਕਦੋਂ-ਕਦੋਂ ਚਰਚਾ ਵਿੱਚ ਰਹੇ

ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਰਹਿ ਚੁੱਕੇ ਹਨ। 2 ਦਸੰਬਰ 2024 ਨੂੰ ਉਨ੍ਹਾਂ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਹਟਾਉਣ ਅਤੇ ਪਾਰਟੀ ਦੀ ਪੁਨਰਗਠਨ ਕਰਨ ਦੀ ਗੱਲ ਕੀਤੀ ਗਈ ਸੀ।

ਇਸ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ 'ਫ਼ਖ਼ਰ-ਏ-ਕੌਮ ਪੰਥ ਰਤਨ' ਖ਼ਿਤਾਬ ਰੱਦ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

7 ਮਾਰਚ 2025 ਨੂੰ ਐੱਸਜੀਪੀਸੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖ ਕੌਮ ਦੇ ਇਕ ਹਿੱਸੇ ਵਿੱਚ ਰੋਸ ਦੇ ਸੁਰ ਸੁਣਨ ਨੂੰ ਮਿਲੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)