ਪੰਜਾਬੀ ਫ਼ਿਲਮ ਜਗਤ 'ਚ ਨਾਂ ਕਮਾਉਣ ਦਾ ਸੁਪਨਾ ਦੇਖਣ ਵਾਲੀ ਸੌਨਿਆ ਕੁੜੀਆਂ ਬਾਰੇ ਕਿਹੜੀ ਸੋਚ ਬਦਲਣਾ ਚਾਹੁੰਦੀ ਹੈ

ਸੌਨਿਆ
ਤਸਵੀਰ ਕੈਪਸ਼ਨ, ਸੌਨਿਆ ਨੇ ਜਨ ਸੰਚਾਰ ਦੀ ਪੜ੍ਹਾਈ ਕੀਤੀ ਹੈ।
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 7 ਮਿੰਟ

ਮਾਂ ਨੇ ਬਚਪਨ ਵਿੱਚ ਉਸ ਨੂੰ 'ਸੁਪਰਸਟਾਰ' ਕਿਹਾ ਅਤੇ ਉਸ ਨੇ ਖ਼ੁਦ ਨੂੰ 'ਸੁਪਰਸਟਾਰ' ਮੰਨ ਲਿਆ। ਬਚਪਨ ਵਿੱਚ ਮਾਂ ਵੱਲੋਂ ਭਰੇ ਅਜਿਹੇ ਆਤਮ-ਵਿਸ਼ਵਾਸ ਨੂੰ ਨਾਲ ਲੈ ਕੇ ਸੌਨਿਆ ਕਸ਼ਯਪ ਫ਼ਿਲਮੀ ਦੁਨੀਆਂ ਵਿੱਚ ਵੱਡਾ ਨਾਮ ਬਣਨਾ ਚਾਹੁੰਦੀ ਹੈ।

ਕੈਮਰੇ ਪਿੱਛੇ ਕੰਮ ਕਰਦੀਆਂ ਔਰਤਾਂ ਦੀਆਂ ਕਹਾਣੀਆਂ ਦੀ ਲੜੀ ਵਿੱਚ ਇਸ ਵਾਰ ਸੌਨਿਆ ਕਸ਼ਯਪ ਦੀ ਕਹਾਣੀ ਜਾਣਾਂਗੇ ਜੋ ਕਿ ਇਸ ਵੇਲੇ ਪੰਜਾਬੀ ਫ਼ਿਲਮ ਸਨਅਤ ਵਿੱਚ ਅਸਿਸਟੈਂਟ ਡਾਇਰੈਕਟਰ ਅਤੇ ਅਸੋਸੀਏਟ ਡਾਇਰੈਕਟਰ ਵਜੋਂ ਕੰਮ ਕਰ ਰਹੀ ਹੈ।

ਸੌਨਿਆ, ਮੂਲ ਰੂਪ ਤੋਂ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਜਨ ਸੰਚਾਰ ਦੀ ਪੜ੍ਹਾਈ ਕੀਤੀ ਹੈ। ਸੌਨਿਆ ਨੇ ਦੱਸਿਆ ਕਿ ਸ਼ਾਹੁਰੁਖ ਖਾਨ ਦੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਵੱਲੋਂ ਜਨ ਸੰਚਾਰ ਦੀ ਪੜ੍ਹਾਈ ਕੀਤੇ ਹੋਣ ਬਾਰੇ ਸੁਣ ਕੇ ਉਨ੍ਹਾਂ ਨੇ ਜਨ ਸੰਚਾਰ ਦੀ ਪੜ੍ਹਾਈ ਚੁਣੀ ਸੀ।

ਵੀਡੀਓ ਕੈਪਸ਼ਨ, ਪੰਜਾਬੀ ਫ਼ਿਲਮ ਇੰਡਸਟ੍ਰੀ 'ਚ ਨੈਪੋਟਿਜ਼ਮ ਬਾਰੇ ਸੌਨਿਆ ਕਸ਼ਯਪ ਕੀ ਸੋਚਦੇ ਹਨ

ਫ਼ਿਲਮੀ ਦੁਨੀਆਂ ਵਿੱਚ ਉਨ੍ਹਾਂ ਦੇ ਸਫਰ ਦੀ ਸ਼ੁਰੂਆਤ ਸਾਲ 2016 ਵਿੱਚ ਆਈ ਫ਼ਿਲਮ 'ਵਨਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ' ਨਾਲ ਹੋਈ ਸੀ।

ਸੌਨਿਆ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਹੋ ਰਹੀ ਸੀ ਅਤੇ ਉਨ੍ਹਾਂ ਨੇ ਫੇਸਬੁੱਕ ਪੋਸਟ ਪੜ੍ਹੀ ਜਿਸ ਵਿੱਚ ਫ਼ਿਲਮ ਵਿੱਚ ਕੰਮ ਕਰਨ ਲਈ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਸੀ।

ਸੌਨਿਆ ਨੇ ਕੈਮਰੇ ਦੇ ਪਿੱਛੇ ਕੰਮ ਕਰਨ ਦੀ ਸੰਭਾਵਨਾ ਬਾਰੇ ਸ਼ੋਸ਼ਲ ਮੀਡੀਆ ਜ਼ਰੀਏ ਹੀ ਪੁੱਛਿਆ ਅਤੇ ਉਨ੍ਹਾਂ ਨੂੰ ਸੈਂਟ 'ਤੇ ਸੱਦ ਲਿਆ ਗਿਆ।

ਸੌਨਿਆ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਕੁਝ ਦਿਨਾਂ ਲਈ ਉਨ੍ਹਾਂ ਨੇ ਇੰਟਰਨ ਵਜੋਂ ਕੰਮ ਕੀਤਾ ਸੀ। ਉਸੇ ਟੀਮ ਨਾਲ ਇਸ ਤੋਂ ਬਾਅਦ ਫ਼ਿਲਮ 'ਪੰਜਾਬ ਸਿੰਘ' ਵਿੱਚ ਕੰਮ ਕੀਤਾ।

ਪਰ ਸੌਨਿਆ ਇਸ ਤੋਂ ਬਾਅਦ ਕੀਤੀ ਫ਼ਿਲਮ 'ਅਸ਼ਕੇ' ਨੂੰ ਆਪਣੇ ਕਰੀਅਰ ਦੀ ਅਸਲ ਸ਼ੁਰੂਆਤ ਮੰਨਦੀ ਹੈ ਜਿਸ ਵਿੱਚ ਉਨ੍ਹਾਂ ਨੇ ਅਸਿਸਟੈਂਟ ਡਾਇਰੈਕਟਰ (ਕੌਸਟਿਊਮ) ਵਜੋਂ ਕੰਮ ਕੀਤਾ। ਸੌਨਿਆ ਮੁਤਾਬਕ 2019 ਵਿੱਚ ਆਈ ਇਸ ਫ਼ਿਲਮ ਵਿਚ ਕੰਮ ਕਰਕੇ ਉਨ੍ਹਾਂ ਨੂੰ ਮਿਹਨਤਾਨਾ ਵੀ ਮਿਲਿਆ ਅਤੇ ਫ਼ਿਲਮ ਨਿਰਮਾਣ ਬਾਰੇ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ।

ਸੌਨਿਆ ਨੇ ਕਿਹਾ, "ਫਿਰ ਇਸ ਤੋਂ ਬਾਅਦ ਲਿੰਕ ਬਣਦੇ ਗਏ ਅਤੇ ਹੋਰ ਕੰਮ ਮਿਲਦਾ ਗਿਆ।"

ਉਦੋਂ ਤੋਂ ਲੈ ਕੇ ਹੁਣ ਤੱਕ ਸੌਨਿਆ ਕਸ਼ਯਪ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਜਿਨ੍ਹਾਂ ਵਿੱਚ 'ਭੱਜੋ ਵੀਰੋ ਵੇ', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', ਜਿਹੀਆਂ ਫ਼ਿਲਮਾਂ ਸ਼ਾਮਲ ਹਨ।

ਆਉਣ ਵਾਲੀਆਂ ਫ਼ਿਲਮਾਂ ਗਾਂਧੀ-3, ਗੈਂਗਲੈਂਡ ਅਤੇ ਵੈੱਬ ਸੀਰੀਜ਼ ਡਰੀਮਲੈਂਡ ਵੀ ਹਨ ਜਿਨ੍ਹਾਂ ਵਿੱਚ ਸੌਨਿਆ ਨੇ ਡਾਇਰੈਕਸ਼ਨ ਕੀਤੀ ਹੈ।

ਵਿੱਕੀ ਕੌਸ਼ਲ ਨਾਲ ਸੌਨਿਆ ਕਸ਼ਯਪ

ਤਸਵੀਰ ਸਰੋਤ, Sonya Kashyap

ਤਸਵੀਰ ਕੈਪਸ਼ਨ, ਵਿੱਕੀ ਕੌਸ਼ਲ ਨਾਲ ਸੌਨਿਆ ਕਸ਼ਯਪ

ਕੁੜੀਆਂ ਨੂੰ ਕਾਸਟਿਊਮ ਦਾ ਕੰਮ ਹੀ ਦਿੱਤੇ ਜਾਣ ਵਾਲੀ ਸੋਚ ਬਦਲਣ ਦੀ ਲੋੜ

ਸੌਨਿਆ
ਤਸਵੀਰ ਕੈਪਸ਼ਨ, ਸੌਨਿਆ ਕਹਿੰਦੇ ਹਨ ਕਿ ਜਦੋਂ ਕੋਈ ਕੁੜੀ ਡਾਇਰੈਕਸ਼ਨ ਟੀਮ ਵਿੱਚ ਕੰਮ ਕਰਨ ਲਈ ਫ਼ਿਲਮ ਇੰਡਸਟਰੀ ਵਿਚ ਆਉਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਕਾਸਟਿਊਮ ਸੰਭਾਲ ਲਓ

ਅਸੀਂ ਦੇਖਦੇ ਹਾਂ ਕਿ ਪੰਜਾਬੀ ਫ਼ਿਲਮ ਸਨਅਤ ਵਿੱਚ ਕੁੜੀਆਂ ਜੇ ਕੈਮਰੇ ਦੇ ਪਿੱਛੇ ਕੰਮ ਕਰਦੀਆਂ ਹਨ ਤਾਂ ਜ਼ਿਆਦਾਤਾਰ ਮੇਕਅੱਪ ਜਾਂ ਕਾਸਟਿਊਮ ਦਾ ਕੰਮ ਵੇਖਦੀਆਂ ਹਨ।

ਸੌਨਿਆ ਵੀ ਕਹਿੰਦੇ ਹਨ ਕਿ ਜਦੋਂ ਕੋਈ ਕੁੜੀ ਡਾਇਰੈਕਸ਼ਨ ਟੀਮ ਵਿੱਚ ਕੰਮ ਕਰਨ ਲਈ ਇੰਡਸਟਰੀ ਵਿਚ ਆਉਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਕਾਸਟਿਊਮ ਸੰਭਾਲ ਲਓ ਕਿਉਂਕਿ ਤੁਸੀਂ ਕੁੜੀ ਹੋ, ਤੁਹਾਡੇ ਲਈ ਇਹ ਕੰਮ ਠੀਕ ਰਹੇਗਾ।

ਸੌਨਿਆ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ 'ਪੰਜਾਬ ਸਿੰਘ' ਵਿਚ ਕਾਸਟਿਊਮ ਦਾ ਕੰਮ ਕੀਤਾ, ਤਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਕਾਸਟਿਊਮ ਤੱਕ ਸੀਮਤ ਨਹੀਂ ਰਹਿਣਾ ਕਿਉਂਕਿ ਉਨ੍ਹਾਂ ਦੀ ਕਾਬਲੀਅਤ ਨਿਰਦੇਸ਼ਨ ਦੇ ਤਕਨੀਕੀ ਪੱਖਾਂ ਨੂੰ ਸੰਭਾਲਣ ਦੀ ਵੀ ਹੈ।

ਸੌਨਿਆ ਨੇ ਉਸ ਤੋਂ ਬਾਅਦ ਕਈ ਫ਼ਿਲਮਾਂ ਵਿੱਚ ਅਸਿਸਟੈਂਟ ਡਾਇਰੈਕਟਰ (ਕਾਸਟਿਊਮ) ਵਜੋਂ ਕੰਮ ਕੀਤਾ, ਪਰ ਅਖੀਰ ਇਹ ਫ਼ੈਸਲਾ ਲੈ ਲਿਆ ਕਿ ਫ਼ਿਲਮਾਂ ਵਿੱਚ ਕਾਸਟਿਊਮ ਤੋਂ ਇਲਾਵਾ ਕੋਈ ਹੋਰ ਕੰਮ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ ਫ਼ਿਲਮ 'ਚੱਕ ਲੋ ਰੱਬ ਦਾ ਨਾਂ ਲੈ ਕੇ', ਵਿੱਚ ਕਾਸਟਿਊਮ ਏਡੀ ਵਜੋਂ ਕੰਮ ਕੀਤਾ। ਪਰ ਉਸ ਫ਼ਿਲਮ ਤੋਂ ਬਾਅਦ ਤੈਅ ਕਰ ਲਿਆ ਕਿ ਕੌਸਟਿਊਮ ਏਡੀ ਦਾ ਕੰਮ ਨਹੀਂ ਕਰਨਗੇ।

ਸੌਨਿਆ ਨੇ ਦੱਸਿਆ, "ਮੈਂ ਆਪਣੇ ਐਸੋਸੀਏਟ ਨੂੰ ਕਹਿ ਦਿੱਤਾ ਕਿ ਅਗਲੀ ਫ਼ਿਲਮ ਵਿੱਚ ਮੈਨੂੰ ਬੁਲਾਓਗੇ ਤਾਂ ਕਾਸਟਿਊਮਜ਼ ਲਈ ਨਾ ਬੁਲਾਇਓ।"

"ਮੈਨੂੰ ਪਤਾ ਸੀ ਕਿ ਮੇਰੇ ਇਸ ਫ਼ੈਸਲੇ ਕਾਰਨ ਮੈਨੂੰ ਕੁਝ ਸਮਾਂ ਵਿਹਲੇ ਵੀ ਰਹਿਣਾ ਪੈ ਸਕਦਾ ਹੈ। ਇਸ ਤੋਂ ਬਾਅਦ ਕਈ ਫ਼ਿਲਮਾਂ ਨੂੰ ਮੈਂ ਮਨ੍ਹਾ ਵੀ ਕੀਤਾ। ਪਰ ਮੇਰੇ ਲਈ ਉਹ ਫ਼ੈਸਲਾ ਜ਼ਰੂਰੀ ਸੀ ਕਿਉਂਕਿ ਮੈਰੀ ਕਾਬਲੀਅਤ ਮੈਨੂੰ ਆਪ ਦੱਸਣੀ ਹੀ ਪੈਣੀ ਸੀ ਕਿ ਮੈਂ ਇਸ ਤੋਂ ਵੱਧ ਵੀ ਕੁਝ ਕਰ ਸਕਦੀ ਹਾਂ।"

 ਸੌਨਿਆ

ਤਸਵੀਰ ਸਰੋਤ, Sonya Kashyap

ਤਸਵੀਰ ਕੈਪਸ਼ਨ, ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨਾਲ ਸੌਨਿਆ

ਸੌਨਿਆ ਗਿਲਾ ਕਰਦਿਆਂ ਕਹਿੰਦੇ ਹਨ ਕਿ ਇੰਡਸਟਰੀ ਵਿੱਚ ਫੈਸਲਾਕੁੰਨ ਥਾਂ ਬੈਠੇ ਬਹੁਤੇ ਆਦਮੀਆਂ ਨੂੰ ਇਹ ਅਹਿਸਾਸ ਹੀ ਨਹੀਂ ਕਿ ਕੁੜੀਆਂ ਕਾਸਟਿਊਮ ਤੋਂ ਵੱਧ ਕੇ ਕੁਝ ਹੋਰ ਵੀ ਕਰ ਸਕਦੀਆਂ ਹਨ।

ਇਸ ਲਈ ਕੁੜੀਆਂ ਨੂੰ ਕੋਈ ਹੋਰ ਡਿਪਾਰਟਮੈਂਟ ਸੌਂਪਿਆ ਹੀ ਨਹੀਂ ਜਾਂਦਾ। ਸੌਨਿਆ ਮੁਤਾਬਕ ਕਈ ਨਜ਼ਦੀਕੀ ਲੋਕ ਵੀ ਇਹ ਕਹਿ ਦਿੰਦੇ ਹਨ ਕਿ ਤੂੰ ਕੁੜੀ ਹੈਂ ਇਸ ਲਈ ਕਾਸਟਿਊਮ ਦਾ ਕੰਮ ਤੇਰੇ ਲਈ ਬਿਹਤਰ ਅਤੇ ਸੌਖਾ ਹੈ।

ਇਸ ਤੋਂ ਬਾਅਦ ਮਨਦੀਪ ਬੈਨੀਪਾਲ ਹੁਰਾਂ ਦੀ ਡਾਇਰੈਕਟਡ ਫ਼ਿਲਮ ਗਾਂਧੀ 3 ਵਿੱਚ ਸੌਨਿਆ ਨੂੰ ਮੌਕਾ ਮਿਲ ਗਿਆ। ਸੌਨਿਆ ਨੇ ਦੱਸਿਆ ਕਿ ਉੱਥੇ ਵੀ ਉਸ ਨੂੰ ਕਾਸਟਿਊਮ ਏਡੀ ਵਜੋਂ ਬੁਲਾਇਆ ਗਿਆ ਸੀ, ਪਰ ਉਸ ਨੇ ਮਨ੍ਹਾ ਕਰ ਦਿੱਤਾ।

ਸੌਨਿਆ ਨੇ ਦੱਸਿਆ, 'ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕੁੜੀ ਨੂੰ ਖੁਦ ਉੱਤੇ ਭਰੋਸਾ ਹੈ ਕਿ ਉਹ ਕਰ ਲਵੇਗੀ, ਇਸ ਲਈ ਉਨ੍ਹਾਂ ਨੇ ਵੀ ਭਰੋਸਾ ਜਤਾਇਆ।'

ਇਸ ਫਿਲਮ ਵਿੱਚ ਸੌਨਿਆ ਨੇ ਫਰਸਟ ਏਡੀ ਵਜੋਂ ਕੰਮ ਕੀਤਾ। ਸੌਨਿਆ ਨੇ ਕਿਹਾ, "ਇਸ ਫ਼ਿਲਮ ਦੌਰਾਨ ਮੈਂ ਪੂਰਾ ਸੈਟ ਸੰਭਾਲਿਆ, ਮੈਨੂੰ ਵੀ ਖੁਦ 'ਤੇ ਮਾਣ ਮਹਿਸੂਸ ਹੋਇਆ।"

ਸੌਨਿਆ ਕਸ਼ਯਪ ਕਹਿੰਦੀ ਹੈ ਕਿ ਕਈ ਵਾਰ ਕੁੜੀ ਹੋਣ ਕਾਰਨ ਹੀ ਕਾਬੀਅਲਤ 'ਤੇ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਨਹੀਂ ਕਰ ਸਕੇਗੀ। ਪਰ ਮੈਂ ਜ਼ਿੱਦ ਫੜ ਲੈਂਦੀ ਹਾਂ ਕਿ ਮੈਂ ਕਰ ਕੇ ਦਿਖਾਵਾਂਗੀ।

ਚੁਣੌਤੀਆਂ ਦੇ ਬਾਵਜੂਦ ਕਿਉਂ ਹੈ ਫ਼ਿਲਮ ਸਨਅਤ ਖਾਸ?

ਸੌਨਿਆ
ਤਸਵੀਰ ਕੈਪਸ਼ਨ, ਸੌਨਿਆ ਕਹਿੰਦੇ ਹਨ ਅਕਸਰ ਫ਼ਿਲਮ ਜਗਤ ਵਿੱਚ ਨੈਪੋਟਿਜ਼ਮ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪਿਆ ਹੈ।

ਪੰਜਾਬੀ ਫ਼ਿਲਮ ਸਨਅਤ ਵਿਚ ਅਕਸਰ ਪੇਸ਼ੇਵਾਰਤਾ ਦੀ ਘਾਟ ਕਰਨ ਕਈ ਇੱਥੇ ਕੰਮ ਕਰਨ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਵੇਂ ਕਿ ਸੌਨਿਆ ਕਹਿੰਦੇ ਹਨ ਕਿ ਪੰਜਾਬੀ ਫ਼ਿਲਮ ਸਨਅਤ ਵਿੱਚ ਪੇਮੈਂਟ ਨੂੰ ਲੈ ਕੇ ਅਕਸਰ ਦਿੱਕਤ ਸਾਹਮਣੇ ਆਉਂਦੀ ਹੈ। ਉਨ੍ਹਾਂ ਮੁਤਾਬਕ, ਪ੍ਰੌਜੈਕਟ ਪੂਰਾ ਹੋਣ ਬਾਅਦ ਵੀ ਅਸਾਨੀ ਨਾਲ ਫ਼ੀਸ ਨਹੀਂ ਮਿਲਦੀ।

ਸੌਨਿਆ ਕਹਿੰਦੇ ਹਨ, "ਫ਼ੀਸ ਦੀ ਸਮੱਸਿਆ ਕਾਰਨ ਕਈ ਲੋਕ ਇੰਡਸਟਰੀ ਛੱਡ ਦਿੰਦੇ ਹਨ। ਮੈਂ ਇਸ ਲਈ ਜਾਰੀ ਰੱਖ ਪਾ ਰਹੀ ਹਾਂ, ਕਿਉਂਕਿ ਮੇਰੇ ਉੱਤੇ ਪਰਿਵਾਰ ਦੀ ਵਿੱਤੀ ਜ਼ਿੰਮੇਵਾਰੀ ਨਹੀਂ ਹੈ। ਵਿੱਤੀ ਪੱਖੋਂ ਕਿਸ਼ਤੀ ਹਾਲੇ ਤੱਕ ਡਾਵਾਂਡੋਲ ਹੀ ਹੈ, ਪਰ ਚੰਗੀ ਗੱਲ ਇਹ ਕਿ ਕਿਸੇ ਤਰੀਕੇ ਨਾਲ ਤੈਰ ਰਹੀ ਹੈ।"

ਸੌਨਿਆ ਨੇ ਇੱਕ ਹੋਰ ਮਸਲੇ ਵੱਲ ਧਿਆਨ ਦਵਾਇਆ ਜਿਸ ਬਾਰੇ ਅਕਸਰ ਬੰਬੇ ਦੀ ਫ਼ਿਲਮ ਸਨਅਤ ਵਿੱਚ ਗੱਲ ਹੁੰਦੀ ਹੈ, ਉਹ ਹੈ ਨੈਪੋਟਿਜ਼ਮ ਯਾਨੀ ਕਿ ਭਾਈ-ਭਤੀਜਾਵਾਦ।

ਸੌਨਿਆ ਕਹਿੰਦੇ ਹਨ ਕਿ ਨੈਪੋਟਿਜ਼ਮ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਵੱਡੇ ਡਾਇਰੈਕਟਰਾਂ, ਲੇਖਕਾਂ ਦੇ ਜਾਣ ਪਛਾਣ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਭਾਵੇਂ ਉਨ੍ਹਾਂ ਦੀ ਕਾਬਲੀਅਤ ਦੂਜਿਆਂ ਨਾਲੋਂ ਘੱਟ ਹੀ ਕਿਉਂ ਨਾ ਹੋਵੇ।

ਸੌਨਿਆ

ਸੌਨਿਆ ਇਹ ਵੀ ਕਹਿੰਦੇ ਹਨ ਕਿ ਕੁਝ ਪ੍ਰਭਾਵਸ਼ਾਲੀ ਲੋਕ ਕਿਸੇ ਹੋਰ ਤੋਂ ਕੰਮ ਕਰਵਾ ਕੇ, ਕਰੈਡਿਟ ਵਿੱਚ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦਾ ਨਾਮ ਵੀ ਪਵਾ ਦਿੰਦੇ ਹਨ ਜਿਸ ਨਾਲ ਅਸਲ ਵਿਚ ਮਿਹਨਤ ਕਰਨ ਵਾਲਾ ਪਿੱਛੇ ਧੱਕਿਆ ਜਾਂਦਾ ਹੈ।

ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਬਾਵਜੂਦ ਸੌਨਿਆ ਇਸ ਸਨਅਤ ਵਿੱਚ ਟਿਕੀ ਕਿਉਂ ਹੋਈ ਹੈ? ਇਸ ਬਾਰੇ ਉਹ ਕਹਿੰਦੀ ਹੈ ਕਿ ਜੇ ਇਸ ਸਨਅਤ ਵਿੱਚ ਸੰਘਰਸ਼ ਜ਼ਿਆਦਾ ਹੈ ਤਾਂ ਕਾਮਯਾਬੀ ਵੀ ਓਨੀ ਹੀ ਵੱਡੀ ਮਿਲਦੀ ਹੈ।

ਸੌਨਿਆ ਨੇ ਕਿਹਾ, "ਸਾਡੇ ਕੰਮ ਦੇ ਕੋਈ ਤੈਅ ਘੰਟੇ ਨਹੀਂ ਹੁੰਦੇ। ਅਸੀਂ 18-19 ਘੰਟਿਆਂ ਦੀ ਸ਼ਿਫਟ ਵੀ ਕਰਦੇ ਹਾਂ। ਜੇ ਇਹ ਸਨਅਤ ਸਾਡੇ ਤੋਂ ਨੀਂਦ ਦੀ ਕੁਰਬਾਨੀ ਲੈ ਰਹੀ ਹੈ, ਕਈ ਵਾਰ ਅਸੀ ਰੋਂਦੇ ਵੀ ਹਾਂ ਪਰ ਜਦੋਂ ਇਹ ਸਨਅਤ ਪਛਾਣ ਦਿੰਦੀ ਹੈ ਤਾਂ ਉਹ ਬਹੁਤ ਵੱਡੀ ਕਾਮਯਾਬੀ ਦਿੰਦੀ ਹੈ।"

ਸੌਨਿਆ ਮੁਤਾਬਕ ਕਾਮਯਾਬੀ ਹਾਸਿਲ ਕਰਨ ਲਈ ਤੁਹਾਡਾ ਟਿਕੇ ਰਹਿਣਾ ਬਹੁਤ ਜ਼ਰੂਰੀ ਹੈ, ਇਹ ਮਾਅਨੇ ਨਹੀਂ ਰੱਖਦਾ ਕਿ ਤੁਸੀਂ ਕਤਾਰ ਵਿੱਚ ਕਿਸ ਥਾਂ ਖੜ੍ਹੇ ਹੋ।

ਸੌਨਿਆ ਇਹ ਵੀ ਕਹਿੰਦੇ ਹਨ ਕਿ ਇੰਡਸਟਰੀ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੂੰ ਮਿਲ ਕੇ ਸੋਚ ਦਾ ਦਾਇਰਾ ਵਧਦਾ ਹੈ।

ਮਾਂ ਪ੍ਰੇਰਨਾ ਸਰੋਤ ਹਨ

ਸੌਨਿਆ

ਤਸਵੀਰ ਸਰੋਤ, Sonya Kashyap

ਤਸਵੀਰ ਕੈਪਸ਼ਨ, ਫ਼ਿਲਮ ਦੇ ਸੈੱਟ ਉੱਤੇ ਸੌਨਿਆ

ਸੌਨਿਆ ਆਪਣੀ ਅੱਗੇ ਵਧਣ ਦੀ ਜ਼ਿੱਦ ਪਿੱਛੇ ਆਪਣੀ ਮਾਂ ਨੂੰ ਪ੍ਰੇਰਨਾ ਮੰਨਦੇ ਹਨ। ਸੌਨਿਆ ਨੇ ਦੱਸਿਆ ਕਿ ਉਸ ਦੀ ਮਾਂ ਇੱਕ ਰੰਗਮੰਚ ਕਲਾਕਾਰ ਸਨ, ਉਹ ਜਲੰਧਰ ਦੂਰਦਰਸ਼ਨ 'ਤੇ ਡਬਿੰਗ ਆਰਟਿਸਟ ਵਜੋਂ ਕੰਮ ਵੀ ਕਰਦੇ ਸਨ ਪਰ ਬੱਚੇ ਹੋਣ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਤੇ ਸ਼ੌਂਕ ਨੂੰ ਪਿੱਛੇ ਕਰ ਦਿੱਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਹਮੇਸ਼ਾ ਤੋਂ ਹੀ ਯਕੀਨ ਸੀ ਕਿ ਸੌਨਿਆ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਵੱਖਰਾ ਤੇ ਵੱਡਾ ਕਰੇਗੀ। ਉਸ ਨੇ ਕਿਹਾ, "ਮਾਂ ਮੇਰੇ ਕੰਮ ਦੀ ਬਹੁਤੀ ਤਾਰੀਫ ਨਹੀਂ ਕਰਦੇ, ਪਰ ਉਨ੍ਹਾਂ ਦੇ ਦੋਸਤ ਦੱਸਦੇ ਹਨ ਕਿ ਉਨ੍ਹਾਂ ਨੂੰ ਮੇਰੇ ਉੱਤੇ ਕਿੰਨਾ ਮਾਣ ਹੈ।"

ਸੌਨਿਆ ਨੇ ਆਪਣੇ ਬਚਪਨ ਦਾ ਇੱਕ ਕਿੱਸਾ ਸੁਣਾਇਆ ਜਿਸ ਨੇ ਉਸ ਅੰਦਰ ਆਤਮ-ਵਿਸ਼ਵਾਸ ਡੋਲਣ ਨਹੀਂ ਦਿੱਤਾ।

ਉਨ੍ਹਾਂ ਨੇ ਦੱਸਿਆ, "ਮੈਂ ਅੱਠ-ਨੌਂ ਸਾਲ ਦੀ ਸੀ। ਮੈਂ ਆਪਣੀ ਮਾਂ ਨੂੰ ਇੱਕ ਦਿਨ ਕਿਹਾ ਕਿ ਮੈਂ ਸਟਾਰ ਬਣਨਾ ਹੈ। ਮੇਰੀ ਮਾਂ ਨੇ ਕਿਹਾ ਕਿ ਤੂੰ ਸਟਾਰ ਨਹੀਂ, ਸੁਪਰ ਸਟਾਰ ਹੈਂ।"

"ਤਾਰੇ ਜਗਦੇ ਬੁਝਦੇ ਰਹਿੰਦੇ ਹਨ, ਪਰ ਆਸਮਾਨ ਵਿੱਚ ਇੱਕੋ ਸੁਪਰ ਸਟਾਰ ਹੈ ਧਰੁਵ ਤਾਰਾ ਜੋ ਹਮੇਸ਼ਾ ਚਮਕਦਾ ਰਹਿੰਦਾ ਹੈ। ਮਾਂ ਦੀ ਕਹੀ ਉਹ ਗੱਲ ਮੇਰੇ ਅੰਦਰ ਰਹਿ ਗਈ ਕਿ ਮੈਂ ਸੁਪਰ ਸਟਾਰ ਹਾਂ।"

ਆਤਮ-ਵਿਸ਼ਵਾਸ ਨਾਲ ਭਰੇ ਸੌਨਿਆ ਆਪਣਾ ਸਫ਼ਲ ਡਾਇਰੈਕਟਰ ਬਣਨ ਦਾ ਆਪਣਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਨ।

ਆਪਣਾ ਯਕੀਨ ਪੱਕਾ ਕਰਦਿਆਂ ਉਹ ਕਹਿੰਦੇ ਹਨ, "ਮੈਂ ਇਹ ਵੀ ਸੋਚਿਆ ਹੋਇਆ ਹੈ ਕਿ ਜਦੋਂ ਮੈਨੂੰ ਫਿਲਮ-ਫੇਅਰ ਐਵਾਰਡ ਮਿਲੇਗਾ ਤਾਂ ਮੈਂ ਕੀ ਸਪੀਚ ਬੋਲਣੀ ਹੈ। ਜਦੋਂ ਮੇਰੇ ਵੱਲੋਂ ਨਿਰਦੇਸ਼ਿਤ ਪਹਿਲੀ ਫ਼ਿਲਮ ਸਿਨੇਮਾ 'ਤੇ ਰਿਲੀਜ਼ ਹੋਏਗੀ, ਤਾਂ ਫ਼ਿਲਮ ਦੇ ਪ੍ਰੀਮੀਅਰ 'ਤੇ ਮੈਂ ਕਿਹੜੇ ਕੱਪੜੇ ਪਾਉਣੇ ਹਨ ਇਹ ਵੀ ਮੈਂ ਤੈਅ ਕਰ ਚੁੱਕੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)