ਸਫ਼ਰ ਦੌਰਾਨ ਉਲਟੀਆਂ ਆਉਣ ਜਾਂ ਤਬੀਅਤ ਖਰਾਬ ਹੋਣ ਦੇ ਕੀ ਕਾਰਨ ਹਨ, ਕੀ ਇਸ ਨੂੰ ਰੋਕਿਆ ਜਾ ਸਕਦਾ ਹੈ
ਤਸਵੀਰ ਸਰੋਤ, Getty Images
- ਲੇਖਕ, ਘਾਰਾ ਨਸੀਫ਼
- ਰੋਲ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 8 ਮਿੰਟ
ਕੁਝ ਲੋਕਾਂ ਨੂੰ ਹਵਾਈ ਜਹਾਜ਼, ਰੇਲਗੱਡੀ ਜਾਂ ਕਾਰ ਰਾਹੀਂ ਸਫ਼ਰ ਕਰਨ ਦੀ ਸਿਰਫ਼ ਗੱਲ ਕਰਨੀ ਹੀ ਉਨ੍ਹਾਂ ਨੂੰ ਬੇਚੈਨ ਕਰ ਦਿੰਦੀ ਹੈ।
ਮੋਸ਼ਨ ਸਿਕਨੈੱਸ ਦਾ ਡਰ ਆਰਾਮਦਾਇਕ ਛੁੱਟੀ ਬਿਤਾਉਣ ਦੇ ਸਾਰੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦਾ ਹੈ ਅਤੇ ਇਹ ਰੋਜ਼ਾਨਾ ਦੇ ਸਫ਼ਰ ਨੂੰ ਇੱਕ ਬੁਰੇ ਸੁਪਨੇ ਵਿੱਚ ਬਦਲ ਸਕਦਾ ਹੈ।
ਮੋਸ਼ਨ ਸਿਕਨੈੱਸ ਉਦੋਂ ਹੁੰਦੀ ਹੈ ਜਦੋਂ ਅਸੀਂ ਸਰੀਰਕ ਤੌਰ 'ਤੇ ਸਥਿਰ ਹੁੰਦੇ ਹਾਂ, (ਜਿਵੇਂ ਕਿ ਕਾਰ ਵਿੱਚ ਬੈਠੇ ਹੁੰਦੇ ਹਾਂ) ਪਰ ਸਫ਼ਰ ਕਰ ਰਹੇ ਹੁੰਦੇ ਹਾਂ, ਉਦੋਂ ਸਾਡੀਆਂ ਅੱਖਾਂ ਕੀ ਦੇਖਦੀਆਂ ਹਨ ਅਤੇ ਸਾਡਾ ਸਰੀਰ ਕੀ ਮਹਿਸੂਸ ਕਰਦਾ ਹੈ। ਇਸ ਸਥਿਤੀ ਵਿੱਚ ਦਿਮਾਗ਼ ਨੂੰ ਪਰਸਪਰ ਵਿਰੋਧੀ ਸੰਕੇਤ ਮਿਲਦੇ ਹਨ।
ਮਿਸਾਲ ਵਜੋਂ ਜਦੋਂ ਅਸੀਂ ਚੱਲਦੀ ਕਾਰ ਵਿੱਚ ਬੈਠੇ ਹੁੰਦੇ ਹਾਂ ਤਾਂ ਸਾਡਾ ਸਰੀਰ ਭੌਤਿਕ ਰੂਪ ਨਾਲ ਸਥਿਰ ਹੁੰਦਾ ਹੈ, ਪਰ ਸਾਡੀਆਂ ਅੱਖਾਂ ਚੱਲਦੀਆਂ ਵਸਤੂਆਂ ਨੂੰ ਦੇਖ ਸਕਦੀਆਂ ਹਨ।
ਮੋਸ਼ਨ ਸਿਕਨੈੱਸ ਤੋਂ ਪੀੜਤ ਵਿਅਕਤੀ ਮਿਲੇ-ਜੁਲੇ ਲੱਛਣਾਂ ਪ੍ਰਤੀ ਸਰੀਰਕ ਪ੍ਰਤੀਕਿਰਿਆ ਕਰਦੇ ਹਨ ਜਿਵੇਂ ਕਿ ਮਤਲੀ, ਚੱਕਰ ਆਉਣੇ ਅਤੇ ਆਮ ਬੇਚੈਨੀ ਹੋਣਾ।
ਕੁਝ ਲੋਕਾਂ ਨੂੰ ਲੱਛਣ ਇੰਨੇ ਗੰਭੀਰ ਹੁੰਦੇ ਹਨ ਕਿ ਉਹ ਲੰਬੇ ਸਫ਼ਰ ਤੋਂ ਹੀ ਬਚਣਾ ਚਾਹੁੰਦੇ ਹਨ। ਜਦੋਂ ਕਿ ਕਈ ਲੋਕ ਅਜੇ ਵੀ ਇਸ ਦੇ ਚਮਤਕਾਰੀ ਇਲਾਜ ਦੀ ਤਲਾਸ਼ ਵਿੱਚ ਹਨ।
ਪਰ ਮੋਸ਼ਨ ਸਿਕਨੈੱਸ ਦਾ ਕਾਰਨ ਕੀ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ?
ਮੋਸ਼ਨ ਸਿਕਨੈੱਸ ਦਾ ਕਾਰਨ ਕੀ ਹੈ?
ਇਹ ਸਮਝਣ ਲਈ ਕਿ ਮੋਸ਼ਨ ਸਿਕਨੈੱਸ ਕਿਉਂ ਹੁੰਦੀ ਹੈ, ਇਹ ਸਮਝਣਾ ਮਦਦਗਾਰ ਹੈ ਕਿ ਸਾਡਾ ਦਿਮਾਗ਼ ਸਾਡੇ ਸਰੀਰ ਤੋਂ ਪ੍ਰਾਪਤ ਸੰਵੇਦੀ ਸੰਕੇਤਾਂ ’ਤੇ ਕਿਸ ਪ੍ਰਕਾਰ ਪ੍ਰਤੀਕਿਰਿਆ ਕਰਦਾ ਹੈ।
ਦਿਮਾਗ਼ ਨੂੰ ਸਰੀਰ ਦੀਆਂ ਗਤੀਵਿਧੀਆਂ ਅਤੇ ਸਥਿਤੀਆਂ ਬਾਰੇ ਅੰਦਰੂਨੀ ਕੰਨਾਂ ਅਤੇ ਮਾਸਪੇਸ਼ੀਆਂ, ਨਸਾਂ ਅਤੇ ਜੋੜਾਂ ਵਿੱਚ ਸਥਿਤ ਪ੍ਰੋਪ੍ਰੀਓਸੈਪਟਿਵ ਰੀਸੈਪਟਰਾਂ ਤੋਂ ਨਿਰੰਤਰ ਸੰਵੇਦੀ ਸੰਕੇਤ ਪ੍ਰਾਪਤ ਹੁੰਦੇ ਰਹਿੰਦੇ ਹਨ।
ਅੰਦਰਲੇ ਕੰਨ ਸੰਤੁਲਨ ਦਾ ਕੇਂਦਰ ਹਨ। ਉਹ ਵੈਸਟੀਬਿਊਲਰ ਸਿਸਟਮ ਨਾਂ ਦੇ ਨੈੱਟਵਰਕ ਦਾ ਹਿੱਸਾ ਹਨ।
ਇਸ ਪ੍ਰਣਾਲੀ ਵਿੱਚ ਤਿੰਨ ਜੋੜੇ ਅਰਧ-ਗੋਲਾਕਾਰ ਨਾਲੀਆਂ (ਕੈਨਲਜ) ਅਤੇ ਦੋ ਥੈਲੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਸੈਕਯੂਲ ਅਤੇ ਯੂਟ੍ਰਿਕਲ ਕਿਹਾ ਜਾਂਦਾ ਹੈ। ਉਹ ਸਰੀਰ ਦੀ ਗਤੀ ਅਤੇ ਸਥਿਤੀ ਬਾਰੇ ਜਾਣਕਾਰੀ ਦਿਮਾਗ਼ ਤੱਕ ਭੇਜਦੇ ਹਨ।
ਅਰਧ-ਗੋਲਾਕਾਰ ਨਾਲੀਆਂ ਵਿੱਚ ਇੱਕ ਤਰਲ ਹੁੰਦਾ ਹੈ ਜੋ ਤੁਹਾਡੇ ਸਿਰ ਨੂੰ ਘੁੰਮਾਉਣ ’ਤੇ ਹਿੱਲਦਾ ਹੈ। ਉਹ ਸਿਰ ਦੀ ਗਤੀ ਦੀ ਦਿਸ਼ਾ ਦਾ ਪਤਾ ਲਗਾਉਂਦਾ ਹੈ, ਜਿਵੇਂ ਕਿ ਉੱਪਰ ਜਾਂ ਹੇਠਾਂ ਵੱਲ ਝੁਕਣਾ, ਸੱਜੇ ਜਾਂ ਖੱਬੇ ਪਾਸੇ ਅਤੇ ਸਾਈਡ ਵੱਲ ਮੁੜਨਾ।
ਤਸਵੀਰ ਸਰੋਤ, Getty Images
ਸੈਕਯੂਲ ਅਤੇ ਯੂਟ੍ਰਿਕਲ ਗਰੂਤਾਕਰਸ਼ਣ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਜਦੋਂ ਸਰੀਰ ਅੱਗੇ, ਪਿੱਛੇ, ਪਾਸੇ ਜਾਂ ਉੱਪਰ ਜਾਂ ਹੇਠਾਂ ਵੱਲ ਜਾਂਦਾ ਹੈ ਤਾਂ ਉਹ ਦਿਮਾਗ ਨੂੰ ਦੱਸਦੇ ਹਨ।
ਪਰ ਜੇ ਤੁਹਾਡੀਆਂ ਅੱਖਾਂ ਇੱਕ ਚੀਜ਼ ਵੇਖਦੀਆਂ ਹਨ, ਤੁਹਾਡੀਆਂ ਮਾਸਪੇਸ਼ੀਆਂ ਦੂਜੀ ਚੀਜ਼ ਮਹਿਸੂਸ ਕਰਦੀਆਂ ਹਨ ਅਤੇ ਤੁਹਾਡੇ ਅੰਦਰਲੇ ਕੰਨ ਕੁਝ ਹੋਰ ਮਹਿਸੂਸ ਕਰਦੇ ਹਨ, ਤਾਂ ਦਿਮਾਗ ਨੂੰ ਮਿਸ਼ਰਤ ਸੰਦੇਸ਼ ਮਿਲਦੇ ਹਨ। ਇਸ ਸੰਵੇਦੀ ਅਸੰਤੁਲਨ ਦੇ ਨਤੀਜੇ ਵਜੋਂ ਮੋਸ਼ਨ ਸਿਕਨੈੱਸ ਹੁੰਦੀ ਹੈ।
ਉਦਾਹਰਨ ਲਈ, ਮੰਨ ਲਓ ਕਿ ਤੁਸੀਂ ਕਾਰ ਵਿੱਚ ਸਫ਼ਰ ਕਰ ਰਹੇ ਹੋ, ਵਸਤੂਆਂ ਤੁਹਾਡੀ ਨਜ਼ਰ ਵਿੱਚ ਆਉਂਦੀਆਂ ਹਨ ਅਤੇ ਫਿਰ ਗਾਇਬ ਹੋ ਜਾਂਦੀਆਂ ਹਨ, ਜਿਸ ਨਾਲ ਤੁਹਾਡੀਆਂ ਅੱਖਾਂ ਤੁਹਾਡੇ ਦਿਮਾਗ ਨੂੰ ਸੰਦੇਸ਼ ਭੇਜਦੀਆਂ ਹਨ ਕਿ ਤੁਸੀਂ ਅੱਗੇ ਵਧ ਰਹੇ ਹੋ।
ਪਰ ਤੁਹਾਡੇ ਅੰਦਰਲੇ ਕੰਨ ਅਤੇ ਤੁਹਾਡੀਆਂ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਸਥਿਤ ਨਸਾਂ ਇਹ ਮਹਿਸੂਸ ਕਰਦੀਆਂ ਹਨ ਕਿ ਤੁਸੀਂ ਅਜੇ ਵੀ ਬੈਠੇ ਹੋ, ਇਸ ਲਈ ਤੁਸੀਂ ਸਥਿਰ ਹੋ। ਇਸ ਲਈ ਸੰਦੇਸ਼ਾਂ ਦਾ ਆਪਸ ਵਿੱਚ ਟਕਰਾਅ ਹੁੰਦਾ ਹੈ।
ਇਸ ਦੇ ਉਲਟ, ਜਹਾਜ਼ ’ਤੇ ਸਥਿਤੀ ਉਲਟ ਹੋ ਸਕਦੀ ਹੈ। ਤੁਹਾਡੇ ਅੰਦਰੂਨੀ ਕੰਨ ਅਤੇ ਮਾਸਪੇਸ਼ੀਆਂ ਨੂੰ ਗਤੀ ਦਾ ਪਤਾ ਲੱਗ ਜਾਂਦਾ ਹੈ ਪਰ ਖਿਤਿਜ ਅਜੇ ਵੀ ਸਥਿਰ ਦਿਖਾਈ ਦਿੰਦੀ ਹੈ। ਇਸ ਲਈ ਇੱਕ ਇੰਦਰੀ ਗਤੀ ਨੂੰ ਸਮਝਦੀ ਹੈ ਅਤੇ ਦੂਜੀ ਨਹੀਂ।
ਨਤੀਜਾ ਵਜੋਂ ਮਤਲੀ, ਸਿਰ ਦਰਦ ਅਤੇ ਆਮ ਬੇਚੈਨੀ ਅਤੇ ਮਨ ਕਾਹਲਾ ਪੈਣ ਲੱਗਦਾ ਹੈ।
ਮੋਸ਼ਨ ਸਿਕਨੈੱਸ ਦੇ ਲੱਛਣ ਕੀ ਹਨ?
ਮੋਸ਼ਨ ਸਿਕਨੈੱਸ ਕਈ ਤਰ੍ਹਾਂ ਦੇ ਲੱਛਣਾਂ ਨੂੰ ਜਨਮ ਦਿੰਦੀ ਹੈ।
ਉਹ ਲੱਛਣ ਆਮ ਤੌਰ 'ਤੇ ਹੌਲੀ-ਹੌਲੀ ਸ਼ੁਰੂ ਹੁੰਦੇ ਹਨ ਅਤੇ ਜਿਸ ਕਾਰਨ ਇਹ ਲੱਛਣ ਹੁੰਦੇ ਹਨ, ਜੇਕਰ ਉਹ ਬੰਦ ਨਾ ਹੋਵੇ ਤਾਂ ਇਹ ਹੋਰ ਵੀ ਬਦਤਰ ਹੋ ਜਾਂਦੇ ਹਨ।
ਇਨ੍ਹਾਂ ਲੱਛਣਾਂ ਵਿੱਚ ਸ਼ਾਮਲ ਹਨ
• ਚੱਕਰ ਆਉਣਾ, ਹਲਕਾ-ਹਲਕਾ ਮਹਿਸੂਸ ਹੋਣਾ, ਅਸੰਤੁਲਨ ਜਾਂ ਚੱਕਰ ਆਉਣਾ
• ਬਿਮਾਰ ਮਹਿਸੂਸ ਕਰਨਾ (ਮਤਲੀ)
• ਉਲਟੀ ਆਉਣਾ
• ਸਿਰਦਰਦ
• ਚਮੜੀ ਦਾ ਰੰਗ ਪੀਲਾ ਪੈਣਾ
• ਪਸੀਨਾ ਆਉਣਾ
• ਥਕਾਵਟ
ਤਸਵੀਰ ਸਰੋਤ, Getty Images
ਆਮ ਤੌਰ 'ਤੇ ਇਨ੍ਹਾਂ ਲੱਛਣਾਂ ਤੋਂ ਛੁਟਕਾਰਾ ਪਾਉਣ ਵਿੱਚ 20 ਮਿੰਟ ਲੱਗਦੇ ਹਨ ਜਾਂ ਜਿਵੇਂ ਕਿ ਕੋਈ ਕਹਿ ਸਕਦਾ ਹੈ ਕਿ ਜ਼ਮੀਨ ’ਤੇ ਪੈਰ ਰੱਖਣ ’ਤੇ ਵੀ ਸਥਿਤੀ ਆਮ ਹੋ ਜਾਂਦੀ ਹੈ।
ਹਾਲਾਂਕਿ, ਗੰਭੀਰ ਲੱਛਣਾਂ ਦੇ ਠੀਕ ਹੋਣ ਵਿੱਚ 24 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।
ਮੋਸ਼ਨ ਸਿਕਨੈੱਸ ਤੋਂ ਪੀੜਤ ਹੋਣ ਦੀ ਸੰਭਾਵਨਾ ਕਿਨ੍ਹਾਂ ਨੂੰ ਹੁੰਦੀ ਹੈ?
ਮੋਸ਼ਨ ਸਿਕਨੈੱਸ ਤੋਂ ਕੋਈ ਵੀ ਪੀੜਤ ਹੋ ਸਕਦਾ ਹੈ, ਪਰ ਕੁਝ ਲੋਕ ਦੂਜਿਆਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਜਿਵੇਂ ਕਿ 2 ਤੋਂ 12 ਸਾਲ ਦੀ ਉਮਰ ਦੇ ਬੱਚੇ, ਗਰਭਵਤੀ ਔਰਤਾਂ ਅਤੇ ਮਾਈਗ੍ਰੇਨ ਤੋਂ ਪੀੜਤ ਵਿਅਕਤੀ।
ਦਿਲਚਸਪ ਗੱਲ ਇਹ ਹੈ ਕਿ ਬੱਚੇ ਮੋਸ਼ਨ ਸਿਕਨੈੱਸ ਤੋਂ ਲਗਭਗ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੇ ਹਨ।
ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਅਪਲਾਈਡ ਮਨੋਵਿਗਿਆਨ ਦੇ ਪ੍ਰੋਫੈਸਰ ਜੌਨ ਗੋਲਡਿੰਗ ਕਹਿੰਦੇ ਹਨ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਇਸ ਉਮਰ ਦੇ ਬੱਚਿਆਂ ਦਾ ਦਿਮਾਗ ਅਜੇ ਅੱਖਾਂ ਅਤੇ ਕੰਨਾਂ ਵਿਚਕਾਰ ਸਬੰਧਾਂ ਨੂੰ ਸਮਝਿਆ ਨਹੀਂ ਹੁੰਦਾ ਅਤੇ ਗਤੀ ਨੂੰ ਦਰਜ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਸਮਝ ਨਹੀਂ ਸਕਿਆ ਹੈ।
ਮੋਸ਼ਨ ਸਿਕਨੈੱਸ ਵਿੱਚ ਵੰਸ਼ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰੋਫੈਸਰ ਗੋਲਡਿੰਗ ਦਾ ਕਹਿਣਾ ਹੈ ਕਿ ਮੋਸ਼ਨ ਸਿਕਨੈੱਸ ਤੋਂ ਪੀੜਤ ਲਗਭਗ 65% ਲੋਕਾਂ ਨੂੰ ਇਹ ਬਿਮਾਰੀ ਵਿਰਾਸਤ ਵਿੱਚ ਮਿਲੀ ਹੈ।
ਤਸਵੀਰ ਸਰੋਤ, Getty Images
ਲੱਛਣਾਂ ਨੂੰ ਕਿਵੇਂ ਘੱਟ ਕਰੀਏ?
ਪਰਹੇਜ਼ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦਾ ਹੈ।
ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜੋ ਮੋਸ਼ਨ ਸਿਕਨੈੱਸ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ:
ਸਫ਼ਰ ਤੋਂ ਪਹਿਲਾਂ-
• ਭਾਰੀ ਭੋਜਨ ਜਾਂ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ
• ਕੈਫੀਨ ਅਤੇ ਅਲਕੋਹਲ ਦੀ ਖਪਤ ਨੂੰ ਸੀਮਤ ਕਰੋ
• ਭਰਪੂਰ ਨੀਂਦ ਲਓ
ਸਫ਼ਰ ਦੌਰਾਨ-
• ਆਪਣੀ ਸੀਟ ਸਾਵਧਾਨੀ ਨਾਲ ਚੁਣੋ, ਕਾਰ ਵਿੱਚ ਅੱਗੇ, ਕਿਸ਼ਤੀ ਦੇ ਵਿਚਕਾਰ ਬੈਠੋ ਜਾਂ ਰੇਲਗੱਡੀ ਵਿੱਚ ਅੱਗੇ ਵੱਲ ਮੂੰਹ ਕਰਕੇ ਵਿੰਡੋ ਸੀਟ ਚੁਣੋ।
• ਖਿਤਿਜ ਵੱਲ ਦੇਖੋ
• ਅਚਾਨਕ ਸਿਰ ਹਿਲਾਉਣ ਤੋਂ ਬਚੋ
• ਜਿੱਥੇ ਸੰਭਵ ਹੋਵੇ, ਤਾਜ਼ੀ ਹਵਾ ਲਈ ਖਿੜਕੀ ਖੋਲ੍ਹੋ
• ਕਿਤਾਬਾਂ ਨਾ ਪੜ੍ਹੋ, ਫਿਲਮਾਂ ਨਾ ਦੇਖੋ ਜਾਂ ਇਲੈੱਕਟ੍ਰਾਨਿਕ ਯੰਤਰਾਂ ਦੀ ਵਰਤੋਂ ਨਾ ਕਰੋ
• ਸੰਗੀਤ ਸੁਣਨ ਵਰਗੀ ਗਤੀਵਿਧੀ ਨਾਲ ਆਪਣਾ ਧਿਆਨ ਪਾਸੇ ਕਰੋ
• ਆਪਣੀਆਂ ਅੱਖਾਂ ਬੰਦ ਕਰੋ
• ਖੂਬ ਪਾਣੀ ਪੀਓ
ਤਸਵੀਰ ਸਰੋਤ, Getty Images
ਅਦਰਕ ਦਾ ਸੇਵਨ ਕਰੋ
ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਅਦਰਕ ਜਿਸ ਨੂੰ ਗੋਲੀ, ਬਿਸਕੁਟ ਜਾਂ ਚਾਹ ਦੇ ਰੂਪ ਵਿੱਚ ਲਿਆ ਜਾਵੇ, ਉਹ ਉਲਟੀਆਂ ਅਤੇ ਚੱਕਰ ਆਉਣ ਦੀ ਸਮੱਸਿਆ ਨੂੰ ਘਟਾ ਸਕਦਾ ਹੈ।
ਹਾਲਾਂਕਿ, ਪ੍ਰੋਫੈਸਰ ਗੋਲਡਿੰਗ ਕਹਿੰਦੇ ਹਨ ਕਿ ਇਸ ਸਬੰਧ ਵਿੱਚ ਅਧਿਐਨ ਵੱਖੋ ਵੱਖਰੇ ਹਨ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਅਦਰਕ ਮਦਦ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ, "ਇਸ ਦਾ ਸਰਗਰਮ ਤੱਤ ਆਂਦਰਾਂ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਰਿਹਾ ਹੈ। ਇਸ ਲਈ ਇਹ ਸਿੱਧੇ ਤੌਰ 'ਤੇ ਮੋਸ਼ਨ ਸਿਕਨੈੱਸ ਨੂੰ ਰੋਕ ਨਹੀਂ ਰਿਹਾ, ਸਗੋਂ ਤੁਹਾਨੂੰ ਇਸ ਬਾਰੇ ਬਿਹਤਰ ਮਹਿਸੂਸ ਕਰਵਾ ਰਿਹਾ ਹੈ।"
ਨਿਯੰਤਰਿਤ ਸਾਹ
ਨਿਯੰਤਰਿਤ ਸਾਹ ਲੈਣ ਦਾ ਅਰਥ ਹੈ ਸਥਿਰ ਜਾਂ ਆਮ ਗਤੀ ਨਾਲ ਸਾਹ ਲੈਣਾ।
ਪ੍ਰੋ. ਗੋਲਡਿੰਗ ਸੁਝਾਅ ਦਿੰਦੇ ਹਨ ਕਿ ਸਥਿਰ ਢੰਗ ਨਾਲ ਸਾਹ ਲੈਣਾ ਓਨਾ ਹੀ ਫਾਇਦੇਮੰਦ ਹੈ ਜਿੰਨਾ ਕਿ ਐਂਟੀ-ਮੋਸ਼ਨ ਸਿਕਨੈੱਸ ਦੀ ਅੱਧੀ ਗੋਲੀ ਲੈਣਾ। ਇਹ ਮੁਫ਼ਤ ਵੀ ਹੈ ਅਤੇ ਇਸ ਨਾਲ ਦਵਾਈਆਂ ਦੇ ਮਾੜੇ ਪ੍ਰਭਾਵ ਤੋਂ ਵੀ ਬਚਿਆ ਜਾ ਸਕਦਾ ਹੈ।
ਪ੍ਰੋਫੈਸਰ ਦਾ ਕਹਿਣਾ ਹੈ ਕਿ ਸਾਹ ਲੈਣ ਨਾਲ ਦਿਮਾਗ ਨੂੰ ਧਿਆਨ ਪਾਸੇ ਕਰਨ ਵਿੱਚ ਮਦਦ ਮਿਲਦੀ ਹੈ, ਨਾਲ ਹੀ ਮਤਲੀ ਦੀ ਭਾਵਨਾ ਵੀ ਘੱਟ ਹੁੰਦੀ ਹੈ।
ਤਸਵੀਰ ਸਰੋਤ, Getty Images
ਐਕਯੂਪ੍ਰੈੱਸ਼ਰ ਅਤੇ ਗੁੱਟਬੈਂਡ
ਇਹ ਐਕਯੂਪ੍ਰੈੱਸ਼ਰ ਪੁਆਇੰਟਾਂ ’ਤੇ ਦਬਾਅ ਪਾ ਕੇ ਕੰਮ ਕਰਦੇ ਹਨ।
ਹਾਲਾਂਕਿ, ਜ਼ਿਆਦਾਤਰ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਉਹ ਜ਼ਿਆਦਾਤਰ ਲੋਕਾਂ ਲਈ ਪ੍ਰਭਾਵਸ਼ਾਲੀ ਨਹੀਂ ਹਨ।
ਦਵਾਈਆਂ
ਐਂਟੀ ਮੋਸ਼ਨ ਦਵਾਈਆਂ ਮੋਸ਼ਨ ਸਿਕਨੈੱਸ ਦੇ ਲੱਛਣਾਂ ਨੂੰ ਠੀਕ ਕਰਨ ਦੀ ਬਜਾਏ ਉਨ੍ਹਾਂ ਨੂੰ ਰੋਕਣ ਦਾ ਕੰਮ ਕਰਦੀਆਂ ਹਨ।
ਇਸ ਤਰ੍ਹਾਂ, ਕਿਸੇ ਵੀ ਦਵਾਈ ਨੂੰ ਕਾਫ਼ੀ ਸਮਾਂ ਪਹਿਲਾਂ ਲਿਆ ਜਾਣਾ ਚਾਹੀਦਾ ਹੈ। ਆਮ ਤੌਰ ’ਤੇ ਸਫ਼ਰ ਕਰਨ ਤੋਂ 30-60 ਮਿੰਟ ਪਹਿਲਾਂ ਲੈਣਾ ਹੁੰਦਾ ਹੈ ਤਾਂ ਕਿ ਉਹ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਘੁਲ ਸਕੇ।
ਪ੍ਰੋਫੈਸਰ ਗੋਲਡਿੰਗ ਦੱਸਦੇ ਹਨ ਕਿ ਮੋਸ਼ਨ ਸਿਕਨੈੱਸ ਕਾਰਨ ਗੈਸਟਿਕ ਸਟੈਸਿਸ ਹੁੰਦਾ ਹੈ, ਜਦੋਂ ਪੇਟ ਨੂੰ ਆਪਣੀ ਸਮੱਗਰੀ ਨੂੰ ਅੰਤੜੀਆਂ ਵਿੱਚ ਖਾਲੀ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।
ਇਸ ਲਈ, ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਸਮੇਂ ਗੋਲੀਆਂ ਲੈਂਦੇ ਹੋ, ਤਾਂ ਉਹ ਖੂਨ ਵਿੱਚ ਘੁਲਣਗੀਆਂ ਨਹੀਂ ਅਤੇ ਇਸ ਲਈ ਉਹ ਘੱਟ ਅਸਰਦਾਰ ਹੋਣਗੀਆਂ।
ਦੂਜੇ ਪਾਸੇ, ਐਂਟੀ-ਮੋਸ਼ਨ ਸਿਕਨੈੱਸ ਪੈਚ, ਗੋਲੀਆਂ ਦੀ ਤੁਲਨਾ ਵਿੱਚ ਜ਼ਿਆਦਾ ਹੌਲੀ-ਹੌਲੀ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਮੌਜੂਦ ਦਵਾਈ ਚਮੜੀ ਰਾਹੀਂ ਸਰੀਰ ਵਿੱਚ ਸਮਾਉਂਦੀ ਹੈ। ਇਸ ਲਈ, ਉਨ੍ਹਾਂ ਨੂੰ ਹੋਰ ਵੀ ਪਹਿਲਾਂ ਲਾਇਆ ਜਾਣਾ ਚਾਹੀਦਾ ਹੈ ਯਾਨੀ ਕਿ ਯਾਤਰਾ ਤੋਂ ਲਗਭਗ 10 ਘੰਟੇ ਪਹਿਲਾਂ।
ਯੂਕੇ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੀ ਸਲਾਹ ਹੈ ਕਿ ਪੈਚ ਬਾਲਗਾਂ ਅਤੇ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੁਆਰਾ ਲਾਏ ਜਾ ਸਕਦੇ ਹਨ।
ਤਸਵੀਰ ਸਰੋਤ, Getty Images
ਮੋਸ਼ਨ ਸਿਕਨੈੱਸ ਅਤੇ ਵਰਟੀਗੋ ਵਿੱਚ ਕੀ ਅੰਤਰ ਹੈ?
ਮੋਸ਼ਨ ਸਿਕਨੈੱਸ ਅਤੇ ਵਰਟੀਗੋ ਕਈ ਵਾਰ ਉਲਝਣ ਵਿੱਚ ਪਾ ਦਿੰਦਾ ਹੈ ਕਿਉਂਕਿ ਇਨ੍ਹਾਂ ਦੇ ਲੱਛਣ ਇੱਕੋ ਜਿਹੇ ਹੁੰਦੇ ਹਨ: ਦੋਵਾਂ ਵਿੱਚ ਚੱਕਰ ਆਉਣੇ, ਮਤਲੀ ਅਤੇ ਉਲਟੀਆਂ ਆਉਂਦੀਆਂ ਹਨ।
ਹਾਲਾਂਕਿ, ਦੋਵਾਂ ਸਥਿਤੀਆਂ ਵਿੱਚ ਕਈ ਸਪੱਸ਼ਟ ਅੰਤਰ ਹਨ-
ਵਰਟੀਗੋ ਉਦੋਂ ਵੀ ਹੋ ਸਕਦਾ ਹੈ ਜਦੋਂ ਤੁਸੀਂ ਚੱਲਦੇ ਵਾਹਨ ਵਿੱਚ ਹੋ ਜਾਂ ਨਹੀਂ। ਇਹ ਉਦੋਂ ਵੀ ਹੋ ਸਕਦਾ ਹੈ ਜਦੋਂ ਤੁਸੀਂ ਲੇਟ ਰਹੇ ਹੋਵੋ।
ਵਰਟੀਗੋ ਵਿੱਚ ਸਿਰ ਘੁੰਮਣ ਦਾ ਗੰਭੀਰ, ਗ਼ਲਤ ਅਹਿਸਾਸ ਹੁੰਦਾ ਹੈ, ਜੋ ਉਦੋਂ ਵੀ ਹੋ ਸਕਦਾ ਹੈ ਜਦੋਂ ਤੁਸੀਂ ਆਪਣਾ ਸਿਰ ਹਿਲਾਉਂਦੇ ਹੋ।
ਇਹ ਆਮ ਤੌਰ 'ਤੇ ਛੋਟੇ-ਛੋਟੇ ਝਟਕਿਆਂ ਦੇ ਰੂਪ ਵਿੱਚ ਆਉਂਦਾ ਹੈ ਜੋ ਕਈ ਸਕਿੰਟਾਂ ਤੱਕ ਚੱਲਦਾ।
ਇਹ ਬਜ਼ੁਰਗਾਂ ਵਿੱਚ ਬਹੁਤ ਆਮ ਹੁੰਦਾ ਹੈ।
ਇਹ ਆਮ ਤੌਰ 'ਤੇ ਅੰਦਰਲੇ ਕੰਨ ਵਿੱਚ ਤਰਲ ਪਦਾਰਥ ਦੀਆਂ ਸਮੱਸਿਆਵਾਂ ’ਤੇ ਕੇਂਦਰਿਤ ਹੁੰਦਾ ਹੈ, ਜੋ ਸੰਤੁਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਆਪਣੇ ਮੋਸ਼ਨ ਸਿਕਨੈੱਸ ਦੇ ਲੱਛਣਾਂ ਨੂੰ ਪ੍ਰਬੰਧਿਤ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਅਤੇ ਪਹਿਲਾਂ ਤੋਂ ਹੀ ਯੋਜਨਾ ਬਣਾਉਣਾ ਬਿਹਤਰ ਹੁੰਦਾ ਹੈ।
ਕੁਝ ਪੀੜਤ ਕਹਿੰਦੇ ਹਨ ਕਿ ਮੋਸ਼ਨ ਸਿਕਨੈੱਸ ਨੂੰ ਕਦੇ ਵੀ ਆਪਣੇ ਜੀਵਨ ’ਤੇ ਹਾਵੀ ਨਾ ਹੋਣ ਦਿਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ