ਜਿਮ ਜਾਣਾ ਪਸੰਦ ਨਹੀਂ ਤਾਂ 'ਕਸਰਤ ਦੇ ਸਨੈਕਸ' ਅਜ਼ਮਾ ਕੇ ਦੇਖੋ

ਤਸਵੀਰ ਸਰੋਤ, Getty Images

    • ਲੇਖਕ, ਲੂਸੀ ਹੁਕਰ
  • ਪੜ੍ਹਨ ਦਾ ਸਮਾਂ: 5 ਮਿੰਟ

ਜੇ ਤੁਹਾਨੂੰ ਜਿਮ ਜਾਣਾ ਪਸੰਦ ਨਹੀਂ? ਤਾਂ 'ਐਕਸਰਸਾਈਜ਼ ਸਨੈਕਿੰਗ' ਅਜ਼ਮਾ ਕੇ ਦੇਖੋ

ਜਿਮ ਜਾਓ, ਪਹਾੜ 'ਤੇ ਦੌੜੋ, ਸਪਿਨ ਕਲਾਸਾਂ ਲਾਓ। ਸਾਨੂੰ ਫਿੱਟ ਰਹਿਣ ਲਈ ਲਗਾਤਾਰ ਬਹੁਤ ਜ਼ਿਆਦਾ ਮਿਹਨਤ ਕਰਨ — ਅਤੇ ਬਹੁਤ ਪਸੀਨਾ ਵਹਾਉਣ — ਲਈ ਕਿਹਾ ਜਾਂਦਾ ਹੈ।

ਲੇਕਿਨ ਕੀ ਹੋਵੇਗਾ ਜੇ ਤੁਹਾਡੇ ਕੋਲ ਇਸ ਲਈ ਸਮਾਂ ਨਾ ਹੋਵੇ ਜਾਂ ਦਿਲਚਸਪੀ ਹੀ ਨਾ ਹੋਵੇ?

ਜੋ ਬਲੌਡਗੇਟ ਕੋਲ ਇਸਦਾ ਜਵਾਬ ਹੈ: ਗਤੀਵਿਧੀ ਦੇ ਅਜਿਹੇ "ਸਨੈਕਸ" ਜਿਨ੍ਹਾਂ ਨੂੰ ਤੁਸੀਂ ਲਗਭਗ ਬਿਨਾਂ ਕਿਸੇ ਕੋਸ਼ਿਸ਼ ਦੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰ ਸਕਦੇ ਹੋ।

ਬਲੌਡਗੇਟ ਯੂਨੀਵਰਸਿਟੀ ਕਾਲਜ ਲੰਡਨ ਦੇ ਇੰਸਟੀਚਿਊਟ ਆਫ਼ ਸਪੋਰਟ, ਕਸਰਤ ਅਤੇ ਸਿਹਤ ਵਿੱਚ ਇੱਕ ਸੀਨੀਅਰ ਰਿਸਰਚ ਫੈਲੋ ਹਨ ਅਤੇ ਉਨ੍ਹਾਂ ਦੇ ਅਧਿਐਨ ਦਾ ਵਿਸ਼ਾ ਹੈ ਕਿ ਥੋੜ੍ਹੀ-ਥੋੜ੍ਹੀ ਕਸਰਤ ਤੁਹਾਡੀ ਸਿਹਤ ਉੱਤੇ ਕੀ ਅਸਰ ਪਾ ਸਕਦੀ ਹੈ।

ਉੱਚ ਤੀਬਰਤਾ ਵਾਲੀ ਕਸਰਤ — ਜਿਸ ਨਾਲ ਸਾਹ ਚੜ੍ਹੇ ਅਤੇ ਦਿਲ ਦੀ ਧੜਕਣ ਵਧੇ — ਅਸਲ ਵਿੱਚ ਫਾਇਦੇਮੰਦ ਹੈ, ਪਰ ਇਹ ਸਿਰਫ਼ ਤਸਵੀਰ ਦਾ ਇੱਕ ਹਿੱਸਾ ਹੈ, ਉਨ੍ਹਾਂ ਨੇ ਰੇਡੀਓ 4 ਦੇ ਪੋਡਕਾਸਟ 'ਵਟਸ ਅੱਪ ਡੌਕਸ?' ਵਿੱਚ ਦੱਸਿਆ।

ਇੱਥੇ ਉਹ ਦੱਸਦੇ ਹਨ ਕਿ ਤੁਸੀਂ ਬਿਨਾਂ ਕਿਸੇ ਖਾਸ ਪਹਿਰਾਵੇ ਜਾਂ ਜਿਮ ਮੈਂਬਰਸ਼ਿਪ ਦੇ ਕਿਵੇਂ ਫਿੱਟ ਹੋ ਸਕਦੇ ਹੋ।

Sorry, we can’t display this part of the story on this lightweight mobile page.

1. ਦਿਨ ਭਰ ਵਿੱਚ ਗਤੀਵਿਧੀ ਦੇ ਛੋਟੇ ਪਲਾਂ ਨੂੰ ਸ਼ਾਮਲ ਕਰੋ

ਬਲੌਡਗੇਟ ਮੁਤਾਬਕ ਤੁਹਾਡੇ ਦਿਨ ਵਿੱਚ "ਐਕਸਰਸਾਈਜ਼ ਸਨੈਕਸ" ਸ਼ਾਮਲ ਕਰਨ ਦੇ ਬਹੁਤ ਸਾਰੇ ਤਰੀਕੇ ਹਨ।

ਅਧਿਕਾਰਤ ਤੌਰ 'ਤੇ ਉਹ ਇਸਨੂੰ "ਵਿਗੋਰਸ ਇੰਟਰਮਿਟੈਂਟ ਲਾਈਫਸਟਾਈਲ ਫਿਜ਼ੀਕਲ ਐਕਟੀਵਿਟੀ" ਜਾਂ "ਵੀਆਈਐਲਪੀਏ" ਕਹਿੰਦੇ ਹਨ — ਅਸਲ ਵਿੱਚ ਰੋਜ਼ਾਨਾ ਦੀਆਂ ਗਤੀਵਿਧੀਆਂ ਦੌਰਾਨ ਆਪਣੀ ਕੋਸ਼ਿਸ਼ ਨੂੰ ਥੋੜ੍ਹੇ ਸਮੇਂ ਲਈ ਵਧਾਉਣਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪਿਨਿੰਗ ਕਲਾਸਾਂ ਸਾਰਿਆਂ ਲਈ ਨਹੀਂ ਹਨ

ਉਹ ਦੱਸਦੇ ਹਨ, "ਇਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੇ ਮੌਕੇ ਲੱਭਣ ਬਾਰੇ ਹੈ ਜੋ ਤੁਹਾਨੂੰ ਥੋੜ੍ਹਾ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕਰਨਗੇ।"

ਉਹ ਸੁਝਾਅ ਦਿੰਦੇ ਹਨ:

  • ਲਿਫਟ ਦੀ ਥਾਂ ਪੌੜੀਆਂ ਚੜ੍ਹਨਾ – 12ਵੀਂ ਮੰਜ਼ਿਲ ਤੱਕ ਪੌੜੀਆਂ ਚੜ੍ਹਨਾ ਸ਼ਾਇਦ ਅਸਲ ਵਿੱਚ ਮੁਸ਼ਕਲ ਹੋਵੇ, ਇਸ ਲਈ ਦੋ ਮੰਜ਼ਿਲਾਂ ਚੜ੍ਹੋ ਅਤੇ ਫਿਰ ਲਿਫਟ ਵਿੱਚ ਚਲੇ ਜਾਓ।
  • ਬੱਸ ਤੋਂ ਜਲਦੀ ਉਤਰ ਜਾਣਾ – ਕੰਮ 'ਤੇ ਸਾਈਕਲ ਚਲਾ ਕੇ ਜਾਣਾ ਬਹੁਤ ਵਧੀਆ ਹੈ, ਪਰ ਜੇਕਰ ਤੁਸੀਂ ਬੱਸ ਲੈਂਦੇ ਹੋ, ਤਾਂ ਆਖਰੀ ਸਟਾਪ ਤੋਂ ਪਹਿਲਾਂ ਉਤਰ ਜਾਓ ਅਤੇ ਜਿੰਨੀ ਤੇਜ਼ੀ ਨਾਲ ਹੋ ਸਕੇ ਪੈਦਲ ਤੁਰੋ।
  • ਆਪਣੀ ਰਫ਼ਤਾਰ ਵਧਾਉਣਾ – ਤੁਸੀਂ ਸ਼ਾਇਦ ਪਹਿਲਾਂ ਹੀ ਸੈਰ ਕਰਦੇ ਹੋਵੋਗੇ, ਬਿਜਲੀ ਦੇ ਦੋ ਖੰਭਿਆਂ ਦੇ ਵਿਚਕਾਰ ਤੇਜ਼ੀ ਨਾਲ ਚੱਲਣ ਦੀ ਕੋਸ਼ਿਸ਼ ਕਰੋ।

ਖੁਸ਼ਕਿਸਮਤੀ ਨਾਲ, ਜੇਕਰ ਤੁਸੀਂ ਇਸ ਸਮੇਂ ਬਹੁਤੀ ਹਿਲਜੁਲ ਨਹੀਂ ਕਰ ਰਹੇ ਹੋ, ਤਾਂ ਸਿਰਫ਼ ਇੱਕ ਜਾਂ ਦੋ ਮਿੰਟਾਂ ਦੀ ਤੀਬਰ ਹਿਲਜੁਲ ਦੇ ਤਿੰਨ ਜਾਂ ਚਾਰ ਪਲ ਸ਼ਾਮਲ ਕਰਨ ਨਾਲ ਦਿਲ ਦੀ ਬਿਮਾਰੀ ਅਤੇ ਉਮਰ ਵਿੱਚ ਵੱਡਾ ਫਰਕ ਪੈ ਸਕਦਾ ਹੈ।

2. ਸਿਰਫ਼ ਕੁਝ ਜਿਮ ਸੈਸ਼ਨਾਂ 'ਤੇ ਨਿਰਭਰ ਨਾ ਰਹੋ

ਤਸਵੀਰ ਸਰੋਤ, Getty Images

ਜੇਕਰ ਤੁਸੀਂ ਪਹਿਲਾਂ ਹੀ ਨਿਯਮਤ ਜਿਮ ਵਰਕਆਉਟ ਜਾਂ ਹਫ਼ਤੇ ਵਿੱਚ ਇੱਕ ਵਾਰ ਫੁੱਟਬਾਲ ਖੇਡਣ ਲਈ ਸਮਾਂ ਕੱਢ ਲੈਂਦੇ ਹੋ, ਤਾਂ ਹੁਣ ਬਹੁਤ ਜ਼ਿਆਦਾ ਸੰਤੁਸ਼ਟ ਹੋਣ ਦੀ ਲੋੜ ਨਹੀਂ ਹੈ।

ਸਾਡੇ ਵਿੱਚੋਂ ਬਹੁਤ ਸਾਰੇ ਉਹ ਹਨ ਜਿਨ੍ਹਾਂ ਨੂੰ ਬਲੌਡਗੇਟ "ਐਕਟਿਵ ਕਾਊਚ ਪੋਟੈਟੋਜ਼" (ਸਰਗਰਮ ਪਰ ਆਲਸੀ) ਕਹਿੰਦੇ ਹਨ।

ਉਹ ਕਹਿੰਦੇ ਹਨ ਕਿ ਬੇਸ਼ੱਕ ਇਹ ਗਤੀਵਿਧੀਆਂ "ਚੰਗੀ ਚੀਜ਼" ਹਨ, ਪਰ ਉਹ ਸਾਰਾ ਦਿਨ ਕੰਮ 'ਤੇ ਸਕ੍ਰੀਨ ਵੱਲ ਦੇਖਦੇ ਹੋਏ ਬੈਠਣ ਜਾਂ ਸ਼ਾਮ ਨੂੰ ਸੋਫੇ 'ਤੇ ਪਏ ਰਹਿਣ ਦਾ ਹਰਜਾਨਾ ਨਹੀਂ ਦੇ ਸਕਦੀਆਂ।

ਉਹ ਕਹਿੰਦੀ ਹੈ, "ਜਿਮ ਵਿੱਚ ਤੀਹ ਮਿੰਟ ਇਸਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹਨ। ਬਾਕੀ ਦੇ ਸਾਢੇ 23 ਘੰਟਿਆਂ ਬਾਰੇ ਕੀ?"

ਜੇਕਰ ਤੁਸੀਂ ਵੀ ਸਰਗਰਮ ਆਲਸੀ ਹੋ, ਤਾਂ ਉਹ ਸਲਾਹ ਦਿੰਦੀ ਹੈ

  • ਖੜ੍ਹੇ ਹੋਣਾ – ਆਪਣੇ ਡੈਸਕ ਤੋਂ ਨਿਯਮਤ ਤੌਰ ਉੱਤੇ ਉੱਠੋ।
  • ਸੈਰ ਲਈ ਜਾਣਾ – ਫ਼ੋਨ ਦੇਖਣ ਦੀ ਥਾਂ ਦੁਪਹਿਰ ਦੇ ਖਾਣੇ ਦਾ ਅੱਧਾ ਸਮਾਂ ਪੈਦਲ ਤੁਰਨ ਲਈ ਵਰਤੋ।
  • ਤੁਰਦਿਆਂ-ਫਿਰਦਿਆਂ ਬੈਠਕ ਲੈਣਾ – ਫ਼ੋਨ 'ਤੇ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਪੈਦਲ ਚੱਲੋ।

ਸਬੂਤ ਦੱਸਦੇ ਹਨ ਕਿ ਜਿੰਨਾ ਘੱਟ ਸਮੇਂ ਲਈ ਬੈਠਿਆ ਜਾਵੇ ਉਨਾਂ ਹੀ ਵਧੀਆ ਹੈ।

ਬਲੌਡਗੇਟ ਕਹਿੰਦੇ ਰਨ, "ਕੀ ਤੁਸੀਂ ਹਰ 15 ਜਾਂ 30 ਮਿੰਟਾਂ ਬਾਅਦ ਖੜ੍ਹੇ ਹੋ ਸਕਦੇ ਹੋ, ਥੋੜਾ ਸਰੀਰ ਹਿਲਾ ਸਕਦੇ ਹੋ ਅਤੇ ਫਿਰ ਵਾਪਸ ਬੈਠ ਸਕਦੇ ਹੋ?"

ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਜਿਮ ਜਾਣਾ ਛੱਡ ਦੇਣਾ ਚਾਹੀਦਾ ਹੈ।

ਬਲੌਡਗੇਟ ਦਾ ਕਹਿਣਾ ਹੈ ਕਿ ਗਤੀਵਿਧੀਆਂ ਦੀ ਅਜੇ ਵੀ ਇੱਕ ਦਰਜਾਬੰਦੀ ਹੈ, ਜਿਸ ਵਿੱਚ ਉੱਚ ਤੀਬਰਤਾ ਵਾਲੀ ਗਤੀਵਿਧੀ, ਜੋ ਦਿਲ ਦੀ ਧੜਕਣ ਨੂੰ ਵਧਾਉਂਦੀ ਹੈ, ਅਜੇ ਵੀ ਸਭ ਤੋਂ ਵੱਧ ਫਿਟਨੈਸ ਅਤੇ ਸਿਹਤ ਲਾਭ ਦੇਣ ਵਾਲੀ ਹੈ, ਜਿਸ ਤੋਂ ਬਾਅਦ ਦਰਮਿਆਨੀ ਗਤੀਵਿਧੀ ਜਿਵੇਂ ਕਿ ਪੈਦਲ ਤੁਰਨਾ ਆਉਂਦਾ ਹੈ।

3. ਆਪਣੇ ਬਿਨਾਂ ਹਿਲ-ਜੁਲ ਦੇ ਸਮੇਂ ਨੂੰ ਘਟਾਓ

ਤਸਵੀਰ ਸਰੋਤ, Getty Images

ਬਲੌਡਗੇਟ ਦਾ ਸੁਝਾਅ ਹੈ ਕਿ ਦੇਖੋ ਕਿ ਕੀ ਤੁਸੀਂ ਉਸ ਸਮੇਂ ਨੂੰ ਕਿਵੇਂ ਘਟਾ ਸਕਦੇ ਹੋ ਜਦੋਂ ਤੁਸੀਂ ਹਿਲਜੁਲ ਨਹੀਂ ਕਰ ਰਹੇ ਹੁੰਦੇ।

ਇਹ ਮੰਨਦੇ ਹੋਏ ਕਿ ਤੁਸੀਂ ਅੱਠ ਘੰਟੇ ਸੌਂਦੇ ਹੋ, ਤੁਹਾਡੇ ਜਾਗਣ ਦੇ ਘੱਟੋ-ਘੱਟ ਅੱਧਾ ਸਮਾਂ — ਅੱਠ ਘੰਟੇ — ਹਿਲਜੁਲ ਵਿੱਚ ਬੀਤਣਾ ਚਾਹੀਦਾ ਹੈ।

ਬਲੌਡਗੇਟ ਕਹਿੰਦੇ ਹਨ:

  • ਤੁਰਦੇ ਰਹੋ – ਦਿਨ ਵਿੱਚ ਅੱਠ ਘੰਟੇ ਤੋਂ ਘੱਟ ਸਮਾਂ ਬੈਠ ਕੇ ਬਿਤਾਉਣ ਦਾ ਟੀਚਾ ਰੱਖੋ। ਇਸ ਸਮੇਂ ਨੂੰ ਜਿੰਨਾ ਘਟਾ ਸਕੋ ਉਨਾਂ ਹੀ ਵਧੀਆ ਹੈ।
  • ਬੱਚਿਆਂ ਨੂੰ ਅਜ਼ਾਦ ਰਹਿਣ ਦਿਓ - ਆਸਟ੍ਰੇਲੀਆ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪ੍ਰੀ-ਸਕੂਲ ਦੇ ਬੱਚਿਆਂ ਨੂੰ ਇੱਕ ਵਾਰ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਲਈ ਪੁਸ਼ਚੇਅਰ (ਬੱਚਿਆਂ ਵਾਲੀ ਰੇੜ੍ਹੀ) ਜਾਂ ਕਾਰ ਸੀਟ ਵਿੱਚ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ।
  • ਰੋਜ਼ਾਨਾ ਦੇ ਕੰਮਾਂ ਨੂੰ ਅਪਣਾਓ – ਕਰਿਆਨੇ ਦਾ ਸਾਮਾਨ ਚੁੱਕਣਾ, ਘਾਹ ਕੱਟਣ ਵਾਲੀ ਮਸ਼ੀਨ ਚਲਾਉਣਾ ਅਤੇ ਘਰ ਦੀ ਸਫਾਈ ਕਰਨਾ, ਇਹ ਸਾਰੇ ਹਿਲਜੁਲ ਕਰਦੇ ਰਹਿਣ ਦੇ ਤਰੀਕੇ ਹਨ।

ਬਲੌਡਗੇਟ ਕਹਿੰਦੀ ਹੈ ਕਿ ਇਸ ਲਈ ਕੋਈ ਪੱਕਾ ਨਿਯਮ ਨਹੀਂ ਹੈ ਕਿ ਕਿੰਨਾ ਕਾਫ਼ੀ ਹੈ। ਜਿੰਨਾ ਜ਼ਿਆਦਾ ਤੁਸੀਂ ਹਿਲੋਗੇ, ਓਨਾ ਹੀ ਵਧੀਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)