ਪੰਜਾਬ 'ਚ ਹੁਸ਼ਿਆਰਪੁਰ ਦੇ ਇਸ ਪਿੰਡ ਨੂੰ 'ਫੌਜੀਆਂ ਦਾ ਪਿੰਡ' ਕਿਉਂ ਕਿਹਾ ਜਾਂਦਾ ਹੈ, ਕਿਹੜੀ ਸਦੀਆਂ ਪੁਰਾਣੀ ਵਿਰਾਸਤ ਇਸ ਪਿੰਡ ਕੋਲ ਹੈ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
"ਉਹ ਬਹੁਤ ਸਮਾਰਟ ਸੀ। ਜਵਾਨ ਸੀ। ਸੁਭਾਸ਼ ਚੰਦਰ ਬੌਸ ਵਾਂਗ ਉਨ੍ਹਾਂ ਦਾ ਪਹਿਰਾਵਾ ਸੀ। ਥੱਲਿਓਂ ਪੈਂਟ ਤੰਗ ਅਤੇ ਬੂਟ ਪਹਿਨੇ ਹੋਏ ਸਨ। ਪੁਰਾਣੇ ਸਟਾਈਲ ਦੀ ਸ਼ਰਟ ਸੀ।"
ਹੁਸ਼ਿਆਰਪੁਰ ਦੇ ਪ੍ਰਾਚੀਨ ਪਿੰਡ ਢੋਲਬਾਹਾ ਦੇ ਵਸਨੀਕ ਨਿਰਮਲ ਸਿੰਘ ਆਪਣੇ ਦਾਦੇ ਦੀ ਦਿੱਖ ਦਾ ਵਰਨਣ ਕਰ ਰਹੇ ਹਨ।
ਨਿਰਮਲ ਸਿੰਘ ਦੇ ਦਾਦਾ ਹੌਲਦਾਰ ਧੀਰਜ ਸਿੰਘ ਢੋਲਬਾਹਾ ਪਿੰਡ ਦੇ ਉਨ੍ਹਾਂ 73 ਨੌਜਵਾਨਾਂ ਵਿਚੋਂ ਇੱਕ ਸਨ, ਜਿਹੜੇ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਲੜੇ ਸਨ।
ਇਨ੍ਹਾਂ 73 ਨੌਜਵਾਨਾਂ ਵਿਚੋਂ ਹੌਲਦਾਰ ਧੀਰਜ ਸਿੰਘ ਅਤੇ ਹੋਰ 7 ਨੌਜਵਾਨ ਕਦੀ ਵੀ ਪਿੰਡ ਵਾਪਸ ਨਹੀਂ ਪਰਤੇ। ਉਹ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਸਨ।
ਇਹਨਾਂ ਨੌਜਵਾਨਾਂ ਦਾ ਖੂਬਸੂਰਤ ਤੇ ਪ੍ਰਾਚੀਨ ਪਿੰਡ ਢੋਲਬਾਹੇ ਦਾ ਹਰ ਘਰ ਅੱਜ ਵੀ ਬਹਾਦਰੀ ਅਤੇ ਹੌਂਸਲੇ ਦੀ ਵਿਰਾਸਤ ਸਾਂਭੀ ਬੈਠਾ ਹੈ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਇਸ ਪਿੰਡ ਦੇ ਨੌਜਵਾਨਾਂ ਨੇ ਹਥਿਆਰਬੰਦ ਫੌਜਾਂ ਵਿੱਚ ਸ਼ਾਮਲ ਹੋਣ ਦੀ ਪਰੰਪਰਾ ਨੂੰ ਜਾਰੀ ਰੱਖਿਆ। ਇਸ ਕਰਕੇ ਢੋਲਬਾਹਾ 'ਫੌਜੀਆਂ ਦਾ ਪਿੰਡ' ਦੇ ਨਾਮ ਨਾਲ ਮਸ਼ਹੂਰ ਹੈ।
ਇੱਥੋਂ ਦੇ ਵਸਨੀਕਾਂ ਮੁਤਾਬਕ ਪਿੰਡ ਦਾ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ, ਜਿਸ ਵਿੱਚ ਕੋਈ ਸਾਬਕਾ ਜਾਂ ਮੌਜੂਦਾ ਫੌਜੀ ਨਾ ਹੋਵੇ।

ਕਿਹੜੀ ਵਿਰਾਸਤ ਸਾਂਭੀ ਬੈਠਾ ਇਹ ਪਿੰਡ
ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਪੁਰਾਲੇਖ ਵਿਭਾਗ ਮੁਤਾਬਕ ਢੋਲਬਾਹਾ ਇੱਕ ਪੁਰਾਤਨ ਪਿੰਡ ਹੈ। ਪਿੰਡ ਵਿੱਚ ਕਈ ਸੈਂਕੜੇ ਸਾਲਾਂ ਪੁਰਾਣੀਆਂ ਮੂਰਤੀਆਂ ਅਤੇ ਕਲਾਕ੍ਰਿਤੀਆਂ ਮਿਲੀਆਂ ਹਨ।
ਵਿਭਾਗ ਮੁਤਾਬਕ ਇਹ ਮੁੱਢਲੇ ਸਮੇਂ ਤੋਂ ਹੀ ਰਹਿਣ ਦਾ ਸਥਾਨ ਰਿਹਾ ਹੈ। ਪੁਰਾਤੱਤਵ ਖੋਜਾਂ ਨੇ ਇਸ ਦੀਆਂ ਪੁਰਾਤਨ ਵਸਤਾਂ ਨੂੰ ਪਲਾਈਸਟੋਸੀਨ ਕਾਲ ਨਾਲ ਜੋੜਿਆ ਹੈ।
ਪਿੰਡ ਵਿੱਚੋਂ ਮਿਲੀਆਂ ਪੁਰਾਤਨ ਮੂਰਤੀਆਂ ਅਤੇ ਕਲਾਕ੍ਰਿਤੀਆਂ ਵਾਸਤੇ ਪਿੰਡ ਵਿੱਚ ਇੱਕ ਅਜਾਇਬ ਘਰ ਬਣਇਆ ਹੋਇਆ ਹੈ।

ਆਖ਼ਰੀ ਨਿਸ਼ਾਨੀ ਵੀ ਨਹੀਂ ਰਹੀ
ਪਿੰਡ ਵਾਸੀਆਂ ਮੁਤਾਬਕ ਪਹਿਲੇ ਵਿਸ਼ਵ-ਯੁੱਧ ਵਿੱਚ ਲੜਨ ਵਾਲੇ ਅਤੇ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰ ਜਾਂ ਤਾਂ ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਚਲੇ ਗਏ ਜਾਂ ਮਗਰੋਂ ਪਿੰਡ ਛੱਡ ਕੇ ਕਿਤੇ ਹੋਰ ਵੱਸ ਗਏ।
ਪਿੰਡ ਵਿੱਚ ਹੁਣ ਸਿਰਫ਼ ਹੌਲਧਾਰ ਧੀਰਜ ਸਿੰਘ ਦੀ ਹੀ ਤੀਜੀ ਪੀੜ੍ਹੀ ਰਹਿੰਦੀ ਹੈ।
ਨਿਰਮਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਦਾਦੇ ਦੀ ਬ੍ਰਿਟਿਸ਼ ਇੰਡੀਅਨ ਆਰਮੀ ਦੀ ਵਰਦੀ ਵਿੱਚ ਤਸਵੀਰ ਦੇਖੀ ਸੀ। ਇਸ ਵਿੱਚ ਉਹ ਸੁਭਾਸ਼ ਚੰਦਰ ਬੌਸ ਵਰਗੇ ਨਜ਼ਰ ਆਉਂਦੇ ਸਨ। ਇਹ ਤਸਵੀਰ ਹੀ ਉਨ੍ਹਾਂ ਦੀ ਆਖ਼ਰੀ ਨਿਸ਼ਾਨੀ ਸੀ।
"ਮੈਂ ਤਸਵੀਰ ਦੇਖੀ ਸੀ। ਸਾਡੇ ਘਰ ਲੱਗੀ ਹੁੰਦੀ ਸੀ। ਕਈ ਸਾਲ ਪਹਿਲਾਂ ਸਾਡੇ ਮਕਾਨ ਸੜ੍ਹ ਗਏ ਸਨ ਅਤੇ ਤਸਵੀਰ ਵੀ ਉਸੇ ਅੱਗ ਵਿੱਚ ਸੜ ਗਈ ਸੀ।"
ਇਤਿਹਾਸ ਦੀ ਗਵਾਹ ਜੰਗੀ ਯਾਦਗਾਰ
ਪਹਿਲੇ ਵਿਸ਼ਵ ਯੁੱਧ ਵਿੱਚ ਲੜ੍ਹ ਵਾਲੇ ਨੌਜਵਾਨਾਂ ਦੀ ਯਾਦ ਵਿੱਚ ਢੋਲਬਾਹਾ ਪਿੰਡ ਵਿੱਚ ਇੱਕ ਜੰਗੀ ਯਾਦਗਾਰ ਬਣੀ ਹੋਈ ਹੈ। ਇਸ ਯਾਦਗਾਰ ਦੇ ਥੰਮ੍ਹਾਂ ਉੱਤੇ ਪਹਿਲੇ ਵਿਸ਼ਵ ਯੁੱਧ ਵਿੱਚ ਮਰਨ ਵਾਲੇ ਨੌਜਵਾਨਾਂ ਦੇ ਨਾਮ ਅਤੇ ਜੰਗ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਲਿਖੀ ਹੋਈ ਹੈ।
ਇਸ ਜੰਗੀ ਯਾਦਗਾਰ ਦੀ ਸੰਭਾਲ ਵਾਸਤੇ ਪਿੰਡ ਵਾਲਿਆਂ ਨੇ ਇੱਕ ਕਮੇਟੀ ਬਣਾਈ ਹੋਈ ਹੈ, ਜਿਹੜੀ ਪਿਛਲੇ ਕਈ ਸਾਲਾਂ ਤੋਂ ਯਾਦਗਾਰ ਦੀ ਸਾਂਭ-ਸੰਭਾਲ ਕਰ ਰਹੀ ਹੈ। ਸੇਵਾਮੁਕਤ ਸੂਬੇਦਾਰ ਮੇਜਰ ਸ਼ਕਤੀ ਸਿੰਘ ਇਸ ਕਮੇਟੀ ਦੇ ਪ੍ਰਧਾਨ ਹਨ।
ਉਨ੍ਹਾਂ ਦੱਸਿਆ ਕਿ ਸਾਲ 1919-20 ਵਿੱਚ ਪਿੰਡ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਯਾਦਗਾਰ ਬਣਾਈ ਗਈ ਸੀ। ਇਸ ਯਾਦਗਾਰ ਵਿੱਚ ਇੱਕ ਪੱਥਰ ਦੀ ਤਖ਼ਤੀ ਉੱਤੇ ਆਪਣੀ ਜਾਨ ਗਵਾਉਣ ਵਾਲੇ ਨੌਜਵਾਨਾਂ ਦੇ ਨਾਲ ਉੱਕਰੇ ਗਏ ਸਨ। ਨਾਲ ਹੀ ਜੰਗ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਉੱਕਰੀ ਗਈ ਸੀ।
ਸ਼ਕਤੀ ਸਿੰਘ ਦੱਸਦੇ ਹਨ, "ਪਹਿਲਾਂ ਇੱਕ ਨਿੱਜੀ ਸਕੂਲ ਵਿੱਚ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਇੱਕ ਨਿੱਕੀ ਜਿਹੀ ਯਾਦਗਾਰ ਬਣਾਈ ਗਈ ਸੀ। ਮਗਰੋਂ ਉੱਥੇ ਡੈਮ ਬਣਨ ਕਰਕੇ ਪਿੰਡ ਵਿੱਚ ਨਵੀਂ ਜਗ੍ਹਾ ਉੱਤੇ ਯਾਦਗਾਰ ਬਣਾਈ ਗਈ। ਨਵੀਂ ਯਾਦਗਾਰ ਵਿੱਚ ਪੁਰਾਣੀ ਯਾਦਗਾਰ ਵਾਲੇ ਪੱਥਰਾਂ ਨੂੰ ਸੰਭਾਲ ਕੇ ਉਸੇ ਤਰ੍ਹਾਂ ਲਗਾਇਆ ਗਿਆ।"
"ਪਲੇਕ ਆਫ਼ ਰੀਮੈਂਮਬਰੰਸ"

ਫੌਜੀ ਇਤਿਹਾਸ ਦੇ ਜਾਣਕਾਰ ਮਨਦੀਪ ਬਾਜਵਾ ਕਹਿੰਦੇ ਹਨ, "ਇਹ ਪਿੰਡ ਬਹੁਤ ਮਸ਼ਹੂਰ ਹੈ। ਪਿੰਡ ਵਿੱਚ ਬਣੇ ਜੰਗੀ ਯਾਦਗਾਰ ਵਿੱਚ ਲੱਗੀ ਪਲੇਕ ਆਫ਼ ਰੀਮੈਂਮਬਰੰਸ (ਪੱਥਰ ਦੀ ਯਾਦਗਾਰ ਤਖ਼ਤੀ) ਇਸਦੀ ਗਵਾਹ ਹੈ।"
"ਪਹਿਲੇ ਵਿਸ਼ਵ ਯੁੱਧ ਮਗਰੋਂ ਅੰਗਰੇਜ਼ਾਂ ਨੇ ਉਨ੍ਹਾਂ ਸਾਰੇ ਪਿੰਡਾਂ ਨੂੰ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਸੀ, ਜਿਹੜੇ ਪਿੰਡਾਂ ਦੇ ਨੌਜਵਾਨ ਵਿਸ਼ਵ ਯੁੱਧ ਵਿੱਚ ਲੜੇ ਸਨ। ਇਨ੍ਹਾਂ ਪਿੰਡਾਂ ਨੂੰ ਮਾਨਤਾ ਦੇਣ ਲਈ ਯਾਦਗਾਰੀ ਤਖ਼ਤੀਆਂ ਲਗਾਈਆਂ ਗਈਆਂ ਸਨ। ਇਹਨਾਂ ਯਾਦਗਾਰੀ ਤਖ਼ਤੀਆਂ ਉੱਤੇ ਪਿੰਡਾਂ ਦੇ ਵਿਸ਼ਵ ਯੁੱਧ ਵਿੱਚ ਦਿੱਤੇ ਯੋਗਦਾਨ ਬਾਰੇ ਲਿਖਿਆ ਗਿਆ ਸੀ।"
"ਇਹਨਾਂ ਤਖ਼ਤੀਆਂ ਦੇ ਦੋਵੇਂ ਸਿਰਿਆਂ ਉੱਪਰ ਦੋ ਤਾਰੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ 'ਸਟਾਰ ਆਫ਼ ਡੇਵਿਡ' ਆਖਿਆ ਜਾਂਦਾ ਹੈ। ਇਹ ਦੋ ਤਾਰੇ ਅਤੇ ਪੱਥਰਾਂ ਉੱਤੇ ਲਿਖਾਈ ਦੀ ਸ਼ੈਲੀ, ਅੰਗਰੇਜ਼ਾਂ ਨੂੰ ਪਿੰਡ ਦੇ ਯੋਗਦਾਨ ਨੂੰ ਮਾਨਤਾ ਦੇਣ ਦਾ ਸਬੂਤ ਹੈ।"
ਬਾਜਵਾ ਆਖਦੇ ਹਨ, "ਕਈ ਕਾਰਨਾਂ ਕਰਕੇ ਅੰਗਰੇਜ਼ ਸਾਰੇ ਪਿੰਡਾਂ ਨੂੰ ਮਾਨਤਾ ਨਹੀਂ ਦੇ ਸਕੇ। ਹਾਲਾਂਕਿ ਉਨ੍ਹਾਂ ਨੇ ਵਿਸ਼ਵ ਜੰਗ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਪਿੰਡਾਂ ਵਿੱਚ ਅਜਿਹੀਆਂ ਤਖ਼ਤੀਆਂ ਲਗਾਉਣ ਦਾ ਫ਼ੈਸਲਾ ਕੀਤਾ ਸੀ।"
ʼਫ਼ੌਜੀਆਂ ਦਾ ਪਿੰਡʼ
ਬਹਾਦਰੀ, ਜਜ਼ਬੇ ਅਤੇ ਹੌਂਸਲੇ ਦੀ ਕਹਾਣੀ, ਇਸ ਪਿੰਡ ਦੇ ਕਿਸੇ ਇੱਕ ਪਰਿਵਾਰ ਦੀ ਨਹੀਂ ਹੈ, ਸਗੋਂ ਹਰ ਘਰ ਦੀ ਕਹਾਣੀ ਹੈ।
ਪਿੰਡ ਦੇ ਸਰਪੰਚ ਮੰਗਤ ਰਾਮ ਦੇ ਪਿਤਾ ਵੀ ਸਾਬਕਾ ਫੌਜੀ ਸਨ ਅਤੇ ਉਨ੍ਹਾਂ ਦੀ ਨੌਕਰੀ ਦੌਰਾਨ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਸਰਪੰਚ ਮੰਗਤ ਰਾਮ ਦੱਸਦੇ ਹਨ ਕਿ ਪਿੰਡ ਵਿੱਚ 623 ਘਰ ਹਨ। ਪਿੰਡ ਵਿੱਚ 317 ਸੇਵਾਮੁਕਤ ਫ਼ੌਜੀ ਅਤੇ 306 ਦੇ ਆਸ-ਪਾਸ ਨੌਜਵਾਨ ਮੌਜੂਦਾ ਸਮੇਂ ਫੌਜ ਦੀ ਨੌਕਰੀ ਕਰ ਰਹੇ ਹਨ।
ਉਹ ਦੱਸਦੇ ਹਨ, "ਹਰ ਘਰ ਵਿੱਚ ਸੇਵਾਮੁਕਤ ਜਾਂ ਸਰਵਿੰਗ ਫੌਜੀ ਹੈ। ਮੇਰੇ ਪਿਤਾ ਵੀ ਫੌਜ ਵਿੱਚ ਸਨ। ਸਾਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਾਡੇ ਪਿੰਡ ਨੂੰ ਫ਼ੌਜੀਆਂ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਪਿੰਡ ਵਿੱਚੋਂ ਇੰਨੇ ਬੰਦੇ ਵਿਸ਼ਵ ਯੁੱਧ ਵਿੱਚ ਜਾਣੇ ਬਹੁਤ ਫ਼ਖਰ ਵਾਲੀ ਗੱਲ ਹੈ। ਇਹ ਇਸ ਪਿੰਡ ਦਾ ਸ਼ਾਨਦਾਰ ਇਤਿਹਾਸ ਹੈ।"
ਸਰਪੰਚ ਮੰਗਤ ਰਾਮ ਕਹਿੰਦੇ ਹਨ, "ਸਾਨੂੰ ਮਾਣ ਵੀ ਮਹਿਸੂਸ ਹੁੰਦਾ ਹੈ। ਪਰ ਜਿਸ ਪਰਿਵਾਰ ਦਾ ਮੈਂਬਰ ਸ਼ਹੀਦ ਹੁੰਦਾ ਹੈ, ਉਸ ਪਰਿਵਾਰ ਉੱਤੇ ਕੀ ਬੀਤਦੀ ਹੈ, ਉਹ ਹੀ ਜਾਣਦਾ ਹੈ।"
ਪਹਿਲੇ ਵਿਸ਼ਵ ਯੁੱਧ ਵਿੱਚ ਜਾਨ ਗਵਾਉਣ ਵਾਲੇ ਹੌਲਦਾਰ ਧੀਰਜ ਦੀ ਤੀਜੀ ਅਤੇ ਚੌਥੀ ਪੀੜ੍ਹੀ ਦੇ ਨੌਜਵਾਨਾਂ ਨੇ ਵੀ ਭਾਰਤੀ ਸੁਰੱਖਿਆ ਬਲਾਂ ਵਿੱਚ ਆਪਣਾ ਯੋਗਦਾਨ ਦਿੱਤਾ ਹੈ।
ਨਿਰਮਲ ਸਿੰਘ ਨੇ ਦੱਸਿਆ, "ਮੇਰੇ ਵੱਡੇ ਭਰਾ ਲਾਂਸ ਨਾਇਕ ਅਤੇ ਭਤੀਜਾ ਸੂਬੇਦਾਰ ਵਜੋਂ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਹਨ ਜਦਕਿ ਇੱਕ ਭਤੀਜਾ ਬੀਐੱਸਐੱਫ ਵਿੱਚ ਹੌਲਦਾਰ ਵਜੋਂ ਤੈਨਾਤ ਹੈ।"

ਹਥਿਆਰਬੰਦ ਕਾਰਵਾਈਆਂ ਵਿੱਚ ਪਿੰਡ ਦਾ ਯੋਗਦਾਨ
- ਐਗਲੋ-ਅਫ਼ਗ਼ਾਨ ਯੁੱਧ ਵਿੱਚ 2 ਮੌਤਾਂ
- 73 ਨੌਜਵਾਨਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ
- 8 ਨੌਜਵਾਨਾਂ ਦੀ ਪਹਿਲੇ ਵਿਸ਼ਵ ਯੁੱਧ ਵਿੱਚ ਜਾਨ ਗਈ
- 2 ਨੌਜਵਾਨਾਂ ਦੀ ਦੂਜੇ ਵਿਸ਼ਵ ਯੁੱਧ ਵਿੱਚ ਜਾਨ ਗਈ
- 2 ਨੌਜਵਾਨ 1971 ਦੇ ਯੁੱਧ ਵਿੱਚ ਸ਼ਹੀਦ ਹੋਏ
- 1 ਨੌਜਵਾਨ ਸਾਲ 1995 ਵਿੱਚ ਅਪਰੇਸ਼ਨ 'ਰਕਸ਼ਕ' ਵਿੱਚ ਸ਼ਹੀਦ ਹੋਇਆ
- 1 ਜਵਾਨ ਕਾਰਗਿਲ ਦੀ ਜੰਗ ਵਿੱਚ ਜ਼ਖਮੀ ਹੋਇਆ

ਹਥਿਆਰਬੰਦ ਫੌਜਾਂ ਨੂੰ ਚੁਣਨ ਦਾ ਕੀ ਕਾਰਨ
ਜੰਗੀ ਯਾਦਗਾਰ ਦੀ ਕਮੇਟੀ ਦੇ ਪ੍ਰਧਾਨ ਸੇਵਾਮੁਕਤ ਸੂਬੇਦਾਰ ਮੇਜਰ ਸ਼ਕਤੀ ਸਿੰਘ ਕਹਿੰਦੇ ਹਨ ਕਿ ਪਿੰਡ ਵਾਸੀਆਂ ਵੱਲੋਂ ਹਥਿਆਰਬੰਦ ਫੌਜਾਂ ਨੂੰ ਚੁਣਨ ਪਿੱਛੇ ਰੁਜ਼ਗਾਰ ਅਤੇ ਦੇਸ਼ ਪ੍ਰੇਮ ਦੀ ਭਾਵਨਾ ਮੁੱਖ ਕਾਰਨ ਹਨ।
"ਪਿੰਡ ਵਿੱਚ ਰੁਜ਼ਗਾਰ ਦੇ ਬਹੁਤੇ ਸਾਧਨ ਨਹੀਂ ਹਨ। ਕੰਢੀ ਏਰੀਏ ਹੋਣ ਕਰਕੇ ਇੱਥੇ ਖੇਤੀਬਾੜੀ ਦੇ ਮੌਕੇ ਵੀ ਬਿਲਕੁਲ ਘੱਟ ਹਨ। ਫੌਜ ਦੀ ਨੌਕਰੀ ਹੀ ਰੁਜ਼ਗਾਰ ਦਾ ਮੁੱਖ ਸਾਧਨ ਹੈ। ਦੇਸ਼ ਪ੍ਰੇਮ ਅਤੇ ਦੇਸ਼ ਦੀ ਸੇਵਾ ਦੀ ਭਾਵਨਾ ਨੇ ਵੀ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿੱਚ ਜਾਣ ਲਈ ਪ੍ਰੇਰਿਆ। ਇਸ ਤੋਂ ਹੌਲੀ-ਹੌਲੀ ਇਹ ਇੱਕ ਰੁਝਾਨ ਵੀ ਬਣ ਗਿਆ।"
ਉਹ ਕਹਿੰਦੇ ਹਨ ਕਿ ਪਹਿਲਾਂ ਉਚੇਰੀ ਸਿੱਖਿਆ ਤੱਕ ਪਿੰਡ ਵਾਸੀਆਂ ਦੀ ਘੱਟ ਪਹੁੰਚ ਸੀ। ਕਾਲਜ ਦੂਰ-ਦੁਰਾਡੇ ਹੋਣ ਕਰ ਕੇ ਪਿੰਡ ਵਾਸੀ ਉਚੇਰੀ ਸਿੱਖਿਆ ਤੋਂ ਵਾਂਝੇ ਰਹਿੰਦੇ ਸਨ।
ਸਰਪੰਚ ਮੰਗਤ ਰਾਮ ਕਹਿੰਦੇ ਹਨ, "ਇਸ ਕੰਢੀ ਇਲਾਕੇ ਵਿੱਚ ਰੁਜ਼ਗਾਰ ਘੱਟ ਸੀ। ਇਸ ਕਰਕੇ ਦਸਵੀਂ ਜਮਾਤ ਮਗਰੋਂ ਕਰ ਕੇ ਲੋਕ ਆਰਮੀ ਵਿੱਚ ਜਾਣਾ ਪਸੰਦ ਕਰਦੇ ਸੀ। ਆਰਮੀ ਵਿੱਚ ਜ਼ਿੰਦਗੀ ਵਿੱਤੀ ਰੂਪ ਵਿੱਚ ਸੁਰੱਖਿਅਤ ਹੈ ਅਤੇ ਸਮਾਜ ਵਿੱਚ ਇੱਜ਼ਤ ਮਾਣ ਵੀ ਵੱਧ ਜਾਂਦਾ ਹੈ। ਇਸ ਕਰਕੇ ਪਹਿਲ ਫੌਜ ਨੂੰ ਦਿੰਦੇ ਹਨ।"

ਜੰਗੀ ਯਾਦਗਾਰ ਨੂੰ ਗੋਦ ਲਿਆ
ਸੇਵਾ ਮੁਕਤ ਮੇਜਰ ਜਨਰਲ ਬਲਵਿੰਦਰ ਸਿੰਘ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਹੇਰੀਟੇਜ ਨਾਮ ਦੀ ਸੰਸਥਾ ਵੱਲੋਂ ਪੰਜਾਬ ਦੇ ਮੁਖੀ ਹਨ। ਉਹ ਪੰਜਾਬ ਵਿੱਚ ਇਤਿਹਾਸਕ ਅਤੇ ਜੰਗੀ ਯਾਦਗਰਾਂ ਦੀ ਸੰਭਾਲ ਲਈ ਕੰਮ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਢੋਲਬਾਹਾ ਪਿੰਡ ਦੀ ਜੰਗੀ ਯਾਦਗਾਰ ਨੂੰ ਗੋਦ ਲੈ ਲਿਆ ਹੈ ਅਤੇ ਹੁਣ ਉਨ੍ਹਾਂ ਦੀ ਸੰਸਥਾ ਇਸ ਯਾਦਗਾਰ ਦੀ ਸਾਂਭ ਸੰਭਾਲ ਕਰੇਗੀ।
"ਅਸੀਂ ਇੱਕ ਨਿੱਜੀ ਸਕੂਲ ਦੀ ਮਦਦ ਨਾਲ ਇਸ ਪਿੰਡ ਜੀ ਜੰਗੀ ਯਾਦਗਾਰ ਦੀ ਦੇਖਰੇਖ ਕਰਾਂਗੇ।"
ਹੁਸ਼ਿਆਰਪੁਰ ਜ਼ਿਲ੍ਹੇ ਦੇ ਰੱਖਿਆ ਭਲਾਈ ਅਫ਼ਸਰ ਸੇਵਾ ਮੁਕਤ ਲੈਫ਼ਟੀਨੈਂਟ ਕਰਨਲ ਸਰਬਜੀਤ ਸੈਣੀ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























