ਚੰਦਰਯਾਨ-3 ਵੱਲੋਂ ਚੰਨ ਦੀ ਮਿੱਟੀ ਤੇ ਉੱਥੇ ਆਉਂਦੇ ਭੂਚਾਲ ਦੇ ਝਟਕਿਆਂ ਸਣੇ ਇਹ ਅਹਿਮ ਜਾਣਕਾਰੀਆਂ ਦਿੱਤੀਆਂ

ਚੰਦਰਯਾਨ-3

ਤਸਵੀਰ ਸਰੋਤ, ISRO

    • ਲੇਖਕ, ਨੰਦਿਨੀ ਵੇਲੈਸਾਮੀ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

23 ਅਗਸਤ 2023 ਨੂੰ ਸਾਰਾ ਕੌਮਾਂਤਰੀ ਭਾਈਚਾਰਾ ਭਾਰਤ ਦੀ ਇੱਕ ਵਰਣਨਯੋਗ ਪ੍ਰਾਪਤੀ ਦੀ ਸ਼ਲਾਘਾ ਕਰ ਰਿਹਾ ਸੀ।

ਪਿਛਲੇ ਸਾਲ ਭਾਰਤ ਸਰਕਾਰ ਨੇ ਇਸ ਦਿਨ ਨੂੰ ਕੌਮੀ ਪੁਲਾੜ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਤਾਂਜੋ ਚੰਦਰਯਾਨ-3 ਦੀ ਸਫ਼ਲਤਾ ਨੂੰ ਯਾਦ ਰੱਖਿਆ ਜਾ ਸਕੇ। ਇਸੇ ਦਿਨ ਭਾਰਤ ਸਰਕਾਰ ਨੇ ਕਿਹਾ ਸੀ ਕਿ ਚੰਦਰਯਾਨ ਤੋਂ ਮਿਲਣ ਵਾਲੀ ਜਾਣਕਾਰੀ ਜਨਤਕ ਕੀਤੀ ਜਾਵੇਗੀ।

ਉਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਚੰਦਰਯਾਨ-3 ਦੀਆਂ ਪ੍ਰਾਪਤੀਆਂ ਕੀ ਸਨ ਅਤੇ ਪੁਲਾੜ ਖੋਜ ਦੇ ਖੇਤਰ ਵਿੱਚ ਉਨ੍ਹਾਂ ਦੀ ਯੋਗਦਾਨ ਕੀ ਹੈ।

ਚੰਦਰਯਾਨ-3 ਦੇ ਪ੍ਰੋਜੈਕਟ ਡਾਇਰੈਕਟਰ ਵੀਰਾਮੁਥੂਵੇਲ ਨੇ ਇਸ ਬਾਰੇ ਬੀਬੀਸੀ ਤਮਿਲ ਨੂੰ ਦੱਸਿਆ। ਟੀਵੀ ਵੈਂਕਟੇਸ਼ਵਰਨ ਇਸਰੋ ਵਿੱਚ ਇੱਕ ਸੀਨੀਅਰ ਵਿਗਿਆਨੀ ਅਤੇ ਪ੍ਰੋਫੈਸਰ ਹਨ, ਜਿਨ੍ਹਾਂ ਨੇ ਚੰਦਰਯਾਨ-3 ਦੀਆਂ ਖੋਜਾਂ ਨੂੰ ਸਾਡੇ ਲਈ ਲਿਖਿਆ ਹੈ—

ਭਾਰਤ ਦੀ ਪੁਲਾੜ ਵਿੱਚ ਪ੍ਰਾਪਤੀ

ਪਿਛਲੇ ਸਾਲ 23 ਅਗਸਤ ਨੂੰ ਚੰਦਰਯਾਨ-3 ਵਿਕਰਮ ਲੈਂਡਰ ਸਪੇਸਕ੍ਰਾਫਟ ਸਫ਼ਲਤਾਪੂਰਬਕ ਚੰਦ ਉੱਤੇ ਉਤਰਿਆ। ਜਿਵੇਂ ਹੀ ਚੰਦਰਯਾਨ-3 ਨੇ ਚੰਦ ਦੀ ਸਤਹਿ ਨੂੰ ਛੂਹਿਆ, ਇਸਰੋ ਦੇ ਵਿਗਿਆਨੀਆਂ ਨੇ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਅਤੇ ਖੁਸ਼ੀ ਮਨਾਈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ਭਾਰਤ ਚੰਦ ਦੇ ਦੱਖਣੀ ਧਰੁਵ ਦੇ ਨਜ਼ਦੀਕ ਉਤਰਨ ਕਰਨ ਵਾਲਾ ਪਹਿਲਾ ਦੇਸ ਬਣ ਗਿਆ।

ਇਸ ਦੇ ਨਾਲ ਹੀ ਭਾਰਤ ਆਮਰੀਕਾ, ਸਾਬਕਾ ਸੋਵੀਅਤ ਯੂਨੀਅਨ ਅਤੇ ਚੀਨ ਦੇ ਉਸ ਗੁੱਟ ਦਾ ਮੈਂਬਰ ਬਣ ਗਿਆ ਜਿਨ੍ਹਾਂ ਨੇ ਚੰਦ ਉੱਤੇ ਆਪਣੇ ਯਾਨ ਭੇਜਣੇ ਹਨ।

ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਹੁਤ ਸਫ਼ਲ ਅਭਿਆਨ

ਚੰਦਰਯਾਨ-3 ਦੇ ਦੋ ਮੁੱਖ ਹਿੱਸੇ ਸਨ- ਵਿਕਰਮ ਲੈਂਡਰ ਅਤੇ ਪਰੱਗਿਆਨ।

ਵੀਰਾਮੁਥੁਵੇਲ ਮਿਸ਼ਨ ਡਾਇਰੈਕਟਰ ਚੰਦਰਯਾਨ-3 ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਇਸ ਮਿਸ਼ਨ ਵਿੱਚ ਚੰਦ ਉੱਤੇ ਭੇਜੇ ਗਏ ਉਪਕਰਣਾਂ ਨੇ ਸਿਰਫ਼ 11 ਦਿਨਾਂ ਦੇ ਅੰਦਰ “ਕਈ ਮਹੱਤਵਪੂਰਨ ਖੋਜਾਂ” ਕੀਤੀਆਂ ਹਨ।

ਉਨ੍ਹਾਂ ਨੇ ਕਿਹਾ, ਚੰਦਰਯਾਨ-3 ਦੀਆਂ ਕਈ ਪ੍ਰਾਪਤੀਆਂ ਹਨ ਜੋ ਸਾਡੀ ਸੋਚ ਤੋਂ ਵੀ ਜ਼ਿਆਦਾ ਹਨ। ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਬੇਹੱਦ ਸਫ਼ਲ ਪ੍ਰੋਜੈਕਟ ਹੈ। ਦੱਖਣੀ ਧਰੁਵ ਉੱਤੇ ਉਤਰਨਾ ਇੱਕ ਵੱਡੀ ਸਫ਼ਲਤਾ ਸੀ।”

ਚੰਦਰਯਾਨ-3 ਨੇ ਬਹੁਤ ਸਾਰੀ ਵਿਗਿਆਨਕ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਦੱਸਿਆ, “ਦੋ ਉਪਕਰਣ ਰੋਵਰ ਦੇ ਉੱਪਰ ਅਤੇ ਤਿੰਨ ਲੈਂਡਰ ਦੇ ਉੱਤੇ ਲਾਏ ਗਏ ਸਨ। ਇਨ੍ਹਾਂ ਨੇ ਚੰਦ ਦੀ ਸਤਹਿ ਉੱਤੇ ਮਿਲਣ ਵਾਲੇ ਰਸਾਇਣਾਂ ਚੰਦ ਦੀ ਮਿੱਟੀ, ਤਾਪਮਾਨ, ਪਲਾਜ਼ਮਾ ਅਤੇ ਸਿਸਮਿਕ ਕਿਰਨਾਂ ਬਾਰੇ ਮੁੱਲਵਾਨ ਜਾਣਕਾਰੀ ਭੇਜੀ ਹੈ। ਪਹਿਲੀ ਵਾਰ ਚੰਦਰਯਾਨ-3 ਅਜਿਹਾ ਕੀਤਾ ਹੈ ਪਹਿਲਾਂ ਕਿਸੇ ਹੋਰ ਨੇ ਅਜਿਹਾ ਨਹੀਂ ਕੀਤਾ।”

ਇਸ ਨੇ ਕਿਵੇਂ ਕੰਮ ਕੀਤਾ?

ਟੀਵੀ ਵੈਂਕਟੇਸ਼ਵਰਨ
ਤਸਵੀਰ ਕੈਪਸ਼ਨ, ਟੀਵੀ ਵੈਂਕਟੇਸ਼ਵਰਨ

ਸੀਨੀਅਰ ਵਿਗਿਆਨੀ ਟੀਵੀ ਰਾਮਾਚੰਦਰਨ ਨੇ ਬੀਬੀਸੀ ਤਮਿਲ ਨੂੰ ਚੰਦਰਯਾਨ-3 ਦੀਆਂ ਖੋਜਾਂ ਬਾਰੇ ਤਫ਼ਸੀਲ ਵਿੱਚ ਦੱਸਿਆ ਕਿ ਇਸ ਨਾਲ ਚੰਦ ਦੀ ਖੋਜ ਨੇ ਕਿਵੇਂ ਗਤੀ ਫੜੀ ਹੈ।

ਉਨ੍ਹਾਂ ਨੇ ਕਿਹਾ, ਜਿਵੇਂ ਕੋਈ ਕੰਗਾਰੂ ਆਪਣੇ ਪੇਟ ਦੀ ਥੈਲੀ ਵਿੱਚ ਬੱਚਾ ਲੈ ਕੇ ਚੱਲਦਾ ਹੈ। ਵਿਕਰਮ ਲੈਂਡਰ 23 ਅਗਸਤ 2024 ਨੂੰ ਰੋਵਰ ਆਪਣੇ ਪੇਟ ਵਿੱਚ ਰੋਵਰ ਲੈ ਕੇ ਚੰਦ ਉੱਤੇ ਉੱਤਰਿਆ।

“ਉਤਰਨ ਸਮੇਂ ਸੂਰਜ ਚੰਦ ਦੇ ਪੂਰਬੀ ਦਿੱਸਹਦੇ ਤੋਂ ਛੇ ਡਿਗਰੀ ਉੱਤੇ ਸੀ। ਇਹ ਚੰਦ ਉੱਤੇ ਸੂਰਜ ਦੇ ਉੱਗਣ ਮਗਰੋਂ ਉੱਤਰਿਆ। ਸਪੇਸਕ੍ਰਾਫਟ ਉੱਥੇ 11 ਦਿਨਾਂ ਤੱਕ ਰਿਹਾ ਜਦੋਂ ਤੱਕ ਕਿ ਸੂਰਜ ਪੱਛਮ ਵਿੱਚ ਜਾ ਕੇ ਅਸਤ ਨਹੀਂ ਗਿਆ।”

ਵਿਕਰਮ ਲੈਂਡਰ, ਪਰੱਗਿਆਨ ਅਤੇ ਉਨ੍ਹਾਂ ਉੱਤੇ ਲੱਗੇ ਹੋਏ ਲੋੜੀਂਦੇ ਉਪਕਰਣਾਂ ਨੂੰ ਕੰਮ ਕਰਨ ਲਈ ਬਿਜਲੀ ਦੀ ਲੋੜ ਹੈ। ਉਨ੍ਹਾਂ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਿਜਲੀ ਹਾਸਲ ਕੀਤੀ।

ਟੀਵੀ ਵੈਂਕਟੇਸ਼ਵਰਨ ਨੇ ਦੱਸਿਆ, “ਸੂਰਜ ਚੜ੍ਹਨ ਸਮੇਂ ਇਸਦਾ ਤਾਪਮਾਨ 50-60 ਡਿਗਰੀ ਹੁੰਦਾ ਹੈ। ਉਸੇ ਸਮੇਂ ਜੇ ਸੂਰਜ ਛਿਪ ਜਾਂਦਾ ਹੈ ਤਾਂ ਇਹ ਜਮਾ ਦੇਣ ਵਾਲਾ 100 ਦਰਜੇ ਠੰਢਾ ਹੋ ਜਾਂਦਾ ਹੈ। ਬਿਜਲੀ ਦੇ ਉਪਕਰਣ ਇਸ ਠੰਢ ਨੂੰ ਸਹਿਣ ਨਹੀਂ ਕਰ ਸਕਦੇ। ਇਸ ਕਾਰਨ ਦੋ ਉਪਕਰਣ ਸਿਰਫ਼ 11 ਦਿਨ ਹੀ ਕੰਮ ਕਰਦੇ ਰਹਿ ਸਕੇ ਜਦੋਂ ਢੁਕਵੀਂ ਮਾਤਰਾ ਵਿੱਚ ਸੂਰਜ ਦੀ ਧੁੱਪ ਮਿਲ ਰਹੀ ਸੀ। ਇਸ ਲਈ ਇਸਰੋ ਨੇ ਇਨ੍ਹਾਂ ਦੋ ਵਾਹਨਾਂ ਨੂੰ ਡੂੰਘੀ ਨੀਂਦ (ਹਾਈਬਰਨੇਸ਼ਨ) ਵਿੱਚ ਭੇਜ ਦਿੱਤਾ।”

ਲੇਕਿਨ ਇਨ੍ਹਾਂ 11 ਦਿਨਾਂ ਦੇ ਸੀਮਤ ਅੰਦਰ ਹੀ ਬਹੁਤ ਅਹਿਮ ਪ੍ਰਾਪਤੀਆਂ ਕੀਤੀਆਂ ਗਈਆਂ।

ਪਰੱਗਿਆਨ ਰੋਵਰ 11 ਦਿਨਾਂ ਵਿੱਚ 103 ਮੀਟਰ ਘੁੰਮਿਆ, 23 ਥਾਵਾਂ ਉੱਤੇ ਰੁਕਿਆ ਅਤੇ ਖੋਜ ਕਾਰਜ ਕਰਕੇ ਅੱਗੇ ਵਧ ਗਿਆ।

ਚੰਦਰਯਾਨ-3 ਦੀਆਂ ਪੰਜ ਅਹਿਮ ਖੋਜਾਂ ਇਸ ਤਰ੍ਹਾਂ ਹਨ—

ਚੰਦਰਯਾਨ-3

ਤਸਵੀਰ ਸਰੋਤ, ISRO

ਸਲਫਰ ਦੀ ਖੋਜ ਦੇ ਕੀ ਮਾਅਨੇ ਹਨ?

ਰੋਵਰ ਦੋ ਖੋਜ ਉਪਕਰਨ ਸਨ-

ਅਲਫ਼ਾ ਪਾਰਟੀਕਲ ਐਕਸ-ਰੇ ਸਪੈਕਟੋਮੀਟਰ (ਏਪੀਐੱਕਸਐੱਸ)

ਲੈਜ਼ਰ ਇੰਡਿਊਸਡ ਬਰੇਕਡਾਊਨ ਸਪੈਕਟੋਮੀਟਰ (ਐੱਲਆਈਬੀਐੱਸ)

ਨਾਮ ਤੋਂ ਹੀ ਪਤਾ ਲਗਦਾ ਹੈ ਕਿ ਪਹਿਲਾ ਐਕਸ-ਰੇ ਕਿਰਨਾਂ ਅਤੇ ਦੂਜਾ ਲੇਜ਼ਰ ਕਿਰਨਾਂ ਛੱਡਦਾ ਹੈ। ਚੰਦ ਦੀ ਸਤਿਹ ਉੱਤੇ ਪਏ ਖਣਿਜ ਵੀ ਮੋੜਵੀਆਂ ਕਿਰਨਾਂ ਛੱਡਦੇ ਹਨ। ਹਰ ਖਣਿਜ ਵੱਲੋਂ ਮੋੜੀਆਂ ਗਈਆਂ ਕਿਰਨਾਂ ਦਾ ਅਕਾਰ ਵੱਖ-ਵੱਖ ਹੁੰਦਾ ਹੈ।

ਇਸ ਲਈ ਇਨ੍ਹਾਂ ਕਰਿਨਾਂ ਦਾ ਸਪੈਕਟਰਲ ਵਿਸ਼ਲੇਸ਼ਣ ਚੰਦ ਉੱਤੇ ਮੌਜੂਦ ਤੱਤਾਂ ਬਾਰੇ ਬਹੁਤ ਕੁਝ ਦੱਸ ਸਕਦਾ ਹੈ।

ਤੱਤਾਂ ਨੂੰ ਛੂਹ ਕੇ ਵਾਪਸ ਆਈਆਂ ਕਿਰਨਾਂ ਦਾ ਸਪੈਕਟਰੋਮੀਟਰ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

ਇਨ੍ਹਾਂ ਦੋਵਾਂ ਉਪਕਰਣਾਂ ਤੋਂ ਮਿਲੀ ਜਾਣਕਾਰੀ ਦੇ ਸੰਸ਼ਲੇਸ਼ਣ ਜ਼ਰੀਏ ਕਈ ਤੱਤਾਂ ਜਿਵੇਂ ਐਲੂਮੀਨੀਅਮ, ਕੈਲਸ਼ੀਅਮ, ਟਾਈਟੇਨੀਅਮ, ਲੋਹਾ ਅਤੇ ਕੈਲਸੀਅਮ ਤੋਂ ਇਲਾਵਾ ਮੈਗਨੀਜ਼, ਸਿਲੀਕਾਨ ਅਤੇ ਆਕਸੀਜ਼ਨ ਦੀ ਮੌਜੂਦਗੀ ਦਾ ਪਤਾ ਲਾਇਆ ਜਾ ਸਕਦਾ ਹੈ।

ਪਤਾ ਲੱਗਿਆ ਹੈ ਕਿ ਚੰਦ ਦੀ ਸਤਹਿ ਉੱਤੇ ਵੱਡੀ ਮਾਤਰਾ ਵਿੱਚ ਸਲਫ਼ਰ ਮੌਜੂਦ ਹੈ। ਸਲਫ਼ਰ ਉੱਥੇ ਪਾਇਆ ਜਾਂਦਾ ਹੈ ਜਿੱਥੇ ਜਵਾਲਾਮੁਖੀ ਫਟਦੇ ਹੋਣ ਅਤੇ ਲਾਵਾ ਫੈਲਿਆ ਹੋਵੇ।

ਇਸ ਤੋਂ ਇਸਰੋ ਦੇ ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਚੰਦ ਦੇ ਬਚਪਨ ਦੌਰਾਨ ਇਸਦੇ ਦੱਖਣੀ ਧਰੁਵ ਦੇ ਕੋਲ ਜ਼ਰੂਰ ਹੀ ਸਰਗਰਮ ਜਵਾਲਾਮੁਖੀ ਰਹੇ ਹੋਣਗੇ।

ਇਹ ਜਾਣਕਾਰੀ ਨੇਚਰ ਪੱਤਰਿਕਾ ਵਿੱਚ ਪ੍ਰਕਿਸ਼ਤ ਹੋਈ ਹੈ।

ਚੰਦਰਯਾਨ-3

ਤਸਵੀਰ ਸਰੋਤ, ISRO

ਚੰਦ ਉੱਤੇ ਭੂਚਾਲ ਦੇ ਝਟਕੇ

26 ਅਗਸਤ 2023 ਨੂੰ ਚੰਦ ਉੱਤੇ ਅਚਾਨਕ ਇੱਕ ਭੂਚਾਲ ਆਇਆ ਜਿਸ ਨੂੰ ਵਿਕਰਮ ਸਪੇਸਕ੍ਰਾਫਟ ਨੇ ਰਿਕਾਰਡ ਕੀਤਾ। ਇਹ ਚੰਦ ਦੀ ਸਤਹਿ ਵਿੱਚ ਆ ਸਕਣ ਵਾਲੀਆਂ ਹੋਰ ਕੰਬਣੀਆਂ ਨੂੰ ਵੀ ਰਿਕਾਰਡ ਕਰ ਸਕਦਾ ਹੈ।

ਚੰਦ ਜੋ ਕਦੇ ਗਰਮ ਹੋਇਆ ਕਰਦਾ ਸੀ, ਠੰਢ ਕਾਰਨ ਸੁੰਘੜ ਰਿਹਾ ਹੈ। ਇਸ ਕਾਰਨ ਚੰਦ ਦੀ ਸਤਹਿ ਉੱਤੇ ਬਹੁਤ ਸਾਰੀਆਂ ਝੁਰੜੀਆਂ ਪੈ ਰਹੀਆਂ ਹਨ।

ਚੰਦ ਦੇ ਭੁਚਾਲਾਂ ਉੱਤੇ ਖੋਜ ਕਿਉਂ- ਜੇ ਅਸੀਂ ਭਵਿੱਖ ਵਿੱਚ ਚੰਦ ਉੱਤੇ ਬਸਤੀ ਵਸਾਉਣੀ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੂਚਾਲ ਤੋਂ ਬਚਣ ਲਈ ਕਿਸ ਤਰ੍ਹਾਂ ਦੀਆਂ ਇਮਾਰਤਾਂ ਬਣਾਉਣ ਦੀ ਲੋੜ ਹੋਵੇਗੀ।

ਇਹ ਖੋਜ ਇਸ ਵਿੱਚ ਸਾਡੀ ਮਦਦ ਕਰੇਗੀ।

ਚੰਦ ਦੀ ਮਿੱਟੀ ਦਾ ਤਾਪਮਾਨ

ਅਸੀਂ ਜਾਣਦੇ ਹਾਂ ਕਿ ਧਾਤ ਤਾਪ ਦੀ ਚੰਗੀ ਸੁਚਾਲਕ ਹੈ। ਇਸੇ ਤਰ੍ਹਾਂ ਸਾਨੂੰ ਪਤਾ ਹੈ ਕਿ ਰੁੱਖ ਤਾਪ ਦੇ ਕੁਚਾਲਕ ਹਨ। ਚੰਦ ਦੀ ਮਿੱਟੀ ਦੀ ਥਰਮਲ ਕੰਡਕਟੀਵਿਟੀ ਕੀ ਹੈ। ਇਹ ਸਾਨੂੰ ਨਹੀਂ ਪਤਾ।

ਵਿਕਰਮ ਲੈਂਡਰ ਆਪਣੇ ਨਾਲ ਇਸਦਾ ਅਧਿਐਨ ਕਰਨ ਲਈ ਇੱਕ ਉਪਕਰਨ ਲੈ ਕੇ ਗਿਆ ਹੈ। ਇਸ ਨੂੰ ਚੰਦਰਾਜ਼ ਸਰਫੇਸ ਥਰਮੋ-ਫਿਜ਼ੀਕਲ ਐਕਪੈਰੀਮੈਂਟ ਕਿਹਾ ਜਾਂਦਾ ਹੈ।

ਇਹ ਵਿਕਰਮ ਲੈਂਡਰ ਵਿੱਚ ਲਾਇਆ ਗਿਆ ਹੈ। ਲੋੜ ਪੈਣ ਉੱਤੇ ਇਹ ਬਾਹਰ ਨਿਕਲਦਾ ਹੈ, ਚੰਦ ਦੀ ਸਤਹਿ ਉੱਤੇ ਇੱਕ ਸੈਂਟੀਮੀਟਰ ਡਰਿੱਲ ਕਰਦਾ ਹੈ ਅਤੇ ਤਾਪਮਾਨ ਦੀ ਜਾਂਚ ਕਰਦਾ ਹੈ।

ਇਸ ਤਰ੍ਹਾਂ ਤੁਹਾਨੂੰ ਮਿੱਟੀ ਦੀ ਹਰੇਕ ਪਰਤ ਦਾ ਤਾਪਮਾਨ ਪਤਾ ਲੱਗ ਸਕਦਾ ਹੈ। ਮਿਸ਼ਨ ਦੇ ਪਹਿਲੇ ਦਿਨ ਚੰਦ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਗਰਮ ਸੀ।

ਲੇਕਿਨ 88 ਮਿਲੀ ਮੀਟਰ ਹੇਠਾਂ ਇਹ 10 ਡਿਗਰੀ ਠੰਢਾ ਸੀ। ਇਸ ਦਾ ਮਤਲਬ ਹੈ ਚੰਦ ਦੀ ਮਿੱਟੀ ਤਾਪ ਦੀ ਚੰਗੀ ਸੁਚਾਲਕ ਨਹੀਂ ਹੈ।

ਇਸ ਦਾ ਮਤਲਬ ਹੋਇਆ ਕਿ ਜੇ ਭਵਿੱਖ ਵਿੱਚ ਇਸ ਮਿੱਟੀ ਦੀ ਵਰਤੋਂ ਘਰ ਬਣਾਉਣ ਲਈ ਕੀਤੀ ਜਾਂਦੀ ਹੈ ਤਾਂ ਅਜਿਹਾ ਘੱਟ ਊਰਜਾ ਦੀ ਖਪਤ ਨਾਲ ਵੀ ਕੀਤਾ ਜਾ ਸਕੇਗਾ।

ਪਲਾਜ਼ਮਾ ਦੀ ਖੋਜ

ਧਰਤੀ ਉੱਤੇ ਪਦਾਰਥ ਦੇ ਤਿੰਨ ਰੂਪ ਠੋਸ, ਤਰਲ ਅਤੇ ਗੈਸਾਂ ਹਨ। ਲੇਕਿਨ ਪਦਾਰਥ ਦਾ ਇੱਕ ਚੌਥਾ ਪੜਾਅ ਵੀ ਹੈ। ਇਹ ਬਹੁਤ ਦੁਰਲਭ ਹੈ ਅਤੇ ਇਹ ਉਦੋਂ ਪੈਦਾ ਹੁੰਦਾ ਹੈ ਜਦੋਂ ਬਿਜਲੀ ਡਿੱਗਦੀ ਹੈ।

ਲੇਕਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਹੇਠ, ਚੰਦ ਦੀ ਸਤਹਿ ਦੇ ਹੇਠ ਇੱਕ ਪਲਾਜ਼ਮਾ ਵਰਗੀ ਝਿੱਲੀ ਹੈ।

ਸ਼ੁਰੂਆਤੀ ਅਧਿਐਨਾਂ ਨੇ ਦਰਸਾਇਆ ਹੈ ਕਿ ਇਸ ਦੀ ਘਣਤਾ 50 ਲੱਖ ਤੋਂ 30 ਮਿਲੀਅਨ ਇਲੈਕਟਰਾਨ ਪ੍ਰਤੀ ਘਣ ਮੀਟਰ ਹੈ। ਵਿਗਿਆਨੀਆਂ ਨੇ ਇਹ ਵੀ ਅਧਿਐਨ ਕੀਤਾ ਹੈ ਕਿ— ਕੀ ਪਲਾਜ਼ਮਾ ਦੀ ਸੰਘਣਤਾ ਸੂਰਜ ਦਾ ਕੋਣ ਬਦਲਣ ਦੇ ਨਾਲ ਬਦਲਦੀ ਹੈ ਜਾਂ ਨਹੀਂ।

ਚੰਦ ਅਤੇ ਧਰਤੀ ਦੀ ਦੂਰੀ

ਚੰਦਰਯਾਨ-3 ਦੇ ਨਾਲ ਵਿਗਿਆਨੀਆਂ ਨੇ ਇੱਕ ਹੋਰ ਹੈਰਾਨੀਜਨਕ ਉਪਕਰਣ ਭੇਜਿਆ ਹੈ।

ਵਿਕਰਮ ਲੈਂਡਰ ਦੇ ਸਿਰ ਉੱਤੇ ਇੱਕ ਸ਼ੀਸ਼ਾ ਲਾਇਆ ਗਿਆ ਹੈ, ਜਿਸ ਵਿੱਚ ਇੱਕ ਲੇਜ਼ਰ ਰੈਟਰੋ-ਰਿਫਲੈਕਟਰ ਐਰੀ ਹੈ।

ਵਿਗਿਆਨੀ ਇੱਥੋਂ ਧਰਤੀ ਤੋਂ ਚੰਦ ਵੱਲ ਲੇਜ਼ਰ ਕਿਰਨਾਂ ਭੇਜਣਗੇ। ਇਨ੍ਹਾਂ ਕਿਰਨਾਂ ਨੂੰ ਧਰਤੀ ਤੋਂ ਚੰਦ ਤੱਕ ਪਹੁੰਚਣ ਵਿੱਚ ਲੱਗਣ ਵਾਲੇ ਸਮੇਂ ਤੋਂ ਚੰਦ ਅਤੇ ਧਰਤੀ ਦੀ ਦੂਰੀ ਦਾ ਬਹੁਤ ਸਟੀਕ ਅੰਦਾਜ਼ਾ ਲਾਇਆ ਜਾ ਸਕਦਾ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)