ਸਿੱਧੂ ਮੂਸੇਵਾਲਾ ਨਾਲ ‘ਅਟੈਚ’ ਗੀਤ ਕੱਢਣ ਵਾਲੇ ਸਟੀਲ ਬੈਂਗਲਜ਼ ਨੇ ਸਿੱਧੂ ਨਾਲ ‘ਪੱਕੀ ਯਾਰੀ’ ਦੀਆਂ ਬਾਤਾਂ ਸੁਣਾਈਆਂ

ਕੈਨੇਡੀਅਨ ਰੈਪਰ ਬੈਂਗਲਜ਼ ਅਤੇ ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡੀਅਨ ਰੈਪਰ ਬੈਂਗਲਜ਼ ਆਪਣੇ ਨਵੇਂ ਗੀਤ ‘ਅਟੈਚ’ ਨੂੰ ਸਿੱਧੂ ਮੂਸੇਵਾਲਾ ਨੂੰ ਇੱਕ ਸ਼ਰਧਾਂਜਲੀ ਦੱਸਦੇ ਹਨ
    • ਲੇਖਕ, ਹਰਪਾਲ ਬੌਬੀ ਅਤੇ ਮਨੀਸ਼ ਪਾਂਡੇ
    • ਰੋਲ, ਬੀਬੀਸੀ ਏਸ਼ੀਅਨ ਨੈੱਟਵਰਕ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਦੁਨੀਆਂ ਭਰ ’ਚ ਲੱਖਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਪਸੀਜਿਆ ਸੀ।

ਇਸ ਘਟਨਾ ਨੇ ਉਨ੍ਹਾਂ ਦੇ ਕਰੀਬੀਆਂ ਨੂੰ ਬੇਹੱਦ ਝੰਜੋੜਿਆ।

ਮੂਸੇਵਾਲਾ ਦੇ ਦੋਸਤ ਸਟੀਲ ਬੈਂਗਲਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਸੰਗੀਤ ਵੱਲ ਵਾਪਸ ਮੁੜਨ ਲਈ ਕਈ ਮਹੀਨੇ ਲੱਗ ਗਏ।

ਬੈਂਗਲਜ਼ ਆਪਣੇ ਨਵੇਂ ਗੀਤ ‘ਅਟੈਚ’ ਨੂੰ ਸਿੱਧੂ ਮੂਸੇਵਾਲਾ ਨੂੰ ਇੱਕ ਸ਼ਰਧਾਂਜਲੀ ਦੱਸਦੇ ਹਨ। ਸਟੀਲ ਬੈਂਗਲਜ਼ ਮੁਤਾਬਕ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨੂੰ ਚੰਗਾ ਸੰਗੀਤ ਬਣਾਉਣ ਲਈ ਪ੍ਰੇਰਿਤ ਕੀਤਾ ਸੀ।

ਅਟੈਚ ਗਾਣੇ ਨਾਲ ਦਿਖਾਈ ਗਈ ਵੀਡੀਓ ਸਿੱਧੂ ਮੂਸੇਵਾਲਾ ਵਲੋਂ ਫ਼ਿਲਮਾਈ ਗਈ ਆਖ਼ਰੀ ਵੀਡੀਓ ਹੈ। ਹੁਣ ਤੱਕ ਇਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।

ਸਟੀਲ ਬੈਂਗਲਜ਼ ਨੇ ਬਰਨਾ ਬੁਆਏ, ਜੇ ਹਸ, ਰੂਡੀਮੈਂਟਲ ਅਤੇ ਡੇਵ ਨਾਲ ਕੰਮ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਸੰਗੀਤ ਦੀ ‘ਵਿਰਾਸਤ’ ਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੁੰਦਾ ਹੈ।

ਉਨ੍ਹਾਂ ਆਪਣੀ ਸਿੱਧੂ ਨਾਲ ਦੋਸਤੀ ਦੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਹੈ, “ਇਹ ਸਾਡੇ ਰਿਸ਼ਤੇ ਨੂੰ ਜਾਣਨ, ਇਹ ਜਾਣਨ ਕਿ ਉਹ (ਮੂਸੇਵਾਲਾ) ਕਿਹੋ ਜਿਹਾ ਸੀ ਤੇ ਅਸੀਂ ਕਿਸ ਬਾਰੇ ਗੱਲਾਂ ਕੀਤੀਆਂ ਸੀ।”

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

“ਮੈਂ ਜਾਣਦਾ ਉਹ ਕੀ ਚਾਹੁੰਦਾ ਹੈ”

ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਗੱਲਬਾਤ ਕਰਦਿਆਂ 37 ਸਾਲਾ ਬੈਂਗਲਜ਼ ਨੇ ਕਿਹਾ, “ਮੈਂ ਜਾਣਦਾ ਹਾਂ ਕਿ ਉਹ ਚਾਹੁੰਦਾ ਹੈ ਕਿ ਮੈਂ ਆਪਣਾ ਬਿਹਤਰੀਨ ਕੰਮ ਕਰਾਂ।”

“ਮੈਂ ਮੰਨਦਾ ਹਾਂ ਕਿ ਹੋਰ ਬਹੁਤ ਕੁਝ ਹਾਸਲ ਕਰਨ ਲਈ ਮੈਨੂੰ ਇਥੇ ਭੇਜਿਆ ਗਿਆ ਹੈ।”

ਮੂਸੇਵਾਲਾ ਦਾ ਕਤਲ 2022 ਵਿੱਚ ਕੀਤਾ ਗਿਆ ਸੀ। ਕਈ ਉਨ੍ਹਾਂ ਨੂੰ ਇੱਕ ਵਿਵਾਦਤ ਸ਼ਖ਼ਸੀਅਤ ਦੇ ਰੂਪ ’ਚ ਦੇਖਦੇ ਸਨ। ਪਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੁਨੀਆਂ ਭਰ ਹਰ ਉਸ ਥਾਂ ਮੌਜੂਦ ਹਨ ਜਿੱਥੇ ਵੀ ਸੰਗੀਤ ਨੂੰ ਸਮਝਣ ਤੇ ਮੁਹੱਬਤ ਕਰਨ ਵਾਲੇ ਮੌਜੂਦ ਹਨ।

ਉਨ੍ਹਾਂ ਨੇ ਆਪਣੀ ਗਾਇਕੀ ਨਾਲ ਕੌਮਾਂਤਰੀ ਪੱਧਰ ’ਤੇ ਸਿੱਕਾ ਜਮਾਇਆ, ਜੋ ਹਾਲੇ ਤੱਕ ਵੀ ਬਰਕਰਾਰ ਹੈ।

ਸਟੀਲ ਬੈਂਗਲਜ਼ ਆਪਣੀ ਜੋੜੀ ਨੂੰ ‘ਪੱਕੇ ਦੋਸਤ’ ਕਹਿ ਕਿ ਬਿਆਨ ਕਰਦਾ ਹੈ।

ਬੈਂਗਲਜ਼ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਿੱਧੂ ਦੇ ਨਾਮ ’ਤੇ ਕੁਝ ਕਰਨ।

“ਫ਼ਿਰ ਇਹ ਭਾਵੇਂ ਉਸ ਦੇ ਜੱਦੀ ਘਰ (ਪੰਜਾਬ) ਵਿੱਚ ਇੱਕ ਸਟੂਡੀਓ ਬਣਾਉਣਾ ਹੋਵੇ ਜਾਂ ਫਿਰ ਇੱਕ ਫਿਲਮ ਦਾ ਨਿਰਦੇਸ਼ਨ ਕਰਨਾ ਹੋਵੇ।”

ਕੈਨੇਡੀਅਨ ਰੈਪਰ ਸਟੀਲ ਬੈਂਗਲਜ਼

ਤਸਵੀਰ ਸਰੋਤ, Jeff Rogers

ਤਸਵੀਰ ਕੈਪਸ਼ਨ, ਕੈਨੇਡੀਅਨ ਰੈਪਰ ਸਟੀਲ ਬੈਂਗਲਜ਼ ਦਾ ਕਹਿਣਾ ਹੈ ਕਿ ਉਹ ਸਿੱਧੂ ਦੀ ਮੌਤ ਤੋਂ ਬਾਅਦ ਲੰਬਾ ਸਮਾਂ ਸੰਗੀਤ ਤੋਂ ਦੂਰ ਰਹੇ

‘ਅਟੈਚ’ ਗੀਤ 2021 ਵਿੱਚ ਬਣਾਇਆ ਗਿਆ ਸੀ

ਬੈਂਗਲਜ਼ ਦਾ ਕਹਿਣਾ ਹੈ,“ਮੈਂ ਸਿੱਧੂ ਦੀ ਵਿਰਾਸਤ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ ਅਤੇ ਇਸ ਨੂੰ ਮਰਨ ਨਹੀਂ ਦੇਵਾਂਗਾ।”

ਸਪੋਟੀਫਾਈ ’ਤੇ ‘ਅਟੈਚ’ ਨੂੰ ਹੁਣ ਤੱਕ ਦੋ ਮਿਲੀਅਨ ਵਾਰ ਸਟੀਮ ਕੀਤਾ ਜਾ ਚੁੱਕਾ ਅਤੇ ਇਸ ਦੀ ਵੀਡੀਓ ਨੂੰ ਯੂਟਿਊਬ ’ਤੇ 20 ਲੱਖ ਵਾਰ ਦੇਖਿਆ ਜਾ ਚੁੱਕਾ ਹੈ।

ਸਟੀਲ ਬੈਂਗਲਜ਼ ਦੱਸਦੇ ਹਨ ਕਿ ਇਸ ਗਾਣੇ ਨੂੰ ਅਪ੍ਰੈਲ 2021 ਵਿੱਚ ਬਣਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਇਹ ਗੀਤ ਅਸਲ ਵਿੱਚ ਵੱਖ-ਵੱਖ ਸਾਊਂਡਜ਼ ਜਿਵੇਂ ਐਫਰੋਬੀਟਸ ਅਤੇ ਡਰਿੱਲ ਨੂੰ ਵਰਤਣ ਦੇ ਤਜ਼ਬਰੇ ਵਜੋਂ ਬਣਾਇਆ ਗਿਆ ਸੀ।

“ਮੈਂ ਸੋਚਦਾ ਸੀ ਇਹ ਸਿੱਧੂ ਦੇ ਸੰਗੀਤ ਨੂੰ ਹੋਰ ਉਚਾਈਆਂ ਉੱਤੇ ਲੈ ਜਾਵੇਗਾ। ਸ਼ੁਰੂਆਤੀ ਯੋਜਨਾ ਇਸ ਨੂੰ ਸਿੱਧੂ ਦੀ ਇੱਕ ਐਲਬਮ ਦਾ ਹਿੱਸਾ ਬਣਾਉਣ ਦੀ ਸੀ।”

ਉਨ੍ਹਾਂ ਕਿਹਾ,“ਪਰ ਮੈਂ ਇਸ ਗੀਤ ਨੂੰ ਰੋਕ ਲਿਆ ਸੀ ਕਿਉਂਕਿ ਉਸ ਸਮੇਂ ਸਿੱਧੂ ਦੀ ਮੌਤ ਹੋ ਗਈ ਸੀ।”

“ਇਹ ਗੀਤ ਉਨ੍ਹਾਂ ’ਚੋਂ ਸੀ, ਜੋ ਮੇਰੇ ਦਿਲ ਦੇ ਬਹੁਤ ਕਰੀਬ ਸੀ। ਮੈਂ ਇਸ ਨੂੰ ਰਿਕਾਰਡ ਕਰ ਕੇ ਰੱਖਿਆ ਹੋਇਆ ਸੀ ਅਤੇ ਚਾਹੁੰਦਾ ਸੀ ਕਿ ਸਹੀ ਸਮਾਂ ਆਉਣ ’ਤੇ ਇਸ ਨੂੰ ਰਿਲੀਜ਼ ਕਰਾਂਗਾ। ਸ਼ਾਇਦ ਉਸ ਦੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਉਹ ਸਹੀ ਸਮਾਂ ਤੈਅ ਹੋਣਾ ਸੀ।”

ਉਨ੍ਹਾਂ ਨੇ ਦੱਸਿਆ ਕਿ ਇਸ ਗੀਤ ਦੀ ਵੀਡੀਓ ਬਹੁਤ ਜਲਦ ਆ ਰਹੀ ਹੈ, ਜਿਸ ਦਾ ਨਿਰਦੇਸ਼ਨ ਉਨ੍ਹਾਂ ਨੇ ਖੁਦ ਕੀਤਾ ਹੈ। ਇਸ ਵੀਡੀਓ ਦੇ ਅਖੀਰਲੇ ਹਿੱਸੇ ’ਚ ਮੂਸੇਵਾਲਾ ਦੀ ਆਵਾਜ਼ ’ਚ ਕੁਝ ਬੋਲ ਵੀ ਹਨ।

ਬੈਂਗਲਜ਼

ਤਸਵੀਰ ਸਰੋਤ, Jeff Rogers

ਤਸਵੀਰ ਕੈਪਸ਼ਨ, ਬੈਂਗਲਜ਼ ਇਸ ਗੀਤ ਨੂੰ ਆਖ਼ਰੀ ਛੋਹਾਂ ਦੇਣ ਦੇ ਕੰਮ ਨੂੰ ਭਾਵੁਕਤਾ ਭਰਿਆ ਦੱਸਦੇ ਹਨ।

ਸਿੱਧੂ ਮੂਸੇਵਾਲਾ ਨਾਲ ਆਖਰੀ ਪਲ਼

ਬੈਂਗਲਜ਼ ਇਸ ਗੀਤ ਬਣਾਉਣ ਦੇ ਸਮੇਂ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਉਸ ਨਾਲ ਇਹ ਮੇਰੇ ਆਖਰੀ ਕੀਮਤੀ ਪਲ ਸਨ। ਇਸ ਵੀਡੀਓ ਦੀ ਐਡੀਟਿੰਗ ਕਰਨਾ ਥੋੜ੍ਹਾ ਭਾਵੁਕਤਾ ਭਰਿਆ ਕੰਮ ਸੀ।”

“ਇਮਾਨਦਾਰੀ ਨਾਲ ਦੱਸਾਂ ਤਾਂ ਇਹ ਬਹੁਤ ਭਾਵੁਕ ਕਰਨ ਵਾਲਾ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਕੀ ਸੋਚਣਾ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਆਖਿਰਕਾਰ ਇਹ ਗੀਤ ਰਿਲੀਜ਼ ਹੋ ਗਿਆ ਹੈ।

“ਇਹ ਮੇਰੇ ਲੈਪਟਾਪ ਵਿੱਚ ਬਹੁਤ ਸਮੇਂ ਤੋਂ ਪਿਆ ਸੀ। ਸ਼ਾਇਦ ਇਹ ਮੈਨੂੰ ਕੁਝ ਹਫ਼ਤਿਆਂ ਤੱਕ ਸਦਮੇ ’ਚ ਲੈ ਜਾਣ ਵਾਲਾ ਕੰਮ ਹੈ।”

ਬੈਂਗਲਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਮੈਂਟਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਗੀਤ ਬਾਰੇ ਕਈ ਕੁਮੈਂਟ ਸਾਕਾਰਾਤਮਕ ਹਨ।

“ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕੀਤਾ ਅਤੇ ਮੈਂ ਇਹ ਵੀ ਜਾਣਦਾ ਕਿ ਇਹ ਗੀਤ ਬਹੁਤ ਜ਼ਬਰਦਸਤ ਹੈ।”

“ਸਿੱਧੂ ਦੇ ਜਾਣ ਤੋਂ ਬਾਅਦ ਉਸ ਦੀ ਕਿਸੇ ਗੀਤ ਵਿੱਚ ਪਹਿਲੀ ਵਾਰ ਝਲਕ ਦੇਖਣਾ ਲੋਕਾਂ ਲਈ ਹੈਰਾਨ ਕਰਨ ਵਾਲਾ ਹੋਵੇਗਾ ਅਤੇ ਇਹ ਵੀਡੀਓ ਉਹੀ ਹੈ, ਜਿਸ ’ਚ ਉਹ ਮੇਰੇ ਨਾਲ ਹੈ। ਲੋਕ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹੋਣਗੇ।”

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Sidhu Moose Wala/FB

ਤਸਵੀਰ ਕੈਪਸ਼ਨ, ਮਰਹੂਮ ਸਿੱਧੂ ਮੂਸੇਵਾਲਾ ਦਾ ਇੱਕ ਅੰਦਾਜ਼

ਸੰਗੀਤ ਜਗਤ ਵਿੱਚ ਏ.ਆਈ. ਦੀ ਵਰਤੋਂ ਕਿਵੇਂ ਵਧ ਰਹੀ ਹੈ

ਸੰਗੀਤ ਜਗਤ ਵਿੱਚ ਕਾਪੀਰਾਈਟ, ਗਾਇਕ ਦੇ ਅਧਿਕਾਰ ਆਦਿ ਦੀ ਬਹਿਸ ਵਿਚਾਲੇ ਆਰਟੀਫ਼ੀਸ਼ੀਅਲ ਇੰਟਲੀਜੈਂਸ ਦੀ ਵਰਤੋਂ ਦਾ ਮੁੱਦਾ ਭਾਰੂ ਹੋ ਰਿਹਾ ਹੈ।

ਇਸ ਦੌਰਾਨ ਅਜਿਹੇ ਟੂਲ ਵੀ ਵਰਤੇ ਗਏ ਹਨ, ਜਿਨ੍ਹਾਂ ਰਾਹੀਂ ਹੂਬਹੂ ਕਲਾਕਾਰ ਦੀ ਆਵਾਜ਼ ਵਿੱਚ ਕੁਝ ਰਿਕਾਰਡ ਕੀਤਾ ਜਾ ਸਕਦਾ ਹੈ।

ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਨਾਲ ਵੀ ਅਜਿਹਾ ਹੋਇਆ।

ਸਟੀਲ ਬੈਂਗਲਜ਼ ਦਾ ਕਹਿਣਾ ਕਿ, “ਜੇ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਅਤੇ ਇਸ ਨੂੰ ਸੈਂਪਲ ਤੇ ਪ੍ਰੋਡਕਸ਼ਨ ਦੇ ਕੰਮ ਲਈ ਵਰਤਿਆ ਜਾਵੇ ਤਾਂ ਇਹ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹਾ ਕਰਨਾ ਚੰਗਾ ਹੈ।”

“ਜੇ ਲੋਕ ਆਪਣੇ ਫਾਇਦੇ ਲਈ ਕਿਸੇ ਹੋਰ ਦੀ ਆਵਾਜ਼ ਦੀ ਵਰਤੋਂ ਕਰਦੇ ਹਨ ਤਾਂ ਇਹ ਮੇਰੀ ਨਜ਼ਰ ਵਿੱਚ ਗ਼ਲਤ ਹੈ।”

“ਏਆਈ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਦਿਨ ਪ੍ਰਤੀ ਦਿਨ ਲਗਾਤਾਰ ਸ਼ਾਮਲ ਹੁੰਦਾ ਜਾ ਰਿਹਾ ਹੈ।”

ਉਨ੍ਹਾਂ ਦਾ ਕਹਿਣਾ ਹੈ,“ਤੁਹਾਨੂੰ ਇਸ ਦੇ ਨਾਲ ਤੁਰਨਾ ਪਵੇਗਾ ਤੇ ਜੇ ਤੁਸੀਂ ਇਸ ਨਾਲ ਨਹੀਂ ਜੁੜੋਗੇ ਤਾਂ ਤੇਜ਼ੀ ਨਾਲ ਅੱਗੇ ਵੱਧਦੀ ਦੁਨੀਆਂ ਤੋਂ ਪਿੱਛੇ ਰਹਿ ਜਾਵੋਗੇ।”

ਪ੍ਰਦਰਸ਼ਨਕਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰਨ ਲਈ ਇਕੱਠੋ ਹੋਏ ਲੋਕ

ਇੰਡਸਟਰੀ ਵਿੱਚ ਇਹ ਇੱਕ ਨਵੀਂ ਸ਼ੁਰੂਆਤ ਹੈ, ਜਿਸ ਦਾ ਸਟੀਲ ਬੈਂਗਰਜ਼ ਵੀ ਹਿੱਸਾ ਹਨ ਅਤੇ ਉਹ ਨੌਜਵਾਨ ਕਲਾਕਾਰਾਂ ਨਾਲ ਅੱਗੇ ਵਧਣ ਲਈ ਉਤਸੁਕ ਹਨ।

ਉਹ 1990ਵਿਆਂ ਦੇ ਪੰਜਾਬੀ ਐੱਮਸੀ, ਬੈਲੀ ਸੱਗੂ ਤੇ ਡਾਕਟਰ ਯਿਊਸ ਵਰਗੇ ਕਲਾਕਾਰਾਂ ਤੋਂ ਪ੍ਰੇਰਿਤ ਹੋਏ ਹਨ।

ਉਹ ਹੁਣ ਇਸ ਪੜਾਅ ਵਿੱਚ ਹਨ ਕਿ ਹੋਰਾਂ ਕਲਾਕਾਰਾਂ ਨੂੰ ਅੱਗੇ ਲੈ ਕੇ ਜਾਇਆ ਜਾਵੇ।

ਉਹ ਦੱਖਣੀ ਏਸ਼ੀਆ ਦੇ ਕਲਾਕਾਰਾਂ ਦੀ ਆਵਾਜ਼ ਯੂਕੇ ਦੇ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਨ।

“ਮੈਂ ਹੁਨਰਮੰਦ ਕਲਾਕਾਰਾਂ ਨੂੰ ਨਾਲ ਲੈ ਕੇ ਐਫਰੋਬੀਟ ਦੇ ਕਲਾਕਾਰਾਂ ਨਾਲ ਗਾਣੇ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਗਾਇਕੀ ’ਚ ਸੱਚਮੁੱਚ ਸੁਰਾਂ ਦੇ ਕਾਫੀ ਨੇੜੇ ਹਾਂ।”

“ਮੈਂ ਆਪਣੇ ਆਪ ਨੂੰ ਇਸ ਲਈ ਤਿਆਰ ਕੀਤਾ ਹੈ।”

“ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਬਰਾਂਡ ਨੂੰ ਵਿਕਸਤ ਕਰਨ ਅਤੇ ਲੋਕਾਂ ਨੂੰ ਜਾਣਨ ਦੀ ਲੋੜ ਹੈ।”

ਉਸ ਦਾ ਕਹਿਣਾ, “ਮੈਨੂੰ ਲੱਗਦਾ ਹੈ ਕਿ ਇਥੇ ਵੱਡੀ ਗਿਣਤੀ ’ਚ ਨਵੀਂ ਪੀੜ੍ਹੀ ਨੇ ਮੇਰੇ ਸਫਰ ਨੂੰ ਦੇਖਿਆ ਕਿ ਕਿਵੇਂ ਸਭ ਕੁਝ ਸੰਭਵ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)