ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਨੇ ਸਹੁੰ ਚੁੱਕੀ, ਕੀ ਕੈਨੇਡਾ ਭਾਰਤ ਪ੍ਰਤੀ ਆਪਣਾ ਰੁਖ਼ ਨਰਮ ਕਰੇਗਾ

ਮਾਰਕ ਕਾਰਨੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ
    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਕੈਨੇਡਾ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਜਿੱਤਣ ਤੋਂ ਬਾਅਦ ਹੁਣ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਕੈਨੇਡਾ ਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।

ਮਾਰਕ ਕਾਰਨੀ ਨੇ ਨੌ ਸਾਲਾਂ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿਣ ਵਾਲੇ ਜਸਟਿਨ ਟਰੂਡੋ ਦੀ ਥਾਂ ਲਈ ਹੈ।

ਸਹੁੰ ਚੁੱਕਦੇ ਹੀ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਕਦੇ ਵੀ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ।

ਟਰੂਡੋ ਨੇ ਆਪਣੀ ਹੀ ਪਾਰਟੀ ਦੇ ਵਧਦੇ ਦਬਾਅ ਕਾਰਨ ਜਨਵਰੀ ਵਿੱਚ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਉਦੋਂ ਤੱਕ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਲਿਬਰਲ ਪਾਰਟੀ ਕੋਈ ਨਵਾਂ ਆਗੂ ਨਹੀਂ ਚੁਣਦੀ।

ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਸਬੰਧ ਚੰਗੇ ਨਹੀਂ ਹਨ, ਇਸ ਲਈ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਜੇਕਰ ਕਾਰਨੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਇਸ ਦਾ ਕੈਨੇਡਾ ਅਤੇ ਭਾਰਤ ਦੇ ਦੁਵੱਲੇ ਸਬੰਧਾਂ 'ਤੇ ਕੀ ਪ੍ਰਭਾਵ ਪਵੇਗਾ।

ਕੈਨੇਡਾ ਵਿੱਚ ਇਸ ਸਾਲ ਅਕਤੂਬਰ ਵਿੱਚ ਫੈਡਰਲ ਚੋਣਾਂ ਹੋਣੀਆਂ ਹਨ। ਵਿਸ਼ਲੇਸ਼ਕਾਂ ਮੁਤਾਬਕ ਛੇਤੀ ਚੋਣਾਂ ਕਰਵਾਉਣ ਨਾਲ ਲਿਬਰਲ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਹੋ ਸਕਦਾ ਹੈ ਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਤਾਜ਼ਾ ਧਮਕੀਆਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਾਲ ਹੀ ਵਿੱਚ ਮਾਰਕ ਕਾਰਨੀ ਨੇ ਕਿਹਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨਗੇ।

ਉਨ੍ਹਾਂ ਇੱਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਨੇ ਕੈਨੇਡਾ ਦੇ ਵਪਾਰਕ ਸਬੰਧਾਂ ਨੂੰ ਵਿਭਿੰਨਤਾ ਦੇਣ ਦੀ ਵੀ ਗੱਲ ਕੀਤੀ।

ਕਾਰਨੀ ਨੇ ਕਿਹਾ, "ਕੈਨੇਡਾ ਕੋਲ ਸਮਾਨ ਸੋਚ ਵਾਲੇ ਸਹਿਯੋਗੀਆਂ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਵਿਭਿੰਨ ਬਣਾਉਣ ਦਾ ਮੌਕਾ ਹੈ।"

"ਸਾਡੇ ਕੋਲ ਭਾਰਤ ਨਾਲ ਸਬੰਧਾਂ ਨੂੰ ਮੁੜ ਬਣਾਉਣ ਦੇ ਮੌਕੇ ਹਨ।"

ਉਨ੍ਹਾਂ ਕਿਹਾ, "ਵਪਾਰਕ ਸਬੰਧਾਂ ਦੇ ਆਲੇ-ਦੁਆਲੇ ਕਦਰਾਂ-ਕੀਮਤਾਂ ਦੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਜੇਕਰ ਮੈਂ ਪ੍ਰਧਾਨ ਮੰਤਰੀ ਹਾਂ ਤਾਂ ਮੈਂ ਉਸ ਮੌਕੇ ਦੀ ਉਡੀਕ ਕਰਾਂਗਾ।"

ਜਨਵਰੀ ਵਿੱਚ ਜਸਟਿਨ ਟਰੂਡੋ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ, ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨਾਲ ਆਪਣੇ ਮਜ਼ਬੂਤ ਦੁਵੱਲੇ ਸਬੰਧਾਂ ਲਈ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਉਸ ਸਮੇਂ ਕਿਹਾ ਸੀ ਕਿ ਭਾਰਤ ਕੈਨੇਡਾ ਦੇ ਸਿਆਸੀ ਘਟਨਾਕ੍ਰਮ 'ਤੇ ਨਜ਼ਰ ਰੱਖ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਡੂੰਘੇ ਸਬੰਧ ਹਨ ਅਤੇ ਭਾਰਤ ਨੂੰ ਉਮੀਦ ਹੈ ਕਿ ਇਹ ਸਬੰਧ ਮਜ਼ਬੂਤ ਰਹਿਣਗੇ ਅਤੇ ਭਾਰਤ ਇਸ ਦਿਸ਼ਾ ਵਿੱਚ ਕੋਈ ਵੀ ਕਦਮ ਚੁੱਕਣ ਲਈ ਤਿਆਰ ਹੈ।

ਕਿਉਂ ਤਣਾਅਪੂਰਨ ਬਣੇ ਭਾਰਤ-ਕੈਨੇਡਾ ਸਬੰਧ?

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ 9 ਸਾਲਾਂ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ

ਸਤੰਬਰ 2023 ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ।

ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ ਅਤੇ ਇਨ੍ਹਾਂ ਨੂੰ 'ਬੇਹੂਦਾ' ਅਤੇ 'ਪ੍ਰੇਰਿਤ' ਦੱਸਿਆ ਸੀ।

ਇਸ ਬਿਆਨ ਤੋਂ ਪੈਦਾ ਹੋਏ ਕੂਟਨੀਤਕ ਸੰਕਟ ਕਾਰਨ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ, ਆਪਣੇ ਨਾਗਰਿਕਾਂ ਲਈ ਪ੍ਰਤੀਕੂਲ ਯਾਤਰਾ ਸਲਾਹ ਜਾਰੀ ਕੀਤੀ ਅਤੇ ਭਾਰਤ ਨੇ ਵੀ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ।

ਨਾਲ ਹੀ ਭਾਰਤ ਨੇ ਕਿਹਾ ਸੀ ਕਿ ਭਾਰਤ ਵਿੱਚ ਲੋੜੀਂਦੇ ਲੋਕਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾ ਰਹੀ ਹੈ।

ਭਾਰਤ ਨੇ ਇਹ ਵੀ ਕਿਹਾ ਕਿ ਇਨ੍ਹਾਂ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਜਾਂ ਉਨ੍ਹਾਂ ਦੀ ਹਵਾਲਗੀ ਲਈ ਕੈਨੇਡਾ ਤੋਂ ਕੋਈ ਮਦਦ ਨਹੀਂ ਮਿਲੀ ਹੈ।

ਇਨ੍ਹਾਂ ਤਲਖ਼ੀਆਂ ਦਰਮਿਆਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਏ ਸਨ।

ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਬਾਅਦ ਹੁਣ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕੀ ਕੈਨੇਡਾ ਭਾਰਤ ਨਾਲ ਆਪਣੇ ਰਿਸ਼ਤੇ ਸੁਧਾਰ ਸਕੇਗਾ?

'ਰਿਸ਼ਤੇ ਸੁਧਾਰਨ ਦੀ ਜ਼ਿੰਮੇਵਾਰੀ ਕੈਨੇਡਾ ਦੀ'

ਪ੍ਰਧਾਨ ਮੰਤਰੀ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਹੋਈ ਜੀ-20 ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਜਸਟਿਨ ਟਰੂਡੋ ਦੀ ਤਸਵੀਰ

ਅਜੈ ਬਿਸਾਰੀਆ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਟਰੂਡੋ ਤੋਂ ਇਲਾਵਾ ਕੈਨੇਡਾ ਵਿੱਚ ਸਰਕਾਰ ਵਿੱਚ ਕੋਈ ਵੀ ਤਬਦੀਲੀ ਇੱਕ ਅਹਿਮ ਮੋੜ ਹੋ ਸਕਦੀ ਹੈ ਅਤੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦਾ ਮੌਕਾ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਪਰ ਭਾਰਤ ਅਜਿਹਾ ਕਰਨ ਦੀ ਕੋਈ ਜਲਦਬਾਜ਼ੀ ਨਹੀਂ ਕਰੇਗਾ ਕਿਉਂਕਿ ਸਭ ਤੋਂ ਪਹਿਲਾਂ ਜੋ ਹੋਵੇਗਾ ਉਹ ਇਹ ਹੈ ਕਿ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨਗੇ ਅਤੇ ਸੰਭਾਵਿਤ ਤੌਰ 'ਤੇ ਜਲਦੀ ਹੀ ਚੋਣਾਂ ਹੋਣਗੀਆਂ ਅਤੇ ਰਿਸ਼ਤਿਆਂ ਨੂੰ ਅੱਗੇ ਲਿਜਾਣ ਲਈ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਹੀ ਕੈਨੇਡਾ ਅਤੇ ਭਾਰਤ ਗੱਲਬਾਤ ਕਰਨਗੇ।"

ਬਿਸਾਰੀਆ ਮੁਤਾਬਕ ਹੁਣ ਜ਼ਿੰਮੇਵਾਰੀ ਕੈਨੇਡਾ 'ਤੇ ਹੈ ਕਿਉਂਕਿ ਭਾਰਤੀ ਹਾਈ ਕਮਿਸ਼ਨਰ ਅਤੇ ਸੀਨੀਅਰ ਡਿਪਲੋਮੈਟਾਂ ਨੂੰ ਕੱਢਣ ਦਾ ਆਖਰੀ ਕਦਮ ਕੈਨੇਡਾ ਨੇ ਨਵੰਬਰ 'ਚ ਚੁੱਕਿਆ ਸੀ।

ਉਹ ਕਹਿੰਦੇ ਹਨ, "ਫ਼ਿਲਹਾਲ ਸਿਆਸੀ ਉਥਲ-ਪੁਥਲ ਕਾਰਨ ਵਪਾਰ ਅਤੇ ਲੋਕਾਂ ਵਿਚਕਾਰ ਸਕਾਰਾਤਮਕ ਸਬੰਧ ਪ੍ਰਭਾਵਤ ਨਹੀਂ ਹੋਏ ਹਨ, ਪਰ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਸਭ ਤੋਂ ਹੇਠਲੇ ਪੱਧਰ 'ਤੇ ਹਨ।"

"ਅਜਿਹੀ ਸਥਿਤੀ ਵਿੱਚ ਕੈਨੇਡਾ ਜਾਂ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਸਬੰਧਾਂ ਨੂੰ ਸਥਿਰ ਕਰਨ ਲਈ ਕਦਮ ਚੁੱਕਣੇ ਪੈਣਗੇ। ਉਦਾਹਰਣ ਲਈ, ਸਭ ਤੋਂ ਪਹਿਲਾਂ ਇੱਕ ਦੂਜੇ ਹਾਈ ਕਮਿਸ਼ਨਰਾਂ ਨੂੰ ਨਾਲ ਬਹਾਲ ਕਰਨਾ।"

ਬਿਸਾਰੀਆ ਨੇ ਕਿਹਾ, "ਕੁਲ ਮਿਲਾ ਕੇ ਟਰੂਡੋ ਦੀ ਵਿਦਾਇਗੀ ਇੱਕ ਚੰਗਾ ਮੌਕਾ ਹੈ ਕਿਉਂਕਿ ਸਾਰੀ ਕਹਾਣੀ ਅਤੇ ਨਾਲ ਹੀ ਖਰਾਬ ਰਿਸ਼ਤੇ ਦੀ ਜੜ੍ਹ ਇਹ ਸੀ ਕਿ ਟਰੂਡੋ ਨੇ ਰਿਸ਼ਤੇ ਨੂੰ ਨਿੱਜੀ ਬਣਾ ਦਿੱਤਾ ਸੀ।"

"ਇਸੇ ਲਈ ਭਾਰਤ ਵਿੱਚ ਇਸ ਨੂੰ ਟਰੂਡੋ ਦੀ ਸਮੱਸਿਆ ਵਜੋਂ ਦੇਖਿਆ ਗਿਆ, ਨਾ ਕਿ ਕੈਨੇਡਾ ਦੀ ਸਮੱਸਿਆ।

ਪ੍ਰੋਫ਼ੈਸਰ ਹਰਸ਼ ਵੀ ਪੰਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ, ਨਵੀਂ ਦਿੱਲੀ ਦੇ ਅਧਿਐਨ ਅਤੇ ਵਿਦੇਸ਼ ਨੀਤੀ ਵਿਭਾਗ ਦੇ ਉਪ ਚੇਅਰਮੈਨ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਦੀ ਥਾਂ ਮਾਰਕ ਕਾਰਨੀ ਦਾ ਆਉਣਾ ਭਾਰਤ ਲਈ ਚੰਗੀ ਖ਼ਬਰ ਹੈ।

ਪੰਤ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਟਰੂਡੋ ਨਾਲ ਮਾਮਲਾ ਬਹੁਤ ਨਿੱਜੀ ਹੋ ਗਿਆ ਸੀ। ਅਜਿਹਾ ਲੱਗ ਰਿਹਾ ਸੀ ਕਿ ਟਰੂਡੋ ਘਰੇਲੂ ਰਾਜਨੀਤੀ ਤੋਂ ਅੱਗੇ ਨਹੀਂ ਦੇਖ ਪਾ ਰਹੇ।"

"ਬੇਸ਼ੱਕ, ਘਰੇਲੂ ਰਾਜਨੀਤੀ ਮਾਰਕ ਕਾਰਨੀ ਦੀਆਂ ਨੀਤੀਆਂ ਨੂੰ ਆਕਾਰ ਦਿੰਦੀ ਰਹੇਗੀ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਸਰਕਾਰ ਜਾਂ ਲੀਡਰਸ਼ਿਪ ਵਿੱਚ ਤਬਦੀਲੀ ਹੁੰਦੀ ਹੈ ਤਾਂ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੁੰਦਾ ਹੈ।"

"ਅਜਿਹਾ ਭਾਰਤ ਅਤੇ ਕੈਨੇਡਾ ਵਿਚਾਲੇ ਹੋਣ ਦੀ ਵੀ ਸੰਭਾਵਨਾ ਹੈ ਅਤੇ ਦੋਵੇਂ ਦੇਸ਼ ਸੰਭਾਵਿਤ ਤੌਰ 'ਤੇ ਸਬੰਧਾਂ ਨੂੰ ਸਾਜਗਰ ਬਣਾਉਣ ਲਈ ਅੱਗੇ ਵਧਣਗੇ।"

ਪੰਤ ਕਹਿੰਦੇ ਹਨ, "ਇਹ ਦੇਖਣਾ ਬਾਕੀ ਹੈ ਕਿ ਦੋਵੇਂ ਦੇਸ਼ ਹੁਣ ਕਿਸ ਹੱਦ ਤੱਕ ਮੁੱਦਿਆਂ ਨਾਲ ਨਜਿੱਠਦੇ ਹਨ ਅਤੇ ਬਾਅਦ ਵਿੱਚ ਘਰੇਲੂ ਸਿਆਸਤ ਉਨ੍ਹਾਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦੀ ਹੈ।

ਉਹ ਕਹਿੰਦੇ ਹਨ,"ਪਰ ਮੈਨੂੰ ਲੱਗਦਾ ਹੈ ਕਿ ਹੁਣ ਰਿਸ਼ਤੇ ਨੂੰ ਮੁੜ ਸਥਾਪਿਤ ਕਰਨ ਅਤੇ ਇਸ ਨੂੰ ਮੁੜ ਸੰਤੁਲਿਤ ਕਰਨ ਦਾ ਮੌਕਾ ਹੈ।"

ਕੀ ਕੈਨੇਡਾ ਦਾ ਰੁਖ਼ ਨਰਮ ਹੋਵੇਗਾ?

ਮਾਰਕ ਕਾਰਨੀ ਦਾ ਬਿਆਨ

ਕੈਨੇਡਾ ਵਿੱਚ ਬਦਲਦੇ ਹਾਲਾਤ ਕਾਰਨ ਜੇਕਰ ਅਸੀਂ ਇਮੀਗ੍ਰੇਸ਼ਨ ਜਾਂ ਖਾਲਿਸਤਾਨ ਵਰਗੇ ਮੁੱਦਿਆਂ ਦੀ ਗੱਲ ਕਰੀਏ ਤਾਂ ਕੀ ਕੈਨੇਡਾ ਦੇ ਰੁਖ਼ ਵਿੱਚ ਕੋਈ ਨਰਮੀ ਜਾਂ ਤਬਦੀਲੀ ਆਵੇਗੀ?

ਇਸ 'ਤੇ ਅਜੈ ਬਿਸਾਰੀਆ ਦਾ ਕਹਿਣਾ ਹੈ ਕਿ ਇਨ੍ਹਾਂ ਮੁੱਦਿਆਂ ਨਾਲ ਜੁੜੀਆਂ ਮੁਸ਼ਕਲਾਂ ਦੂਰ ਨਹੀਂ ਹੋਣਗੀਆਂ ਕਿਉਂਕਿ ਖਾਲਿਸਤਾਨੀ ਵੋਟ ਬੈਂਕ ਵਰਗੇ ਕੁਝ ਵੋਟ ਬੈਂਕ ਕਿਸੇ ਵੀ ਪ੍ਰਧਾਨ ਮੰਤਰੀ ਲਈ ਅਹਿਮ ਰਹਿਣਗੇ।

ਉਹ ਕਹਿੰਦੇ ਹਨ, "ਇਸ ਲਈ ਇਹ ਪੂਰੀ ਤਰ੍ਹਾਂ ਦੂਰ ਨਹੀਂ ਹੋਵੇਗਾ। ਪਰ, ਕਿਉਂਕਿ ਟਰੂਡੋ ਨੇ ਇਸ ਨੂੰ ਨਿੱਜੀ ਬਣਾਇਆ ਹੈ ਅਤੇ ਇਸ ਨੂੰ ਬਹੁਤ ਹੱਦ ਤੱਕ ਖ਼ਰਾਬ ਕਰ ਦਿੱਤਾ ਹੈ, ਹੁਣ ਇਸ ਨੂੰ ਬਿਹਤਰ ਬਣਾਉਣ ਦਾ ਮੌਕਾ ਹੋਵੇਗਾ।"

"ਇਸ ਲਈ ਹਾਲਾਂਕਿ ਅਸੀਂ ਇਸ ਨੂੰ ਫ਼ੌਰਨ ਆਮ ਨਹੀਂ ਕਰ ਸਕਦੇ, ਪਰ ਇਸ ਵਿੱਚ ਲੰਮਾ ਸਮਾਂ ਲੱਗੇਗਾ।"

"ਅਸੀਂ ਰਿਸ਼ਤੇ ਨੂੰ ਸਥਿਰ ਕਰ ਸਕਦੇ ਹਾਂ ਅਤੇ ਇਸ ਨੂੰ ਉਸ ਗਹਿਰਾਈ ਤੋਂ ਬਾਹਰ ਜ਼ਰੂਰ ਕੱਢ ਸਕਦੇ ਹਾਂ ਜਿਸ ਵਿੱਚ ਇਹ ਹੈ।"

ਪ੍ਰੋਫ਼ੈਸਰ ਪੰਤ ਕਹਿੰਦੇ ਹਨ, "ਲਿਬਰਲਜ਼ ਲਈ ਅਜਿਹਾ ਕਰਨਾ ਬਹੁਤ ਔਖਾ ਹੈ। ਮੈਨੂੰ ਲੱਗਦਾ ਹੈ ਕਿ ਇਸ ਪਿੱਛੇ ਘਰੇਲੂ ਸਿਆਸੀ ਤਰਕ ਹੈ ਕਿਉਂਕਿ ਚੋਣ ਮੁਕਾਬਲਾ ਬਹੁਤ ਸਖ਼ਤ ਹੈ।"

"ਅਸੀਂ ਦੇਖਦੇ ਹਾਂ ਕਿ ਕੰਜ਼ਰਵੇਟਿਵ ਮੋਹਰੀ ਹਨ ਅਤੇ ਹੁਣ ਲਿਬਰਲ ਵੀ ਆਪਣੀ ਵੋਟ ਪ੍ਰਤੀਸ਼ਤਤਾ ਵਿੱਚ ਸੁਧਾਰ ਕਰ ਰਹੇ ਹਨ।"

"ਪਰ ਜੇਕਰ ਇਹ ਸਖ਼ਤ ਚੋਣ ਹੈ, ਤਾਂ ਮੈਨੂੰ ਲੱਗਦਾ ਹੈ ਕਿ ਸਿਆਸੀ ਗਿਣਤੀਆਂ-ਮਿਣਤੀਆਂ ਸ਼ੁਰੂ ਹੋ ਜਾਣਗੀਆਂ। ਜਿੱਥੋਂ ਤੱਕ ਮਾਰਕ ਕਾਰਨੀ ਦਾ ਸਬੰਧ ਹੈ, ਅਸੀਂ ਉਨ੍ਹਾਂ ਦੀ ਸ਼ੈਲੀ ਵਿੱਚ ਤਬਦੀਲੀ ਦੇਖ ਸਕਦੇ ਹਾਂ।"

ਪ੍ਰੋਫ਼ੈਸਰ ਪੰਤ ਮੁਤਾਬਕ, ਟਰੂਡੋ ਨੇ ਜਿਸ ਤਰ੍ਹਾਂ ਨਾਲ ਮੁੱਦਿਆਂ ਨੂੰ ਜਨਤਕ ਤੌਰ 'ਤੇ ਨਿੱਜੀ ਬਣਾਇਆ, ਉਹ ਸ਼ੈਲੀ ਬਾਰੇ ਵੀ ਸੀ।

ਉਹ ਕਹਿੰਦੇ ਹਨ, "ਭਾਰਤ ਨੂੰ ਪਤਾ ਹੈ ਕਿ ਕੈਨੇਡਾ ਵਿਚ ਖਾਲਿਸਤਾਨ ਦੀ ਸਮੱਸਿਆ ਹੈ ਅਤੇ ਕੈਨੇਡਾ ਨੂੰ ਵੀ ਪਤਾ ਹੈ ਕਿ ਕੋਈ ਸਮੱਸਿਆ ਹੈ।

"ਤੁਹਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਇੱਕ ਦੂਜੇ ਉੱਤੇ ਜਨਤਕ ਤੌਰ 'ਤੇ ਇਲਜ਼ਾਮ ਲਾਉਣ ਦੀ ਬਜਾਇ, ਬੰਦ ਦਰਵਾਜ਼ਿਆਂ ਦੇ ਪਿੱਛੇ ਇਸ ਨਾਲ ਵਧੇਰੇ ਕੂਟਨੀਤਕ ਤਰੀਕੇ ਨਾਲ ਕਿਵੇਂ ਨਜਿੱਠਣਾ ਹੈ, ਜਿਵੇਂ ਕਿ ਟਰੂਡੋ ਨੇ ਕਰਨ ਦਾ ਫ਼ੈਸਲਾ ਕੀਤਾ ਸੀ।"

ਪੰਤ ਮੁਤਾਬਕ, "ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਬਦਲਾਅ ਦੇ ਤੌਰ 'ਤੇ ਆਉਣ ਵਾਲੇ ਦਿਨਾਂ ਵਿੱਚ ਕੈਨੇਡੀਅਨ ਸਰਕਾਰ ਦੀ ਸੁਰ ਨਰਮ ਹੋ ਸਕਦੀ ਹੈ।"

ਉਹ ਕਹਿੰਦੇ ਹਨ, "ਪਰ ਕੋਈ ਸਿੱਟਾ ਕੱਢਣ ਤੋਂ ਪਹਿਲਾਂ ਤੁਹਾਨੂੰ ਉਡੀਕ ਕਰਨੀ ਪਵੇਗੀ ਅਤੇ ਇਹ ਦੇਖਣਾ ਹੋਵੇਗਾ ਕਿ ਚੋਣਾਂ ਵਿੱਚ ਕਿਹੜੇ ਸਿਆਸੀ ਸਮੀਕਰਨ ਬਣਨਗੇ ਅਤੇ ਚੋਣਾਂ ਤੋਂ ਬਾਅਦ ਲਿਬਰਲਾਂ ਦੇ ਵੱਖ-ਵੱਖ ਧੜੇ ਅਤੇ ਵੱਖ-ਵੱਖ ਗਠਜੋੜ ਭਾਈਵਾਲ ਕਿੰਨੇ ਮਜ਼ਬੂਤ ਹੋ ਕੇ ਉਭਰਦੇ ਹਨ।''

ਕਿਉਂਕਿ ਮੈਂ ਸੋਚਦਾ ਹਾਂ ਕਿ ਇਸ ਸਮੇਂ ਮਾਰਕ ਕਾਰਨੀ ਵੀ ਆਪਣੇ ਵਿਕਲਪਾਂ ਨੂੰ ਖੁੱਲ੍ਹਾ ਰੱਖਣਾ ਚਾਹੁਣਗੇ ਅਤੇ ਇਸ ਲਈ ਉਹ ਆਪਣੇ ਸਾਥੀਆਂ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕਰਨਾ ਚਾਹੁਣਗੇ।"

ਪ੍ਰੋਫ਼ੈਸਰ ਪੰਤ ਦਾ ਕਹਿਣਾ ਹੈ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਕਾਰਨੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ।

ਉਹ ਕਹਿੰਦੇ ਹਨ,"ਪਰ ਮੈਨੂੰ ਲੱਗਦਾ ਹੈ ਕਿ ਨਿਸ਼ਚਿਤ ਤੌਰ 'ਤੇ ਉਨ੍ਹਾਂ ਦੀ ਸ਼ੈਲੀ ਵੱਖਰੀ ਹੋ ਸਕਦੀ ਹੈ ਅਤੇ ਇਹ ਪਹੁੰਚ ਇਹਨਾਂ ਵਿੱਚੋਂ ਕੁਝ ਮੁੱਦਿਆਂ ਨੂੰ ਹੱਲ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ।"

ਕੀ ਹੋਵੇਗੀ ਭਾਰਤ ਦੀ ਰਣਨੀਤੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਭਾਰਤ ਸ਼ਾਇਦ ਪਹਿਲ ਨਾ ਕਰੇ ਅਤੇ ਕੈਨੇਡਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰੇ

ਅਜੈ ਬਿਸਾਰੀਆ ਦਾ ਕਹਿਣਾ ਹੈ ਕਿ ਕੈਨੇਡਾ ਨਾਲ ਸਬੰਧਾਂ ਵਿੱਚ ਖਟਾਸ ਬਾਰੇ ਭਾਰਤ ਦਾ ਰੁਖ਼ ਅਤੇ ਨਜ਼ਰੀਆ ਪਰਿਪੱਕ ਸੀ।

ਉਹ ਕਹਿੰਦੇ ਹਨ, "ਇਸ ਲਈ ਜਦੋਂ ਸੰਕਟ ਚੱਲ ਰਿਹਾ ਸੀ, ਅਸੀਂ ਇਸਨੂੰ ਟਰੂਡੋ ਦੀ ਸਮੱਸਿਆ ਵਜੋਂ ਦੇਖਿਆ।"

"ਭਾਰਤ ਇਸ ਸਬੰਧ ਨੂੰ ਸਥਿਰ ਅਤੇ ਆਮ ਬਣਾਉਣ ਲਈ ਤਿਆਰ ਹੈ ਅਤੇ ਨਵੀਂ ਕੈਨੇਡੀਅਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਜੋ ਟਰੂਡੋ ਦਾ ਬੋਝ ਨਹੀਂ ਚੁੱਕੇਗੀ।"

ਬਿਸਾਰੀਆ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਅਧਿਕਾਰਤ ਪੱਧਰ ਅਤੇ ਟਰੈਕ ਟੂ ਪੱਧਰ 'ਤੇ ਪਹਿਲਾਂ ਹੀ ਬਹੁਤ ਸਾਰੇ ਸੰਪਰਕ ਹਨ ਅਤੇ ਅਗਲੇ ਹਫ਼ਤੇ ਕੈਨੇਡੀਅਨ ਖੁਫ਼ੀਆ ਮੁਖੀ ਡੇਨੀਅਲ ਰੋਜਰਸ ਆਪਣੇ ਹਮਰੁਤਬਾ ਅਜੀਤ ਡੋਵਾਲ ਨਾਲ ਮੁਲਾਕਾਤ ਕਰਨ ਲਈ ਭਾਰਤ ਆਉਣਗੇ।

ਉਹ ਕਹਿੰਦੇ ਹਨ, "ਸੁਰੱਖਿਆ ਪੱਧਰ 'ਤੇ ਅਧਿਕਾਰਤ ਗੱਲਬਾਤ ਜਾਰੀ ਰਹੇਗੀ।ਪਰ ਸਿਆਸੀ ਸਬੰਧਾਂ ਨੂੰ ਸਹਿਜ ਬਣਾਉਣ ਲਈ ਨਵੀਂ ਸਰਕਾਰ ਬਣਾਉਣੀ ਪਵੇਗੀ ਅਤੇ ਫਿਰ ਉਨ੍ਹਾਂ ਨਾਲ ਗੱਲਬਾਤ ਕਰਨੀ ਪਵੇਗੀ।"

"ਜਿਵੇਂ ਕਿ ਮੈਂ ਕਿਹਾ, ਪਹਿਲ ਕੈਨੇਡਾ ਦੇ ਪਾਸੇ ਤੋਂ ਹੋਣੀ ਚਾਹੀਦੀ ਸੀ ਕਿਉਂਕਿ ਸਬੰਧਾਂ ਨੂੰ ਖ਼ਤਮ ਕਰਨ ਦੀ ਪਹਿਲ ਵੀ ਕੈਨੇਡਾ ਨੇ ਹੀ ਕੀਤੀ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)