ਤੁਨੀਸ਼ਾ ਸ਼ਰਮਾ: ਕੌਣ ਸੀ ਚੰਡੀਗੜ੍ਹ ਦੀ ਇਹ ਅਦਾਕਾਰਾ ਜਿਸ ਦੀ ਮੌਤ ਦੇ ਮਾਮਲੇ 'ਚ ਉਸ ਦੇ ਸਹਿ-ਕਲਾਕਾਰ ਨੂੰ ਕੀਤਾ ਗ੍ਰਿਫ਼ਤਾਰ

ਤੁਨੀਸ਼ਾ ਸ਼ਰਮਾ ਅਤੇ ਸ਼ੀਜ਼ਾਨ ਖ਼ਾਨ

ਤਸਵੀਰ ਸਰੋਤ, Instagram/Tunisha Sharma

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਸਹਿ ਕਲਾਕਾਰ ਸ਼ੀਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਠਾਣੇ ਜ਼ਿਲ੍ਹੇ ਦੀ ਵਾਲੀਵ ਪੁਲਿਸ ਨੇ ਸ਼ੀਜ਼ਾਨ ਖ਼ਾਨ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਸ਼ਿਜ਼ਾਨ 'ਤੇ ਆਈਪੀਸੀ ਦੀ ਧਾਰਾ 306 ਲਗਾਈ ਗਈ ਹੈ।

ਸ਼ਿਜ਼ਾਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਦਰਅਸਲ, ਪੁਲਿਸ ਮੁਤਾਬਕ, ਸ਼ਨਿਵਾਰ ਨੂੰ 21 ਸਾਲਾਂ ਅਦਾਕਾਰਾ ਤੁਨੀਸ਼ਾ ਸ਼ਰਮਾ ਸ਼ੂਟਿੰਗ ਦੌਰਾਨ ਮਰੀ ਪਾਈ ਗਈ ਸੀ।

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਤੁਨੀਸ਼ਾ ਦਾ ਪੋਸਟਮਾਰਟਮ ਮੁੰਬਈ ਦੇ ਜੇਜੇ ਹਸਪਤਾਲ ਵਿਖੇ ਕੀਤਾ ਗਿਆ ਹੈ ਅਤੇ ਰਿਪੋਰਟ ਆਉਣੀ ਅਜੇ ਬਾਕੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਐਤਵਾਰ ਸਵੇਰੇ 1:30 ਵਜੇ ਹਸਪਤਾਲ ਲੈ ਕੇ ਆਇਆ ਗਿਆ ਸੀ ਅਤੇ ''ਪੋਸਟਮਾਰਟਮ ਸਵੇਰੇ 4:30 ਵਜੇ ਤੱਕ ਚੱਲਿਆ, ਜਿਸ ਦੌਰਾਨ 4-5 ਪੁਲਿਸ ਵਾਲੇ ਵੀ ਉੱਥੇ ਮੌਜੂਦ ਰਹੇ।''

ਤੁਨੀਸ਼ਾ ਸ਼ਰਮਾ

ਤਸਵੀਰ ਸਰੋਤ, Instagram/Tunisha Sharma

ਸ਼ੀਜ਼ਾਨ ਨਾਲ ਕਰੀਬੀ ਰਿਸ਼ਤੇ ਵਿੱਚ ਸਨ ਤੁਨੀਸ਼ਾ - ਪੁਲਿਸ

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਪੁਲਿਸ ਦਾ ਕਹਿਣਾ ਹੈ ਕਿ ਅਦਾਕਾਰਾ ਆਪਣੇ ਸਹਿ-ਕਲਾਕਾਰ ਨਾਲ ਕਰੀਬੀ ਰਿਸ਼ਤੇ ਵਿੱਚ ਸਨ।

ਪੁਲਿਸ ਅਨੁਸਾਰ, 15 ਦਿਨ ਪਹਿਲਾਂ ਹੀ ਦੋਵਾਂ ਦਾ ਬ੍ਰੇਕਅੱਪ ਹੋਇਆ ਸੀ, ਜਿਸ ਦੇ ਚੱਲਦਿਆਂ ਤੁਨੀਸ਼ਾ ਕਾਫ਼ੀ ਤਣਾਅ ਵਿੱਚ ਸਨ।

ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਤੁਨੀਸ਼ਾ ਸ਼ਰਮਾ ਦੀ ਕਥਿਤ ਆਤਮਹੱਤਿਆ ਪਿਛਲੇ ਕਾਰਨ ਉਨ੍ਹਾਂ ਦਾ ਆਪਣੇ ਸਹਿ-ਕਲਾਕਾਰ ਸ਼ੀਜ਼ਾਨ ਖ਼ਾਨ ਨਾਲ ਬ੍ਰੇਕਅੱਪ ਹੋ ਸਕਦਾ ਹੈ।

ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਇਸ ਮਾਮਲੇ ਦੀ ਹਰ ਪਾਸਿਓਂ ਜਾਂਚ ਕਰ ਰਹੇ ਹਨ।

ਮਾਮਲੇ 'ਚ ਦਰਜ ਐੱਫਆਈਆਰ ਵਿੱਚ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਦੋਵੇਂ ਕਲਾਕਾਰ ਇਕ ਰਿਸ਼ਤੇ ਵਿੱਚ ਸਨ ਅਤੇ ਦੋਵਾਂ ਦਾ 15 ਦਿਨ ਪਹਿਲਾਂ ਬ੍ਰੇਕਅੱਪ ਹੋਇਆ ਹੈ।

ਲਾਈਨ
  • 24 ਦਸੰਬਰ ਨੂੰ 21 ਸਾਲਾ ਅਦਾਕਾਰਾ ਤੁਨੀਸ਼ਾ ਸ਼ਰਮਾ ਸ਼ੂਟਿੰਗ ਦੌਰਾਨ ਮ੍ਰਿਤ ਪਾਏ ਗਏ
  • ਪੁਲਿਸ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਸ਼ੀਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ
  • ਸ਼ੀਜ਼ਾਨ ਖਾਨ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ
  • ਤੁਨੀਸ਼ਾ ਨੇ 'ਫਿਤੂਰ', 'ਬਾਰ ਬਾਰ ਦੇਖੋ', 'ਕਹਾਨੀ 2: ਦੁਰਗਾ ਰਾਨੀ ਸਿੰਘ' ਅਤੇ 'ਦਬੰਗ 3' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ
  • ਇਸ ਵੇਲੇ ਉਹ ਟੀਵੀ ਸੀਰੀਅਲ 'ਅਲੀਬਾਬਾ- ਦਾਸਤਾਨ-ਏ-ਕਾਬੁਲ' ਵਿੱਚ ਕੰਮ ਕਰ ਰਹੇ ਸਨ
ਲਾਈਨ

ਸ਼ੂਟਿੰਗ ਦੌਰਾਨ ਮਰੀ ਪਾਈ ਗਈ ਸੀ ਤੁਨੀਸ਼ਾ

21 ਸਾਲਾ ਤੁਨੀਸ਼ਾ ਸ਼ਰਮਾ ਇਨ੍ਹੀਂ ਦਿਨੀਂ ਟੀਵੀ 'ਤੇ ਚੱਲ ਰਹੇ ਸੀਰੀਅਲ 'ਅਲੀਬਾਬਾ- ਦਾਸਤਾਨ-ਏ-ਕਾਬੁਲ' ਵਿੱਚ ਕੰਮ ਕਰ ਰਹੇ ਸਨ।

24 ਦਸੰਬਰ ਨੂੰ ਇਸੇ ਸੀਰੀਅਲ ਦੀ ਸ਼ੂਟਿੰਗ ਦੌਰਾਨ ਤੁਨੀਸ਼ਾ ਸ਼ਰਮਾ ਮੌਕੇ 'ਤੇ ਮ੍ਰਿਤਕ ਪਾਏ ਗਏ। ਉਨ੍ਹਾਂ ਦਾ ਸਰੀਰ ਪੱਖੇ ਨਾਲ ਲਟਕਿਆ ਹੋਇਆ ਪਾਇਆ ਗਿਆ ਸੀ।

ਪੁਲਿਸ ਮੁਤਾਬਕ, ਜਦੋਂ ਸ਼ੂਟਿੰਗ ਦੌਰਾਨ ਬਰੇਕ ਹੋਈ ਤਾਂ ਤੁਨੀਸ਼ਾ ਸ਼ਰਮਾ ਆਪਣੇ ਮੇਕਅੱਪ ਰੂਮ 'ਚ ਚਲੇ ਗਏ ਸਨ ਪਰ ਉਹ ਸਮੇਂ 'ਤੇ ਸ਼ੂਟਿੰਗ ਵਾਲੀ ਥਾਂ 'ਤੇ ਵਾਪਸ ਨਹੀਂ ਪਹੁੰਚੇ।

ਪੁਲਿਸ ਨੇ ਦੱਸਿਆ, “ਇਸ ਤੋਂ ਬਾਅਦ ਜਦੋਂ ਕੁਝ ਲੋਕ ਉਨ੍ਹਾਂ ਨੂੰ ਦੇਖਣ ਗਏ ਤਾਂ ਉਨ੍ਹਾਂ ਨੇ ਫੋਨ ਕਰਨ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਨ੍ਹਾਂ ਨੇ (ਮੌਕੇ 'ਤੇ) ਖੁਦਕੁਸ਼ੀ ਕਰ ਲਈ ਸੀ।''

ਏਐੱਨਆਈ ਦਾ ਟਵੀਟ

ਤਸਵੀਰ ਸਰੋਤ, ANI

ਠਾਣੇ ਜ਼ਿਲ੍ਹੇ ਦੇ ਵਾਲੀਵ ਪੁਲਿਸ ਦੇ ਸੀਨੀਅਰ ਇੰਸਪੈਕਟਰ ਕੈਲਾਸ਼ ਬਾਰਵੇ ਨੇ ਬੀਬੀਸੀ ਨੂੰ ਦੱਸਿਆ ਕਿ ‘‘ਲੋਕ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ। ਸ਼ਾਮ ਨੂੰ ਲਗਭਗ 4 ਵਜੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ 4:20 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।’’

ਏਸੀਪੀ ਚੰਦਰਕਾਂਤ ਨੇ ਦੱਸਿਆ ਕਿ ਤੁਨੀਸ਼ਾ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਸੁਸਾਈਡ ਨੋਟ ਵਰਗੀ ਕੋਈ ਚੀਜ਼ ਬਰਾਮਦ ਨਹੀਂ ਹੋਈ ਹੈ।

ਲਾਈਨ
ਲਾਈਨ

‘ਲਵ ਜਿਹਾਦ ਦਾ ਮਾਮਲਾ ਨਹੀਂ’

ਭਾਵੇਂ ਕਿ ਕੁਝ ਲੋਕਾਂ ਵੱਲੋਂ ਇਸ ਮਾਮਲੇ ਨੂੰ ਕਥਿਤ ਤੌਰ ’ਤੇ ਲਵ ਜਿਹਾਦ ਨਾਲ ਜੋੜਿਆ ਜਾ ਰਿਹਾ ਹੈ ਪਰ ਪੁਲਿਸ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਕੇਸ ਵਿੱਚ ਅਜਿਹਾ ਕੋਈ ਵੀ ਪੱਖ ਹੋਣ ਤੋਂ ਇਨਕਾਰ ਕੀਤਾ ਹੈ।

ਏਸੀਪੀ ਚੰਦਰਕਾਂਤ ਜਾਦਵ ਨੇ ਲਵ ਜਿਹਾਦ ਦੇ ਐਂਗਲ ਨੂੰ ਨਕਾਰਿਆ ਹੈ।  

ਇਸੇ ਦੌਰਾਨ ਮ੍ਰਿਤਕਾ ਦੇ ਮੁੰਬਈ ਵਿਚ ਇੱਕ ਰਿਸ਼ਤੇਦਾਰ ਨੇ ਵੀ ਇਸ ਕੇਸ ਵਿਚ ਧਰਮ ਨੂੰ ਜੋੜੇ ਜਾਣ ਨੂੰ ਗਲਤ ਦੱਸਿਆ ਹੈ, ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਮੈਂ ਐਵੇਂ ਹੀ ਇਸ ਮਾਮਲੇ ਵਿਚ ਧਰਮ ਨੂੰ ਨਹੀਂ ਜੋੜ ਸਕਦਾ, ਅਜਿਹੀ ਕੋਈ ਗੱਲ ਨਹੀਂ, ਪਰ ਇਸ ਮਾਮਲੇ ਦੀ ਅਸੀਂ ਤੈਅ ਤੱਕ ਜਾਵਾਂਗੇ ਅਤੇ ਦੋਸ਼ੀ ਨੂੰ ਸਜਾ ਦਆਵਾਂਗੇ।’’

ਕੌਣ ਸੀ ਤੁਨੀਸ਼ਾ ਸ਼ਰਮਾ

ਜਾਣਕਾਰੀ ਮੁਤਾਬਕ, ਤੁਨੀਸ਼ਾ ਚੰਡੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਦੇ ਸਨੀ ਇਨਕਲੇਵ 'ਚ ਰਹਿੰਦਾ ਸੀ।

ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਤੁਨਿਸ਼ਾ ਨੇ 'ਫਾਦਰਜ਼ ਡੇਅ' ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਆਪਣੇ ਬਚਪਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।

ਫਿਲਮ ਪੱਤਰਕਾਰ ਪਰਮਜੀਤ ਫ਼ਰੀਦਕੋਟ ਮੁਤਾਬਕ ਤੁਨੀਸ਼ਾ ਸ਼ਰਮਾ ਦਾ ਜਨਮ 4 ਜਨਵਰੀ 2002 ਨੂੰ ਚੰਡੀਗੜ੍ਹ ਵਿਚ ਹੋਇਆ ਸੀ।

ਉਸ ਨੇ ਸੈਂਟ ਐਨੀਸ ਸਕੂਲ ਤੋਂ ਪੜ੍ਹਈ ਕੀਤੀ, ਫ਼ਿਰ ਅਗਲੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ ਤੋਂ ਉਚੇਰੀ ਸਿੱਖਿਆ ਹਾਸਿਲ ਕੀਤੀ।

ਇਸ ਤੋਂ ਬਾਅਦ ਅਜਕਲ੍ਹ ਉਹ ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਵੀ ਮੁਕੰਮਲ ਕਰ ਰਹੀ ਸੀ। ਮੂਲ ਰੂਪ ਵਿਚ ਇਕ ਪੰਜਾਬੀ ਪਰਿਵਾਰ ਨਾਲ ਤਾਲੁਕ ਰੱਖਦੀ ਤੁਨੀਸ਼ਾ ਦਾ ਨਿਕ ਨਾਮ ਤਨੂ ਸੀ।

ਉਸ ਦੇ ਪਰਿਵਾਰ ਵਿਚ ਪਿੱਛੇ ਮਾਂ, ਭੈਣ ਅਤੇ ਇਕ ਭਰਾ ਰਹਿ ਗਏ ਹਨ।

ਤੁਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 'ਚ ਟੀਵੀ ਸੀਰੀਅਲ 'ਭਾਰਤ ਕਾ ਵੀਰ ਪੁਤਰ - ਮਹਾਰਾਣਾ ਪ੍ਰਤਾਪ' ਨਾਲ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਸੀਰੀਅਲ 'ਚੱਕਰਵਰਤੀ ਅਸ਼ੋਕ ਸਮਰਾਟ' 'ਚ ਵੀ ਕੰਮ ਕੀਤਾ। ਉਨ੍ਹਾਂ ਨੇ 'ਇਸ਼ਕ ਸੁਭਾਨ ਅੱਲ੍ਹਾ', 'ਇੰਟਰਨੈੱਟ ਵਾਲਾ ਲਵ' ਵਰਗੇ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ।

ਆਪਣੇ ਪਿਤਾ ਦੇ ਨਾਲ ਤੁਨੀਸ਼ਾ ਸ਼ਰਮਾ ਦੀ ਤਸਵੀਰ

ਤਸਵੀਰ ਸਰੋਤ, INSTAGRAM/TUNISHA SHARMA

ਤਸਵੀਰ ਕੈਪਸ਼ਨ, ਆਪਣੇ ਪਿਤਾ ਦੇ ਨਾਲ ਤੁਨੀਸ਼ਾ ਸ਼ਰਮਾ ਦੀ ਤਸਵੀਰ

ਸਾਲ 2016 'ਚ ਉਨ੍ਹਾਂ ਨੇ ਫ਼ਿਲਮ 'ਫ਼ਿਤੂਰ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਅਦਾਕਾਰਾ ਕੈਟਰੀਨਾ ਕੈਫ਼ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

ਉਨ੍ਹਾਂ ਨੇ 'ਬਾਰ ਬਾਰ ਦੇਖੋ', 'ਕਹਾਨੀ 2: ਦੁਰਗਾ ਰਾਨੀ ਸਿੰਘ ਅਤੇ 'ਦਬੰਗ 3' ਵਿੱਚ ਵੀ ਕੰਮ ਕੀਤਾ ਸੀ।

ਇਸੇ ਸਾਲ ਤੁਨੀਸ਼ਾ ਕਰਨ ਰੰਧਾਵਾ ਦੇ ਪੰਜਾਬੀ ਗਾਣੇ 'ਮੇਰੇ ਵੱਲ' ਵਿੱਚ ਵੀ ਨਜ਼ਰ ਆਏ ਸਨ।

ਤੁਨੀਸ਼ਾ ਸ਼ਰਮਾ ਦੇ ਇੰਸਟਾਗ੍ਰਾਮ ’ਤੇ 1.1 ਮਿਲੀਅਨ ਫੋਲੋਅਰਜ਼ ਹਨ। ਉਹ ਸੋਸ਼ਲ ਮੀਡੀਆ ’ਚੇ ਕਾਫ਼ੀ ਐਕਟਿਵ ਰਹਿੰਦੇ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)