ਈਰਾਨ-ਇਜ਼ਰਾਈਲ ਸੰਘਰਸ਼: ਬਠਿੰਡਾ ਦੇ ਪ੍ਰਿੰਸੀਪਲ ਪਰਿਵਾਰ ਸਣੇ ਦੁਬਈ 'ਚ ਫਸੇ, ਭਾਰਤ ਸਰਕਾਰ ਨੂੰ ਮਦਦ ਦੀ ਅਪੀਲ

ਤਸਵੀਰ ਸਰੋਤ, Neeru Garg

ਤਸਵੀਰ ਕੈਪਸ਼ਨ, ਹਵਾਈ ਹਮਲਿਆਂ ਵਿਚਾਲੇ ਬਠਿੰਡਾ ਦੇ ਇੱਕ ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਪਰਿਵਾਰ ਸਣੇ ਦੁਬਈ 'ਚ ਫਸ ਗਏ ਹਨ।
ਪੜ੍ਹਨ ਦਾ ਸਮਾਂ: 9 ਮਿੰਟ

ਈਰਾਨ ਉਤੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੋਈ ਹੈ।

ਹਵਾਈ ਹਮਲਿਆਂ ਵਿਚਾਲੇ ਬਠਿੰਡਾ ਦੇ ਇੱਕ ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਪਰਿਵਾਰ ਸਣੇ ਦੁਬਈ 'ਚ ਫਸ ਗਏ ਹਨ। ਇੱਕ ਵੀਡੀਓ ਜ਼ਰੀਏ ਪ੍ਰਿੰਸੀਪਲ ਨੀਰੂ ਗਰਗ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਵੀਡੀਓ 'ਚ ਪ੍ਰਿੰਸੀਪਲ ਗਰਗ ਦੱਸ ਰਹੇ ਹਨ ਕਿ ਉਹ ਪਰਿਵਾਰ ਸਣੇ 23 ਫਰਵਰੀ ਨੂੰ ਦੁਬਈ ਗਏ ਸਨ। 28 ਫਰਵਰੀ ਨੂੰ ਭਾਰਤ ਆਉਣ ਲਈ ਜਦੋਂ ਉਹ ਦੁਬਈ ਏਅਰਪੋਰਟ ਪਹੁੰਚੇ ਤਾਂ ਹਵਾਈ ਹਮਲਿਆਂ ਕਾਰਨ ਏਅਰਪੋਰਟ ਬੰਦ ਕਰ ਦਿੱਤਾ ਗਿਆ। ਉਹ ਮਦਦ ਲਈ ਭਾਰਤੀ ਅੰਬੈਸੀ ਦੇ ਦਫਤਰ ਪਹੁੰਚੇ ਪਰ ਦਫਤਰ ਬੰਦ ਸੀ। ਹੁਣ ਉਨ੍ਹਾਂ ਨੂੰ ਹੋਟਲ ਵੀ ਖਾਲੀ ਕਰਨ ਨੂੰ ਕਹਿ ਦਿੱਤਾ ਗਿਆ।

ਡਾ. ਗਰਗ ਮੁਤਾਬਕ ਹੁਣ ਉਨ੍ਹਾਂ ਕੋਲ ਨਾ ਪੈਸੇ ਬਚੇ ਹਨ ਅਤੇ ਦਵਾਈਆਂ ਵੀ ਖਤਮ ਹੋ ਚੁੱਕੀਆਂ ਹਨ।

ਉਨ੍ਹਾਂ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਦੁਬਈ ਤੋਂ ਸੁਰੱਖਿਅਤ ਵਾਪਸੀ ਲਈ ਮਦਦ ਕੀਤੀ ਜਾਵੇ।

ਤਸਵੀਰ ਸਰੋਤ, Getty Images

ਇਜ਼ਰਾਈਲੀ ਅਤੇ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਦੁਬਈ, ਦੋਹਾ, ਰਿਆਧ, ਬਹਿਰੀਨ ਅਤੇ ਕੁਵੈਤ ਸਮੇਤ ਵੇਸਟ ਏਸ਼ੀਆ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਹਮਲੇ ਕੀਤੇ ਹਨ।

ਇਨ੍ਹਾਂ ਹਮਲਿਆਂ ਤੋਂ ਬਾਅਦ ਵੇਸਟ ਏਸ਼ੀਆ ਦੇ ਇਨ੍ਹਾਂ ਦੇਸ਼ਾਂ ਵਿੱਚ ਵੀ ਹਾਲਾਤ ਗੰਭੀਰ ਬਣੇ ਹੋਏ ਹਨ। ਹਵਾਈ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ, ਮੁਅੱਤਲ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਹਵਾਈ ਅੱਡਿਆ 'ਤੇ ਹੀ ਫਸ ਗਏ ਹਨ।

ਆਬੂਧਾਬੀ ਵਿੱਚ ਕਾਰਪੇਂਟਰ ਦਾ ਕੰਮ ਕਰਦੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹਾ ਦੇ ਇੱਕ ਨੌਜਵਾਨ ਨੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੂੰ ਫੋਨ 'ਤੇ ਦੱਸਿਆ ਕਿ ਫਿਲਹਾਲ ਉਹਨਾਂ ਨੂੰ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਉੱਥੇ ਕੰਮ ਹਾਲੇ ਬੰਦ ਕਰ ਦਿੱਤਾ ਗਿਆ ਹੈ।

ਇਹ ਨੌਜਵਾਨ ਪਿਛਲੇ ਢਾਈ ਸਾਲਾਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਹੈ।

ਇਸ ਨੌਜਵਾਨ ਨੇ ਕਿਹਾ, "ਫਿਲਹਾਲ ਸਾਡੇ ਇਲਾਕੇ ਵਿੱਚ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਜਿੱਥੇ ਹਮਲਾ ਹੋਣ ਦੀ ਸੂਚਨਾ ਮਿਲ ਰਹੀ ਹੈ, ਉਹ ਸਾਡੇ ਤੋਂ ਕਈ ਕਿਲੋਮੀਟਰ ਦੂਰ ਹੈ। ਪਰ ਪੰਜਾਬ ਵਿੱਚ ਰਹਿੰਦੇ ਮੇਰੇ ਘਰ ਵਾਲੇ ਚਿੰਤਾ ਵਿੱਚ ਹਨ। ਉਹ ਘਬਰਾਏ ਹੋਏ ਹਨ ਅਤੇ ਵਾਰ-ਵਾਰ ਫੋਨ ਕਰ ਰਹੇ ਹਨ।"

ਉਹਨਾਂ ਕਿਹਾ, "ਭਾਵੇਂ ਸਾਡੇ ਏਰੀਏ ਵਿੱਚ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਪਰ ਅਸਥਾਈ ਤੌਰ ਕੰਮ ਬੰਦ ਹੋ ਗਿਆ ਹੈ। ਅਸੀਂ ਤਿੰਨ ਬੱਸਾਂ ਵਿੱਚ ਕੰਮ ਕਰਨ ਵਾਲੀ ਜਗ੍ਹਾ ਉੱਤੇ ਪਹੁੰਚੇ ਸੀ। ਪਰ ਸਾਨੂੰ ਵਾਪਸ ਮੋੜ ਦਿੱਤਾ ਗਿਆ। ਸਾਨੂੰ ਦੱਸਿਆ ਗਿਆ ਕਿ 12 ਘੰਟਿਆਂ ਵਾਸਤੇ ਕੰਮ ਬੰਦ ਹੈ।"

ਤਸਵੀਰ ਸਰੋਤ, Michael Reaves/Getty Images

ਤਸਵੀਰ ਕੈਪਸ਼ਨ, ਪੀਵੀ ਸਿੰਧੂ (ਫਾਈਲ ਫੋਟੋ)

ਭਾਰਤ ਦੇ ਬੈਡਮਿੰਟਨ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਜੇਤੂ ਪੀਵੀ ਸਿੰਧੂ, ਅਦਾਕਾਰਾ ਸੋਨਲ ਚੌਹਾਨ ਅਤੇ ਬਹੁਤ ਸਾਰੇ ਵਿਦਿਆਰਥੀਆਂ ਸਣੇ ਕਈ ਆਮ ਲੋਕ ਤਣਾਅ ਦੀ ਸਥਿਤੀ ਵਿੱਚ ਫਸੇ ਹੋਏ ਹਨ।

ਇਨ੍ਹਾਂ ਵਿੱਚੋ ਕੁਝ ਨੇ ਸੋਸ਼ਲ ਮੀਡੀਆ ਰਾਹੀਂ ਖੌਫ਼ਨਾਕ ਸਥਿਤੀ ਦਾ ਮੰਜ਼ਰ ਬਿਆਨ ਕੀਤਾ ਤੇ ਕੁਝ ਨੇ ਫੋਨ 'ਤੇ ਗੱਲਬਾਤ ਰਾਹੀਂ ਹਾਲਾਤ ਦੱਸੇ।

Sorry, we can’t display this part of the story on this lightweight mobile page.

'ਸਥਿਤੀ ਹਰ ਘੰਟੇ ਹੋਰ ਭਿਆਨਕ ਹੁੰਦੀ ਜਾ ਰਹੀ ਹੈ' - ਪੀਵੀ ਸਿੰਧੂ

ਤਸਵੀਰ ਸਰੋਤ, PV Sindhu/X

ਤਸਵੀਰ ਕੈਪਸ਼ਨ, ਪੀਵੀ ਸਿੰਧੂ ਦੀ ਪੋਸਟ

ਪੀਵੀ ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਇੱਕ ਟੂਰਨਾਮੈਂਟ ਲਈ ਬਰਮਿੰਘਮ ਜਾ ਰਹੇ ਸਨ, ਅਤੇ ਇਸ ਦੌਰਾਨ ਉਨ੍ਹਾਂ ਨੇ ਦੁਬਈ ਵਿੱਚ ਕੁਝ ਸਮਾਂ ਰੁਕਣਾ ਸੀ। ਹਾਲਾਂਕਿ, ਖਾੜੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਧਮਾਕਿਆਂ ਤੋਂ ਬਾਅਦ ਸ਼ਨੀਵਾਰ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਪੀਵੀ ਸਿੰਧੂ ਨੇ ਆਪਣੀ ਇੱਕ ਐਕਸ ਪੋਸਟ ਵਿੱਚ ਲਿਖਿਆ, ''ਫਿਲਹਾਲ ਜੋ ਕੁਝ ਹੋ ਰਿਹਾ ਹੈ, ਉਸਨੂੰ ਸਮਝਣਾ ਮੁਸ਼ਕਲ ਹੈ। ਉੱਪਰੋਂ ਇੰਟਰਸੈਪਸ਼ਨ ਸੁਣਨਾ ਅਤੇ ਇਹ ਦੇਖਣਾ ਕਿ ਸਭ ਕੁਝ ਕਿੰਨੀ ਤੇਜ਼ੀ ਨਾਲ ਵਧ ਗਿਆ ਹੈ, ਵਾਕਈ ਡਰਾਉਣਾ ਹੈ। ਬਹੁਤ ਸਾਰੇ ਪਰੇਸ਼ਾਨ ਕਰਨ ਵਾਲੇ ਵੀਡੀਓ ਸਾਹਮਣੇ ਆ ਰਹੇ ਹਨ, ਅਤੇ ਦੁੱਖ ਦੀ ਗੱਲ ਹੈ ਕਿ ਜੋ ਕੁਝ ਹੋ ਰਿਹਾ ਹੈ, ਉਸ ਦੀ ਇਹੀ ਹਕੀਕਤ ਹੈ।''

''ਦੁਬਈ ਇੱਕ ਅਜਿਹਾ ਸ਼ਹਿਰ ਹੈ ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ, ਇੱਕ ਅਜਿਹੀ ਥਾਂ ਜੋ ਹਮੇਸ਼ਾ ਸੁਰੱਖਿਅਤ ਅਤੇ ਜ਼ਿੰਦਗੀ ਨਾਲ ਭਰੀ ਹੋਈ ਲੱਗਦੀ ਹੈ, ਜਿਸ ਕਰਕੇ ਇਸ ਪਲ ਨੂੰ ਸਮਝਣਾ ਹੋਰ ਵੀ ਮੁਸ਼ਕਲ ਹੋ ਰਿਹਾ ਹੈ।''

ਉਨ੍ਹਾਂ ਲਿਖਿਆ, ''ਮੈਂ ਇਸ ਵੇਲੇ ਸੁਰੱਖਿਅਤ ਹਾਂ, ਆਪਣੀ ਟੀਮ ਨਾਲ ਦੁਬਈ ਵਿੱਚ ਫਸੀ ਹੋਈ ਹਾਂ ਅਤੇ ਅਸੀਂ ਠੀਕ ਹਾਂ ਕਿਉਂਕਿ ਈਰਾਨ ਨਾਲ ਜੰਗ ਨੂੰ ਲੈ ਕੇ ਹਾਲਾਤ ਲਗਾਤਾਰ ਬਦਲ ਰਹੇ ਹਨ। ਏਅਰਪੋਰਟ 'ਤੇ ਹਫੜਾ-ਦਫੜੀ ਮਚੀ ਹੋਈ ਹੈ, ਕਈ ਪਰਿਵਾਰ ਫਸੇ ਹੋਏ ਹਨ ਅਤੇ ਇੰਤਜ਼ਾਰ ਕਰ ਰਹੇ ਹਨ, ਅਸੀਂ ਸਾਰੇ ਸਿਰਫ਼ ਇਹੀ ਉਮੀਦ ਕਰ ਰਹੇ ਹਾਂ ਕਿ ਅਸੀਂ ਜਲਦੀ ਹੀ ਇਸ ਸਭ ਤੋਂ ਬਾਹਰ ਨਿਕਲ ਜਾਈਏ।

''ਅਜਿਹੇ ਪਲ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ ਆਮ ਜ਼ਿੰਦਗੀ ਕਿੰਨੀ ਨਾਜ਼ੁਕ ਹੈ। ਇਸ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀ ਹਾਂ।''

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ, ਜਿਸ ਵਿੱਚ ਦੱਸਿਆ, ''ਸਥਿਤੀ ਹਰ ਘੰਟੇ ਹੋਰ ਭਿਆਨਕ ਹੁੰਦੀ ਜਾ ਰਹੀ ਹੈ।''

''ਕੁਝ ਘੰਟੇ ਪਹਿਲਾਂ, ਹਵਾਈ ਅੱਡੇ 'ਤੇ ਜਿੱਥੇ ਅਸੀਂ ਲੁਕੇ ਹੋਏ ਸੀ, ਉਸ ਦੇ ਨੇੜੇ ਇੱਕ ਧਮਾਕਾ ਹੋਇਆ। ਮੇਰੇ ਕੋਚ ਨੂੰ ਭੱਜਣਾ ਪਿਆ ਕਿਉਂਕਿ ਉਹ ਧੂੰਏਂ ਅਤੇ ਮਲਬੇ ਦੇ ਸਭ ਤੋਂ ਨੇੜੇ ਸੀ। ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਤਣਾਅਪੂਰਨ ਅਤੇ ਡਰਾਉਣਾ ਪਲ ਸੀ।''

''ਅਸੀਂ ਸਾਰੇ ਹੁਣ ਸੁਰੱਖਿਅਤ ਹਾਂ ਅਤੇ ਦੁਬਈ ਹਵਾਈ ਅੱਡੇ ਦੇ ਸਟਾਫ ਅਤੇ ਦੁਬਈ ਅਧਿਕਾਰੀਆਂ ਦੇ ਅਣਥੱਕ ਯਤਨਾਂ ਸਦਕਾ ਇੱਕ ਹੋਰ ਸੁਰੱਖਿਅਤ ਜਗ੍ਹਾ 'ਤੇ ਭੇਜ ਦਿੱਤੇ ਗਏ ਹਾਂ। ਦੁਬਈ ਵਿੱਚ ਭਾਰਤੀ ਹਾਈ ਕਮਿਸ਼ਨ ਦਾ ਵੀ ਉਨ੍ਹਾਂ ਦੇ ਸਹਿਯੋਗ ਲਈ ਅਤੇ ਸਾਨੂੰ ਸੁਰੱਖਿਅਤ ਰੱਖਣ ਵਿੱਚ ਲਗਾਤਾਰ ਮਦਦ ਲਈ ਵਿਸ਼ੇਸ਼ ਧੰਨਵਾਦ।''

''ਫਿਲਹਾਲ ਅਸੀਂ ਥੋੜ੍ਹਾ ਆਰਾਮ ਕਰਨ ਅਤੇ ਉਮੀਦ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।''

ਸੋਨਲ ਚੌਹਾਨ ਨੇ ਪੀਐੱਮ ਤੋਂ ਮੰਗੀ ਮਦਦ

ਤਸਵੀਰ ਸਰੋਤ, Sonal Chauhan/X

ਬਾਲੀਵੁਡ ਅਦਾਕਾਰਾ ਸੋਨਲ ਚੌਹਾਨ ਵੀ ਦੁਬਈ ਹਵਾਈ ਅੱਡੇ 'ਤੇ ਫਸੇ ਹੋਏ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਲਈ ਅਪੀਲ ਕੀਤੀ ਹੈ।

ਆਪਣੀ ਪੋਸਟ 'ਚ ਉਨ੍ਹਾਂ ਲਿਖਿਆ, "ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਮੈਂ ਇਸ ਸਮੇਂ ਚੱਲ ਰਹੇ ਸੰਕਟ ਦੌਰਾਨ ਦੁਬਈ ਵਿੱਚ ਫਸੀ ਹੋਈ ਹਾਂ। ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਭਾਰਤ ਵਾਪਸ ਜਾਣ ਦਾ ਕੋਈ ਸਿੱਧਾ ਰਸਤਾ ਨਹੀਂ ਹੈ। ਮੈਂ ਸੁਰੱਖਿਅਤ ਘਰ ਵਾਪਸ ਆਉਣ ਵਿੱਚ ਮਦਦ ਲਈ ਸਰਕਾਰ ਦੇ ਮਾਰਗਦਰਸ਼ਨ ਅਤੇ ਸਹਾਇਤਾ ਦੀ ਮੰਗ ਕਰ ਰਹੀ ਹਾਂ। ਮੈਂ ਕਿਸੇ ਵੀ ਸਹਾਇਤਾ ਅਤੇ ਸੁਰੱਖਿਅਤ ਵਾਪਸੀ ਲਈ ਸਰਕਾਰ ਦੇ ਮਾਰਗਦਰਸ਼ਨ ਲਈ ਤਹਿ ਦਿਲੋਂ ਧੰਨਵਾਦੀ ਹੋਵਾਂਗੀ।"

'ਕੋਈ ਵੀ ਬੱਚਾ ਜੰਗ ਦੀਆਂ ਆਵਾਜ਼ਾਂ ਸੁਣਦੇ ਹੋਏ ਵੱਡਾ ਨਾ ਹੋਵੇ' - ਟੌਲੀਵੁੱਡ ਅਦਾਕਾਰ ਮੰਚੂ ਵਿਸ਼ਨੂੰ

ਤਸਵੀਰ ਸਰੋਤ, Vishnu Manchu/X

ਤਸਵੀਰ ਕੈਪਸ਼ਨ, ਮੰਚੂ ਵਿਸ਼ਨੂੰ ਨੇ ਸ਼ਨੀਵਾਰ ਰਾਤ ਸੋਸ਼ਲ ਮੀਡੀਆ 'ਤੇ ਆਸਮਾਨ ਵਿੱਚ ਮਿਸਾਈਲਾਂ ਡਿੱਗਣ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ

ਟੌਲੀਵੁੱਡ ਅਦਾਕਾਰ ਮੰਚੂ ਵਿਸ਼ਨੂੰ, ਜੋ ਦੁਬਈ ਵਿੱਚ ਹਨ, ਨੇ ਸ਼ਨੀਵਾਰ ਰਾਤ ਐਕਸ 'ਤੇ ਉੱਥੋਂ ਦਾ ਆਪਣਾ ਅਨੁਭਵ ਪੋਸਟ ਕੀਤਾ।

ਉਨ੍ਹਾਂ ਆਪਣੇ ਐਕਸ-ਅਕਾਊਂਟ 'ਤੇ ਪੋਸਟ ਕੀਤਾ, "ਮੈਂ ਦੁਬਈ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ। ਆਸਮਾਨ ਵਿੱਚ ਮਿਜ਼ਾਇਲਾਂ ਨਜ਼ਰ ਆ ਰਹੀਆਂ ਹਨ। ਮਿਜ਼ਾਈਲ ਹਮਲਿਆਂ ਦੇ ਅਸਰ ਨਾਲ ਘਰ ਹਿੱਲ ਗਿਆ। ਸਾਡਾ ਛੋਟਾ ਬੱਚਾ ਡਰ ਗਿਆ।"

ਮੰਚੂ ਵਿਸ਼ਨੂੰ ਨੇ ਕਿਹਾ, "ਅਸੀਂ ਅਮਨ ਲਈ ਪ੍ਰਾਰਥਨਾ ਕਰਦੇ ਹਾਂ। ਕੋਈ ਵੀ ਬੱਚਾ ਜੰਗ ਦੀਆਂ ਆਵਾਜ਼ਾਂ ਸੁਣਦੇ ਹੋਏ ਵੱਡਾ ਨਾ ਹੋਵੇ। ਇੱਥੋਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਯੂਏਈ ਡਿਫੈਂਸ ਫੋਰਸਿਜ਼ ਦਾ ਧੰਨਵਾਦ। ਅਜਿਹੀ ਪਲ ਸਾਨੂੰ ਯਾਦ ਦਿਵਾਉਂਦੇ ਹਨ ਕਿ ਜ਼ਿੰਦਗੀ ਵਾਕਈ ਕਿੰਨੀ ਨਾਜੁਕ ਹੈ।"

ਤਸਵੀਰ ਸਰੋਤ, Vishnu Manchu/X Screengrab

ਮੰਚੂ ਵਿਸ਼ਨੂੰ ਨੇ ਸ਼ਨੀਵਾਰ ਰਾਤ ਸੋਸ਼ਲ ਮੀਡੀਆ 'ਤੇ ਆਸਮਾਨ ਵਿੱਚ ਮਿਸਾਈਲਾਂ ਡਿੱਗਣ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ। ਜਦੋਂ ਬੀਬੀਸੀ ਤੇਲੁਗੁ ਦੇ ਪੱਤਰਕਾਰ ਗਰਿਕੀਪਾਤੀ ਉਮਾਕਾਂਤ ਨੇ ਐਤਵਾਰ ਨੂੰ ਵਿਸ਼ਨੂ ਨਾਲ ਉੱਥੋਂ ਦੇ ਹਾਲਾਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਕੀਤੀ।

ਉਨ੍ਹਾਂ ਕਿਹਾ, "1 ਮਾਰਚ ਨੂੰ ਵਿਸ਼ਨੂ ਅਤੇ ਅਰੋਨਿਕਾ ਦੇ ਵਿਆਹ ਦੀ ਵਰ੍ਹੇਗੰਢ ਹੈ। ਪਰਿਵਾਰ ਬੱਚਿਆਂ ਦੀ ਪੜਾਈ ਲਈ ਦੁਬਈ ਦੇ ਪਾਮ ਜੁਮੇਰਾ ਵਿੱਚ ਰਹਿ ਰਿਹਾ ਹੈ। ਇੱਥੇ ਉਨ੍ਹਾਂ ਦਾ ਆਪਣਾ ਘਰ ਵੀ ਹੈ। ਵਿਸ਼ਨੂ ਅਕਸਰ ਆਪਣੇ ਪਰਿਵਾਰ ਨੂੰ ਮਿਲਣ ਇੱਥੇ ਆਉਂਦੇ ਰਹਿੰਦੇ ਹਨ।''

''ਇਸੇ ਸਿਲਸਿਲੇ ਵਿੱਚ ਉਹ 1 ਮਾਰਚ ਨੂੰ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਸ਼ੁੱਕਰਵਾਰ, 27 ਫਰਵਰੀ ਨੂੰ ਇੱਥੇ ਆਏ ਸਨ। ਪਰ ਉਨ੍ਹਾਂ ਨੂੰ ਉਮੀਦ ਵੀ ਨਹੀਂ ਸੀ ਕਿ ਸਥਿਤੀ ਅਜਿਹੀ ਬਣ ਜਾਵੇਗੀ। ਉਹ ਭਾਰਤ ਵਾਪਸ ਜਾਣ ਲਈ ਤਿਆਰ ਸਨ, ਪਰ ਯੂਨਾਈਟਿਡ ਅਰਬ ਅਮੀਰਾਤ ਨੇ ਕੁਝ ਸਮੇਂ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ।''

''ਸਾਰੀਆਂ ਫਲਾਈਟ ਸੇਵਾਵਾਂ ਰੱਦ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਹੀ ਰੁਕਣਾ ਪਿਆ। ਜਿਵੇਂ ਹੀ ਫਲਾਈਟ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ, ਵਿਸ਼ਨੂੰ ਅਤੇ ਪਰਿਵਾਰ ਹੈਦਰਾਬਾਦ ਆ ਜਾਵੇਗਾ।"

ਪੁਣੇ ਦੇ 84 ਵਿਦਿਆਰਥੀ ਵੀ ਦੁਬਈ ਵਿੱਚ ਫਸੇ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਦੁਬਈ ਵਿੱਚ ਇੱਕ ਰਾਕੇਟ ਹਮਲੇ ਤੋਂ ਬਾਅਦ ਉੱਠਦਾ ਧੂੰਆਂ

ਇੰਦਰਾ ਸਕੂਲ ਆਫ਼ ਬਿਜ਼ਨਸ ਸਟਡੀਜ਼ (ISBS) ਦੇ ਐਮਬੀਏ ਦੇ 84 ਵਿਦਿਆਰਥੀ ਵੀ ਦੁਬਈ ਵਿੱਚ ਫਸੇ ਹੋਏ ਹਨ।

ਇਹ ਵਿਦਿਆਰਥੀ ਪੰਜ ਦਿਨਾਂ ਦੇ ਸਾਲਾਨਾ ਸਟੱਡੀ ਟੂਰ 'ਤੇ ਦੁਬਈ ਗਏ ਸਨ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਆਈਐਸਬੀਐਸ ਦੇ ਅਧਿਕਾਰੀਆਂ ਨੇ ਦੱਸਿਆ ਕਿ 40 ਵਿਦਿਆਰਥੀਆਂ ਨੇ ਸ਼ਨੀਵਾਰ (28 ਫ਼ਰਵਰੀ, 2026) ਨੂੰ ਪੁਣੇ ਵਾਪਸ ਆਉਣਾ ਸੀ, ਜਦਕਿ ਬਾਕੀ 44 ਵਿਦਿਆਰਥੀਆਂ ਨੇ ਐਤਵਾਰ (1 ਮਾਰਚ, 2026) ਨੂੰ ਉਡਾਣ ਭਰਨੀ ਸੀ। ਪਰ ਜਾਰੀ ਤਣਾਅ ਤੋਂ ਬਾਅਦ ਏਅਰਸਪੇਸ ਬੰਦ ਹੋਣ ਕਾਰਨ ਉਹ ਯਾਤਰਾ ਨਹੀਂ ਕਰ ਸਕੇ।

ਆਈਐਸਬੀਐਸ ਦੇ ਡੀਨ ਜਨਾਰਦਨ ਪਵਾਰ ਨੇ ਕਿਹਾ, "ਸਾਰੇ ਜਣੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।"

ਆਈਐਸਬੀਐਸ ਦੇ ਚੇਅਰਪਰਸਨ ਤਾਰੀਤਾ ਸ਼ੰਕਰ ਨੇ ਕਿਹਾ, "ਸਾਰੇ ਵਿਦਿਆਰਥੀ ਅਤੇ ਸਟਾਫ਼ ਸੁਰੱਖਿਅਤ ਹਨ। ਅਸੀਂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹਾਂ। ਅਸੀਂ ਵਿਦੇਸ਼ ਮੰਤਰਾਲੇ ਅਤੇ ਨਾਗਰਿਕ ਉਡਾਣ ਮੰਤਰਾਲੇ ਨਾਲ ਵੀ ਤਾਲਮੇਲ ਬਣਾ ਕੇ ਚੱਲ ਰਹੇ ਹਾਂ। ਉਨ੍ਹਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇਗਾ।"

ਸ਼ਹਿਰ 'ਚ ਸ਼ਾਤੀ ਪਰ ਹਵਾਈ ਅੱਡੇ 'ਤੇ ਤਣਾਅ

ਦੁਬਈ ਰਹਿੰਦੇ ਇੱਕ ਹੋਰ ਭਾਰਤੀ ਵਿਅਕਤੀ ਨੇ ਬੀਬੀਸੀ ਪੰਜਾਬੀ ਨਾਲ ਫੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਤਾਂ ਹਾਲਾਤ ਫਿਲਹਾਲ ਠੀਕ ਹੀ ਹਨ।

ਉਨ੍ਹਾਂ ਦੱਸਿਆ ਕਿ ਦੁਬਈ ਹਵਾਈ ਅੱਡਾ ਸ਼ਨੀਵਾਰ ਰਾਤ ਨੂੰ ਧਮਾਕੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ, ਉੱਥੋਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਪਰ ਸ਼ਹਿਰ ਵਿੱਚ ਫਿਲਹਾਲ ਸ਼ਾਂਤੀ ਹੈ।

'ਅਸੀਂ ਖਾਣਾ ਲੈਣ ਨਿਕਲੇ ਤੇ ਸਾਡੇ ਹੋਟਲ ਵਾਲੇ ਇਲਾਕੇ 'ਤੇ ਹਮਲਾ ਹੋ ਗਿਆ'

ਤਸਵੀਰ ਸਰੋਤ, Anadolu via Getty Image

ਤਸਵੀਰ ਕੈਪਸ਼ਨ, ਬੀਤੀ 28 ਫਰਵਰੀ ਨੂੰ ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਈਰਾਨੀ ਹਮਲੇ ਤੋਂ ਬਾਅਦ ਇੱਕ ਇਮਾਰਤ ਵਿੱਚ ਲੱਗੀ ਅੱਗ

ਬਿਹਾਰ ਦੇ ਰਹਿਣ ਵਾਲੇ ਮਾਧਵ ਰਿਆਧ ਵਿੱਚ ਇੱਕ ਏਆਈ ਇੰਜੀਨੀਅਰ ਵਜੋਂ ਕੰਮ ਕਰਦੇ ਹਨ। ਉਹ ਛੁੱਟੀਆਂ ਮਨਾਉਣ ਆਪਣੇ ਦੋਸਤਾਂ ਨਾਲ ਰਿਆਧ ਤੋਂ ਬਹਿਰੀਨ ਗਏ ਸਨ।

ਬੀਬੀਸੀ ਨਾਲ ਫੋਨ 'ਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤਣਾਅ ਦੀਆਂ ਖਬਰਾਂ ਦੇ ਬਾਵਜੂਦ ਮਾਹੌਲ ਬਿਲਕੁਲ ਸ਼ਾਂਤ ਸੀ ਅਤੇ ਉਹ ਘੁੰਮ-ਫਿਰ ਰਹੇ ਸਨ।

ਉਨ੍ਹਾਂ ਕਿਹਾ, ''ਸ਼ਨੀਵਾਰ ਸਵੇਰੇ ਸਾਨੂੰ ਖਬਰ ਮਿਲੀ ਕਿ ਯੂਐਸ ਅਤੇ ਇਜ਼ਰਾਈਲ ਨੇ ਇਰਾਨ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ ਪਰ ਅਸੀਂ ਸੋਚਦੇ ਰਹੇ ਕਿ ਬਹਿਰੀਨ ਤਾਂ ਨੇਵਲ ਬੇਸ ਹੈ, ਖਾਸ ਦੂਰ ਹੈ ਤਾਂ ਇੱਥੇ ਅਜਿਹਾ ਕੁਝ ਨਹੀਂ ਹੋਣ ਵਾਲਾ।''

''ਫਿਰ ਅਸੀਂ ਖਾਣਾ ਖਾਣ ਬਾਹਰ ਨਿਕਲੇ ਤਾਂ ਦੇਖਿਆ ਕਿ ਉਸ ਇਲਾਕੇ 'ਚ ਲੋਕ ਦੁਕਾਨਾਂ ਬੰਦ ਕਰਕੇ ਬਾਹਰ ਆ ਗਏ ਸਨ। ਸਾਨੂੰ ਕਿਸੇ ਨੇ ਦੱਸਿਆ ਕਿ ਜ਼ੁਫੈਰ ਨੇਵਲ ਬੇਸ 'ਤੇ ਹਮਲਾ ਹੋਇਆ ਹੈ। ਇਹ ਉਹੀ ਥਾਂ ਸੀ ਜਿੱਥੇ ਸਾਡਾ ਹੋਟਲ ਸੀ, ਅਤੇ ਅਸੀਂ ਬਾਹਰ ਖਾਣਾ ਲੈਣ ਆਏ ਸੀ।''

''ਅਸੀਂ ਫਟਾਫਟ ਖਾਣਾ ਲਿਆ ਤੇ ਵਾਪਸ ਚਲੇ ਗਏ, ਸੜਕਾਂ 'ਤੇ ਪੂਰਾ ਜਾਮ ਸੀ ਅਤੇ ਲੋਕ ਬਦਹਵਾਸ ਜਿਹੇ ਸੜਕਾਂ 'ਤੇ ਫਿਰ ਰਹੇ ਸਨ। ਲੋਕਾਂ ਸਮਾਨ ਲੈ ਕੇ ਹੋਟਲਾਂ ਤੋਂ ਬਾਹਰ ਆ ਗਏ ਹਨ।''

ਤਸਵੀਰ ਸਰੋਤ, Fadhel MADAN / AFP via Getty Images

ਤਸਵੀਰ ਕੈਪਸ਼ਨ, ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਈਰਾਨੀ ਹਮਲੇ ਤੋਂ ਬਾਅਦ ਇਮਾਰਤ ਵਿੱਚ ਲੱਗੀ ਅੱਗ ਬੁਝਾਉਣ 'ਚ ਰੁੱਝੇ ਐਮਰਜੈਂਸੀ ਕਰਮਚਾਰੀ

''ਇੱਕ ਭਾਰਤੀ ਦਿਖ ਵਾਲੇ ਪਰਿਵਾਰ ਨੇ ਸਾਨੂੰ ਰੋਕਿਆ 'ਤੇ ਕਿਹਾ ਕਿ ਜ਼ੁਫੈਰ ਤੋਂ ਬਾਹਰ ਸਾਨੂੰ ਕਿਤੇ ਵੀ ਛੱਡ ਦਿਓ, ਅਸੀਂ ਕਿਹਾ ਕਿ ਅਸੀਂ ਤਾਂ ਉੱਥੇ ਹੀ ਜਾ ਰਹੇ ਹਾਂ। ਇਹ ਬਿਲਕੁਲ ਬਦਹਵਾਸ ਹਾਲਤ 'ਚ ਸਨ ਅਤੇ ਉਨ੍ਹਾਂ ਦੀ ਗੋਦੀ 'ਚ ਇੱਕ ਛੋਟਾ ਬੱਚਾ ਵੀ ਸੀ।''

''ਅਸੀਂ ਹੋਟਲ ਪਹੁੰਚ ਕੇ 5-7 ਮਿੰਟ 'ਚ ਸਭ ਸਮੇਟ ਕੇ ਬਾਹਰ ਆ ਗਏ, ਹੋਟਲ ਵਾਲਿਆਂ ਨੇ ਕਿਹਾ ਕਿ ਰਿਆਧ 'ਚ ਵੀ ਧਮਕਾ ਹੋਇਆ ਹੈ, ਅਸੀਂ ਕਿਹਾ ਕਿ ਕੋਈ ਨਹੀਂ, ਅਸੀਂ ਉੱਥੇ ਹੀ ਰਹਿੰਦੇ ਹਾਂ।''

ਗੱਲਬਾਤ ਵੇਲੇ ਉਨ੍ਹਾਂ ਦੱਸਿਆ ਕਿ ਫਿਲਹਾਲ ਉਹ ਰਾਜਧਾਨੀ ਤੋਂ 10 ਕਿਲੋਮੀਟਰ ਬਾਹਰ ਆ ਚੁੱਕੇ ਹਨ ਅਤੇ ਸੜਕਾਂ 'ਤੇ ਨਾਰਮਲ ਆਵਾਜਾਈ ਹੈ।

ਤਸਵੀਰ ਸਰੋਤ, madhav

ਤਸਵੀਰ ਕੈਪਸ਼ਨ, ਬਹਿਰੀਨ ਵਿੱਚ ਹੋਏ ਧਮਾਕੇ ਦੌਰਾਨ ਦੀ ਇੱਕ ਤਸਵੀਰ

ਭਾਰਤੀ ਵਦੇਸ਼ ਮੰਤਰਾਲੇ ਨੇ ਯੂਏਈ 'ਚ ਫਸੇ ਲੋਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

ਤਸਵੀਰ ਸਰੋਤ, India in UAE/X

ਈਰਾਨ ਵੱਲੋਂ ਦੁਬਈ, ਦੋਹਾ, ਰਿਆਧ, ਬਹਿਰੀਨ ਅਤੇ ਕੁਵੈਤ ਸਮੇਤ ਵੇਸਟ ਏਸ਼ੀਆ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਵਾਬੀ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

ਬੀਤੀ ਰਾਤ ਜਾਰੀ ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ "ਯੂਏਈ ਦੇ ਏਅਰਪੋਰਟਾਂ 'ਤੇ ਕੁਝ ਸਮੇਂ ਲਈ ਅਤੇ ਸਾਵਧਾਨੀ ਵਜੋਂ ਏਅਰਸਪੇਸ ਬੰਦ ਹੋਣ ਕਾਰਨ ਫਸੇ ਭਾਰਤੀ ਯਾਤਰੀਆਂ ਦੀ ਦੇਖਭਾਲ ਲਈ ਦੂਤਾਘਰ ਅਤੇ ਕੌਂਸਲੇਟ ਯੂਏਈ ਅਧਿਕਾਰੀਆਂ ਅਤੇ ਏਅਰਲਾਈਨਾਂ ਨਾਲ ਸੰਪਰਕ ਵਿੱਚ ਹਨ।"

ਯੂਏਈ ਸਰਕਾਰ ਅਤੇ ਏਅਰਲਾਈਨ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)