ਪੰਜਾਬੀ ਸਿਨੇਮਾ: ਪੰਜਾਬੀ ਭਾਸ਼ਾ ਦੀ ਪਹਿਲੀ ਫਿਲਮ ਕਿਹੜੀ ਸੀ ਅਤੇ ਕਿਉਂ ਪਹਿਲੀ ਵਾਰ ਅਧੂਰੀ ਰਹਿ ਗਈ ਸੀ

ਤਸਵੀਰ ਸਰੋਤ, mandeep sidhu
- ਲੇਖਕ, ਮਨਦੀਪ ਸਿੰਘ ਸਿੱਧੂ
- ਰੋਲ, ਫਿਲਮ ਇਤਿਹਾਸਕਾਰ
- ਪੜ੍ਹਨ ਦਾ ਸਮਾਂ: 5 ਮਿੰਟ
ਪੰਜਾਬੀ ਸਿਨੇਮਾ ਦੇ ਇਤਿਹਾਸ ਉੱਤੇ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਆਪਣੇ ਹਮ-ਰੁਤਬਾ ਹਿੰਦੀ ਸਿਨੇਮਾ ਤੋਂ ਮਹਿਜ਼ ਚਾਰ ਸਾਲ ਹੀ ਛੋਟਾ ਹੈ। ਜਿਵੇਂ ਮੁੰਬਈ ਨੂੰ ਹਿੰਦੀ ਸਿਨੇਮਾ ਦੀ ਰਾਜਧਾਨੀ ਕਿਹਾ ਜਾਂਦਾ ਹੈ, ਉਵੇਂ ਮਹਾ-ਪੰਜਾਬ ਦਾ ਲਾਹੌਰ ਸ਼ਹਿਰ ਪੰਜਾਬੀ ਸਿਨੇਮਾ ਦੀ ਰਾਜਧਾਨੀ ਹੁੰਦਾ ਸੀ।
ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਤਾਰੀਖ਼ੀ ਫ਼ਿਲਮ 'ਇਸ਼ਕ-ਏ-ਪੰਜਾਬ' ਉਰਫ਼ 'ਮਿਰਜ਼ਾ-ਸਾਹਿਬਾਂ' ਸੀ।
ਪੰਜਾਬੀ ਸਿਨੇਮਾ ਦਾ ਦੌਰ ਸਾਂਝੇ ਪੰਜਾਬ ਦੇ ਲਾਹੌਰ ਤੋਂ ਸ਼ੁਰੂ ਹੋਇਆ। ਲਾਹੌਰ ਵਿੱਚ ਬਣਨ ਵਾਲੀ ਪਹਿਲੀ ਚੁੱਪ ਫ਼ਿਲਮ 'ਡਾਟਰਜ਼ ਆਫ਼ ਟੂਡੇ' ਉਰਫ਼ 'ਪ੍ਰੇਮ ਪ੍ਰੀਕਸ਼ਾ' ਸੀ।
ਇਸ ਫ਼ਿਲਮ ਦੇ ਫ਼ਿਲਮਸਾਜ਼ ਤੇ ਡਾਇਰੈਕਟਰ ਗੋਪਾਲ ਕ੍ਰਿਸ਼ਨ ਮਹਿਤਾ ਸਨ। ਇਹ ਫ਼ਿਲਮ 5 ਜਨਵਰੀ 1929 ਨੂੰ ਇੰਪੀਰੀਅਲ ਸਿਨੇਮਾ, ਲਮਿੰਗਟਨ ਰੋਡ, ਬੰਬੇ (ਮੁੰਬਈ) ਵਿਖੇ ਰਿਲੀਜ਼ ਹੋਈ ਸੀ।
ਸਾਲ 1927 ਵਿੱਚ ਇਸ ਫ਼ਿਲਮ ਦੀ ਦਰਸ਼ਕਾਂ ਅੱਗੇ ਪੇਸ਼ਕਾਰੀ ਹੋਣ ਤੋਂ ਇੱਕ ਸਾਲ ਪਹਿਲਾਂ ਪੰਜਾਬ ਦਾ ਪਹਿਲਾ ਸੈਂਸਰ ਬੋਰਡ ਲਾਹੌਰ, ਪੰਜਾਬ ਵਿੱਚ ਬਣ ਚੁੱਕਿਆ ਸੀ। ਇਸ ਬੋਰਡ ਦੇ 12 ਮੈਂਬਰ ਸਨ।

ਪੰਜਾਬੀ ਸਿਨੇਮਾ ਦਾ ਆਗਾਜ਼
ਪੰਜਾਬ ਵਿੱਚ ਬਣਨ ਵਾਲੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ਪਲੇਆਰਟ ਫੋਟੋਟੋਨ, ਲਾਹੌਰ ਦੀ 'ਹੀਰ ਰਾਂਝਾ' ਉਰਫ਼ 'ਹੂਰ-ਏ-ਪੰਜਾਬ'(1932) ਸੀ, ਜਿਸ ਦੇ ਫ਼ਿਲਮਸਾਜ਼ ਤੇ ਹਿਦਾਇਤਕਾਰ ਏ. ਆਰ. ਕਾਰਦਾਰ (ਅਬਦੁੱਲ ਰਸ਼ੀਦ ਕਾਰਦਾਰ) ਸਨ। ਇਹ ਫ਼ਿਲਮ 9 ਸਤੰਬਰ 1932 ਨੂੰ ਕੈਪੀਟਲ ਥੀਏਟਰ, ਮੈਕਲੋਡ ਰੋਡ, ਲਾਹੌਰ ਵਿੱਚ ਪੇਸ਼ ਕੀਤੀ ਗਈ ਸੀ।
1932 ਵਿੱਚ ਜਦੋਂ ਲਾਹੌਰ ਵਿੱਚ ਬੋਲਦੀਆਂ ਹਿੰਦੀ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਕੇ. ਡੀ. ਮਹਿਰਾ (ਕ੍ਰਿਸ਼ਨ ਦੇਵ ਮਹਿਰਾ) ਨੇ ਵੀ ਪੰਜਾਬੀ ਜ਼ੁਬਾਨ ਵਿੱਚ ਫ਼ਿਲਮ ਬਣਾਉਣ ਦਾ ਮਨਸੂਬਾ ਘੜਿਆ। ਇਸੇ ਦੀਆਂ ਕੋਸ਼ਿਸਾਂ ਤਹਿਤ ਉਹ ਲਾਹੌਰ ਤੋਂ ਕਲਕੱਤੇ ਗਏ ਸਨ।
ਇਸੇ ਦੌਰਾਨ ਸਾਲ 1932 ਵਿੱਚ ਫ਼ਿਲਮਸਾਜ਼ ਬੋਮਨ ਆਰਟ੍ਰੀਸ਼ਨ (ਬੋਮਨ ਸ਼ਰਾਫ਼) ਦੇ ਫ਼ਿਲਮਸਾਜ਼ ਅਦਾਰੇ 'ਹਿੰਦਮਾਤਾ ਸਿਨੇਟੋਨ ਕੰਪਨੀ', ਬੰਬੇ ਨੇ ਪੰਜਾਬੀ ਜ਼ੁਬਾਨ ਵਿੱਚ ਫ਼ਿਲਮ ਬਣਾਉਣ ਦਾ ਫ਼ੈਸਲਾ ਕਰ ਲਿਆ।
ਉਨ੍ਹਾਂ ਨੇ ਫ਼ਿਲਮ ਨੂੰ ਪੰਜਾਬ ਵਿੱਚ ਮਕਬੂਲ ਕਰਨ ਲਈ ਪੰਜਾਬ ਦੇ ਕਿਸੇ ਮੁਹੱਬਤੀ ਅਫ਼ਸਾਨੇ ਉੱਤੇ ਫ਼ਿਲਮ ਬਣਾਉਣ ਦਾ ਸੋਚਿਆ। ਇਸ ਖ਼ੁਆਬ ਨੂੰ ਪੂਰਾ ਕਰਨ ਲਈ ਤਮਾਮ ਟੀਮ ਬੰਬੇ (ਮੁੰਬਈ) ਤੋਂ ਲਾਹੌਰ ਪਹੁੰਚੀ।
ਫ਼ਿਲਮ ਦੀ ਸ਼ੂਟਿੰਗ

ਤਸਵੀਰ ਸਰੋਤ, mandeep sidhu
27 ਜੂਨ 1933 ਨੂੰ ਲਾਹੌਰ ਤੋਂ ਛਪਦੇ ਉਰਦੂ ਅਖ਼ਬਾਰ ਰੋਜ਼ਨਾਮਾ 'ਇਨਕਲਾਬ' ਵਿੱਚ ਛਪੀ ਰਿਪੋਰਟ ਮੁਤਾਬਕ ਪੰਜਾਬ ਦੀ ਮਸ਼ਹੂਰ ਲੋਕ ਦਾਸਤਾਨ 'ਮਿਰਜ਼ਾ ਸਾਹਿਬਾਂ' ਉੱਤੇ ਫ਼ਿਲਮ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ।
ਲਾਹੌਰ ਵਿੱਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ। ਇਸ ਦੇ ਪਹਿਲੇ ਹਿਦਾਇਤਕਾਰ ਐੱਨ. ਬੁਲਚੰਦਾਨੀ (ਬੀ.ਏ.) ਸਨ, ਜੋ ਕਿ ਸਿੰਧੀ ਮੂਲ ਦੇ ਸਨ ਪਰ ਪੰਜਾਬੀ ਜ਼ੁਬਾਨ ਵਿੱਚ ਮੁਹਾਰਤ ਨਾ ਹੋਣ ਕਰਕੇ ਉਨ੍ਹਾਂ ਨੇ ਫ਼ਿਲਮ ਨੂੰ ਅਧੂਰਾ ਹੀ ਛੱਡ ਦਿੱਤਾ ਸੀ।
ਦੁਬਾਰਾ ਚਾਰਾਜੋਈ ਨਾਲ ਫਿਲਮ ਬਣੀ
17 ਦਸੰਬਰ 1933 ਨੂੰ ਰੋਜ਼ਨਾਮਾ 'ਇਨਕਲਾਬ' ਵਿੱਚ ਛਪੇ ਇਸ਼ਤਿਹਾਰ ਉੱਤੇ ਦਰਜ ਇਬਾਰਤ ਅਨੁਸਾਰ ਇਸ ਮਗਰੋਂ ਇਸ ਫ਼ਿਲਮ ਦੀ ਕਮਾਂਡ ਮਾਰੂਫ਼ ਪੰਜਾਬੀ ਹਿਦਾਇਤਕਾਰ ਜੀ. ਆਰ. ਸੇਠੀ ਦੇ ਹੱਥ ਆ ਗਈ।
ਉਹ ਪਿੰਡ ਦਾਦਨ ਖ਼ਾਨ ਨਾਲ ਸਬੰਧਤ ਸਨ ਅਤੇ ਮਸ਼ਹੂਰ ਚਰਿੱਤਰ ਅਦਾਕਾਰ ਜਗਦੀਸ਼ ਸੇਠੀ ਦੇ ਵੱਡੇ ਭਰਾ ਸਨ।
ਫਿਰ ਪੰਜਾਬ ਦੀ ਸਰਜ਼ਮੀਨ ਉੱਤੇ ਇਸ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ।
'ਹਿੰਦਮਾਤਾ ਸਿਨੇਟੋਨ ਕੰਪਨੀ' ਨੇ ਦੋ ਸਾਲਾਂ ਤੱਕ ਇਸ ਫ਼ਿਲਮ ਲਈ ਖਾਸਾ ਪੈਸਾ ਖ਼ਰਚ ਕੀਤਾ। ਪੰਜਾਬ ਦੇ ਵੱਡੇ-ਵੱਡੇ ਮਸ਼ਹੂਰ ਸ਼ਹਿਰਾਂ ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ, ਝੰਗ ਅਤੇ ਗੁਰਦਾਸਪੁਰ ਵਿਚੋਂ ਸੋਹਣੇ-ਸੋਹਣੇ ਨਜ਼ਾਰੇ ਤੇ ਸੀਨ ਲਏ ਗਏ ਅਤੇ ਪੰਜਾਬੀਅਤ ਦੀ ਉਮਦਾ ਪੇਸ਼ਕਾਰੀ ਕੀਤੀ ਗਈ।
ਇਸ ਫਿਲਮ ਵਿੱਚ 'ਮਿਰਜ਼ੇ' ਦਾ ਟਾਈਟਲ ਕਿਰਦਾਰ ਪੰਜਾਬ ਦੇ ਨਾਮਵਰ ਲੋਕ ਗਵੱਈਏ ਤੇ ਰਬਾਬੀ ਭਾਈ ਦੇਸਾ 'ਅੰਮ੍ਰਿਤਸਰ' (ਐੱਚ.ਐੱਮ.ਵੀ.) ਨੇ ਕੀਤਾ ਸੀ ਅਤੇ ਸਾਹਿਬਾਂ ਦਾ ਕਿਰਦਾਰ ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ ਦੀ ਪੰਜਾਬਣ ਮੁਟਿਆਰ ਮਿਸ ਖ਼ੁਰਸ਼ੀਦ ਬਾਨੋ ਨੇ ਅਦਾ ਕੀਤਾ ਸੀ।
ਇਸ ਫ਼ਿਲਮ ਵਿੱਚ ਪਹਿਲੀ ਵਾਰ ਪੰਜਾਬ ਦੇ ਮਸ਼ਹੂਰ ਲੋਕ ਗਵੱਈਏ ਭਾਈ ਛੈਲਾ, (ਪਟਿਆਲਾ ਵਾਲੇ) ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।
ਜਦੋਂ ਕਿ ਦੂਜੇ ਫ਼ਨਕਾਰਾਂ ਵਿੱਚ ਮਿਸ ਸਰਲਾ (ਨੂਰੀ), ਮਿਸਟਰ ਸੋਹਨ ਲਾਲ (ਖੀਵੇ ਖ਼ਾਨ), ਇਨਾਇਤ ਜਾਨ (ਰਹਿਮਤ), ਮਿਸਟਰ ਪਰਵੇਜ਼ ਸ਼ੰਮੀ (ਸ਼ਮੀਰ) ਹੋਰ ਕਿਰਦਾਰ ਅਦਾ ਕਰ ਰਹੇ ਸਨ।
ਫ਼ਿਲਮ ਦੀ ਕਹਾਣੀ ਲਾਲ ਚੰਦ ਬਿਸਮਿਲ ਉਰਫ਼ ਬਿਸਮਲ ਪੇਸ਼ਾਵਰੀ, ਮੁਕਾਲਮੇ (ਸੰਵਾਦ) ਸਾਹਿਬਜ਼ਾਦਾ ਮੁਹੰਮਦ ਮੁਮਤਾਜ਼ ਪਰਵੇਜ਼ ਸ਼ੰਮੀ ਅਤੇ ਸੰਗੀਤ ਪ੍ਰੋਫੈਸਰ ਨਵਾਬ ਖ਼ਾਨ (ਕਸੂਰ) ਨੇ ਤਾਮੀਰ ਕੀਤੀ ਸੀ।
ਸਾਊਂਡ ਰਿਕਾਰਡਿਸਟ ਸ਼ੇਰ ਅਲੀ ਅਤੇ ਕੈਮਰਾਮੈਨ ਈ. ਆਰ. ਕੂਪਰ ਸਨ, ਫ਼ਿਲਮ ਵਿੱਚ ਹਰ ਇੱਕ ਮੰਜ਼ਰ ਅਤੇ ਨਜ਼ਾਰੇ ਨੂੰ ਬੜੀ ਖ਼ੂਬਸੂਰਤੀ ਨਾਲ ਫ਼ਿਲਮਾਇਆ ਗਿਆ ਸੀ।

ਤਸਵੀਰ ਸਰੋਤ, mandeep sidhu
ਇਸ ਇਤਿਹਾਸਿਕ ਫ਼ਿਲਮ ਦੇ ਹੁਣ ਤੱਕ ਸਿਰਫ਼ ਇੱਕੋ ਗੀਤ ਦਾ ਹਵਾਲਾ ਹੀ ਮਿਲ ਪਾਇਆ ਹੈ।
ਮਿਸ ਖ਼ੁਰਸ਼ੀਦ ਦੇ ਗਾਏ ਅਤੇ ਉਸੇ ਉੱਪਰ ਫਿਲਮਾਏ ਇਸ ਗੀਤ ਦੇ ਬੋਲ ਹਨ-
'ਜੇ ਮੈਂ ਐਸਾ ਜਾਣਦੀ ਪ੍ਰੀਤ ਕੀਏ ਦੁੱਖ ਹੋ...ਨਗਰ ਢੂੰਡਣ ਦਰ ਅੱਪੜੀ ਪ੍ਰੀਤ ਕਰੇ ਨਾ ਕੋ'
'ਮਿਰਜ਼ਾ ਸਾਹਿਬਾਂ' ਦੇ ਨਾਮ ਨਾਲ ਸ਼ੁਰੂ ਹੋਈ ਇਹ ਫ਼ਿਲਮ ਮੁਕੰਮਲ ਹੋਣ ਤੋਂ ਬਾਅਦ 'ਇਸ਼ਕ-ਏ-ਪੰਜਾਬ' ਉਰਫ਼ 'ਮਿਰਜ਼ਾ-ਸਾਹਿਬਾਂ' ਦੇ ਨਾਮ ਨਾਲ ਸ਼ੁੱਕਰਵਾਰ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਰਿਲੀਜ਼ ਕੀਤੀ ਗਈ ਸੀ।
ਇਹ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਡਬਲ ਵਰਜਨ ਫ਼ਿਲਮ ਸੀ ਜਿਹੜੀ ਪੰਜਾਬੀ ਤੋਂ ਇਲਾਵਾ ਉਰਦੂ ਅਤੇ ਹਿੰਦੀ ਭਾਸ਼ਾ ਵਿੱਚ ਵੀ ਡੱਬ ਹੋ ਕੇ ਸੈਂਸਰ ਹੋਈ ਸੀ ਪਰ ਇਸ ਦੀ ਰਿਲੀਜ਼ ਸੰਭਵ ਨਹੀਂ ਹੋ ਪਾਈ।
ਭਾਰਤੀ ਸਿਨੇਮਾ ਦਾ ਪਿਛੋਕੜ
ਭਾਰਤੀ ਸਿਨੇਮਾ ਦੇ ਆਗ਼ਾਜ਼ ਦੀ ਗੱਲ ਕਰੀਏ ਤਾਂ ਪਹਿਲਾ ਨਾਮ ਮਰਹੂਮ ਫ਼ਿਲਮਸਾਜ਼ ਤੇ ਹਿਦਾਇਤਕਾਰ ਧੁੰਦੀਰਾਜ ਗੋਵਿੰਦ ਫ਼ਾਲਕੇ ਉਰਫ਼ ਦਾਦਾ ਸਾਹਿਬ ਫ਼ਾਲਕੇ ਦਾ ਆਉਂਦਾ ਹੈ।
ਉਨ੍ਹਾਂ ਨੇ ਆਪਣੇ ਫ਼ਿਲਮਸਾਜ਼ ਅਦਾਰੇ ਫ਼ਾਲਕੇ ਐਂਡ ਕੰਪਨੀ, ਬੰਬੇ ਦੇ ਬੈਨਰ ਹੇਠ ਮਿਥਿਹਾਸਿਕ ਚੁੱਪ ਫ਼ਿਲਮ 'ਰਾਜਾ ਹਰੀਸ਼ਚੰਦਰ' (1913) ਤੋਂ ਕੀਤੀ ਸੀ।
ਚੁੱਪ ਸਿਨੇਮੇ ਤੋਂ ਬਾਅਦ ਜਦੋਂ ਸਿਨੇਮੇ ਨੂੰ ਆਵਾਜ਼ ਮਿਲੀ ਤਾਂ ਹਿਦਾਇਤਕਾਰ ਖ਼ਾਨ ਬਹਾਦੁਰ ਅਰਦੇਸ਼ਿਰ ਐੱਮ. ਇਰਾਨੀ ਨੇ ਇੰਪੀਰੀਅਲ ਮੂਵੀਟੋਨ, ਬੰਬੇ ਦੇ ਬੈਨਰ ਹੇਠ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ 'ਆਲਮ ਆਰਾ' (1931) ਦਾ ਨਿਰਮਾਣ ਕੀਤਾ।
14 ਅਪ੍ਰੈਲ 1931 ਨੂੰ ਕੈਪੀਟਲ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਰਿਲੀਜ਼ ਹੋਈ ਸੀ। ਇਸ ਪਹਿਲੀ ਬੋਲਦੀ ਫ਼ਿਲਮ ਨੇ ਪੰਜਾਬੀ ਫ਼ਿਲਮਕਾਰਾਂ ਦੇ ਹੌਂਸਲੇ ਵੀ ਬੁਲੰਦ ਕਰ ਦਿੱਤੇ ਸਨ।
ਕਿਵੇਂ ਸ਼ੁਰੂ ਹੋਇਆ 'ਪੰਜਾਬੀ ਸਿਨਮਾ ਡੇਅ'

ਤਸਵੀਰ ਸਰੋਤ, mandeep sidhu
ਪੰਜਾਬੀ ਸਿਨੇਮਾ ਇਤਿਹਾਸ ਦੀ ਪਹਿਲੀ ਕਿਤਾਬ 'ਪੰਜਾਬੀ ਸਿਨੇਮਾ' ਦਾ ਸਚਿੱਤਰ ਇਤਿਹਾਸ 1935-1985' (ਭਾਗ ਪਹਿਲਾ) ਵਿੱਚ ਪੰਜਾਬੀ ਸਿਨੇਮਾ ਇਤਿਹਾਸ ਦੀ ਪਹਿਲੀ ਬੋਲਦੀ ਪੰਜਾਬੀ ਫ਼ੀਚਰ ਫ਼ਿਲਮ 'ਇਸ਼ਕ-ਏ-ਪੰਜਾਬ' ਉਰਫ਼ 'ਮਿਰਜ਼ਾ ਸਾਹਿਬਾਂ' (1935) ਜ਼ਿਕਰ ਕੀਤਾ ਗਿਆ ਹੈ।
29 ਮਾਰਚ 1935 ਨੂੰ ਪਹਿਲੀ ਵਾਰ ਨੌਰਥ ਜ਼ੋਨ ਫ਼ਿਲਮ ਅਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ (ਹੁਣ ਪਫ਼ਟਾ) ਨੇ 29 ਮਾਰਚ 2021 ਨੇ 'ਪੰਜਾਬੀ ਸਿਨੇਮਾ ਡੇਅ' ਦਾ ਦਿਹਾੜਾ ਮਨਾਇਆ।
ਅੱਜ ਇਹ ਸਫ਼ਲਤਾਪੂਰਵਕ 5ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























