ਈਰਾਨ: ਜਨਰਲ ਸੁਲੇਮਾਨੀ ਦੀ ਮਜ਼ਾਰ ਨੇੜੇ ਹੋਏ ਦੋ ਬੰਬ ਧਮਾਕਿਆਂ 'ਚ 100 ਤੋਂ ਵੱਧ ਲੋਕਾਂ ਦੀ ਮੌਤ

ਤਸਵੀਰ ਸਰੋਤ, JAMRAN
ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੀ ਚੌਥੀ ਬਰਸੀ ਵੇਲੇ ਰੱਖੇ ਸਮਾਗ਼ਮਾਂ ਦੌਰਾਨ ਦੋ ਬੰਬ ਧਮਾਕੇ ਹੋਏ ਹਨ। ਜਿਸ ਵਿੱਚ ਹੁਣ ਤੱਕ 103 ਲੋਕਾਂ ਦੀ ਮੌਤ ਦੀ ਪੁਸਟੀ ਹੋਈ ਹੈ ਤੇ 150 ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਧਮਾਕੇ ਕਰਮਾਨ ਸ਼ਹਿਰ ਦੀ ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਹੋਏ ਹਨ, ਜਿੱਥੇ ਜਨਰਲ ਕਾਸਿਮ ਸੁਲੇਮਾਨੀ ਦੀ ਮਜ਼ਾਰ ਨੇੜੇ ਸਮਾਗਮ ਚੱਲ ਰਿਹਾ ਸੀ।
ਈਰਾਨ ਦੇ ਸਰਕਾਰੀ ਮੀਡੀਆ ਨੇ ਕਰਮਾਨ ਸੂਬੇ ਦੇ ਗਵਰਨਰ ਦੇ ਹਵਾਲੇ ਨਾਲ ਇਸ ਨੂੰ 'ਅੱਤਵਾਦੀ ਹਮਲਾ' ਦੱਸਿਆ ਹੈ।

ਤਸਵੀਰ ਸਰੋਤ, Getty Images
ਸ਼ੁਰੂਆਤ 'ਚ 20 ਲੋਕਾਂ ਦੀ ਮੌਤ ਦੀ ਖ਼ਬਰ ਸੀ ਪਰ ਬਾਅਦ 'ਚ ਈਰਾਨ ਦੇ ਸਰਕਾਰੀ ਮੀਡੀਆ ਨੇ ਮਰਨ ਵਾਲਿਆਂ ਦੀ ਗਿਣਤੀ 50 ਦੱਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 73 ਤੱਕ ਪਹੁੰਚ ਗਈ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਕੁਝ ਵੀਡੀਓਜ਼ 'ਚ ਸੜਕ 'ਤੇ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਹਨ।

ਤਸਵੀਰ ਸਰੋਤ, UGC
'10 ਮਿੰਟ' ਦੇ ਵਕਫੇ 'ਤੇ ਹੋਏ ਧਮਾਕੇ
ਕਰਮਾਨ ਮੈਡੀਕਲ ਐਮਰਜੈਂਸੀ ਸੈਂਟਰ ਦੇ ਮੁਖੀ ਸ਼ਹਾਬ ਸਲੇਹੀ ਨੇ ਕਿਹਾ ਕਿ ਇਹ ਵਿਸਫੋਟ "ਦੋ ਬੰਬ ਧਮਾਕਿਆਂ" ਕਾਰਨ ਹੋਏ ਸਨ।
ਕਰਮਾਨ ਦੇ ਮੇਅਰ ਸਈਦ ਸ਼ੇਰਬਾਫ਼ ਦਾ ਕਹਿਣਾ ਹੈ ਕਿ ਦੋਵੇਂ ਧਮਾਕੇ '10 ਮਿੰਟਾਂ ਦੇ ਵਕਫ਼ੇ' 'ਤੇ ਹੋਏ।
ਈਰਾਨ ਦੀ ਸਮਾਚਾਰ ਏਜੰਸੀ ਤਸਨੀਮ ਮੁਤਾਬਕ ਬੰਬਾਂ ਨੂੰ ਦੋ ਬੈਗਾਂ ਵਿਚ ਰੱਖਿਆ ਗਿਆ ਸੀ ਅਤੇ ਦੂਰੋਂ ਰਿਮੋਟ ਨਾਸ ਵਿਸਫੋਟ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਉੱਥੇ ਮੌਜੂਦ ਲੋਕਾਂ ਨੂੰ ਜਲਦੀ ਤੋਂ ਜਲਦੀ ਘਟਨਾ ਵਾਲੀ ਥਾਂ ਛੱਡਣ ਲਈ ਕਿਹਾ।

ਤਸਵੀਰ ਸਰੋਤ, GETTY IMAGES
ਅਮਰੀਕਾ ਨੇ ਸਾਲ 2020 ਵਿੱਚ ਇੱਕ ਡਰੋਨ ਹਮਲੇ ਵਿੱਚ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ।
ਇਰਿਬ ਮੁਤਾਬਕ ਜਨਰਲ ਸੁਲੇਮਾਨੀ ਦੇ ਕਤਲ ਦੀ ਚੌਥੀ ਬਰਸੀ 'ਤੇ ਰੱਖੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸੈਂਕੜੇ ਲੋਕ ਸਾਹਬ ਅਲ-ਜ਼ਮਾਨ ਮਸਜਿਦ ਦੇ ਨੇੜੇ ਜਾ ਰਹੇ ਸਨ।
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਤੋਂ ਬਾਅਦ, ਸੁਲੇਮਾਨੀ ਨੂੰ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਗਿਣਿਆ ਜਾਂਦਾ ਸੀ।
ਇਸ ਤੋਂ ਪਹਿਲਾਂ ਸਰਕਾਰੀ ਨਿਊਜ਼ ਏਜੰਸੀ ਨੂਰ ਨਿਊਜ਼ ਨੇ ਕਿਹਾ ਸੀ ਕਿ ਮਜ਼ਾਰ ਨੂੰ ਜਾਣ ਵਾਲੀ ਸੜਕ 'ਤੇ ਗੈਸ ਦੇ ਕਨਸਤਰ ਵੀ ਛੱਡੇ ਗਏ।
ਰੌਇਟਰਜ਼ ਨੇ ਸਰਕਾਰੀ ਟੀਵੀ ਚੈਨਲ 'ਤੇ ਚਲਾਏ ਜਾ ਰਹੇ ਵਿਜ਼ੂਅਲ ਦੇ ਹਵਾਲੇ ਨਾਲ ਕਿਹਾ ਹੈ ਕਿ ਬਚਾਅ ਕਰਮਚਾਰੀ ਜ਼ਖਮੀਆਂ ਦੀ ਮਦਦ ਵਿੱਚ ਲੱਗ ਗਏ ਹਨ।

ਤਸਵੀਰ ਸਰੋਤ, Getty Images
ਕਾਸਿਮ ਸੁਲੇਮਾਨੀ ਕੌਣ ਸਨ?
3 ਜਨਵਰੀ 2020 ਨੂੰ ਸੁਲੇਮਾਨੀ ਇੱਕ ਅਮਰੀਕੀ ਡਰੋਨ ਦੇ ਹਮਲੇ ਵਿਚ ਮਾਰੇ ਗਏ ਸਨ। ਸੁਲੇਮਾਨੀ ਪ੍ਰਮੁੱਖ ਈਰਾਨੀ ਫੌਜ ਅਤੇ ਮੁਲਕ ਦੇ ਵੱਡੇ ਆਗੂ ਤੇ ਕੁਦਜ਼ ਫੋਰਸ ਦੇ ਮੁੱਖ ਕਮਾਂਡਰ ਸਨ।
ਉਨ੍ਹਾਂ ਇਜ਼ਰਾਈਲ ਅਤੇ ਅਮਰੀਕਾ ਦੇ ਵਿਰੁੱਧ ਕਈ ਵੱਡੇ ਆਪ੍ਰੇਸ਼ਨ ਕੀਤੇ ਸਨ।
ਸਾਲ 1998 ਤੋਂ ਬਾਅਦ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੇ ਈਰਾਨ ਦੀਆਂ ਕੁਦਸ ਫੋਰਸਿਜ਼ ਦੀ ਅਗਵਾਈ ਕੀਤੀ। ਇਹ ਈਰਾਨ ਦੀ ਰੈਵਲੂਸ਼ਨਰੀ ਗਾਰਡਜ਼ ਦਾ ਇੱਕ ਚੋਣਵਾਂ ਦਸਤਾ ਹੈ।
ਇਸ ਹੈਸੀਅਤ ਵਿੱਚ ਸੁਲੇਮਾਨੀ ਨੇ ਬਸ਼ਰ-ਅੱਲ-ਅੱਸਦ ਦੀ ਈਰਾਨੀ ਹਮਾਇਤ ਵਾਲੀ ਸਰਕਾਰ ਦੀ ਸੀਰੀਆ ਦੇ ਗ੍ਰਹਿ ਯੁੱਧ ਵਿੱਚ ਅਤੇ ਇਸਲਾਮਿਕ ਸਟੇਟ (ਆਈਐੱਸ) ਗੁਰੱਪ ਖ਼ਿਲਾਫ਼ ਇਰਾਕ ਵਿੱਚ ਹਮਾਇਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਮਰਹੂਮ ਸੁਲੇਮਾਨੀ ਈਰਾਨੀ ਸੱਤਾ ਦਾ ਇੱਕ ਉੱਭਰਦਾ ਚਿਹਰਾ ਸਨ ਜਿਨ੍ਹਾਂ ਦੀ ਕੁਦਸ ਫੋਰਸਿਜ਼ ਸਿੱਧੀ ਦੇਸ਼ ਪ੍ਰਮੁੱਖ ਅਇਤਾਉੱਲ੍ਹਾ ਅਲੀ ਖ਼ਮੇਨੀ ਨੂੰ ਰਿਪੋਰਟ ਕਰਦੀ ਸੀ।
ਉਹ ਪਹਿਲੀ ਵਾਰ 1980ਵਿਆਂ ਵਿੱਚ ਈਰਾਨ-ਇਰਾਕ ਯੁੱਧ ਦੌਰਾਨ ਉੱਭਰ ਕੇ ਸਾਹਮਣੇ ਆਏ ਸਨ ।
ਸਾਲ 2015 ਵਿੱਚ ਇੱਕ ਵੀਡੀਓ ਈਰਾਨ ਵਿੱਚ ਬਹੁਤ ਜ਼ਿਆਦਾ ਸਾਂਝੀ ਕੀਤੀ ਗਈ। ਇਹ ਇੱਕ ਸੰਗੀਤਕ ਵੀਡੀਓ ਸੀ, ਜਿਸ ਵਿੱਚ ਇਰਾਕ ਦੇ ਸ਼ੀਆ ਲੜਾਕੇ ਇੱਕ ਕੰਧ ਉੱਤੇ ਸੁਲੇਮਾਨੀ ਦੀ ਤਸਵੀਰ ਛਾਪ ਕੇ ਉਸ ਦੇ ਸਾਹਮਣੇ ਪਰੇਡ ਕਰਦੇ ਹਨ ਤੇ ਇੱਕ ਜੋਸ਼ੀਲਾ ਤਰਾਨਾ ਗਾਉਂਦੇ ਹਨ।
ਸੁਲੇਮਾਨੀ ਉਸ ਸਮੇਂ ਉੱਤਰੀ ਇਰਾਕ ਦੇ ਸਲਾਉਦੀਨ ਸੂਬੇ ਵਿੱਚ ਇਰਾਕੀ ਤੇ ਸ਼ੀਆ ਲੜਾਕਿਆਂ ਦੀ ਅਗਵਾਈ ਕਰ ਰਹੇ ਸਨ। ਇਹ ਲੜਾਕੇ ਤਿਰਕਿਤ ਸ਼ਹਿਰ ਨੂੰ ਇਸਲਾਮਿਕ ਸਟੇਟ ਦੇ ਲੜਾਕਿਆਂ ਤੋਂ ਵਾਪਸ ਲੈਣ ਲਈ ਲੜ ਰਹੇ ਸਨ।
ਇਰਾਨੀ ਖ਼ਬਰ ਏਜੰਸੀ ਫਾਰਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸੁਲੇਮਾਨੀ ਨੇ ਇਰਾਕੀ ਲੜਾਕਿਆਂ ਦੀ ਇਸ ਮਿਸ਼ਨ ਦੀ ਤਿਆਰੀ ਵਿੱਚ ਕੁਝ ਸਮਾਂ ਮਦਦ ਕੀਤੀ ਸੀ।

ਤਸਵੀਰ ਸਰੋਤ, AFP/GETTY
ਜੇਹਾਦੀਆਂ ਖ਼ਿਲਾਫ਼ ਮੋਰਚੇ ਦਾ ਜਰਨੈਲ
ਇਹ ਪਹਿਲੀ ਵਾਰ ਨਹੀਂ ਸੀ ਕਿ ਸੁਲੇਮਾਨੀ ਨੇ ਜਿਹਾਦੀਆਂ ਖ਼ਿਲਾਫ਼ ਮੋਰਚਾ ਲਿਆ ਹੋਵੇ। ਗੁਆਂਢੀ ਸੀਰੀਆ ਵਿੱਚ ਵੀ ਉਨ੍ਹਾਂ ਨੇ ਰਾਸ਼ਟਰਪਤੀ ਬਸ਼ਰ-ਅੱਲ-ਅੱਸਦ ਦੀ ਜਿਹਾਦੀਆਂ ਤੋਂ ਪ੍ਰਮੁੱਖ ਸ਼ਹਿਰ ਵਾਪਸ ਲੈਣ ਵਿੱਚ ਮਦਦ ਕੀਤੀ ਸੀ।
ਹਾਲਾਂਕਿ ਈਰਾਨ ਹਮੇਸ਼ਾ ਹੀ ਸੀਰੀਆ ਤੇ ਇਰਾਕ ਵਿੱਚ ਆਪਣੇ ਦਖ਼ਲ ਤੋਂ ਇਨਕਾਰੀ ਰਿਹਾ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਮਰਨ ਵਾਲੇ ਲੜਾਕਿਆਂ ਦੇ ਆਗੂਆਂ ਦੇ ਸੋਗ ਸਮਾਗਮ ਈਰਾਨ ਵਿੱਚ ਹੁੰਦੇ ਰਹੇ ਹਨ ਤੇ ਸੁਲੇਮਾਨੀ ਵੀ ਇਨ੍ਹਾਂ ਵਿੱਚ ਜਾਂਦੇ ਸਨ।
ਭਾਵੇਂ ਈਰਾਨ ਤੇ ਅਮਰੀਕਾ ਦੀਆਂ ਤਲਵਾਰਾਂ ਖਿੱਚੀਆਂ ਰਹਿੰਦੀਆਂ ਹੋਣ ਪਰ ਆਈਐੱਸ ਦੀ ਸਾਂਝੀ ਬਿਪਤਾ ਨੇ ਇਨ੍ਹਾਂ ਨੂੰ ਅਸਿੱਧਾ ਸਹਿਯੋਗ ਕਰਨ ਲਈ ਮਜਬੂਰ ਕੀਤਾ।
ਸਾਲ 2001 ਵਿੱਚ ਸੁਲੇਮਾਨੀ ਨੇ ਇਸ ਨੀਤੀ ਦਾ ਮੁੱਢ ਬੰਨ੍ਹਿਆ ਸੀ। ਜਦੋਂ ਈਰਾਨ ਨੇ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਲੜਾਕਿਆਂ ਨਾਲ ਜੰਗ ਕਰਨ ਲਈ ਫੌਜੀ ਜਾਣਕਾਰੀਆਂ ਮੁਹਈਆ ਕਰਵਾਈਆਂ ਸਨ।
ਫਿਰ 2007 ਵਿੱਚ ਦੋਹਾਂ ਦੇਸ਼ਾਂ ਨੇ ਤਹਿਰਾਨ ਦੀ ਨਿੱਘਰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਆਪਣੇ ਨੁਮਾਇੰਦੇ ਭੇਜੇ ਸਨ।
ਸਮੇਂ ਦੇ ਨਾਲ-ਨਾਲ ਸੁਲੇਮਾਨੀ ਦਾ ਕੱਦ ਈਰਾਨ ਦੀ ਵਿਦੇਸ਼ ਨੀਤੀ ਵਿੱਚ ਉੱਚਾ ਹੁੰਦਾ ਗਿਆ। ਉਹ ਈਰਾਨ ਦਾ ਅਜਿਹਾ ਚਿਹਰਾ ਬਣੇ ਜੋ ਹਰ ਸੰਕਟ ਵਿੱਚ ਪਹੁੰਚਦਾ ਸੀ।

ਤਸਵੀਰ ਸਰੋਤ, TTA KENARE/AFP/GETTY IMAGES
ਈਰਾਨ ਵੱਲੋਂ ਕੀਤੇ ਇੱਕ ਐਲਾਨ ਮੁਤਾਬਕ ਉਨ੍ਹਾਂ ਨੇ ਇਰਾਕ ਦੇ ਮਰਹੂਮ ਸ਼ਾਸ਼ਕ ਸੱਦਾਮ ਹੁਸੈਨ ਬਾਰੇ ਬਣਾਈ ਜਾਣ ਵਾਲੀ ਦਸਤਾਵੇਜ਼ੀ ਫ਼ਿਲਮ ਦੀ ਨਜ਼ਰਸਾਨੀ ਵੀ ਕਰਨੀ ਸੀ।
ਹਾਲਾਂਕਿ ਹਰ ਕੋਈ ਸੁਲੇਮਾਨੀ ਦੇ ਵਧਦੇ ਵਕਾਰ ਤੋਂ ਖ਼ੁਸ਼ ਨਹੀਂ ਸੀ। ਦਸੰਬਰ 2014 ਵਿੱਚ ਈਰਾਨ-ਕੈਨੇਡਾ ਸਿਖ਼ਰ ਸੰਮੇਲਨ ਦੌਰਾਨ ਕੈਨੇਡਾ ਦੇ ਤਤਕਾਲੀ ਵਿਦੇਸ਼ ਮੰਤਰੀ ਨੇ ਸੁਲੇਮਾਨੀ ਬਾਰੇ ਟਿੱਪਣੀ ਕੀਤੀ ਕਿ ਉਹ ਆਈਐੱਸ ਨਾਲ ਲੜਨ ਵਾਲੇ ਦੇ ਨਕਾਬ ਵਿੱਚ ਦਹਿਸ਼ਤ ਦੇ ਏਜੰਟ ਹਨ।
ਹਾਲਾਂਕਿ ਈਰਾਨ ਦੇ ਬਲਾਗਰਾਂ ਨੇ ਇੱਕ ਲਹਿਰ ਅਜਿਹੀ ਵੀ ਚਲਾਈ ਕਿ ਸੁਲੇਮਾਨੀ ਨੂੰ ਸਿਆਸਤ ਵਿੱਚ ਦਾਖ਼ਲ ਹੋ ਜਾਣਾ ਚਾਹੀਦਾ ਹੈ।
ਸੁਲੇਮਾਨੀ ਨੂੰ ਈਰਾਨ ਦਾ ਸਭ ਤੋਂ ਪਾਕ ਦਾਮਨ ਸ਼ਖ਼ਸ਼ ਹੋਣ ਦੇ ਨਾਤੇ, ਵਰਦੀ ਲਾਂਭੇ ਰੱਖ ਕੇ, ਇਹ ਲੋਕ ਸੁਲੇਮਾਨੀ ਨੂੰ 2017 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਹਿ ਰਹੇ ਸਨ।
ਹਾਲਾਂਕਿ ਸਾਰੇ ਈਰਾਨੀ ਇਸ ਖ਼ਿਆਲ ਨਾਲ ਇਤਫ਼ਾਕ ਨਹੀਂ ਰੱਖਦੇ ਸਨ। ਇੱਕ ਤਬਕਾ ਦੇਸ਼ ਵਿੱਚ ਸੁਲੇਮਾਨੀ ਦੀ ਅਗਵਾਈ ਵਾਲੇ ਰੈਵਲੂਸ਼ਨਰੀ ਗਾਰਡਜ਼ ਦੇ ਵਧਦੇ ਕੰਟਰੋਲ ਤੋਂ ਫਿਕਰਮੰਦ ਸੀ।


























