ਸੰਗਰੂਰ ਵਿੱਚ ਬੀਬੀਆਂ ਨੂੰ ਦਿਹਾੜੀ-ਮਜ਼ਦੂਰੀ ਛੱਡ ਕੇ ਨਸ਼ੇ ਖਿਲਾਫ਼ ਧਰਨੇ ਉੱਤੇ ਕਿਉਂ ਬੈਠਣਾ ਪਿਆ

ਤਸਵੀਰ ਸਰੋਤ, Kulveer Singh/BBC
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 5 ਮਿੰਟ
ਲੌਂਗੋਵਾਲ ਦੇ ਚੜ੍ਹਦੇ ਪਾਸੇ ਇੱਕ ਤੰਗ ਗਲੀ ਦੇ ਮੁਹਾਣੇ ’ਤੇ ਬੈਠੀਆਂ ਮਜ਼ਦੂਰ ਔਰਤਾਂ ਨਸ਼ੇ ਦੇ ਤਸਕਰਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਔਰਤਾਂ ਦਾ ਦਾਅਵਾ ਹੈ ਕਿ ਮੰਡੀ ਦੇ ਗੇਟ ਉੱਪਰ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਜੋ ਹੁਣ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਗਿਆ ਹੈ।
ਲੌਂਗੋਵਾਲ, ਸੰਗਰੂਰ ਦੇ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਪੈਂਦਾ ਛੋਟਾ ਜਿਹਾ ਕਸਬਾ ਹੈ ਜੋ ਕਿ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਤੋਂ ਲੈ ਕੇ ਮਰਹੂਮ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ ਇੱਕ ਖਾਸ ਅਹਿਮੀਅਤ ਰੱਖਦਾ ਹੈ।
ਧਰਨੇ ’ਤੇ ਬੈਠੀਆਂ ਮਜ਼ਦੂਰ ਔਰਤਾਂ ਨੇ ਕਿਹਾ, “ਉਹ ਸਾਡੇ ਘਰਾਂ ’ਚ ਵੜ੍ਹ ਜਾਂਦੇ ਹਨ ਤੇ ਸਾਡੇ ਗੈਸ ਸਿਲੰਡਰ ਤੇ ਟੀਵੀ ਚੋਰੀ ਕਰ ਲੈਂਦੇ ਹਨ, ਸਾਡੀਆਂ ਬੱਚੀਆਂ ਲਈ ਮੁਹੱਲੇ ਦੀਆਂ ਗਲੀਆਂ ਸੁਰੱਖਿਅਤ ਨਹੀਂ ਰਹੀਆਂ।”

ਇਨ੍ਹਾਂ ਔਰਤਾਂ ਦੇ ਵਿੱਚ ਹੀ ਸ਼ਾਮਲ ਰਾਣੀ ਕੌਰ ਲਈ ਹੁਣ ਇਸ ਧਰਨੇ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ, ਕਿਉਂਕਿ ਨਸ਼ੇ ਦੀ ਅੱਗ ਹੁਣ ਉਨ੍ਹਾਂ ਦੇ ਆਪਣੇ ਘਰ ਤੱਕ ਆ ਗਈ ਹੈ।
ਰਾਣੀ ਦੇ ਦੋ ਪੁੱਤਰ ਹਨ ਜੋ ਮਜ਼ਦੂਰੀ ਕਰਦੇ ਹਨ, ਇੱਕ ਬੇਟਾ ਨਸ਼ੇ ਦੇ ਕੈਪਸੂਲਾਂ ਦਾ ਆਦੀ ਹੈ। ਘਰ ਰੋਜ਼ ਵਿੱਚ ਰੋਜ਼ ਲੜਾਈ ਰਹਿੰਦੀ ਹੈ, ਉਹ ਆਪਣੀ ਘਰਵਾਲੀ ਨੂੰ ਕੁੱਟਦਾ ਹੈ। ਉਸਦੇ ਦੋ ਬੱਚੇ ਵੀ ਹਨ। ਰਾਣੀ ਕੌਰ ਇਸੇ ਲਈ ਚਿੰਤਿਤ ਹੈ ਇਸ ਸਥਿਤੀ ਵਿੱਚ ਉਹ ਬੱਚੇ ਕਿਵੇਂ ਪਾਲੇਗਾ।
ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਨਸ਼ੇ ਦੇ ਕੈਪਸੂਲ ਤਾਂ ਖਾਣ ਲੱਗਿਆ ਕਿਉਂਕਿ ਇਹ ਸਾਡੇ ਮਹੱਲੇ ਦੇ ਬਿਲਕੁਲ ਸਾਹਮਣੇ ਵਿਕਦੇ ਹਨ ਤੇ ਕੋਈ ਉਨ੍ਹਾਂ ਨਸ਼ੇ ਦੇ ਤਸਕਰਾਂ ਉੱਤੇ ਕਾਰਵਾਈ ਨਹੀਂ ਕਰਦਾ।
ਰਾਣੀ ਮੁਤਾਬਕ ਉਹ ਲੋਕਾਂ ਦੇ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਦੇ ਹਨ। ਉਹ 4 ਸਤੰਬਰ ਤੋਂ ਇਸ ਧਰਨੇ ’ਤੇ ਬੈਠੇ ਹਨ ਜਿਸ ਕਾਰਨ ਉਨ੍ਹਾਂ ਦਾ ਕੰਮ ਵੀ ਛੁੱਟਿਆ ਪਿਆ ਹੈ। ਉਨ੍ਹਾਂ ਨੇ ਕੰਮ ਵਾਲਿਆਂ ਤੋਂ ਪੈਸੇ ਵੀ ਉਧਾਰ ਫੜੇ ਹੋਏ ਹਨ, ਇਸੇ ਤਰ੍ਹਾਂ ਦੇ ਹਾਲਾਤ ਬਾਕੀ ਬੀਬੀਆਂ ਦੇ ਹਨ ਜੋ ਖੇਤ ਮਜ਼ਦੂਰੀ ਜਾਂ ਦਿਹਾੜੀ ਕਰਦੀਆਂ ਹਨ।
ਜਦੋਂ ਬੀਬੀਆਂ ਨੇ ਨਸ਼ਾ ਲੈਣ ਵਾਲੇ ਫੜਾਏ

ਤਸਵੀਰ ਸਰੋਤ, Kulveer Singh/BBC
ਮੁਹੱਲੇ ਵਾਲਿਆਂ ਦਾ ਇਲਜ਼ਾਮ ਹੈ ਕੀ ਉਨ੍ਹਾਂ ਦੇ ਬੱਚੇ ਵੀ ਇਸ ਸਮੇਂ ਗਲੀਆਂ ’ਚ ਸੁਰੱਖਿਅਤ ਨਹੀਂ ਹਨ। ਨਸ਼ਾ ਤਸਕਰਾਂ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਸ਼ਾ ਸਪਲਾਈ ਕਰਵਾ ਰਹੇ ਹਨ।
ਇਸ ਧਰਨੇ ਦੌਰਾਨ ਔਰਤਾਂ ਦੱਸਦੀਆਂ ਹਨ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਨਸ਼ਾ ਲੈਣ ਵਾਲਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ ਹੈ।
ਬੀਬੀਆਂ ਨੂੰ ਹੀ ਧਰਨੇ ਦੇ ਉੱਪਰ ਕਿਉਂ ਬੈਠਣਾ ਪਿਆ?

ਤਸਵੀਰ ਸਰੋਤ, Kulveer Singh/BBC
ਇਸ ਸਵਾਲ ਦੇ ਜਵਾਬ ਵਿੱਚ ਰਾਣੀ ਦੱਸਦੇ ਹਨ, “ਮੁਹੱਲੇ ਦੇ ਜ਼ਿਆਦਾਤਰ ਮਰਦ ਨਸ਼ੇ ਦੇ ਆਦੀ ਹਨ। ਪੁਲਿਸ ਤੇ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰ ਰਿਹਾ ਤਾਂ ਹੁਣ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਬਚਿਆ।”
ਨਸ਼ਾ ਤਸਕਰਾਂ ਦੇ ਵੱਲੋਂ ਮੁਹੱਲੇ ਦੀਆਂ ਗਲੀਆਂ ਵਿੱਚ ਲੱਗੀਆਂ ਲਾਈਟਾਂ ਵੀ ਭੰਨੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਧਰਨੇ ’ਤੇ ਬੈਠੀਆਂ ਔਰਤਾਂ ਮੁਤਾਬਕ ਅਨਾਜ ਮੰਡੀ ਦੇ ਅੰਦਰ ਬਣੀ ਟਰੱਕ ਯੂਨੀਅਨ ਦੀ ਬਿਲਡਿੰਗ ਅਤੇ ਲੌਂਗੋਵਾਲ ਸਿਵਲ ਹਸਪਤਾਲ ਦੇ ਪੁਰਾਣੇ ਕੁਆਰਟਰਾਂ ਦੇ ਵਿੱਚ ਵਰਤੀਆਂ ਗਈਆਂ ਸਰਿੰਜਾਂ ਅਤੇ ਟੀਕਿਆਂ ਦੇ ਅਨੇਕਾਂ ਖੋਲ ਪਏ ਸਨ।
ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਉਨ੍ਹਾਂ ਨੂੰ ਸਰੇਆਮ ਚੁਣੌਤੀ ਵੀ ਦਿੱਤੀ ਗਈ ਹੈ ਕਿ ਉਹ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀਆਂ।

ਤਸਵੀਰ ਸਰੋਤ, Kulveer Singh/BBC
ਇਸੇ ਮਹੱਲੇ ਦੇ ਕੋਲ ਦੁਕਾਨਦਾਰ ਹਰਵਿੰਦਰ ਦੱਸਦੇ ਹਨ ਕਿ ਇੱਥੇ ਦੁਕਾਨਾਂ ਉੱਤੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਜਿਨ੍ਹਾਂ ਕਾਰਨ ਨਸ਼ਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸਿਗਨੇਚਰ ਕੈਪਸੂਲ, ਨਸ਼ੀਲੀਆਂ ਗੋਲੀਆਂ, ਟੀਕੇ ,ਚਿੱਟਾ ਸ਼ਰੇਆਮ ਵਿਕ ਰਹੇ ਹਨ ।
ਹਰਵਿੰਦਰ ਲੌਂਗੋਵਾਲ ਨਸ਼ਾ ਰੋਕੂ ਕਮੇਟੀ ਦੇ ਵੀ ਮੈਂਬਰ ਹਨ ਉਨ੍ਹਾਂ ਨੇ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਨੇੜੇ ਦੇ ਪਿੰਡਾਂ ਦੇ ਵਿੱਚ ਲੌਂਗੋਵਾਲ ਅਨਾਜ ਮੰਡੀ ਦਾ ਇਹ ਗੇਟ ਨਸ਼ੇ ਦੀ ਵਿਕਰੀ ਦੇ ਲਈ ਮਸ਼ਹੂਰ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਸਿਰਫ ਕੈਪਸੂਲਾਂ ਦੀ ਵਿਕਰੀ ਦੀ ਗੱਲ ਕਰ ਰਿਹਾ ਹੈ।
ਹਾਲਾਂਕਿ ਲੌਂਗੋਵਾਲ ਸਿਵਲ ਹਸਪਤਾਲ ਦੇ ਪੁਰਾਣੇ ਕੁਆਰਟਰਾਂ ਦੇ ਵਿੱਚ ਚਿੱਟਾ ਪੀਣ ਲਈ ਵਰਤੀਆਂ ਜਾਣ ਵਾਲੀਆਂ ਸਿਲਵਰ ਪੰਨੀਆਂ ਦੇ ਢੇਰ ਦੱਸਦੇ ਹਨ ਕਿ ਇਹ ਮਾਮਲਾ ਆਮ ਨਸ਼ੇ ਦਾ ਨਹੀਂ ਹੈ ।
ਬੀਤੀ 8 ਸਤੰਬਰ ਨੂੰ ਇਨ੍ਹਾਂ ਔਰਤਾਂ ਵੱਲੋਂ ਲੌਂਗੋਵਾਲ ਸੁਨਾਮ ਰੋਡ ਨੂੰ ਕੁਝ ਸਮੇਂ ਲਈ ਜਾਮ ਵੀ ਕੀਤਾ ਗਿਆ।
ਮੁਹੱਲੇ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਮਜ਼ਦੂਰਾਂ ਦੇ ਬੈਠਣ ਲਈ ਇੱਕ ਸ਼ੈਡ ਬਣਾਇਆ ਸੀ ਜੋ ਇਲਾਕਾ ਵਾਸੀਆਂ ਮੁਤਾਬਕ ਇਸ ਸਮੇਂ ਨਸ਼ਾ ਤਸਕਰਾਂ ਦਾ ਮੁੱਖ ਅੱਡਾ ਬਣ ਚੁੱਕਾ ਹੈ।

ਤਸਵੀਰ ਸਰੋਤ, Kulveer Singh/BBC
ਥਾਣਾ ਲੌਂਗੋਵਾਲ ਦੇ ਮੁਖੀ ਜਤਿੰਦਰ ਪਾਲ ਦੱਸਦੇ ਹਨ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਬੱਸ ਸਟੈਂਡ ਕੋਲ ਮੁਹੱਲੇ ਦੇ ਕੁਝ ਲੋਕ ਕੈਪਸੂਲ ਖਾਂਦੇ ਹਨ ਅਤੇ ਵੇਚਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਦਾਇਤਾਂ ਹਨ ਕਿ ਖਾਣ ਵਾਲੇ ਦਾ ਇਲਾਜ ਕਰਵਾਇਆ ਜਾਵੇ ਤੇ ਜੋ ਵੇਚਣ ਵਾਲੇ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦਾ ਕਹਿਣਾ ਸੀ ਕਿ ਡੀਸੀ ਸੰਗਰੂਰ ਵੱਲੋਂ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਿਗਨੇਚਰ ਕੈਪਸੂਲਾਂ ਦੀ ਵੱਡੀ ਮਾਤਰਾ ਵਿੱਚ ਬਰਾਮਦੀ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਇਹ ਨਹੀਂ ਵੇਚਿਆ ਜਾ ਸਕਦਾ।
ਇਸ ਹਦਾਇਤ ਦੇ ਮੱਦੇਨਜ਼ਰ ਉਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਣਿਆਂ ਉੱਤੇ ਕਾਰਵਾਈ ਵੀ ਕੀਤੀ ਹੈ।
ਥਾਣਾ ਮੁਖੀ ਦਾ ਕਹਿਣਾ ਸੀ ਕਿ ਧਰਨੇ ਦੇ ਉੱਪਰ ਬੈਠੀਆਂ ਔਰਤਾਂ ਦੇ ਪਰਿਵਾਰਿਕ ਮੈਂਬਰ ਨਸ਼ੇ ਦਾ ਸੇਵਨ ਵੀ ਕਰਦੇ ਹਨ ਤੇ ਧਰਨੇ ਤੇ ਬੈਠਣ ਲਈ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Kulveer Singh/BBC
ਪੰਜਾਬ ਦੇ ਵਿੱਚ ਨਸ਼ਾ ਹਮੇਸ਼ਾ ਸਿਆਸੀ ਮੁੱਦਾ ਹੈ। ਪਿਛਲੇ ਡੇਢ ਦਹਾਕੇ ਤੋਂ ਪੰਜਾਬ ਚੋਣਾਂ ਦੌਰਾਨ ਨਸ਼ਾ ਇੱਕ ਅਹਿਮ ਬਣਦਾ ਹੈ।
ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਦੇ ਵੱਡੇ ਦਾਅਵੇ ਅਤੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਅੱਜ ਵੀ ਬੀਬੀਆਂ ਦਾ ਇਹ ਧਰਨਾ ਉਨ੍ਹਾਂ ਦਾਅਵਿਆਂ ਅਤੇ ਵਾਅਦਿਆਂ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ।
ਪਹਿਲਾਂ ਵੀ ਨਸ਼ੇ ਦੇ ਖਿਲਾਫ ਜਿਲ੍ਹਾ ਬਠਿੰਡਾ ਦੇ ਪਿੰਡ ਵਿੱਚ ਔਰਤਾਂ ਵੱਲੋਂ ਰਾਤ ਨੂੰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਠੀਕਰੀ ਪਹਿਰੇ ਦਿੱਤੇ ਜਾਂਦੇ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)


























