ਪੁੱਤਰ 'ਤੇ ਪਿਤਾ ਦਾ ਕਤਲ ਕਰਕੇ ਲਾਸ਼ ਡਰੰਮ 'ਚ ਲੁਕਾਉਣ ਦਾ ਇਲਜ਼ਾਮ, ਨੀਟ ਦੀ ਤਿਆਰੀ ਤੋਂ ਹੁੰਦਾ ਸੀ ਵਿਵਾਦ

ਤਸਵੀਰ ਸਰੋਤ, Sarfuddin/BBC

ਤਸਵੀਰ ਕੈਪਸ਼ਨ, ਇਲਜ਼ਾਮ ਦੇ ਮੁਤਾਬਕ ਮਾਨਵੇਂਦਰ ਸਿੰਘ ਦੇ ਪੁੱਤਰ ਨੇ ਉਨ੍ਹਾਂ ਦੀ ਹੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ
    • ਲੇਖਕ, ਸਈਅਦ ਮੋਜ਼ਿਜ਼ ਇਮਾਮ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 4 ਮਿੰਟ

ਚੇਤਾਵਨੀ: ਇਸ ਕਹਾਣੀ ਦੇ ਕੁਝ ਹਿੱਸੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਪੌਸ਼ ਇਲਾਕੇ ਵਿੱਚ 20 ਫਰਵਰੀ ਤੋਂ ਲਾਪਤਾ ਇੱਕ ਕਾਰੋਬਾਰੀ ਦਾ ਧੜ ਉਨ੍ਹਾਂ ਦੇ ਘਰ ਵਿੱਚੋਂ ਹੀ ਇੱਕ ਡਰੰਮ ਵਿੱਚੋਂ ਬਰਾਮਦ ਕੀਤਾ ਗਿਆ ਹੈ। ਲਾਸ਼ ਦੇ ਕਈ ਟੁਕੜੇ ਕੀਤੇ ਗਏ ਸਨ ਅਤੇ ਕੁਝ ਟੁਕੜੇ ਸ਼ਹਿਰ ਦੇ ਇੱਕ ਹਿੱਸੇ ਵਿੱਚ ਸੁੱਟੇ ਵੀ ਗਏ ਸਨ।

ਮਾਨਵੇਂਦਰ ਪ੍ਰਤਾਪ ਸਿੰਘ (49) ਜਾਲੌਨ ਦੇ ਰਹਿਣ ਵਾਲੇ ਸਨ ਅਤੇ ਲਖਨਊ ਵਿੱਚ ਕਾਰੋਬਾਰ ਕਰਦੇ ਸਨ।

ਪੁਲਿਸ ਨੇ ਉਨ੍ਹਾਂ ਦੇ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਦੇ ਪੁੱਤਰ, 21 ਸਾਲਾ ਅਕਸ਼ਤ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਡਿਪਟੀ ਕਮਿਸ਼ਨਰ ਵਿਕਰਾਂਤ ਵੀਰ ਨੇ ਕਿਹਾ, "ਅਕਸ਼ਤ ਪ੍ਰਤਾਪ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿੱਚ ਉਸਨੇ ਦੱਸਿਆ ਕਿ 20 ਫਰਵਰੀ ਨੂੰ ਉਸਦਾ ਅਤੇ ਆਪਣੇ ਪਿਤਾ ਨਾਲ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਉਸਨੇ ਪਿਤਾ ਨੂੰ ਗੋਲੀ ਮਾਰ ਦਿੱਤੀ।"

Sorry, we can’t display this part of the story on this lightweight mobile page.

ਪੁਲਿਸ ਨੇ ਇਸ ਮਾਮਲੇ ਵਿੱਚ ਦਰਜ ਐਫਆਈਆਰ ਦਾ ਵੇਰਵਾ ਸਾਂਝਾ ਨਹੀਂ ਕੀਤਾ ਪਰ ਇੱਕ ਬਿਆਨ ਵਿੱਚ ਕਿਹਾ ਕਿ "ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਲੋੜੀਂਦੀ ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।"

'ਗੋਲੀ ਮਾਰੀ, ਲਾਸ਼ ਦੇ ਟੋਟੇ ਕੀਤੇ'

ਤਸਵੀਰ ਸਰੋਤ, Sarfuddin/BBC

ਤਸਵੀਰ ਕੈਪਸ਼ਨ, ਸਥਾਨਕ ਲੋਕਾਂ ਨੇ ਮਾਨਵੇਂਦਰ ਸਿੰਘ ਦੇ ਘਰੋਂ ਤੇਜ਼ ਬਦਬੂ ਆਉਣ ਦੀ ਸ਼ਿਕਾਇਤ ਕੀਤੀ, ਤਾਂ ਪੁਲਿਸ ਪਹੁੰਚੀ ਅਤੇ ਲਾਸ਼ ਮਿਲੀ।

49 ਸਾਲਾ ਮਾਨਵੇਂਦਰ ਪ੍ਰਤਾਪ ਸਿੰਘ ਦਾ ਕਤਲ ਲਖਨਊ ਦੇ ਆਸ਼ਿਆਨਾ ਇਲਾਕੇ ਵਿੱਚ ਉਨ੍ਹਾਂ ਦੇ ਤਿੰਨ ਮੰਜ਼ਿਲਾ ਘਰ ਵਿੱਚ ਹੋਇਆ। ਇਹ ਲਖਨਊ ਹਵਾਈ ਅੱਡੇ ਦੇ ਨੇੜੇ ਹੈ।

ਆਸ਼ਿਆਨਾ ਥਾਣੇ ਦੇ ਐਸਐਚਓ ਛਤਰਪਾਲ ਸਿੰਘ ਨੇ ਦੱਸਿਆ, "ਮੁਲਜ਼ਮ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਾਈਫਲ ਨਾਲ ਉਨ੍ਹਾਂ ਨੂੰ ਗੋਲੀ ਮਾਰੀ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।"

ਪੁਲਿਸ ਅਨੁਸਾਰ ਮਾਨਵੇਂਦਰ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਵਿਚਕਾਰ ਪੜ੍ਹਾਈ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਅਕਸ਼ਤ ਬੀਕਾਮ ਦਾ ਵਿਦਿਆਰਥੀ ਹੈ।

ਡੀਸੀਪੀ ਸੈਂਟਰਲ ਵਿਕਰਾਂਤ ਵੀਰ ਨੇ ਕਿਹਾ, "ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮਾਨਵੇਂਦਰ ਸਿੰਘ ਆਪਣੇ ਪੁੱਤਰ 'ਤੇ ਨੀਟ (ਮੈਡੀਕਲ) ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਮੈਡੀਕਲ ਖੇਤਰ ਵਿੱਚ ਕਰੀਅਰ ਬਣਾਉਣ ਲਈ ਦਬਾਅ ਪਾ ਰਹੇ ਸਨ। ਇਸ ਗੱਲ ਨੂੰ ਲੈ ਕੇ ਪਿਓ-ਪੁੱਤਰ ਵਿੱਚ ਤਣਾਅ ਸੀ ਅਤੇ ਉਨ੍ਹਾਂ ਵਿਚਕਾਰ ਅਕਸਰ ਵਿਵਾਦ ਹੋ ਜਾਂਦਾ ਸੀ।"

ਆਸ਼ਿਆਨਾ ਪੁਲਿਸ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 4:30 ਵਜੇ ਦੋਵਾਂ ਵਿਚਾਲੇ ਇੱਕ ਵਾਰ ਫਿਰ ਬਹਿਸ ਹੋਈ, "ਬਹਿਸ ਦੌਰਾਨ ਅਕਸ਼ਤ ਨੇ ਕਥਿਤ ਤੌਰ 'ਤੇ ਰਾਈਫਲ ਨਾਲ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਲਾਸ਼ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਗਰਾਊਂਡ ਫਲੋਰ 'ਤੇ ਲੈ ਆਇਆ ਅਤੇ ਇਕ ਖਾਲੀ ਕਮਰੇ ਵਿਚ ਰੱਖ ਕੇ ਉਸ ਦੇ ਕਈ ਟੁਕੜੇ ਕਰ ਦਿੱਤੇ।"

ਪੁਲਿਸ ਅਨੁਸਾਰ, "ਮੁਲਜ਼ਮ ਨੇ ਲਾਸ਼ ਦੇ ਟੁਕੜੇ ਕਰਕੇ ਉਨ੍ਹਾਂ ਨੂੰ ਪਲਾਸਟਿਕ ਦੇ ਬੈਗਾਂ ਵਿੱਚ ਪੈਕ ਕੀਤਾ। ਉਸਦੇ ਕੁਝ ਹਿੱਸੇ ਸਦਰੌਨਾ ਇਲਾਕੇ ਦੇ ਨੇੜੇ ਸੁੱਟ ਦਿੱਤੇ, ਜਦਕਿ ਬਾਕੀ ਅਵਸ਼ੇਸ਼ ਘਰ ਦੇ ਅੰਦਰ ਇੱਕ ਨੀਲੇ ਡਰੰਮ ਵਿੱਚ ਰੱਖੇ ਹੋਏ ਸਨ।"

ਐਸਐਚਓ. ਛਤਰਪਾਲ ਸਿੰਘ ਨੇ ਬੀਬੀਸੀ ਹਿੰਦੀ ਨੂੰ ਦੱਸਿਆ "ਅਸੀਂ ਲਾਸ਼ ਦੇ ਸਾਰੇ ਟੁਕੜੇ ਬਰਾਮਦ ਕਰ ਲਏ ਹਨ।"

ਮੁਲਜ਼ਮ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਖਨਊ ਦੇ ਇੱਕ ਨਾਮੀ ਸਕੂਲ ਤੋਂ ਕੀਤੀ ਸੀ। ਉਹ ਹੁਣ ਬੀਕਾਮ ਦੀ ਪੜ੍ਹਾਈ ਕਰ ਰਿਹਾ ਸੀ।

ਗੁੰਮਸ਼ੁਦਗੀ ਤੋਂ ਕਤਲ ਤੱਕ

ਤਸਵੀਰ ਸਰੋਤ, Sarfuddin/BBC

ਤਸਵੀਰ ਕੈਪਸ਼ਨ, ਮਾਨਵੇਂਦਰ ਪ੍ਰਤਾਪ ਸਿੰਘ ਜਾਲੌਨ ਦੇ ਰਹਿਣ ਵਾਲੇ ਸਨ ਅਤੇ ਲਖਨਊ ਵਿੱਚ ਕਾਰੋਬਾਰ ਕਰਦੇ ਸਨ

ਲਖਨਊ ਸੈਂਟਰਲ ਦੇ ਡੀਸੀਪੀ ਵਿਕਰਾਂਤ ਵੀਰ ਮੁਤਾਬਕ ਅਕਸ਼ਤ ਨੇ 20 ਫਰਵਰੀ ਨੂੰ ਆਪਣੇ ਪਿਤਾ ਮਾਨਵੇਂਦਰ ਪ੍ਰਤਾਪ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਥਾਣਾ ਆਸ਼ਿਆਨਾ ਵਿਖੇ ਦਰਜ ਕਰਵਾਈ ਸੀ।

ਇਸ ਤੋਂ ਬਾਅਦ ਪੁਲਿਸ ਮਾਨਵੇਂਦਰ ਦੀ ਭਾਲ ਵਿੱਚ ਲੱਗ ਗਈ। ਇਸੇ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਘਰੋਂ ਤੇਜ਼ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਸੂਚਨਾ ਮਿਲਣ 'ਤੇ 23 ਫਰਵਰੀ ਨੂੰ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਗਰਾਊਂਡ ਫਲੋਰ ਦੇ ਇਕ ਕਮਰੇ ਵਿਚ ਰੱਖੇ ਡਰੰਮ ਵਿਚੋਂ ਲਾਸ਼ ਬਰਾਮਦ ਹੋਈ।

ਮਰਹੂਮ ਮਾਨਵੇਂਦਰ ਸਿੰਘ ਦੇ ਦੋ ਬੱਚੇ ਹਨ। ਪੁੱਤਰ ਅਕਸ਼ਤ ਅਤੇ ਇਕ ਬੇਟੀ ਜੋ ਸਥਾਨਕ ਸਕੂਲ ਵਿਚ ਪੜ੍ਹ ਰਹੀ ਹੈ।

ਮਾਨਵੇਂਦਰ ਪ੍ਰਤਾਪ ਸਿੰਘ ਦੇ ਰਿਸ਼ਤੇਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਅਕਸ਼ਤ ਪਹਿਲਾਂ ਨੀਟ ਦੀ ਕੋਚਿੰਗ ਲੈਂਦਾ ਸੀ ਪਰ ਦੋ ਵਾਰ ਪ੍ਰੀਖਿਆ ਦੇਣ ਤੋਂ ਬਾਅਦ ਵੀ ਪਾਸ ਨਹੀਂ ਹੋ ਸਕਿਆ ਸੀ।

ਲਖਨਊ ਦੇ ਯੂਨਿਟੀ ਕਾਲਜ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਸ਼ਮਸੀ ਅਕਬਰ ਕਹਿੰਦੀ ਹੈ, "ਘਰ ਵਿੱਚ ਲਗਾਤਾਰ ਝਗੜੇ, ਪਰਿਵਾਰਕ ਦਬਾਅ, ਗੁੱਸਾ ਜਾਂ ਲੰਬੇ ਸਮੇਂ ਤੱਕ ਬਣਿਆ ਤਣਾਅ ਕਦੇ-ਕਦੇ ਹਿੰਸਕ ਵਿਵਹਾਰ ਨੂੰ ਜਨਮ ਦੇ ਸਕਦਾ ਹੈ।"

ਉਨ੍ਹਾਂ ਦਾ ਕਹਿਣਾ ਹੈ, "ਪੜ੍ਹਾਈ ਨੂੰ ਲੈ ਕੇ ਦਬਾਅ ਜਾਂ ਜ਼ਬਰਦਸਤੀ ਵੀ ਇੱਕ 'ਟਰਿੱਗਰ' ਵਾਂਗ ਕੰਮ ਕਰ ਸਕਦੀ ਹੈ, ਪਰ ਇਹ ਆਪਣੇ ਆਪ ਵਿੱਚ ਕਿਸੇ ਗੰਭੀਰ ਮਾਨਸਿਕ ਬਿਮਾਰੀ ਦਾ ਸਬੂਤ ਨਹੀਂ ਹੈ। ਡਾਕਟਰਾਂ ਜਾਂ ਕਲੀਨਿਕਲ ਮਨੋਵਿਗਿਆਨੀਆਂ ਦੇ ਵਿਸਤ੍ਰਿਤ ਮੁਲਾਂਕਣ ਤੋਂ ਬਾਅਦ ਹੀ ਅਜਿਹੇ ਮਾਮਲਿਆਂ ਵਿੱਚ ਕਿਸੇ ਠੋਸ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)