ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਚਰਚਾ ਵਿੱਚ ਆਇਆ ਐਂਟੀ-ਏਜਿੰਗ ਟ੍ਰੀਟਮੈਂਟ ਕੀ ਹੈ, ਇਸ ਨਾਲ ਸਰੀਰ ਵਿੱਚ ਕੀ ਬਦਲਦਾ ਹੈ

ਅਦਾਕਾਰਾ ਸ਼ੈਫਾਲੀ ਜਰੀਵਾਲਾ

ਤਸਵੀਰ ਸਰੋਤ, shefalijariwala/Insta

ਤਸਵੀਰ ਕੈਪਸ਼ਨ, ਅਦਾਕਾਰਾ ਸ਼ੈਫਾਲੀ ਜਰੀਵਾਲਾ ਦੀ 27 ਜੂਨ ਨੂੰ ਮੌਤ ਹੋ ਗਈ ਸੀ
ਪੜ੍ਹਨ ਦਾ ਸਮਾਂ: 7 ਮਿੰਟ

ਮਹਿਜ਼ 42 ਸਾਲ ਦੀ ਉਮਰ ਵਿੱਚ ਅਦਾਕਾਰਾ ਸ਼ੇਫਾਲੀ ਜਰੀਵਾਲਾ ਦੀ ਅਚਾਨਕ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਉਨ੍ਹਾਂ ਦੀ ਮੌਤ ਦੀ ਜਾਂਚ ਕਰ ਰਹੇ ਕੁਝ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੈਫਾਲੀ ਕਈ ਦਵਾਈਆਂ ਲੈ ਰਹੀ ਸੀ ਜਿਸ ਵਿੱਚ ਐਂਟੀ-ਏਜਿੰਗ ਗੋਲੀਆਂ ਵੀ ਸ਼ਾਮਲ ਸਨ। ਸ਼ਾਇਦ ਖਾਲੀ ਪੇਟ ਇਹ ਦਵਾਈਆਂ ਲੈਣ ਕਾਰਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਗਿਆ।

ਖ਼ਬਰ ਏਜੰਸੀ ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ 27 ਜੂਨ ਦੀ ਦੁਪਹਿਰ ਨੂੰ, ਸ਼ੇਫਾਲੀ ਨੇ ਇੱਕ ਟੀਕਾ ਲਗਾਇਆ ਸੀ, ਜੋ ਸ਼ਾਇਦ ਇੱਕ ਐਂਟੀ-ਏਜਿੰਗ ਟੀਕਾ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ, "ਉਸਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਘੱਟ ਗਿਆ ਅਤੇ ਉਹ ਕੰਬਣ ਲੱਗ ਪਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸਨੂੰ ਹਸਪਤਾਲ ਲੈ ਗਏ।"

ਸ਼ੇਫਾਲੀ ਜਰੀਵਾਲਾ ਨੂੰ 27 ਜੂਨ ਦੀ ਰਾਤ ਨੂੰ ਅੰਧੇਰੀ ਦੇ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੂੰ ਸਵੇਰੇ 1 ਵਜੇ ਸੂਚਿਤ ਕੀਤਾ ਗਿਆ ਅਤੇ ਫਿਰ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ।

ਪੁਲਿਸ ਮੁਤਾਬਕ, "ਅੰਬੋਲੀ ਪੁਲਿਸ ਨੇ ਹੁਣ ਤੱਕ 10 ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਸ਼ੈਫਾਲੀ ਦੇ ਪਤੀ ਅਤੇ ਮਾਪਿਆਂ ਦੇ ਨਾਲ-ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਹੈ। ਉਹ ਸਾਰੇ ਉਸ ਸਮੇਂ ਘਰ ਵਿੱਚ ਮੌਜੂਦ ਸਨ।"

"ਹਾਲਾਂਕਿ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਜਾਂਚ ਦੇ ਹਿੱਸੇ ਵਜੋਂ, ਇੱਕ ਪੁਲਿਸ ਟੀਮ ਫੋਰੈਂਸਿਕ ਮਾਹਰਾਂ ਨਾਲ ਉਨ੍ਹਾਂ ਦੇ ਘਰ ਗਈ ਅਤੇ ਕਈ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਸ ਵਿੱਚ ਸ਼ੈਫਾਲੀ ਦੀਆਂ ਦਵਾਈਆਂ ਅਤੇ ਟੀਕੇ ਵੀ ਸ਼ਾਮਲ ਹਨ।"

ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ, ਇਹ ਬਹਿਸ ਤੇਜ਼ ਹੋ ਗਈ ਹੈ ਕਿ ਉਮਰ ਦੇ ਵਧਣ ਨਾਲ ਸਰੀਰ ਵਿੱਚ ਆਉਣ ਵਾਲੇ ਬਦਲਾਵਾਂ ਨੂੰ ਰੋਕਣ ਲਈ ਕੀਤੇ ਜਾਂਦੇ ਇਲਾਜ ਯਾਨੀ ਐਂਟੀ ਏਜਿੰਗ ਟਰੀਟਮੈਂਟ ਨਾਲ ਕਿਹਰੇ ਜੋਖ਼ਮ ਜੁੜੇ ਹੋਏ ਹਨ।

ਮਸ਼ਹੂਰ ਅਦਾਕਾਰਾਵਾਂ ਨੇ ਕੀ ਕਿਹਾ?

ਮਲਾਇਕਾ ਸ਼ੇਰਾਵਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਲਾਇਕਾ ਸ਼ੇਰਾਵਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਬੋਟੌਕਸ ਤੋਂ ਮੁਕਤ ਰਹਿਣ ਦੀ ਸਲਾਹ ਦਿੱਤੀ

ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ, ਅਦਾਕਾਰਾ ਮਲਾਇਕਾ ਸ਼ੇਰਾਵਤ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ 'ਸਿਹਤਮੰਦ ਜੀਵਨ ਸ਼ੈਲੀ' ਅਪਣਾਉਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਕਿਹਾ , "ਮੈਂ ਕੋਈ ਫਿਲਟਰ ਨਹੀਂ ਵਰਤਿਆ, ਕੋਈ ਮੇਕਅੱਪ ਨਹੀਂ ਕੀਤਾ, ਇੱਥੋਂ ਤੱਕ ਕਿ ਆਪਣੇ ਵਾਲ ਵੀ ਨਹੀਂ ਬਣਾਏ।"

"ਮੈਂ ਇਹ ਵੀਡੀਓ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੀ ਹਾਂ ਤਾਂ ਜੋ ਇਕੱਠੇ ਅਸੀਂ ਬੋਟੌਕਸ, ਨਕਲੀ ਕਾਸਮੈਟਿਕ ਫਿਲਰਾਂ ਨੂੰ ਨਾਂਹ ਕਹਿ ਸਕੀਏ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਹਾਂ ਕਹਿ ਸਕੀਏ।"

ਇਸ ਦੇ ਨਾਲ ਹੀ, ਇੱਕ ਇੰਟਰਵਿਊ ਵਿੱਚ, ਅਦਾਕਾਰਾ ਕਰੀਨਾ ਕਪੂਰ ਨੇ ਵੀ ਕਿਹਾ ਕਿ 'ਮੈਂ ਬੋਟੌਕਸ ਦੇ ਖ਼ਿਲਾਫ਼ ਹਾਂ।'

ਹਾਲਾਂਕਿ, ਉਹ ਸਿਰਫ ਵਧਦੀ ਉਮਰ ਦੇ ਨਾਲ ਅਦਾਕਾਰਾਵਾਂ ਲਈ ਵਧਦੀਆਂ ਚੁਣੌਤੀਆਂ ਬਾਰੇ ਚਰਚਾ ਕਰ ਰਹੇ ਸਨ ਅਤੇ ਪੁੱਛਿਆ ਗਿਆ ਕਿ ਕੀ ਉਹ ਵੀ ਝੁਰੜੀਆਂ ਅਤੇ ਵਧਦੀ ਉਮਰ ਤੋਂ ਡਰਦੀ ਹੈ।

ਇਸ 'ਤੇ ਕਰੀਨਾ ਨੇ ਕਿਹਾ , "ਮੈਂ ਬੋਟੌਕਸ ਦੇ ਖ਼ਿਲਾਫ਼ ਹਾਂ, ਪਰ ਹਾਂ ਮੈਂ ਆਪਣਾ ਧਿਆਨ ਰੱਖਣ ਦੇ ਹੱਕ ਵਿੱਚ ਹਾਂ, ਜਿਸਦਾ ਅਰਥ ਹੈ ਸਿਹਤਮੰਦ ਰਹਿਣਾ, ਚੰਗਾ ਮਹਿਸੂਸ ਕਰਨਾ ਅਤੇ ਕੁਦਰਤੀ ਇਲਾਜ।"

"ਇਹ ਆਪਣੇ ਆਪ ਨੂੰ ਅਤੇ ਆਪਣੀ ਪ੍ਰਤਿਭਾ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ ਕਿਉਂਕਿ ਇਹੀ ਮੇਰਾ ਹਥਿਆਰ ਹੈ। ਇਸਦਾ ਅਰਥ ਹੈ ਛੁੱਟੀਆਂ ਮਨਾਉਣਾ, ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ, ਸੈੱਟ 'ਤੇ ਜੋ ਤੁਸੀਂ ਕਰਦੇ ਹੋ ਉਸ ਤੋਂ ਵੱਖਰਾ ਅਲੱਗ ਕੁਝ ਕੰਮ ਕਰਨਾ। ਸੂਈਆਂ ਅਤੇ ਸਰਜਰੀ ਵਿੱਚ ਸ਼ਾਮਲ ਨਾ ਉਲਝੋ।"

ਹਾਲਾਂਕਿ, ਇਨ੍ਹਾਂ ਦੋਵਾਂ ਅਦਾਕਾਰਾਵਾਂ ਨੇ ਆਪਣੇ ਬਿਆਨਾਂ ਵਿੱਚ ਸ਼ੇਫਾਲੀ ਜਰੀਵਾਲਾ ਦਾ ਜ਼ਿਕਰ ਨਹੀਂ ਕੀਤਾ ਹੈ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਦੋਵਾਂ ਅਭਿਨੇਤਰੀਆਂ ਦੇ ਬਿਆਨਾਂ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ।

ਐਂਟੀ ਏਜਿੰਗ ਇਲਾਜ ਕੀ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਲੂਟਾਥੀਓਨ ਟੀਕੇ ਵੀ ਬੁਢਾਪੇ ਨੂੰ ਰੋਕਣ ਲਈ ਵਰਤੇ ਜਾਂਦੇ ਹਨ (ਸੰਕੇਤਕ ਤਸਵੀਰ)

ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਚਿਹਰੇ 'ਤੇ ਮਹੀਨ ਰੇਖਾਵਾਂ ਅਤੇ ਝੁਰੜੀਆਂ ਦਿਖਾਈ ਦੇਣ ਲੱਗਦੀਆਂ ਹਨ, ਚਿਹਰੇ ਦੀ ਚਮੜੀ ਵੀ ਹੌਲੀ-ਹੌਲੀ ਢਿੱਲੀ ਹੋਣ ਲੱਗਦੀ ਹੈ। ਪਰ ਇਸ ਨੂੰ ਰੋਕਣ ਲਈ ਅੱਜ-ਕੱਲ੍ਹ ਕਾਸਮੈਟਿਕ ਸਰਜਰੀ, ਇੰਜੈਕਟੇਬਲ ਫਿਲਰ, ਬੋਟੌਕਸ ਆਦਿ ਦਾ ਰੁਝਾਨ ਵਧ ਗਿਆ ਹੈ

ਐਂਟੀ ਏਜਿੰਗ ਟਰੀਟਮੈਂਟ ਜਾਂ ਦਵਾਈਆਂ ਅਤੇ ਅਜਿਹੇ ਮਿਸ਼ਰਣਾਂ ਦਾ ਸੁਮੇਲ ਹਨ ਜੋ ਬੁਢਾਪੇ ਦੇ ਪ੍ਰਭਾਵਾਂ ਨੂੰ ਹੌਲੀ ਕਰਨ ਵਿੱਚ ਮਦਦ ਕਰਦੇ ਹਨ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਬੋਟੌਕਸ ਹੈ , ਜੋ ਕਿ ਇੱਕ ਪਾਵਰਫੁਲ ਟੀਕਾ ਹੈ ਜੋ ਸਾਡੀਆਂ ਮਾਸਪੇਸ਼ੀਆਂ ਨੂੰ ਬਹੁਤ ਛੋਟੇ ਖੇਤਰ ਵਿੱਚ ਰਿਲੈਕਸ ਕਰਦਾ ਹੈ।

ਬੋਟੌਕਸ ਦੀ ਵਰਤੋਂ ਮੱਥੇ ਦੀਆਂ ਲਾਈਨਾਂ ਜਾਂ ਅੱਖਾਂ ਦੇ ਆਲੇ ਦੁਆਲੇ ਦੀਆਂ ਲਾਈਨਾਂ ਜਾਂ ਨੱਕ ਦੇ ਆਲੇ ਦੁਆਲੇ ਦੀਆਂ ਲਾਈਨਾਂ ਨੂੰ ਘਟਾਉਣ ਲਈ ਕੀਤੀ ਜਾ ਸਕਦੀ ਹੈ।

20 ਸਾਲ ਤੋਂ ਵੱਧ ਸਮਾਂ ਪਹਿਲਾਂ, ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਐੱਫ਼ਡੀਏ) ਨੇ ਕਾਸਮੈਟਿਕ ਪ੍ਰਕਿਰਿਆਵਾਂ ਵਿੱਚ ਇਸਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ।

ਕਰੀਨਾ ਕਪੂਰ

ਦਿ ਐਸਥੈਟਿਕ ਕਲੀਨਿਕਸ ਦੇ ਸੀਨੀਅਰ ਕਾਸਮੈਟਿਕ ਸਰਜਨ ਡਾਕਟਰ ਦੇਬਰਾਜ ਸ਼ੋਮ ਨੇ ਹਿੰਦੀ ਨਿਊਜ਼ ਵੈੱਬਸਾਈਟ ਦਿ ਲਾਲੈਂਟੌਪ ਨੂੰ ਦੱਸਿਆ ਕਿ ਡਰਮਲ ਫਿਲਰ ਉਹ ਟੀਕੇ ਹਨ ਜੋ ਚਮੜੀ ਦੇ ਅੰਦਰ ਦਿੱਤੇ ਜਾਂਦੇ ਹਨ। ਇਹ ਉਸੇ ਪਦਾਰਥ ਤੋਂ ਬਣੇ ਹੁੰਦੇ ਹਨ ਜਿਸ ਤੋਂ ਸਾਡੀ ਚਮੜੀ ਦੇ ਸੈੱਲ ਬਣਦੇ ਹਨ।

ਉਨ੍ਹਾਂ ਕਿਹਾ ਕਿ ਉਮਰ ਦੇ ਨਾਲ ਚਮੜੀ ਵਿੱਚ ਕੋਲੇਜਨ ਘੱਟਣਾ ਸ਼ੁਰੂ ਹੋ ਜਾਂਦਾ ਹੈ, ਪਰ ਫਿਲਰਾਂ ਦੀ ਮਦਦ ਨਾਲ, ਕੋਲੇਜਨ ਵਾਪਸ ਪਾਇਆ ਜਾਂਦਾ ਹੈ ਅਤੇ ਚਿਹਰਾ ਜਵਾਨ ਦਿਖਣ ਲੱਗਦਾ ਹੈ।

ਬਹੁਤ ਸਾਰੇ ਲੋਕ ਐਂਟੀ-ਏਜਿੰਗ ਲਈ ਗਲੂਟਾਥੀਓਨ ਟੀਕੇ ਵੀ ਵਰਤਦੇ ਹਨ। ਇਹ ਇੱਕ ਐਂਟੀਆਕਸੀਡੈਂਟ ਹੈ ਜੋ ਸਾਡੇ ਸਰੀਰ ਦੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਗਲੂਟਾਥੀਓਨ ਅਕਸਰ ਨਾੜੀ ਵਿੱਚ ਟੀਕੇ ਵੱਜੋਂ ਲਾਇਆ ਜਾਂਦਾ ਹੈ ਜਾਂ ਫ਼ਿਰ ਗੋਲੀਆਂ ਦੇ ਰੂਪ ਵਿੱਚ ਲਿਆ ਜਾਂਦਾ ਹੈ।

ਕੈਲਾਸ਼ ਹਸਪਤਾਲ ਦੇ ਚਮੜੀ ਵਿਭਾਗ ਦੀ ਸੀਨੀਅਰ ਸਲਾਹਕਾਰ ਡਾਕਟਰ ਅੰਜੂ ਝਾਅ ਕਹਿੰਦੇ ਹਨ, "ਗਲੂਟਾਥਿਓਨ ਸਾਡੇ ਸਰੀਰ ਵਿੱਚ ਪਹਿਲਾਂ ਹੀ ਮੌਜੂਦ ਹੈ। ਪਰ ਉਮਰ ਦੇ ਨਾਲ, ਸਰੀਰ ਗਲੂਟਾਥਿਓਨ ਪੈਦਾ ਕਰਨਾ ਬੰਦ ਕਰ ਦਿੰਦਾ ਹੈ। ਇਸ ਲਈ, ਇਸਨੂੰ ਬਾਹਰੀ ਤੌਰ 'ਤੇ ਲਿਆ ਜਾਂਦਾ ਹੈ।"

"ਇਹ ਵੀ ਮੰਨਿਆ ਜਾਂਦਾ ਹੈ ਕਿ ਗਲੂਟਾਥਿਓਨ ਲੈਣ ਵਾਲੇ ਲੋਕਾਂ ਦੀ ਚਮੜੀ ਦਾ ਰੰਗ ਥੋੜ੍ਹਾ ਸੁਧਰਦਾ ਹੈ। ਜੇਕਰ ਨਾੜੀ ਰਾਹੀਂ ਗਲੂਟਾਥਿਓਨ ਲਿਆ ਜਾਂਦਾ ਹੈ, ਤਾਂ ਇਸਦੇ ਨਤੀਜੇ ਹੋਰ ਵੀ ਬਿਹਤਰ ਮੰਨੇ ਜਾਂਦੇ ਹਨ। ਪਰ ਇਸਦੇ ਮਾੜੇ ਪ੍ਰਭਾਵ ਵੀ ਹਨ। ਇਹ ਐੱਫ਼ਡੀਏ ਵੱਲੋਂ ਮਨਜ਼ੂਰ ਨਹੀਂ ਹੈ।"

ਇਹ ਇਲਾਜ ਕਿੰਨਾ ਸੁਰੱਖਿਅਤ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਕੀ ਇਹ ਫਿਲਰ ਜਾਂ ਗਲੂਟੈਥੀਓਨ ਟੀਕੇ ਇੰਨੇ ਖ਼ਤਰਨਾਕ ਹੋ ਸਕਦੇ ਹਨ ਕਿ ਇਨ੍ਹਾਂ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ?

ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਚਮੜੀ ਵਿਗਿਆਨ ਵਿਭਾਗ ਦੇ ਚੇਅਰਮੈਨ ਡਾਕਟਰ ਰਿਸ਼ੀ ਪਰਾਸ਼ਰ ਨੇ ਕਿਹਾ, "ਕੁਝ ਅਪਵਾਦਾਂ ਨੂੰ ਛੱਡ ਕੇ, ਅਜਿਹੇ ਟੀਕੇ ਹੁਣ ਤੱਕ ਸੁਰੱਖਿਅਤ ਸਾਬਤ ਹੋਏ ਹਨ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਨੂੰ ਇੱਕ ਰਜਿਸਟਰਡ ਚਮੜੀ ਵਿਗਿਆਨੀ ਦੀ ਨਿਗਰਾਨੀ ਹੇਠ ਲਵਾਇਆ ਜਾਣਾ ਚਾਹੀਦਾ ਹੈ।"

ਇਸੇ ਖ਼ਬਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੋਟੌਕਸ ਦੇ ਜੋਖਮਾਂ ਬਾਰੇ ਚਰਚਾ ਅਪ੍ਰੈਲ 2024 ਵਿੱਚ ਉਸ ਸਮੇਂ ਤੇਜ਼ ਹੋਈ ਸੀ ਜਦੋਂ ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਇੱਕ ਚੇਤਾਵਨੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ 25 ਤੋਂ 59 ਸਾਲ ਦੀ ਉਮਰ ਦੀਆਂ 22 ਔਰਤਾਂ ਵਿੱਚ ਬੋਟੌਕਸ ਦੇ ਨੁਕਸਾਨਦੇਹ ਪ੍ਰਭਾਵ ਦੇਖੇ ਗਏ ਹਨ।

ਇਨ੍ਹਾਂ ਵਿੱਚੋਂ 11 ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ ਅਤੇ ਛੇ ਦੇ ਮਾਮਲੇ ਵਿੱਚ ਅਜਿਹੇ ਹਾਲਾਤ ਸੀ ਕਿ ਬੋਟੌਕਸ ਰਾਹੀਂ ਟਾਕਸਿਨਸ ਫੈਲਕਰ ਨਰਵਸ ਸਿਸਟਮ ਤੱਕ ਫ਼ੈਲ ਗਿਆ। ਇਹ ਇੱਕ ਅਜਿਹੀ ਸਥਿਤੀ ਹੈ ਜੋ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਇਸ 'ਤੇ, ਡਾਕਟਰ ਪਰਾਸ਼ਰ ਨੇ ਕਿਹਾ, "ਇਹ ਸਾਬਤ ਹੋ ਚੁੱਕਾ ਹੈ ਕਿ ਇਨ੍ਹਾਂ ਸਾਰੀਆਂ ਔਰਤਾਂ ਨੇ ਬਿਨ੍ਹਾਂ ਲਾਇਸੈਂਸ ਵਾਲੇ ਜਾਂ ਗ਼ੈਰ-ਸਿਖਿਅਤ ਲੋਕਾਂ ਤੋਂ ਉਨ੍ਹਾਂ ਥਾਵਾਂ 'ਤੇ ਟੀਕੇ ਲਵਾਏ ਸਨ ਜੋ ਸਿਹਤ ਸੰਭਾਲ ਕੇਂਦਰ ਵੀ ਨਹੀਂ ਸਨ।"

ਇਨ੍ਹਾਂ ਦਵਾਈਆਂ ਨਾਲ ਹੋਣ ਵਾਲੇ ਜੋਖਮਾਂ ਬਾਰੇ ਡਾਕਟਰ ਅੰਜੂ ਝਾਅ ਕਹਿੰਦੇ ਹਨ, "ਐੱਫ਼ਡੀਏ ਨੇ ਗਲੂਟੈਥੀਓਨ ਨੂੰ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਇਸਦੇ ਕੁਝ ਮਾੜੇ ਪ੍ਰਭਾਵ ਹਨ।"

"ਇਹ ਕੁਝ ਮਰੀਜ਼ਾਂ ਵਿੱਚ ਐਨਾਫਾਈਲੈਕਸਿਸ ਦਾ ਕਾਰਨ ਬਣ ਸਕਦਾ ਹੈ; ਟੀਕੇ ਵਾਲੀਆਂ ਦਵਾਈਆਂ ਸਟੀਵਨਜ਼ ਜੌਨਸਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਇਹ ਦਵਾਈਆਂ ਦੀਆਂ ਪ੍ਰਤੀਕ੍ਰਿਆਵਾਂ ਤੋਂ ਪੈਦਾ ਹੋਣ ਵਾਲੀਆਂ ਸਥਿਤੀਆਂ ਹਨ, ਜਿਨ੍ਹਾਂ ਵਿੱਚ ਮੌਤ ਦੀ ਸੰਭਾਵਨਾ ਹੁੰਦੀ ਹੈ। ਹਾਲਾਂਕਿ, ਇਹ ਬਹੁਤ ਘੱਟ ਹੁੰਦਾ ਹੈ।"

ਉਹ ਕਹਿੰਦੇ ਹਨ ਕਿ ਜੋ ਲੋਕ ਸਕਿਨ ਲਾਈਟਨਿੰਗ ਜਾਂ ਚਮੜੀ ਨੂੰ ਗੋਰਾ ਕਰਨ ਲਈ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਦੇ ਹਨ, ਇਹ ਉਨ੍ਹਾਂ 'ਤੇ ਉਦੋਂ ਤੱਕ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ ਜਦੋਂ ਤੱਕ ਉਹ ਇਸ ਨੂੰ ਲੈ ਰਹੇ ਹੁੰਦੇ ਹਨ। ਇਸਦਾ ਪ੍ਰਭਾਵ ਸਥਾਈ ਨਹੀਂ ਹੈ ਯਾਨੀ ਹਮੇਸ਼ਾ ਲਈ ਨਹੀਂ ਰਹਿੰਦਾ।

ਡਾਕਟਰ ਅੰਜੂ ਕਹਿੰਦੇ ਹਨ, "ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿੰਨੀ ਦਵਾਈ ਲੈ ਰਹੇ ਹੋ ਅਤੇ ਕੀ ਤੁਹਾਨੂੰ ਇਹ ਲੈਣੀ ਚਾਹੀਦੀ ਹੈ ਜਾਂ ਨਹੀਂ। ਕੀ ਤੁਹਾਨੂੰ ਕੋਈ ਮੌਜੂਦਾ ਸਮੱਸਿਆ ਹੈ ਜੋ ਇਨ੍ਹਾਂ ਦਵਾਈਆਂ ਨਾਲ ਵਧ ਸਕਦੀ ਹੈ? ਇਸ ਸਭ ਲਈ, ਤੁਹਾਨੂੰ ਇੱਕ ਚੰਗੇ ਚਮੜੀ ਦੇ ਮਾਹਰ ਦੀ ਸਲਾਹ ਦੀ ਲੋੜ ਹੈ।"

"ਇਨ੍ਹਾਂ ਨਾਲ (ਦਵਾਈਆਂ ਨਾਲ) ਦਿਲ ਦਾ ਦੌਰਾ ਨਹੀਂ ਪੈ ਸਕਦਾ। ਪਰ ਕਈ ਵਾਰ, ਓਵਰਡੋਜ਼ ਕਾਰਨ, ਇਹ ਜਿਗਰ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।"

"ਇਸ ਦੇ ਅਜਿਹੇ ਅਸਿੱਧੇ ਪ੍ਰਭਾਵ ਹੁੰਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਇਹ ਇਲਾਜ ਇੱਕ ਮਾਹਰ ਵੱਲੋਂ ਹੀ ਕੀਤਾ ਜਾਵੇ, ਜੋ ਜਾਣਦਾ ਹੋਵੇ ਕਿ ਕਿਹੜੀਆਂ ਮਾਸਪੇਸ਼ੀਆਂ ਵਿੱਚ ਟੀਕਾ ਲਗਾਉਣਾ ਹੈ ਅਤੇ ਕਿੰਨਾ ਟੀਕਾ ਲਗਾਉਣਾ ਹੈ।"

ਡਾਕਟਰ ਅੰਜੂ ਚੇਤਾਵਨੀ ਦਿੰਦੇ ਹਨ,"ਇਹ ਇਲਾਜ ਖ਼ੁਦ ਨਾ ਕਰੋ, ਇਸਨੂੰ ਕਿਸੇ ਪਾਰਲਰ ਵਿੱਚ ਨਾ ਕਰਵਾਓ ਅਤੇ ਮਾਹਰਾਂ ਤੋਂ ਬਿਨ੍ਹਾਂ ਕਿਸੇ ਹੋਰ ਡਾਕਟਰ ਤੋਂ ਵੀ ਇਹ ਇਲਾਜ ਨਹੀਂ ਕਰਵਾਉਣਾ ਚਾਹੀਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)