ਮਾਈਗ੍ਰੇਨ ਪੀੜਤਾਂ ਲਈ ਨਵੀਆਂ ਉਮੀਦਾਂ ਬੋਟੋਕਸ ਅਤੇ ਵਾਈਬ੍ਰੇਸ਼ਨ ਇਲਾਜ ਕੀ ਹੈ? ਇਹ ਕਿਵੇਂ ਰਾਹਤ ਦਿੰਦੇ ਹਨ

ਤਸਵੀਰ ਸਰੋਤ, Getty Images/ BBC

ਤਸਵੀਰ ਕੈਪਸ਼ਨ, ਵਿਗਿਆਨੀ ਹੌਲੀ-ਹੌਲੀ ਮਾਈਗ੍ਰੇਨ ਦੇ ਰਾਜ ਖੋਲ੍ਹ ਰਹੇ ਹਨ ਅਤੇ ਨਾਲ ਹੀ ਨਵੇਂ ਇਲਾਜ ਵੀ ਤਿਆਰ ਕਰ ਰਹੇ ਹਨ।
    • ਲੇਖਕ, ਸੋਫੀਆ ਕੁਆਗਲੀਆ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 12 ਮਿੰਟ

ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕ ਮਾਈਗ੍ਰੇਨ ਦੇ ਅਸਹਿਨਸ਼ੀਲ ਦਰਦ ਤੋਂ ਰਾਹਤ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਪਰ ਖੋਜ ਇਸ ਬਿਮਾਰੀ ਦੇ ਖ਼ਿਲਾਫ਼ ਨਵੇਂ ਇਲਾਜਾਂ ਤੱਕ ਪਹੁੰਚ ਬਣਾਉਂਦੀ ਜਾ ਰਹੀ ਹੈ।

ਹਰ ਸਵੇਰ, ਦੰਦ ਸਾਫ਼ ਕਰਨ ਅਤੇ ਸਕਿਨ ਕੇਅਰ ਰੁਟੀਨ ਵਿਚਾਲੇ, ਮੇਗਨ ਡੈਨੀਅਲਜ਼ ਸ਼ੀਸ਼ੇ ਵਿੱਚ ਦੇਖਦੀ ਹੈ ਅਤੇ ਵਾਕੀ-ਟਾਕੀ ਵਰਗੇ ਦਿਖਣ ਵਾਲੇ ਇੱਕ ਛੋਟੇ ਜੰਤਰ ਨਾਲ ਆਪਣੀ ਗਰਦਨ 'ਤੇ ਮਸਾਜ ਕਰਦੀ ਹੈ।

ਉਹ ਇਸ ਨੂੰ ਆਪਣੇ ਜਬਾੜੇ ਦੇ ਥੱਲੇ ਹੌਲੀ-ਹੌਲੀ ਘੁਮਾਉਂਦੀ ਹੈ ਅਤੇ ਉੱਥੇ ਉਦੋਂ ਤੱਕ ਰੱਖਦੀ ਹੈ ਜਦੋਂ ਤੱਕ ਝਨਝਨਾਹਟ ਮਹਿਸੂਸ ਨਹੀਂ ਹੁੰਦੀ ਅਤੇ ਉਨ੍ਹਾਂ ਦੇ ਬੁੱਲ਼ਾਂ ਦਾ ਕੋਨਾ ਹੇਠਾਂ ਵੱਲ ਖਿੱਚਣਾ ਸ਼ੁਰੂ ਨਹੀਂ ਹੁੰਦਾ।

ਯੂਕੇ ਦੇ ਲੀਵਰਪੂਲ ਦੀ 35 ਸਾਲਾ ਵਕੀਲ ਡੈਨੀਅਲਜ਼ ਕਹਿੰਦੀ ਹੈ, "ਇਹ ਕਾਫ਼ੀ ਸਕੂਨ ਦਿੰਦਾ ਹੈ, ਅਜਿਹਾ ਲੱਗਦਾ ਹੈ ਜਿਵੇਂ ਇਹ ਤੁਹਾਡੇ ਦਿਮਾਗ਼ ਵਿੱਚ ਲਹਿਰਾਂ ਭੇਜ ਰਿਹਾ ਹੋਵੇ।"

ਹਰ ਰੋਜ਼ ਉਹ ਦੁਪਹਿਰ ਦੇ ਖਾਣੇ ਵੇਲੇ ਇਹ ਮਸਾਜ ਦੁਬਾਰਾ ਕਰਦੀ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੈਕਅਪ ਉਤਾਰਦੇ ਸਮੇਂ ਵੀ ਕਰਦੀ ਹੈ। ਉਹ ਇਸ ਨੂੰ ਮਾਈਗ੍ਰੇਨ ਤੋਂ ਬਚਾਅ ਲਈ ਵਰਤ ਰਹੀ ਹੈ, ਜੋ ਇੱਕ ਗੰਭੀਰ ਨਰਵ ਸਬੰਧੀ ਬਿਮਾਰੀ ਹੈ ਅਤੇ ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਜ਼ਿਆਦਾਤਰ ਮਰੀਜ਼ਾਂ ਵਿੱਚ ਇਹ ਬਿਮਾਰੀ ਤੇਜ਼ ਅਤੇ ਵਾਰ-ਵਾਰ ਆਉਣ ਵਾਲੇ ਸਿਰਦਰਦ ਤੇ ਚੱਕਰ ਆਉਣਾ ਜਾਂ ਅੱਖਾਂ ਅੱਗੇ ਰੌਸ਼ਨੀ ਦੇ ਚਮਕਦੇ ਨਜ਼ਾਰੇ ਵਰਗੇ ਲੱਛਣਾਂ ਨਾਲ ਪ੍ਰਗਟ ਹੁੰਦੀ ਹੈ।

Sorry, we can’t display this part of the story on this lightweight mobile page.

ਡੈਨੀਅਲਜ਼ ਇੱਕ ਨਿਊਰੋਮੋਡੂਲੇਸ਼ਨ ਡਿਵਾਈਸ ਦੀ ਵਰਤੋਂ ਕਰਦੀ ਹੈ, ਜੋ ਉਸ ਦੇ ਚਿਹਰੇ ਅਤੇ ਸਿਰ ਵਿੱਚ ਚੱਲਣ ਵਾਲੀਆਂ ਨਾੜੀਆਂ ਨੂੰ ਉਤੇਜਿਤ ਕਰਨ ਲਈ ਇਲੈਕਟ੍ਰਿਕ ਪਲਸਾਂ ਦੀ ਵਰਤੋਂ ਕਰਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਸਨੂੰ ਕਰਦਿਆਂ ਕਈ ਵਾਰ ਹਲਕੀ ਤਰ੍ਹਾਂ ਦੀ ਟ੍ਰਾਂਸ ਵਰਗੀ ਹਾਲਤ ਬਣ ਜਾਂਦੀ ਹੈ ਭਾਵ ਨੀਂਦ ਵਰਗੀ।"

ਇੰਨਾ ਆਮ ਹੋਣ ਦੇ ਬਾਵਜੂਦ, ਮਾਈਗ੍ਰੇਨ ਕਿਉਂ ਹੁੰਦਾ ਹੈ ਅਤੇ ਇਸਦੇ ਲੱਛਣ ਕਿਉਂ ਵੱਖ-ਵੱਖ ਹੁੰਦੇ ਹਨ, ਇਹ ਅਜੇ ਵੀ ਪੂਰੀ ਤਰ੍ਹਾਂ ਸਮਝ ਨਹੀਂ ਆਇਆ।

ਪਰ ਵਿਗਿਆਨੀ ਹੌਲੀ-ਹੌਲੀ ਇਸ ਬਿਮਾਰੀ ਦੇ ਰਾਜ ਖੋਲ੍ਹ ਰਹੇ ਹਨ ਅਤੇ ਨਾਲ ਹੀ ਨਵੇਂ ਇਲਾਜ ਵੀ ਤਿਆਰ ਕਰ ਰਹੇ ਹਨ। ਕੁਝ ਇਲਾਜ ਦਿਮਾਗ਼ ਦੇ ਛੋਟੇ ਪ੍ਰੋਟੀਨਾਂ 'ਤੇ ਅਸਰ ਕਰਦੇ ਹਨ, ਜਦਕਿ ਕੁਝ ਬਿਜਲੀ ਜਾਂ ਚੁੰਬਕੀ ਲਹਿਰਾਂ ਨਾਲ ਨਰਵਾਂ ਨੂੰ ਪ੍ਰਭਾਵਿਤ ਕਰਦੇ ਹਨ।

ਅੱਜ ਮਾਈਗ੍ਰੇਨ ਨਾਲ ਜੂਝ ਰਹੇ ਲੋਕਾਂ ਕੋਲ ਪਹਿਲਾਂ ਨਾਲੋਂ ਕਾਫ਼ੀ ਵੱਧ ਇਲਾਜ ਦੇ ਬਦਲ ਹਨ। ਨਵੀਂ ਖੋਜ ਨਾਲ ਭਵਿੱਖ ਵਿੱਚ ਹੋਰ ਵੀ ਤਰੀਕੇ ਆ ਸਕਦੇ ਹਨ। ਪਰ ਸਵਾਲ ਇਹ ਹੈ ਕਿ ਕੀ ਅਸੀਂ ਮਾਈਗ੍ਰੇਨ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਨੇੜੇ ਪਹੁੰਚ ਗਏ ਹਾਂ ਜਾਂ ਅਜੇ ਵੀ ਲੰਬਾ ਰਸਤਾ ਬਾਕੀ ਹੈ?

ਦਿਮਾਗ਼ ਦੇ ਅੰਦਰਲੇ ਬਹੁਤ ਛੋਟੇ ਪ੍ਰੋਟੀਨਾਂ ਨੂੰ ਪ੍ਰਭਾਵਿਤ ਕਰਨ ਤੋਂ ਲੈ ਕੇ ਬਿਜਲੀ ਜਾਂ ਚੁੰਬਕੀ ਝਟਕਿਆਂ ਨਾਲ ਪਲਸਾਂ ਨੂੰ ਉਤੇਜਿਤ ਕਰਨ ਤੱਕ, ਮਾਈਗ੍ਰੇਨ ਨਾਲ ਪੀੜਤ ਲੋਕਾਂ ਕੋਲ ਇਸ ਦਰਦਨਾਕ ਅਤੇ ਕਮਜ਼ੋਰ ਕਰਨ ਵਾਲੀ ਬਿਮਾਰੀ ਨਾਲ ਲੜਨ ਲਈ ਪਹਿਲਾਂ ਨਾਲੋਂ ਕਾਫ਼ੀ ਵੱਧ ਤਰੀਕੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦਕਿ ਕੁਝ ਲੋਕ ਮਾਈਗ੍ਰੇਨ ਦੇ ਨਵੇਂ ਇਲਾਜਾਂ ਪ੍ਰਤੀ ਜਲਦੀ ਪ੍ਰਤੀਕਿਰਿਆ ਦਿੰਦੇ ਹਨ, ਦੂਸਰੇ ਰਾਹਤ ਪਾਏ ਬਿਨਾਂ ਕਈ ਤਰੀਕੇ ਅਜ਼ਮਾ ਸਕਦੇ ਹਨ

ਅਮਰੀਕਾ ਦੇ ਮਿਨੇਸੋਟਾ ਵਿੱਚ ਮੇਯੋ ਕਲੀਨਿਕ ਦੇ ਨਰਵ ਰੋਗ ਮਾਹਰ ਨਾਰਾਇਣ ਕਿਸੂਨ ਕਹਿੰਦੇ ਹਨ, "ਇਸ ਵੇਲੇ ਮਾਈਗ੍ਰੇਨ ਦਾ ਇਲਾਜ ਕਰਨ ਲਈ ਬਹੁਤ ਵਧੀਆ ਸਮਾਂ ਹੈ। ਜਦੋਂ ਮੈਂ ਦੱਸ ਸਾਲ ਪਹਿਲਾਂ ਆਪਣਾ ਕੰਮ ਸ਼ੁਰੂ ਕੀਤਾ ਸੀ, ਉਸ ਸਮੇਂ ਮੇਰੇ ਕੋਲ ਇਲਾਜ ਦੇ ਜੋ ਬਦਲ ਸਨ, ਉਹ ਅੱਜ ਨਾਲੋਂ ਬਹੁਤ ਘੱਟ ਸਨ।"

ਇਸਦੇ ਬਾਵਜੂਦ ਮਾਈਗ੍ਰੇਨ ਦਾ ਇਲਾਜ ਅਜੇ ਵੀ ਔਖਾ ਹੈ। ਇਹ ਦੁਨੀਆ ਵਿੱਚ ਅਸਮਰੱਥਤਾ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ, ਪਰ ਹਰ ਵਿਅਕਤੀ ਵਿੱਚ ਇਸਦੇ ਲੱਛਣ ਵੱਖ-ਵੱਖ ਤਰੀਕੇ ਨਾਲ ਮਹਿਸੂਸ ਹੁੰਦੇ ਹਨ।

ਜ਼ਿਆਦਾਤਰ ਮਰੀਜ਼ਾਂ ਨੂੰ ਸਿਰ ਦੇ ਇੱਕ ਪਾਸੇ ਦਰਦ ਹੁੰਦਾ ਹੈ। ਇਹ ਧੜਕਣ ਵਾਲਾ, ਝਟਕਿਆਂ ਵਰਗਾ, ਚੁਭਨ ਵਾਲਾ ਜਾਂ ਭਾਰ ਵਾਲਾ ਹੋ ਸਕਦਾ ਹੈ। ਕੁਝ ਲੋਕਾਂ ਨੂੰ ਘਬਰਾਹਟ ਅਤੇ ਉਲਟੀ ਵੀ ਆ ਸਕਦੀ ਹੈ।

ਰੌਸ਼ਨੀ, ਆਵਾਜ਼, ਸੁਗੰਧ ਜਾਂ ਹਿਲਜੁਲ ਨਾਲ ਵੀ ਤਕਲੀਫ਼ ਵੱਧ ਸਕਦੀ ਹੈ। ਲਗਭਗ 25 ਫੀਸਦੀ ਮਾਮਲਿਆਂ ਵਿੱਚ ਅੱਖਾਂ ਅੱਗੇ ਅਜੀਬ ਤਰ੍ਹਾਂ ਦੀ ਚਮਕਦਾਰ ਰੌਸ਼ਨੀ ਦਿਖਾਈ ਦਿੰਦੀ ਹੈ, ਜਿਸਨੂੰ ਔਰਾ ਕਿਹਾ ਜਾਂਦਾ ਹੈ।

ਮਾਈਗ੍ਰੇਨ ਦੇ ਤਿੰਨ-ਚੌਥਾਈ ਮਰੀਜ਼ ਔਰਤਾਂ ਹੁੰਦੀਆਂ ਹਨ। ਜ਼ਿਆਦਾਤਰ ਮਰੀਜ਼ ਵੱਡੀ ਉਮਰ ਦੇ ਹੁੰਦੇ ਹਨ, ਪਰ ਬੱਚਿਆਂ ਨੂੰ ਵੀ ਮਾਈਗ੍ਰੇਨ ਹੋ ਸਕਦਾ ਹੈ। ਕੁਝ ਬੱਚਿਆਂ ਨੂੰ ਇਹ ਤੇਜ਼ ਪੇਟ ਦਰਦ ਦੇ ਰੂਪ ਵਿੱਚ ਮਹਿਸੂਸ ਹੁੰਦਾ ਹੈ।

ਅਮਰੀਕਾ ਦੇ ਯੂਨੀਵਰਸਿਟੀ ਆਫ ਮਾਇਮੀ ਹੈਲਥ ਸਿਸਟਮ ਵਿੱਚ ਸਿਰਦਰਦ ਵਿਭਾਗ ਦੀ ਮੁਖੀ ਟੇਸ਼ਾਮੇ ਮੋਂਟੇਥ ਕਹਿੰਦੀ ਹੈ, "ਮਾਈਗ੍ਰੇਨ ਨੂੰ ਮਾਪਣ ਲਈ ਕੋਈ ਸਿੱਧਾ ਅਤੇ ਸਪਸ਼ਟ ਟੈਸਟ ਨਹੀਂ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਮਾਈਗ੍ਰੇਨ ਨੂੰ ਦੂਰ ਰੱਖਣ ਲਈ ਖਾਸ ਤੌਰ 'ਤੇ ਬਹੁਤ ਸਾਰੀਆਂ ਦਵਾਈਆਂ ਤਿਆਰ ਕੀਤੀਆਂ ਗਈਆਂ ਹਨ ਪਰ ਉਹ ਹਰ ਮਰੀਜ਼ ਲਈ ਕੰਮ ਨਹੀਂ ਕਰਦੀਆਂ

ਮਾਈਗ੍ਰੇਨ ਦਾ ਇਲਾਜ ਕਰਨਾ ਇੰਨਾ ਔਖਾ ਕਿਉਂ ਹੈ

ਕਿਉਂਕਿ ਮਾਈਗ੍ਰੇਨ ਦੇ ਮਰੀਜ਼ ਬਹੁਤ ਵੱਖ-ਵੱਖ ਲੱਛਣਾਂ ਅਤੇ ਤੀਬਰਤਾ ਵਾਲੇ ਹੁੰਦੇ ਹਨ, ਇਸ ਲਈ ਇਸ ਬਿਮਾਰੀ ਦਾ ਇਲਾਜ ਵੀ ਹਰ ਕਿਸੇ ਲਈ ਇਕੋ ਜਿਹਾ ਕਾਰਗਰ ਨਹੀਂ ਹੁੰਦਾ। ਕੁਝ ਲੋਕਾਂ ਨੂੰ ਤੁਰੰਤ ਆਰਾਮ ਮਿਲ ਜਾਂਦਾ ਹੈ, ਜਦਕਿ ਕੁਝ ਹੋਰ ਕਈ ਤਰੀਕੇ ਅਜ਼ਮਾਉਂਦੇ ਹਨ ਪਰ ਫਿਰ ਵੀ ਫਾਇਦਾ ਨਹੀਂ ਹੁੰਦਾ।

"ਮੈਂ ਖੁਦ ਵੀ ਮਾਈਗ੍ਰੇਨ ਦੀ ਮਰੀਜ਼ ਹਾਂ। ਮੈਨੂੰ ਕਈ ਵਾਰ ਸਧਾਰਣ ਦਰਦ ਨਿਵਾਰਕ ਗੋਲੀਆਂ ਜਿਵੇਂ ਪੈਰਾਸਿਟਾਮੋਲ ਜਾਂ ਆਇਬੂਪ੍ਰੋਫੈਨ ਨਾਲ ਹੀ ਦੌਰਾ ਰੁਕ ਜਾਂਦਾ ਹੈ।"

"ਵਿਗਿਆਨੀਆਂ ਨੇ ਮਾਈਗ੍ਰੇਨ ਲਈ ਖ਼ਾਸ ਦਵਾਈਆਂ ਵੀ ਬਣਾਈਆਂ ਹਨ, ਜੋ ਦਿਮਾਗ ਦੀਆਂ ਨਾੜਾਂ ਨੂੰ ਸੁੰਗੜਾ ਦਿੰਦੀਆਂ ਹਨ, ਸਿਰੋਟੋਨਿਨ ਰਿਸੈਪਟਰਾਂ 'ਤੇ ਅਸਰ ਕਰਦੀਆਂ ਹਨ ਅਤੇ ਦਰਦ ਵਾਲੀਆਂ ਨਾੜਾਂ ਨੂੰ ਸ਼ਾਂਤ ਕਰਦੀਆਂ ਹਨ। ਅਧਿਐਨ ਦੱਸਦੇ ਹਨ ਕਿ ਲਗਭਗ ਦੋ-ਤਿਹਾਈ ਮਰੀਜ਼ ਦੋ ਘੰਟਿਆਂ ਵਿੱਚ ਦਰਦ ਤੋਂ ਮੁਕਤ ਹੋ ਜਾਂਦੇ ਹਨ, ਪਰ ਮੇਰੇ ਲਈ ਇਹ ਦਵਾਈਆਂ ਬਿਲਕੁਲ ਕੰਮ ਨਹੀਂ ਕਰਦੀਆਂ।"

ਇੱਕ ਹੋਰ ਸਮੱਸਿਆ ਇਹ ਹੈ ਕਿ ਦਰਦ ਨਿਵਾਰਕ ਦਵਾਈਆਂ ਬਹੁਤ ਵੱਧ ਲੈਣ ਨਾਲ ਮਾਈਗ੍ਰੇਨ ਹੋਰ ਵੀ ਵਧ ਸਕਦਾ ਹੈ। ਇਸਨੂੰ 'ਮੈਡੀਕੇਸ਼ਨ ਓਵਰਯੂਜ਼ ਹੈਡੇਕ' ਕਿਹਾ ਜਾਂਦਾ ਹੈ। ਮਾਈਗ੍ਰੇਨ ਦੇ ਦੌਰੇ ਅਕਸਰ ਹੋਰ ਦੌਰਿਆਂ ਨੂੰ ਜਨਮ ਦੇ ਸਕਦੇ ਹਨ, ਜਿਸ ਨਾਲ ਇਹ ਕਦੇ-ਕਦੇ ਹੋਣ ਵਾਲੀ ਬਿਮਾਰੀ ਤੋਂ ਲੰਬੇ ਸਮੇਂ ਦੀ (ਕ੍ਰੋਨਿਕ) ਬਿਮਾਰੀ ਬਣ ਸਕਦੀ ਹੈ।

ਸਿਰਫ ਦੌਰੇ ਦੌਰਾਨ ਇਲਾਜ ਕਰਨਾ ਹੀ ਹੱਲ ਨਹੀਂ। ਜ਼ਿਆਦਾਤਰ ਮਰੀਜ਼ ਚਾਹੁੰਦੇ ਹਨ ਕਿ ਇਲਾਜ ਅਜਿਹਾ ਹੋਵੇ ਜੋ ਦੌਰਾ ਆਉਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।

ਕਈ ਸਾਲਾਂ ਵਿੱਚ ਡਾਕਟਰਾਂ ਨੇ ਪਤਾ ਲਗਾਇਆ ਕਿ ਦਿਲ ਦੀਆਂ ਦਵਾਈਆਂ, ਡਿਪ੍ਰੈਸ਼ਨ ਦੀਆਂ ਦਵਾਈਆਂ ਅਤੇ ਮਿਰਗੀ ਦੀਆਂ ਦਵਾਈਆਂ, ਜੇ ਉਨ੍ਹਾਂ ਦੀ ਖੁਰਾਕ ਬਦਲੀ ਜਾਵੇ ਤਾਂ ਮਾਈਗ੍ਰੇਨ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਪਰ ਇਨ੍ਹਾਂ ਨਾਲ ਕਈ ਵਾਰ ਭਾਰੀ ਸਾਈਡ ਇਫੈਕਟ ਹੁੰਦੇ ਹਨ ਅਤੇ ਹਰ ਮਰੀਜ਼ 'ਤੇ ਇਕੋ ਦਵਾਈ ਇੱਕੋ ਜਿਹਾ ਅਸਰ ਨਹੀਂ ਕਰਦੀ।

ਮਾਈਗ੍ਰੇਨ ਦੇ ਇਲਾਜ ਵਿੱਚ ਵੱਡੀ ਤਰੱਕੀ ਉਸ ਵੇਲੇ ਹੋਈ ਜਦੋਂ ਵਿਗਿਆਨੀਆਂ ਨੇ ਦਿਮਾਗ਼ ਦੇ ਨੇੜੇ ਖੂਨ ਦੀਆਂ ਨਾੜਾਂ ਵਿੱਚ ਮੌਜੂਦ ਕੁਝ ਅਣੂਆਂ ਦਾ ਅਧਿਐਨ ਕੀਤਾ।

ਦਿਮਾਗ਼ ਦੇ ਅਣੂਆਂ ਦੀ ਭੂਮਿਕਾ

1990 ਦੇ ਸ਼ੁਰੂਆਤੀ ਸਾਲਾਂ ਵਿੱਚ ਵਿਗਿਆਨੀਆਂ ਨੇ 32 ਮਰੀਜ਼ਾਂ ਦੀ ਗਰਦਨ ਦੀਆਂ ਨਾੜਾਂ ਤੋਂ ਖੂਨ ਲਿਆ । ਇਹ ਖੂਨ ਦਿਮਾਗ਼ ਵਿੱਚ ਘੁੰਮ ਕੇ ਵਾਪਸ ਦਿਲ ਵੱਲ ਜਾ ਰਿਹਾ ਸੀ। ਇਸ ਵਿੱਚ "ਕੈਲਸੀਟੋਨਿਨ ਜੀਨ-ਰਿਲੇਟਡ ਪੈਪਟਾਈਡਸ" (ਸੀਜੀਆਰਪੀਐੱਸ) ਨਾਮਕ ਪ੍ਰੋਟੀਨ ਦੇ ਛੋਟੇ ਟੁਕੜੇ ਵੱਧ ਮਾਤਰਾ ਵਿੱਚ ਮਿਲੇ।

ਸੀਜੀਆਰੀ ਛੋਟੇ ਪ੍ਰੋਟੀਨ ਹਨ ਜੋ ਨਾੜਾਂ ਦੀ ਗਤੀਵਿਧੀ ਅਤੇ ਸੰਵੇਦਨਸ਼ੀਲਤਾ ਨੂੰ ਘਟਾਉਣ ਜਾਂ ਵਧਾਉਣ ਵਾਲੇ ਸਵਿੱਚ ਵਾਂਗ ਕੰਮ ਕਰਦੇ ਹਨ। ਨਿਊਜ਼ੀਲੈਂਡ ਦੀ ਓਟਾਗੋ ਯੂਨੀਵਰਸਿਟੀ ਦੀ ਪ੍ਰੋਫੈਸਰ ਡੈ ਬੀ ਹੇਅ ਦੇ ਅਨੁਸਾਰ, ਮਾਈਗ੍ਰੇਨ ਦੌਰੇ ਸਮੇਂ ਇਹ ਬਹੁਤ ਵੱਧ ਮਾਤਰਾ ਵਿੱਚ ਨਿਕਲਦੇ ਹਨ ਅਤੇ ਨਾੜਾਂ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੰਦੇ ਹਨ।

ਅਧਿਐਨ ਦਿਖਾਉਂਦੇ ਹਨ ਕਿ ਮਾਈਗ੍ਰੇਨ ਵਾਲੇ ਲੋਕਾਂ ਦੇ ਖੂਨ ਵਿੱਚ ਸੀਜੀਆਰਪੀ ਦੀ ਮਾਤਰਾ ਦੌਰੇ ਤੋਂ ਬਿਨਾਂ ਵੀ ਵੱਧ ਹੁੰਦੀ ਹੈ। ਵਿਗਿਆਨੀਆਂ ਨੇ ਜਦ ਮਰੀਜ਼ਾਂ ਨੂੰ ਵਾਧੂ ਸੀਜੀਆਰਪੀ ਦਿੱਤਾ, ਤਾਂ ਮਾਈਗ੍ਰੇਨ ਦਾ ਦੌਰਾ ਸ਼ੁਰੂ ਹੋ ਗਿਆ।

ਹੇਅ ਦੇ ਅਨੁਸਾਰ, ਸੀਜੀਆਰਪੀ ਨੂੰ ਰੋਕਣ ਨਾਲ ਚੱਲ ਰਹੇ ਮਾਈਗ੍ਰੇਨ ਦੇ ਦੌਰੇ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ, ਕਿਉਂਕਿ ਇਸ ਨਾਲ ਨਰਵਾਂ ਵਿਚ ਜਾਣ ਵਾਲੇ ਸੰਕੇਤ ਘਟ ਜਾਂਦੇ ਹਨ ਅਤੇ ਵਧੀ ਹੋਈ ਸੰਵੇਦਨਸ਼ੀਲਤਾ ਦੁਬਾਰਾ ਸਧਾਰਨ ਹੋ ਜਾਂਦੀ ਹੈ।

ਇਸਦਾ ਇਹ ਮਤਲਬ ਨਹੀਂ ਕਿ ਇਹ ਪੈਪਟਾਈਡ ਹੀ ਮਾਈਗ੍ਰੇਨ ਦਾ ਅਸਲ ਕਾਰਨ ਹਨ, ਪਰ ਇਹ ਸਰੀਰ ਵਿੱਚ ਮੌਜੂਦ ਇੱਕ ਅਜਿਹਾ ਤਰੀਕਾ ਹਨ ਜੋ ਲੱਛਣ ਪੈਦਾ ਕਰਨ ਵਾਲੇ ਵੱਧ ਸੰਕੇਤਾਂ ਨੂੰ ਘਟਾ ਸਕਦਾ ਹੈ।

ਅਮਰੀਕਾ ਦੇ ਸੇਂਟ ਲੂਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਕਲੀਨਿਕਲ ਫਾਰਮਾਕੋਲੋਜੀ ਦੀ ਡਾਇਰੈਕਟਰ ਅਮੀਨਾਹ ਪ੍ਰਧਾਨ ਕਹਿੰਦੀ ਹੈ, "ਅਖ਼ਿਰਕਾਰ ਗੱਲ ਇਹੀ ਹੈ 'ਆਨ' ਕਰਨ ਵਾਲਾ ਸਵਿੱਚ ਕਿੱਥੇ ਹੈ ਅਤੇ 'ਆਫ' ਕਰਨ ਵਾਲਾ ਸਵਿੱਚ ਕਿੱਥੇ ਹੈ?"

ਇਸ ਤਰੀਕੇ ਦੀ ਖੋਜ ਦੇ ਕਾਰਨ ਹੁਣ ਬਜ਼ਾਰ ਵਿੱਚ ਸੀਜੀਆਰਪੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅੱਠ ਦਵਾਈਆਂ ਉਪਲਬਧ ਹਨ। ਕੁਝ ਦਵਾਈਆਂ ਐਂਟੀਬਾਡੀ ਦੀ ਮਦਦ ਨਾਲ ਖੂਨ ਵਿੱਚ ਮੌਜੂਦ ਸਾਰਾ ਸੀਜੀਆਰਪੀ ਖ਼ਤਮ ਕਰ ਦਿੰਦੀਆਂ ਹਨ ਅਤੇ ਕੁਝ ਪੈਪਟਾਈਡਸ ਨੂੰ ਨਰਵ ਸੈੱਲਾਂ ਨੂੰ ਸਿਗਨਲ ਭੇਜਣ ਤੋਂ ਰੋਕਦੀਆਂ ਹਨ।

ਪ੍ਰਧਾਨ ਕਹਿੰਦੇ ਹਨ, "ਇਹ ਮਾਈਗ੍ਰੇਨ ਮਰੀਜ਼ਾਂ ਲਈ ਵਾਕਈ ਵੱਡੀ ਮਦਦ ਸਾਬਤ ਹੋਈਆਂ ਹਨ। ਇਸ ਨਾਲ ਇਲਾਜ ਦੇ ਵਿਕਲਪ ਕਾਫ਼ੀ ਵੱਧ ਗਏ ਹਨ।"

2025 ਦੀ ਇੱਕ ਸਟਡੀ ਵਿੱਚ ਪਤਾ ਲੱਗਿਆ ਕਿ ਜਿਹੜੇ ਲੋਕ ਇੱਕ ਸਾਲ ਤੱਕ ਸੀਡੀਆਰਪੀ ਦਵਾਈ ਲੈਂਦੇ ਰਹੇ, ਉਨ੍ਹਾਂ ਵਿੱਚੋਂ 70% ਲੋਕਾਂ ਦੇ ਮਾਈਗ੍ਰੇਨ ਦੇ ਦੌਰੇ 75% ਤੱਕ ਘਟ ਗਏ, ਜਦਕਿ 23% ਲੋਕਾਂ ਦੇ ਦੌਰੇ ਪੂਰੀ ਤਰ੍ਹਾਂ ਬੰਦ ਹੋ ਗਏ।

ਉਸੇ ਟੀਮ ਦੀ ਇੱਕ ਹੋਰ ਸਟੱਡੀ ਵਿੱਚ ਪਾਇਆ ਗਿਆ ਕਿ ਸਮੇਂ ਦੇ ਨਾਲ ਸੀਜੀਆਰਪੀ ਥੈਰੇਪੀ ਤੋਂ ਲਾਭ ਲੈਣ ਵਾਲਿਆਂ ਦੀ ਗਿਣਤੀ ਵੱਧਦੀ ਗਈ।

ਇੱਕ ਸਾਲ ਬਾਅਦ ਲਗਭਗ 50% ਮਰੀਜ਼ਾਂ ਦੇ ਦੌਰੇ ਅੱਧੇ ਰਹਿ ਗਏ, ਪਰ ਤਿੰਨ ਸਾਲਾਂ ਬਾਅਦ 70% ਮਰੀਜ਼ਾਂ ਨੂੰ ਇਹ ਲਾਭ ਮਿਲਿਆ। ਪਰ ਇਹ ਦਵਾਈਆਂ ਓਨੀਆਂ ਚਮਤਕਾਰੀ ਨਹੀਂ ਹਨ ਜਿੰਨੀ ਲੱਗਦੀਆਂ ਹਨ। 2020 ਦੀ ਇੱਕ ਸਮੀਖਿਆ, ਜਿਸ ਵਿੱਚ 4,000 ਤੋਂ ਵੱਧ ਮਰੀਜ਼ਾਂ 'ਤੇ ਕੀਤੀਆਂ 11 ਅਲੱਗ-ਅਲੱਗ ਸਟੱਡੀਜ਼ ਸ਼ਾਮਲ ਸਨ, ਵਿੱਚ ਪਤਾ ਲੱਗਿਆ ਕਿ ਔਸਤ ਤੌਰ 'ਤੇ ਮਰੀਜ਼ਾਂ ਨੂੰ ਮਹੀਨੇ ਵਿੱਚ ਸਿਰਫ਼ 1.5 ਦਿਨ ਘੱਟ ਮਾਈਗ੍ਰੇਨ ਹੁੰਦਾ ਸੀ।

ਡੈਨੀਅਲਜ਼ ਦੇ ਮਾਮਲੇ ਵਿੱਚ ਸੀਜੀਆਰਪੀ ਬਲੌਕਰਸ ਦਵਾਈਆਂ ਨੇ ਛੇ ਮਹੀਨੇ ਲਈ ਉਨ੍ਹਾਂ ਨੂੰ ਆਰਾਮ ਦਿੱਤਾ, ਪਰ ਫਿਰ ਮਾਈਗ੍ਰੇਨ ਹੋਰ ਤੇਜ਼ੀ ਨਾਲ ਵਾਪਸ ਆ ਗਿਆ। ਡੈਨੀਅਲਜ਼ ਨੂੰ ਵੈਸਟਿਬਿਊਲਰ ਮਾਈਗ੍ਰੇਨ ਹੈ, ਜਿਸਦਾ ਮਤਲਬ ਹੈ ਕਿ ਦੌਰੇ ਦੌਰਾਨ ਉਨ੍ਹਾਂ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ।

ਉਨ੍ਹਾਂ ਨੂੰ ਇੰਨਾ ਗੰਭੀਰ ਅਤੇ ਲੰਬੇ ਸਮੇਂ ਤੋਂ ਚੱਲ ਰਿਹਾ ਮਾਈਗ੍ਰੇਨ ਸੀ ਕਿ ਉਹ ਮੁਸ਼ਕਿਲ ਨਾਲ ਹੀ ਘਰੋਂ ਬਾਹਰ ਨਿਕਲ ਸਕਦੀ ਸੀ।

ਉਹ ਕਹਿੰਦੀ ਹੈ ਕਿ ਇਹ ਉਨ੍ਹਾਂ ਨੂੰ "ਬਹੁਤ ਹੀ ਤੇਜ਼ ਅਤੇ ਅਸਹਿਨਸ਼ੀਲ ਦਰਦ" ਵਿੱਚ ਛੱਡ ਦਿੰਦਾ ਸੀ। "ਮੈਂ ਸਿੱਧੀ ਲਾਈਨ ਵਿੱਚ ਤੁਰ ਨਹੀਂ ਸਕਦੀ ਸੀ, ਗੱਡੀ ਨਹੀਂ ਚਲਾ ਸਕਦੀ ਸੀ, ਘਰ ਤੋਂ ਬਾਹਰ ਬਿਲਕੁਲ ਨਹੀਂ ਜਾ ਸਕਦੀ ਸੀ। ਇਹ ਬਹੁਤ ਹੀ ਡਰਾਉਣਾ ਅਨੁਭਵ ਸੀ।"

ਇਹ ਸਮੱਸਿਆ ਕਈ ਮਾਈਗ੍ਰੇਨ ਮਰੀਜ਼ਾਂ ਵਿੱਚ ਆਮ ਹੈ। ਕੁਝ ਮਰੀਜ਼ਾਂ ਨੂੰ ਸੀਜੀਆਰਪੀ ਇਲਾਜ ਤੋਂ ਇੰਨਾ ਵੱਡਾ ਲਾਭ ਹੁੰਦਾ ਹੈ ਕਿ ਉਨ੍ਹਾਂ ਨੂੰ "ਸੁਪਰ-ਰਿਸਪਾਂਡਰ" ਕਿਹਾ ਜਾਣ ਲੱਗ ਪਿਆ ਹੈ, ਜਦਕਿ ਕੁਝ ਹੋਰਾਂ ਨੂੰ ਇਸ ਤੋਂ ਬਿਲਕੁਲ ਵੀ ਫਾਇਦਾ ਨਹੀਂ ਹੁੰਦਾ।

ਨਵੀਆਂ ਦਵਾਈਆਂ ਆਉਣ ਵਾਲੀਆਂ ਹਨ

ਸੀਜੀਆਰਪੀ ਦੀ ਖੋਜ ਨੇ ਨਵੀਂ ਕਿਸਮ ਦੀਆਂ ਦਵਾਈਆਂ ਲਈ ਰਾਹ ਖੋਲ੍ਹ ਦਿੱਤਾ ਹੈ।

ਹੋਰ ਨਾੜਾਂ-ਸਬੰਧੀ ਪ੍ਰੋਟੀਨ, ਜਿਵੇਂ ਪੈਕੈਪ (ਪਿਟੂਟਰੀ ਐਡਿਨੀਲੇਟ ਸਾਇਕਲੇਜ਼-ਐਕਟੀਵੇਟਿੰਗ ਪਾਲੀਪੈਪਟਾਈਡ) ਵੀ ਮਾਈਗ੍ਰੇਨ ਵਿੱਚ ਭੂਮਿਕਾ ਨਿਭਾਉਂਦੇ ਪਾਏ ਗਏ ਹਨ ਅਤੇ ਇਹ ਨਵੀਆਂ ਦਵਾਈਆਂ ਲਈ ਉਮੀਦਵਾਰ ਨਿਸ਼ਾਨੇ ਹਨ।

ਇਹ ਵੱਖਰੀ ਕਿਸਮ ਦੇ ਪੈਪਟਾਈਡ ਹਨ ਜੋ ਨਾੜਾਂ ਸੈੱਲਾਂ 'ਤੇ ਵੱਖਰੇ ਰਿਸੈਪਟਰਾਂ ਨਾਲ ਜੁੜਦੇ ਹਨ। ਮਾਈਗ੍ਰੇਨ ਮਰੀਜ਼ਾਂ ਨੂੰ ਪੈਕੈਪ ਦੇਣ ਨਾਲ ਅਕਸਰ ਦੌਰਾ ਸ਼ੁਰੂ ਹੋ ਜਾਂਦਾ ਹੈ, ਜਦਕਿ ਪੈਕੈਪ ਵਿਰੁੱਧ ਬਣੀਆਂ ਐਂਟੀਬਾਡੀਆਂ ਆਰਾਮ ਦਿੰਦੀਆਂ ਹਨ।

ਪ੍ਰਧਾਨ ਕਹਿੰਦੀ ਹੈ ਕਿ ਲੱਗਦਾ ਹੈ ਮਾਈਗ੍ਰੇਨ ਦੇ ਕਈ ਅਣੂ-ਸਤ੍ਹਾ ਵਾਲੇ "ਆਨ" ਅਤੇ "ਆਫ" ਸਵਿੱਚ ਹੋ ਸਕਦੇ ਹਨ।

ਹੋਰ ਪਦਾਰਥ, ਜਿਵੇਂ ਵੈਸੋਐਕਟਿਵ ਇੰਟੈਸਟਾਈਨਲ ਪਾਲੀਪੈਪਟਾਈਡ ਅਤੇ ਨੀਂਦ ਨਾਲ ਜੁੜੇ ਪੈਪਟਾਈਡ ਜਿਨ੍ਹਾਂ ਨੂੰ ਓਰੇਕਸਿਨ ਕਿਹਾ ਜਾਂਦਾ ਹੈ, ਵੀ ਨਵੀਆਂ ਦਵਾਈਆਂ ਦੇ ਨਿਸ਼ਾਨੇ ਹਨ ਜੋ ਇਸ ਸਮੇਂ ਕਲੀਨੀਕਲ ਟ੍ਰਾਇਲਾਂ ਵਿੱਚ ਹਨ।

ਯੂਕੇ ਦੇ ਕਿੰਗਜ਼ ਕਾਲਜ ਲੰਡਨ ਦੇ ਨਰਵ ਰੋਗ ਮਾਹਰ ਪੀਟਰ ਗੋਡਸਬੀ ਕਹਿੰਦੇ ਹਨ, "ਪੈਪਟਾਈਡ ਨਾਲ ਜੁੜੀ ਖੋਜ ਇਸ ਵੇਲੇ ਕਾਫ਼ੀ ਚਰਚਾ ਵਿੱਚ ਹੈ।"

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪੈਪਟਾਈਡ ਆਧਾਰਿਤ ਦਵਾਈਆਂ ਸਿਰਫ਼ ਚੱਲਦੇ ਦੌਰੇ ਨੂੰ ਹੀ ਨਹੀਂ ਰੋਕਦੀਆਂ, ਬਲਕਿ ਪਹਿਲਾਂ ਤੋਂ ਬਚਾਅ ਲਈ ਵੀ ਵਰਤੀਆਂ ਜਾ ਸਕਦੀਆਂ ਹਨ। ਜ਼ਿਆਦਾਤਰ ਮਾਈਗ੍ਰੇਨ ਇਲਾਜ ਇੱਕ ਸਮੇਂ 'ਤੇ ਸਿਰਫ਼ ਇੱਕ ਹੀ ਕੰਮ ਕਰਦੇ ਹਨ ਜਾਂ ਤਾਂ ਦੌਰਾ ਰੋਕਦੇ ਹਨ ਜਾਂ ਬਚਾਅ ਕਰਦੇ ਹਨ।

ਗੋਡਸਬੀ ਕਹਿੰਦੇ ਹਨ, "ਇਨ੍ਹਾਂ ਦਵਾਈਆਂ ਨੇ ਸਿਰਫ਼ ਇਲਾਜ ਵਿੱਚ ਤਰੱਕੀ ਹੀ ਨਹੀਂ ਲਿਆਂਦੀ, ਸਗੋਂ ਸਾਨੂੰ ਨਵੇਂ ਢੰਗ ਨਾਲ ਸੋਚਣ ਲਈ ਵੀ ਪ੍ਰੇਰਿਤ ਕੀਤਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂ ਵਿੱਚ ਵਿਗਿਆਨੀ ਸੋਚਦੇ ਸਨ ਕਿ ਜੋ ਲੋਕ ਸੁੰਦਰਤਾ ਲਈ ਬੋਟੋਕਸ ਲਗਵਾਉਂਦੇ ਸਨ, ਉਨ੍ਹਾਂ ਦਾ ਸਿਰਦਰਦ ਇਸ ਲਈ ਘਟਦਾ ਹੈ ਕਿਉਂਕਿ ਇਹ ਚਿਹਰੇ ਅਤੇ ਸਿਰ ਦੀਆਂ ਮਾਸਪੇਸ਼ੀਆਂ ਨੂੰ ਢਿੱਲਾ ਕਰ ਦਿੰਦਾ ਹੈ

ਰਵਾਇਤੀ ਤਰੀਕਿਆਂ ਤੋਂ ਵੱਖਰੇ ਇਲਾਜ

ਇੱਕ ਹੋਰ ਨਵੀਂ ਤਰੱਕੀ ਉਸ ਵੇਲੇ ਸਾਹਮਣੇ ਆਈ ਜਦੋਂ ਪਤਾ ਲੱਗਿਆ ਕਿ ਇੱਕ ਅਜਿਹਾ ਉਤਪਾਦ, ਜੋ ਆਮ ਤੌਰ 'ਤੇ ਸੁੰਦਰਤਾ ਲਈ ਵਰਤਿਆ ਜਾਂਦਾ ਹੈ, ਮਾਈਗ੍ਰੇਨ ਵਿੱਚ ਵੀ ਰਾਹਤ ਦੇ ਸਕਦਾ ਹੈ।

ਬੋਟੋਕਸ ਇੱਕ ਜ਼ਹਿਰ ਦੀ ਵਰਤੋਂ ਕਰਦਾ ਹੈ ਜੋ ਬੋਟੂਲੀਨਮ ਨਾਮਕ ਬੈਕਟੀਰੀਆ ਬਣਾਉਂਦਾ ਹੈ। ਜਿਨ੍ਹਾਂ ਮਾਈਗ੍ਰੇਨ ਮਰੀਜ਼ਾਂ ਨੂੰ ਇਸ ਦੇ ਇੰਜੈਕਸ਼ਨਾਂ ਦੀ ਲੜੀ ਦਿੱਤੀ ਜਾਂਦੀ ਹੈ, ਉਨ੍ਹਾਂ ਵਿੱਚ ਮਾਈਗ੍ਰੇਨ ਦੇ ਦੌਰਿਆਂ ਦੀ ਗਿਣਤੀ ਘਟ ਜਾਂਦੀ ਹੈ।

ਕਿਸੂਨ ਕਹਿੰਦੇ ਹਨ ਕਿ ਇਹ "ਮਰੀਜ਼ਾਂ ਲਈ ਉਪਲਬਧ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ।" ਉਹ ਇੱਕ ਸਾਲ ਦੌਰਾਨ ਦੋ ਜਾਂ ਤਿੰਨ ਵਾਰ ਮਰੀਜ਼ਾਂ ਦੇ ਸਿਰ ਅਤੇ ਗਰਦਨ ਦੇ ਆਲੇ ਦੁਆਲੇ 25 ਤੋਂ 33 ਇੰਜੈਕਸ਼ਨ ਲਗਾਉਂਦੇ ਹਨ।

ਸ਼ੁਰੂ ਵਿੱਚ ਵਿਗਿਆਨੀ ਸੋਚਦੇ ਸਨ ਕਿ ਜੋ ਲੋਕ ਸੁੰਦਰਤਾ ਲਈ ਬੋਟੋਕਸ ਲਗਵਾਉਂਦੇ ਸਨ, ਉਨ੍ਹਾਂ ਦਾ ਸਿਰਦਰਦ ਇਸ ਲਈ ਘਟਦਾ ਹੈ ਕਿਉਂਕਿ ਇਹ ਚਿਹਰੇ ਅਤੇ ਸਿਰ ਦੀਆਂ ਮਾਸਪੇਸ਼ੀਆਂ ਨੂੰ ਢਿੱਲਾ ਕਰ ਦਿੰਦਾ ਹੈ। ਪਰ ਅਗਲੀ ਖੋਜ ਵਿੱਚ ਪਤਾ ਲੱਗਿਆ ਕਿ ਇਹ ਇੰਜੈਕਸ਼ਨ ਅਸਲ ਵਿੱਚ ਸੰਵੇਦਨਸ਼ੀਲ ਨਰਵ ਰੇਸ਼ਿਆਂ ਤੋਂ ਨਿਕਲਣ ਵਾਲੇ ਸੀਜੀਆਰਪੀ ਨੂੰ ਰੋਕਦੇ ਹਨ।

ਕੁਝ ਮਾਮਲਿਆਂ ਵਿੱਚ ਲੰਬੇ ਸਮੇਂ ਦੇ ਮਾਈਗ੍ਰੇਨ ਵਾਲੇ ਮਰੀਜ਼ਾਂ ਵਿੱਚ ਦੌਰਿਆਂ ਦੀ ਗਿਣਤੀ ਘੱਟੋ-ਘੱਟ 50% ਤੱਕ ਘਟ ਜਾਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਰਾਹਤ ਮਿਲਣ ਨਾਲ ਦਿਮਾਗ਼ ਦੀ ਬਣਤਰ ਵਿੱਚ ਵੀ ਕੁਝ ਤਬਦੀਲੀਆਂ ਦਿਖਾਈ ਦਿੰਦੀਆਂ ਹਨ। (ਬੇਸ਼ੱਕ, ਮਾਈਗ੍ਰੇਨ ਲਈ ਬੋਟੋਕਸ ਹਮੇਸ਼ਾ ਮਾਹਰ ਡਾਕਟਰਾਂ ਵੱਲੋਂ ਹੀ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਸੁਰੱਖਿਅਤ ਰਹੇ।)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਹੀ ਗੰਭੀਰ ਮਾਈਗ੍ਰੇਨ ਵਾਲੇ ਕੁਝ ਮਰੀਜ਼ਾਂ ਦੇ ਸਿਰ ਦੇ ਪਿੱਛੇ ਵਾਲੀਆਂ ਓਕਸਿਪਿਟਲ ਨਾੜਾਂ ਨੂੰ ਉਤੇਜਿਤ ਕਰਨ ਲਈ ਇਲੈਕਟ੍ਰੋਡ ਵੀ ਲਗਾਏ ਗਏ ਹਨ

ਰਾਹਤ ਦੀਆਂ ਲਹਿਰਾਂ

ਜਿਨ੍ਹਾਂ ਲੋਕਾਂ ਨੂੰ ਦਵਾਈਆਂ ਨਾਲ ਫਾਇਦਾ ਨਹੀਂ ਹੁੰਦਾ ਜਾਂ ਜੋ ਕਈ ਦਵਾਈਆਂ ਨਹੀਂ ਲੈ ਸਕਦੇ, ਜਿਵੇਂ ਗਰਭਵਤੀ ਔਰਤਾਂ, ਉਨ੍ਹਾਂ ਲਈ ਮਸ਼ੀਨੀ ਤਰੀਕਿਆਂ ਨਾਲ ਕੀਤੇ ਜਾਣ ਵਾਲੇ ਮਾਈਗ੍ਰੇਨ ਦੇ ਇਲਾਜ ਵੱਧ ਰਹੇ ਹਨ।

ਇਨ੍ਹਾਂ ਵਿੱਚੋਂ ਇੱਕ ਤਰੀਕਾ ਨਿਊਰੋਮੋਡੂਲੇਸ਼ਨ ਜੰਤਰ ਹਨ, ਜੋ ਛੋਟੀਆਂ ਬਿਜਲੀ ਜਾਂ ਚੁੰਬਕੀ ਲਹਿਰਾਂ ਦੀ ਮਦਦ ਨਾਲ ਸਿਰਦਰਦ ਨਾਲ ਜੁੜੀਆਂ ਨਾੜਾਂ ਨੂੰ ਉਤੇਜਿਤ ਕਰਦੇ ਹਨ। ਕਿਸੂਨ ਕਹਿੰਦੇ ਹਨ, "ਇਹ ਉਹ ਦਰਦ ਵਾਲੇ ਰਸਤੇ ਤੋੜਦੇ ਹਨ ਜੋ ਸਾਲਾਂ ਤੋਂ ਚਲਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਨਵੀਂ ਤਰ੍ਹਾਂ ਸੈੱਟ ਕਰਦੇ ਹਨ।"

ਇਹ ਜੰਤਰ ਵੱਖ-ਵੱਖ ਆਕਾਰਾਂ ਅਤੇ ਤਰੀਕਿਆਂ ਵਿੱਚ ਮਿਲਦੇ ਹਨ। ਡੈਨੀਅਲਜ਼ ਗਰਦਨ ਦੀ ਮਸਾਜ ਕਰਨ ਵਾਲਾ ਜੰਤਰ ਵਰਤਦੀ ਹੈ, ਜੋ ਵੇਗਸ ਨਰਵ ਨੂੰ ਉਤੇਜਿਤ ਕਰਦਾ ਹੈ।

ਉਹ ਕਹਿੰਦੀ ਹੈ, "ਇਹ ਮੇਰੇ ਲਈ ਇੱਕ ਸੁਰੱਖਿਆ ਜਾਲ ਵਰਗਾ ਹੈ।" ਉਸ ਨੇ ਇਹ ਜੰਤਰ ਪਹਿਲਾਂ ਖ਼ੁਦ ਖਰੀਦਿਆ ਸੀ, ਪਰ ਹੁਣ ਉਹ ਆਪਣੇ ਤਜਰਬੇ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਬਦਲੇ ਕੰਪਨੀ ਤੋਂ ਕੁਝ ਉਤਪਾਦ ਮੁਫ਼ਤ ਲੈਂਦੀ ਹੈ।

ਉਹ ਚੱਲਦੇ ਦੌਰੇ ਨੂੰ ਰੋਕਣ ਲਈ ਇਸਨੂੰ ਦੋ-ਦੋ ਮਿੰਟ ਦੇ ਤਿੰਨ ਚੱਕਰਾਂ ਵਿੱਚ ਵਰਤਦੀ ਹੈ ਅਤੇ ਹਰ ਰੋਜ਼ ਬਚਾਅ ਵਜੋਂ ਵੀ ਇਸਦੀ ਵਰਤੋਂ ਕਰਦੀ ਹੈ। ਜੀਵਨ ਸ਼ੈਲੀ ਵਿੱਚ ਵੱਡੇ ਬਦਲਾਵਾਂ ਦੇ ਨਾਲ ਇਸਦੀ ਵਰਤੋਂ ਕਰਕੇ, ਡੈਨੀਅਲਜ਼ ਨੂੰ ਲੱਗਦਾ ਹੈ ਕਿ ਉਸ ਦੇ ਸਿਰਦਰਦ ਦੀ ਗਿਣਤੀ ਅਤੇ ਦਰਦ ਦੋਵੇਂ ਕਾਫ਼ੀ ਘਟੇ ਹਨ ਅਤੇ ਉਸਦੇ ਸੰਤੁਲਨ ਨਾਲ ਜੁੜੇ ਲੱਛਣ ਵੀ ਸੁਧਰੇ ਹਨ।

ਹੋਰ ਜੰਤਰਾਂ ਵਿੱਚ ਮੱਥੇ 'ਤੇ ਲਗਣ ਵਾਲੇ ਇਲੈਕਟ੍ਰੋਡ ਪੈਡ, ਬਾਂਹ 'ਤੇ ਪਹਿਨਣ ਵਾਲੇ ਬੈਂਡ ਅਤੇ ਤਾਜ਼ ਵਰਗਾ ਜੰਤਰ ਸ਼ਾਮਲ ਹਨ, ਜੋ ਸਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੀਆਂ ਨਰਵਾਂ ਨੂੰ ਉਤੇਜਿਤ ਕਰਨ ਲਈ ਬਣਾਏ ਗਏ ਹਨ।

ਭਾਵੇਂ ਇਹ ਮਾਈਗ੍ਰੇਨ ਦਾ ਪੂਰਾ ਇਲਾਜ ਨਹੀਂ ਹਨ, ਪਰ ਬਹੁਤ ਸਾਰੇ ਮਰੀਜ਼ਾਂ ਵਿੱਚ ਇਹ ਜੰਤਰ ਚੰਗੇ ਨਤੀਜੇ ਦਿਖਾ ਰਹੇ ਹਨ ਦੌਰੇ ਦੌਰਾਨ ਵੀ ਅਤੇ ਬਚਾਅ ਲਈ ਵੀ।

ਪ੍ਰਧਾਨ ਕਹਿੰਦੀ ਹੈ, "ਇਹ ਅਸਲ ਵਿੱਚ ਕਿਹੜੀ ਥਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਇਹ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ। ਪਰ ਇਹ ਬਹੁਤ ਦਿਲਚਸਪ ਹਨ ਅਤੇ ਇਹ ਦਿਖਾਉਂਦੇ ਹਨ ਕਿ ਇਲਾਜ ਦੇ ਬਦਲ ਹੋਰ ਵੀ ਵਧ ਸਕਦੇ ਹਨ।" (ਇਹ ਸਾਰੇ ਜੰਤਰ ਮਹਿੰਗੇ ਹਨ ਅਤੇ ਦੁਨੀਆ ਦੇ ਹਰ ਦੇਸ਼ ਵਿੱਚ ਮਨਜ਼ੂਰਸ਼ੁਦਾ ਨਹੀਂ ਹਨ।)

ਬਹੁਤ ਹੀ ਗੰਭੀਰ ਮਾਈਗ੍ਰੇਨ ਵਾਲੇ ਕੁਝ ਮਰੀਜ਼ਾਂ ਦੇ ਸਿਰ ਦੇ ਪਿੱਛੇ ਵਾਲੀਆਂ ਓਕਸਿਪਿਟਲ ਨਾੜਾਂ ਨੂੰ ਉਤੇਜਿਤ ਕਰਨ ਲਈ ਇਲੈਕਟ੍ਰੋਡ ਵੀ ਲਗਾਏ ਗਏ ਹਨ। ਪਰ ਇਸ ਤਰੀਕੇ ਦੇ ਨਤੀਜੇ ਹਮੇਸ਼ਾ ਚੰਗੇ ਨਹੀਂ ਰਹੇ। ਕਈ ਮਰੀਜ਼ਾਂ ਨੂੰ ਇਲੈਕਟ੍ਰੋਡ ਹਟਾਉਣੇ ਪਏ ਜਾਂ ਉਨ੍ਹਾਂ ਨੂੰ ਇਨਫੈਕਸ਼ਨ ਜਾਂ ਐਲਰਜੀ ਹੋ ਗਈ।

ਕੁਝ ਹੋਰ ਵਿਗਿਆਨੀ ਇੱਕ ਅਜਿਹਾ ਜੰਤਰ ਤਿਆਰ ਕਰ ਰਹੇ ਹਨ ਜੋ ਨੱਕ ਦੇ ਰਾਹੀਂ ਅੰਦਰ ਲਾਇਆ ਜਾਂਦਾ ਹੈ।

ਇਸ ਵਿੱਚ ਇੱਕ ਛੋਟਾ ਕੰਪਨ ਕਰਨ ਵਾਲਾ ਗੁਬਾਰਾ ਹੁੰਦਾ ਹੈ ਜੋ ਮਾਈਗ੍ਰੇਨ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਜੰਤਰ ਨੱਕ ਦੇ ਪਿੱਛੇ ਲੁਕੇ ਨਰਵ ਸੈੱਲਾਂ ਅਤੇ ਟ੍ਰਾਈਜੈਮਿਨਲ ਨਰਵ ਨੂੰ ਨਿਸ਼ਾਨਾ ਬਣਾਉਂਦਾ ਹੈ, ਪਰ ਅਜੇ ਵੀ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਿ ਦਰਦ ਕਿਵੇਂ ਘਟਦਾ ਹੈ।

ਇੱਕ ਵਿਚਾਰ ਇਹ ਹੈ ਕਿ ਕੰਪਨ ਨਾਲ ਦਿਮਾਗ ਨੂੰ ਘੇਰਨ ਵਾਲੀ ਮਜ਼ਬੂਤ ਪਰਤ (ਮੇਨਿੰਜੀਅਲ ਝਿੱਲੀ) ਵਿੱਚ ਸੁਜਨ ਘਟਦੀ ਹੈ, ਜਿਸ ਨਾਲ ਦੌਰਾ ਹਲਕਾ ਹੋ ਸਕਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਮਾਈਗ੍ਰੇਨ ਦਾ ਕੋਈ ਇੱਕੋ ਜਿਹਾ ਇਲਾਜ ਨਹੀਂ ਜੋ ਹਰ ਕਿਸੇ ਲਈ ਕਾਰਗਰ ਹੋਵੇ

ਸਾਰਾ ਦਿਮਾਗ਼ ਮਹੱਤਵਪੂਰਨ ਹੈ

ਮਾਹਰਾਂ ਦਾ ਕਹਿਣਾ ਹੈ ਕਿ ਮਾਈਗ੍ਰੇਨ ਦਾ ਕੋਈ ਇੱਕੋ ਜਿਹਾ ਇਲਾਜ ਨਹੀਂ ਜੋ ਹਰ ਕਿਸੇ ਲਈ ਕਾਰਗਰ ਹੋਵੇ।

ਗੋਡਸਬੀ ਕਹਿੰਦੇ ਹਨ, "ਮੈਂ ਇਸਨੂੰ ਇੱਕ ਕਿਤਾਬਾਂ ਦੀ ਅਲਮਾਰੀ ਵਾਂਗ ਮੰਨਦਾ ਹਾਂ। ਅਲਮਾਰੀ 'ਤੇ ਪੁਰਾਣੀਆਂ ਦਵਾਈਆਂ ਹਨ, ਨਵੀਆਂ ਦਵਾਈਆਂ ਹਨ ਅਤੇ ਨਿਊਰੋਮੋਡੂਲੇਸ਼ਨ ਵੀ ਹੈ। ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਤੁਸੀਂ ਕਿਹੜੀ ਸ਼ੈਲਫ਼ 'ਤੇ ਹੋ, ਫਿਰ ਅਸੀਂ ਫੈਸਲਾ ਕਰਾਂਗੇ ਕਿ ਕਿਹੜੀ ਕਿਤਾਬ ਤੁਹਾਡੇ ਲਈ ਠੀਕ ਹੈ।"

ਕੁਝ ਵਿਗਿਆਨੀ ਮੰਨਦੇ ਹਨ ਕਿ ਮਾਈਗ੍ਰੇਨ ਬਾਰੇ ਸੋਚਣ ਦੇ ਤਰੀਕੇ ਵਿੱਚ ਹੋਰ ਬਦਲਾਅ ਦੀ ਲੋੜ ਹੈ ਸਿਰਫ਼ ਅਣੂਆਂ, ਝਿੱਲੀਆਂ ਅਤੇ ਖੂਨ ਦੀਆਂ ਰਗਾਂ 'ਤੇ ਧਿਆਨ ਦੇਣ ਦੀ ਬਜਾਏ, ਸਾਰੇ ਦਿਮਾਗ਼ ਨੂੰ ਸਮਝਣਾ ਚਾਹੀਦਾ ਹੈ, ਭਾਵੇਂ ਦੌਰਾ ਨਾ ਵੀ ਹੋ ਰਿਹਾ ਹੋਵੇ।

ਮੋਂਟੇਥ ਕਹਿੰਦੀ ਹੈ, "ਜੇ ਅਸੀਂ ਇਸ ਖੇਤਰ ਨੂੰ ਅੱਗੇ ਵਧਾਉਣਾ ਅਤੇ ਜੀਵਨ ਦੀ ਗੁਣਵੱਤਾ ਸੁਧਾਰਨੀ ਚਾਹੁੰਦੇ ਹਾਂ, ਤਾਂ ਸਾਨੂੰ ਸਮਝਣਾ ਪਵੇਗਾ ਕਿ ਮਾਈਗ੍ਰੇਨ ਵਾਲਾ ਦਿਮਾਗ਼ ਇੱਕ ਲੰਬੇ ਸਮੇਂ ਦੀ ਹਾਲਤ ਹੈ।"

ਨੀਂਦ ਦੀ ਸਹੀ ਆਦਤਾਂ, ਖੁਰਾਕ, ਕਸਰਤ ਅਤੇ ਮਨੋਵਿਗਿਆਨਕ ਥੈਰੇਪੀ ਜਿਵੇਂ ਕਾਗਨੀਟਿਵ ਬਿਹੇਵਿਅਰ ਥੈਰੇਪੀ, ਰਿਲੈਕਸੇਸ਼ਨ ਥੈਰੇਪੀ ਅਤੇ ਮਾਈਂਡਫੁਲਨੈੱਸ ਵੀ ਮਰੀਜ਼ ਦੇ ਇਲਾਜ ਦਾ ਹਿੱਸਾ ਬਣ ਰਹੀਆਂ ਹਨ।

ਡੈਨੀਅਲਜ਼, ਉਦਾਹਰਨ ਵਜੋਂ, ਆਪਣੇ ਸੰਤੁਲਨ ਨਾਲ ਜੁੜੇ ਲੱਛਣਾਂ ਲਈ ਫਿਜ਼ਿਓਥੈਰੇਪੀ ਕਰਦੀ ਹੈ, ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਦੀ ਹੈ, ਹਰ ਰੋਜ਼ ਕਸਰਤ ਕਰਦੀ ਹੈ, ਧਿਆਨ ਲਗਾਉਂਦੀ ਹੈ, ਕੁਦਰਤ ਵਿੱਚ ਸਮਾਂ ਬਿਤਾਂਦੀ ਹੈ, ਸਿਹਤਮੰਦ ਖੁਰਾਕ ਲੈਂਦੀ ਹੈ ਅਤੇ ਬਹੁਤ ਪਾਣੀ ਪੀਂਦੀ ਹੈ।

ਉਹ ਕਹਿੰਦੀ ਹੈ ਕਿ ਕੋਈ ਇੱਕ ਚੀਜ਼ ਉਸਦਾ ਮਾਈਗ੍ਰੇਨ ਠੀਕ ਨਹੀਂ ਕਰ ਸਕੀ। "ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਇਸ ਪਹੇਲੀ ਦੇ ਟੁਕੜੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)