ਅਕਾਲ ਤਖ਼ਤ ਦੇ ਜਥੇਦਾਰ ਨੂੰ ਹਟਾਏ ਜਾਣ 'ਤੇ ਮਜੀਠੀਆ ਸਣੇ 7 ਅਕਾਲੀ ਆਗੂਆਂ ਦੀ ਅਸਹਿਮਤੀ, ਕਿਹੜੇ ਮਸਲਿਆਂ 'ਤੇ ਜਤਾਇਆ ਵਿਰੋਧ

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, Getty Images

ਪੜ੍ਹਨ ਦਾ ਸਮਾਂ: 7 ਮਿੰਟ

ਗਿਆਨੀ ਰਘਬੀਰ ਸਿੰਘ ਨੂੰ 7 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਿਆ ਗਿਆ।

ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਨ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਮੇਟੀ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ ਤੇ ਇਸ ਪਿੱਛੇ ਲੀਡਰਸ਼ਿਪ ਦੀ ਆਪਸੀ ਖਿੱਚੋਤਾਣ ਨੂੰ ਮੁੱਖ ਕਾਰਨ ਦੱਸਿਆ।

ਇਨ੍ਹਾਂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀਨੰਗਲ, ਜੋਧ ਸਿੰਘ ਸਮਰਾ, ਸਰਬਜੋਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ ਅਤੇ ਸਿਮਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ।

ਇਨ੍ਹਾਂ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਇਸ ਨੂੰ ਗਲਤ ਕਰਾਰ ਦਿੱਤਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਬੈਠਕ ਅਤੇ ਪ੍ਰੈੱਸ ਨੋਟ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਸਬੰਧੀ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਗਈ ਸੀ। ਇਹ ਮੀਟਿੰਗ ਕਰਕੇ ਉਕਤ ਆਗੂਆਂ ਨੇ ਕਮੇਟੀ ਦੇ ਫ਼ੈਸਲੇ ਬਾਰੇ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਹਨ।

ਪੱਤਰ ਵਿੱਚ ਕੀ ਲਿਖਿਆ

ਅਕਾਲੀ ਆਗੂ

ਤਸਵੀਰ ਸਰੋਤ, Sharanjit Singh Dhillon/fb

ਤਸਵੀਰ ਕੈਪਸ਼ਨ, ਅਕਾਲੀ ਆਗੂਆਂ ਨੇ ਚੰਡੀਗੜ੍ਹ ਵਿੱਚ ਬੈਠਕ ਕਰਕੇ ਇਹ ਫੈਸਲਾ ਲਿਆ ਹੈ।

ਆਗੂਆਂ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਲਿਖਿਆ, "ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੀ ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ। ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖ਼ਤ ਉੱਪਰ ਬਿਰਾਜਮਾਨ ਹਨ, ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ, ਜੋ ਸਦਾ ਕਰਦੇ ਰਹਾਂਗੇ।"

"ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ੍ਹ ਫ਼ੈਸਲਾ ਅੰਤ੍ਰਿੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ। ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ।"

ਅਕਾਲੀ ਆਗੂਆਂ ਨੇ ਇਸ ਫ਼ੈਸਲੇ ਦਾ ਮੁੱਖ ਕਾਰਨ ਲੀਡਰਸ਼ਿਪ ਵਿਚਲੀ ਖਿਚੋਤਾਣ ਨੂੰ ਦੱਸਿਆ ਹੈ।

"ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ ਇਨ੍ਹਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿੱਚ ਬਹੁਤ ਪੀੜ ਹੈ। ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਰਕੇ ਹੋਇਆ ਹੈ।"

ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਕੀ ਕਿਹਾ

ਗੋਬਿੰਦ ਸਿੰਘ ਲੋਂਗੋਵਾਲ

ਤਸਵੀਰ ਸਰੋਤ, RAVINDER SINGH ROBIN/bbc

ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਵੀ ਇਸ ਮਾਮਲੇ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਪੱਤਰ ਜਾਰੀ ਕਰਦੇ ਹੋਏ ਲਿਖਿਆ, "ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਹੀ ਹਮੇਸ਼ਾ ਪੰਥਕ ਪਰੰਪਰਾਵਾਂ ਤੇ ਸਿਧਾਂਤਾਂ ਦੇ ਰਖਵਾਲੇ ਰਹੇ ਹਨ ਪਰ ਮੌਜੂਦਾ ਸਮੇਂ ਦੋਵਾਂ ਸਿੱਖ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪੰਥ ਮਾਯੂਸ ਹੈ।''

''ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਜਥੇਦਾਰ ਸਾਹਿਬਾਨਾਂ ਬਾਰੇ ਲਏ ਗਏ ਫ਼ੈਸਲਿਆਂ ਨੇ ਅਕਾਲੀ ਦਲ ਅਤੇ ਐੱਸਜੀਪੀਸੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।"

"ਕਿਉਂਕਿ ਮੈਂ ਸਿੱਖ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਚੁੱਕਾ ਹਾਂ। ਇਸ ਲਈ ਇਸ ਘਟਨਾਕ੍ਰਮ ਦਾ ਮੇਰੇ ਮਨ ਉੱਪਰ ਡੂੰਘਾ ਅਸਰ ਹੈ। ਮੈਂ ਕਮੇਟੀ ਦੇ ਸਿੰਘ ਸਾਹਿਬਾਨਾਂ ਬਾਰੇ ਲਏ ਗਏ ਫ਼ੈਸਲੇ ਨਾਲ ਅਸਹਿਮਤੀ ਪ੍ਰਗਟ ਕਰਦਾ ਹਾਂ।"

ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ

ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ

ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਤਿਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਜਿਹੜੀ ਅੰਤ੍ਰਿੰਗ ਕਮੇਟੀ ਨੇ ਜਥੇਦਾਰ ਬਾਰੇ ਫ਼ੈਸਲਾ ਲਿਆ ਹੈ, ਉਨ੍ਹਾਂ ਦੀ ਆਪਣੀ ਚੋਣ ਹੋਈ ਨੂੰ 12-13 ਸਾਲ ਹੋ ਗਏ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਐੱਸਜੀਪੀਸੀ ਦੀਆਂ ਚੋਣਾਂ ਕਰਵਾਉਣ, ਪਤਾ ਲੱਗ ਜਾਵੇਗਾ ਲੋਕ ਕਿੰਨਾ ਕੁ ਸਾਥ ਦਿੰਦੇ ਹਨ। ਮੈਂ ਪਾਰਲੀਮੈਂਟ ਵਿੱਚ ਵੀ ਬੋਲਿਆ ਸੀ ਕਿ ਜਥੇਦਾਰ ਤੁਹਾਡੀਆਂ ਜੇਬਾਂ ਵਿੱਚੋਂ ਨਿਕਲਦੇ ਨੇ, ਕਦੇ ਜਥੇਦਾਰ ਨੂੰ ਜੇਬ ਵਿੱਚ ਪਾ ਲਿਆ ਤੇ ਕਦੇ ਜਥੇਦਾਰ ਨੂੰ ਜੇਬ ਵਿੱਚ ਕੱਢ ਲਿਆ।"

"ਨਾਲੇ ਤੁਸੀਂ ਸਾਰੀਆਂ ਸਜ਼ਾਵਾਂ ਮੰਨ ਲਈਆਂ, ਹੁਣ ਤੁਸੀਂ ਇਨ੍ਹਾਂ ਨੂੰ ਕਹਿੰਦੇ ਹੋ ਕਿ ਅਸੀਂ ਹਟਾਵਾਂਗੇ, ਇਹ ਤਾਂ ਬਦਲਾਖੋਰੀ ਹੋਈ। ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਛੇਵੀਂ ਪਾਤਸ਼ਾਹੀ ਦੀ ਗੱਦੀ ਹੈ, ਉਹ ਛੋਟੀ ਮੋਟੀ ਗੱਦੀ ਨਹੀਂ।"

ਗਿਆਨੀ ਰਘਬੀਰ ਸਿੰਘ ਕੀ ਬੋਲੇ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਗਿਆਨੀ ਰਘਬੀਰ ਸਿੰਘ ਨੇ ਕਿਹਾ,"ਜਿੰਨਾ ਚਿਰ ਗੁਰੂ ਦਾ ਹੁਕਮ ਹੁੰਦਾ, ਉਨਾ ਚਿਰ ਹੀ ਅਸੀਂ ਸੇਵਾ ਕਰ ਸਕਦੇ ਹਾਂ। ਜੋ ਗੁਰੂ ਦਾ ਹੁਕਮ ਹੋਇਆ, ਉਸ ਵਿੱਚ ਅਸੀਂ ਖੁਸ਼ ਹਾਂ। ਸਾਡੀ ਕੀਤੀ ਹੋਈ ਸੇਵਾ ਗੁਰੂ ਪਰਵਾਨ ਕਰਨ, ਇਸੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਕੇ ਆਏ ਹਾਂ ਕਿ ਸਤਿਗੁਰੂ ਭੁੱਲਾਂ ਲਈ ਮੁਆਫ਼ ਕਰੇ।"

7 ਮਾਰਚ ਨੂੰ ਗਿਆਨੀ ਰਘਬੀਰ ਸਿੰਘ ਨੂੰ ਕੀਤਾ ਗਿਆ ਸੇਵਾਵਾਂ ਤੋਂ ਫਾਰਖ਼

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਗਿਆਨੀ ਰਘਬੀਰ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼ੁੱਕਰਵਾਰ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਿਆ ਗਿਆ ਸੀ।

ਹਾਲਾਂਕਿ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

ਦੱਸ ਦਈਏ ਕਿ ਗਿਆਨੀ ਰਘਬੀਰ ਸਿੰਘ ਪਹਿਲਾਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਸਨ, ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਵੀ ਸੌਂਪ ਦਿੱਤਾ ਗਿਆ ਸੀ।

ਗਿਆਨੀ ਰਘਬੀਰ ਸਿੰਘ ਨੂੰ ਸੇਵਾਮੁਕਤ ਕਰਨ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਾਬਾ ਟੇਕ ਸਿੰਘ ਨੂੰ ਸੌਂਪੀ ਗਈ ਹੈ।

ਐੱਸਜੀਪੀਸੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡ ਨੇ ਜਥੇਦਾਰ ਬਦਲੇ ਜਾਣ ਦੇ ਫ਼ੈਸਲੇ ਬਾਰੇ ਕਿਹਾ ਕਿ ਇਹ ਫ਼ੈਸਲਾ ਭਾਰੀ ਬਹੁਮਤ ਨਾਲ ਲਿਆ ਗਿਆ ਹੈ।

ਫੈਸਲੇ ਉੱਤੇ ਹੋਰ ਕੀ ਆਈਆਂ ਪ੍ਰਤੀਕਿਰਿਆਵਾਂ

ਗਿਆਨੀ ਹਰਪ੍ਰੀਤ ਸਿੰਘ

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਨੂੰ ਬਦਲੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਪੰਥਕ ਸੰਸਥਾਵਾਂ ਅਤੇ ਸਾਰਿਆਂ ਲਈ ਅੱਜ ਕਲਾ ਦਿਨ ਹੈ। ਦੋ ਤਖਤਾਂ ਦੇ ਜਥੇਦਾਰ ਅੱਜ ਤਬਦੀਲ ਕਰ ਦਿੱਤੇ ਗਏ, ਕਾਰਨ 2 ਦਸੰਬਰ ਨੂੰ ਜਾਰੀ ਕੀਤਾ ਹੁਕਮਨਾਮਾ।"

"ਮੇਰੀ ਕਿਰਦਾਰਕੁਸ਼ੀ ਕਰਨ ਪਿੱਛੇ ਵੀ ਮੁੱਖ ਕਾਰਨ 2 ਦਸੰਬਰ ਵਾਲਾ ਹੁਕਮਨਾਮਾ ਸੀ।"

"ਸਿੱਖ ਇਤਿਹਾਸ 'ਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ ਸੀ ਤਾਂ ਉਨ੍ਹਾਂ ਨੇ ਇੱਕ ਸ਼ਬਦ ਕਿਹਾ ਸੀ ਮੂੰਹੋਂ ਕਿ ਅੱਜ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ ਹੈ।"

"ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਦੀ ਜੜ੍ਹ ਪੁੱਟੀ ਗਈ। ਬਹੁਤ ਮੰਦਭਾਗਾ ਫ਼ੈਸਲਾ ਸੁਣਨ ਨੂੰ ਮਿਲਿਆ ਹੈ।"

ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੇ ਜਥੇਦਾਰ ਮਰਿਆਦਾ ਦਾ ਘਾਣ ਕੀਤਾ ਹੈ।

ਉਨ੍ਹਾਂ ਕਿਹਾ ਕਿ ਨਵੇਂ ਜਥੇਦਾਰਾਂ ਦੀ ਨਿਯੁਕਤੀ ਸੁਆਗਤ ਯੋਗ ਹੈ ।

ਸਰਨਾ ਨੇ ਕਿਹਾ,"ਮੇਰੀ ਸੇਵਾ ਸੰਭਾਲ ਰਹੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹ ਪੰਥ ਦੀਆਂ ਪਰੰਪਰਾਵਾਂ ਤੇ ਪਹਿਰੇ ਦਿੰਦੇ ਹੋਏ ਜਿੱਥੇ ਕੌਮ ਨੂੰ ਜ਼ਰੂਰੀ ਹੀ ਸਿਧਾਂਤਕ ਅਗਵਾਈ ਦੇਣ ਉਸਦੇ ਨਾਲ ਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਵੀ ਪ੍ਰਚੰਡ ਕਰਨ।"

ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੌਣ ਹਨ

ਗਿਆਨੀ ਕੁਲਦੀਪ ਸਿੰਘ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਗਿਆਨੀ ਕੁਲਦੀਪ ਸਿੰਘ

ਗਿਆਨੀ ਰਘਬੀਰ ਸਿੰਘ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

40 ਸਾਲਾ ਗਿਆਨੀ ਕੁਲਦੀਪ ਸਿੰਘ ਦਾ ਪੂਰਾ ਨਾਮ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ।

ਗੁਰਮਤਿ ਦਾ ਤਜ਼ਰਬਾ ਰੱਖਣ ਵਾਲੇ ਗਿਆਨੀ ਕੁਲਦੀਪ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਨਰਿੰਦਰ ਸਿੰਘ ਹੈ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਹਨ।

ਗਿਆਨੀ ਕੁਲਦੀਪ ਸਿੰਘ ਲੰਬੇ ਸਮੇਂ ਤੋਂ ਸਿੱਖ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਰਹੇ ਹਨ।

ਉਹ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ – ਸ੍ਰੀ ਗੁਰ ਸੂਰਜ ਪ੍ਰਤਾਪ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਆਦਿ ਅਤੇ ਸਿੱਖ ਰਹਿਤ ਮਰਿਆਦਾ ਦੀ ਵੀ ਪੂਰੀ ਵਿਆਖਿਆ ਕਰਦੇ ਹਨ।

ਉਹ ਪਿਛਲੇ 3 ਸਾਲ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਦੀਵਾਨ ਹਾਲ 'ਚ ਵੀ ਕਥਾਵਾਚਕ ਵਜੋਂ ਸੇਵਾ ਨਿਭਾਉਂਦੇ ਰਹੇ ਹਨ।

ਉਨ੍ਹਾਂ ਨੇ ਇਤਿਹਾਸ ਵਿੱਚ ਐੱਮ ਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ।

ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤੀਮ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਬਸੇਰੇ ਦੇ ਉਪਰਾਲੇ ਕਰਦੇ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)