ਦੌੜਾਕ ਫੌਜਾ ਸਿੰਘ ਦੇ ਮੌਤ ਮਾਮਲੇ ਵਿੱਚ ਪੁਲਿਸ ਨੇ ਕੀ-ਕੀ ਜਾਣਕਾਰੀ ਦਿੱਤੀ

ਵੀਡੀਓ ਕੈਪਸ਼ਨ, ਦੌੜਾਕ ਫੌਜਾ ਸਿੰਘ ਮੌਤ ਮਾਮਲੇ ਵਿੱਚ ਪੁਲਿਸ ਨੇ ਕੀ-ਕੀ ਜਾਣਕਾਰੀ ਦਿੱਤੀ
ਦੌੜਾਕ ਫੌਜਾ ਸਿੰਘ ਦੇ ਮੌਤ ਮਾਮਲੇ ਵਿੱਚ ਪੁਲਿਸ ਨੇ ਕੀ-ਕੀ ਜਾਣਕਾਰੀ ਦਿੱਤੀ
ਫੌਜਾ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੌਜਾ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ

ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਸ਼ਖ਼ਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਬੀਬੀਸੀ ਸਹਿਯੋਗੀ ਪਰਦੀਪ ਕੁਮਾਰ ਮੁਤਾਬਕ, ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਫ਼ਾਰਚਿਊਨਰ ਗੱਡੀ ਨਾਲ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ 26 ਸਾਲਾ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਨੇ ਜੁਰਮ ਕਬੂਲ ਕਰ ਲਿਆ ਹੈ ਅਤੇ ਢਿੱਲੋਂ ਮੁਤਾਬਕ ਜਦੋਂ ਇਹ ਹਾਦਸਾ ਦਰਪੇਸ਼ ਆਇਆ ਉਹ ਉਸ ਸਮੇਂ ਇਕੱਲੇ ਸਨ ਅਤੇ ਭੋਗਪੁਰ ਤੋਂ ਕਿਸ਼ਨਗੜ੍ਹ ਵੱਲ ਜਾ ਰਹੇ ਸਨ।

ਹਰਵਿੰਦਰ ਸਿੰਘ ਵਿਰਕ ਨੇ ਕਿਹਾ, "ਫੌਜਾ ਸਿੰਘ ਨੇ ਮੈਰਾਥਨ ਜ਼ਰੀਏ ਪੰਜਾਬ ਅਤੇ ਭਾਰਤ ਦਾ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦਾ ਦੁਨੀਆਂ ਭਰ ਵਿੱਚ ਮਾਣ ਵਧਾਇਆ। ਹੁਣ 114 ਸਾਲ ਦੀ ਉਮਰ ਵਿੱਚ ਵੀ ਰੋਜ਼ਾਨਾ ਦੌੜਨਾ ਉਨ੍ਹਾਂ ਦੀ ਜੀਵਨਸ਼ੈਲੀ ਦਾ ਅਨਿੱਖੜਵਾਂ ਹਿੱਸਾ ਸੀ।"

"14 ਜੁਲਾਈ ਨੂੰ ਇੱਕ ਸੜਕ ਹਾਦਸਾ ਹੋਇਆ। ਉਸ ਦਿਨ ਦੁਪਿਹਰ 3 ਵਜੇ ਦੇ ਕਰੀਬ ਫੌਜਾ ਸਿੰਘ ਬਿਆਸ ਪਿੰਡ ਵਿੱਚਲੇ ਆਪਣੇ ਘਰ ਤੋਂ ਸੈਰ ਕਰਨ ਵਾਸਤੇ ਬਾਹਰ ਨਿਕਲੇ ਸਨ।"

ਵਿਰਕ ਨੇ ਦੱਸਿਆ, "ਫੌਜਾ ਸਿੰਘ ਦਾ ਘਰ ਪਠਾਨਕੋਟ-ਜਲੰਧਰ ਹਾਈਵੇਅ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਹੈ। ਬਿਆਸ ਪਿੰਡ ਦੇ ਬਾਹਰਲੇ ਪਾਸੇ ਉਨ੍ਹਾਂ ਦਾ ਘਰ ਸਥਿਤ ਹੈ।"

"ਜਦੋਂ ਕਰੀਬ 3 ਵੱਜ ਕੇ 8 ਮਿੰਟ 'ਤੇ ਫੌਜਾ ਸਿੰਘ ਹਾਈਵੇਅ 'ਤੇ ਪਹੁੰਚੇ ਉੱਥੇ ਉਨ੍ਹਾਂ ਦੀ ਵਾਹਨ ਨਾਲ ਟੱਕਰ ਹੋਈ। ਵਾਹਨ ਚਾਲਕ ਮੌਕੇ ਉੱਤੇ ਰੁਕਿਆ ਨਹੀਂ ਸੀ।"

"ਉੱਥੇ ਮੌਜੂਦ ਲੋਕਾਂ ਨੇ ਫੌਜਾ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲਿਸ ਜਾਣਕਾਰੀ ਮਿਲਣ ਉੱਤੇ ਫ਼ੌਰਨ ਮੌਕੇ 'ਤੇ ਤਫ਼ਤੀਸ਼ ਲਈ ਪਹੁੰਚੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)