ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਕਤਲ ਦਾ ਕੀ ਹੈ ਪੂਰਾ ਮਾਮਲਾ

ਕਪੂਰਥਲਾ ਦੇ ਫਗਵਾੜਾ ਵਿੱਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ 15 ਜਨਵਰੀ ਦੀ ਰਾਤ ਇੱਕ ਨੌਜਵਾਨ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਦਾ ਇਲਜ਼ਾਮ ਇੱਕ ਨਿਹੰਗ ਸਿੱਖ ਉੱਤੇ ਲੱਗਿਆ ਹੈ।
ਮਾਰੇ ਗਏ ਸ਼ਖ਼ਸ ਉੱਤੇ ਬੇਅਦਬੀ ਦੀ ਯੋਜਨਾ ਘੜਨ ਦਾ ਇਲਜ਼ਾਮ ਸੀ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੀ ਐੱਫਆਈਆਰ ਵਿੱਚ ਦਰਜ ਗੁਰਦੁਆਰੇ ਦੇ ਹੈੱਡ ਗ੍ਰੰਥੀ ਦੇ ਬਿਆਨ ਮੁਤਾਬਕ ਇੱਕ ਨੌਜਵਾਨ 15 ਜਨਵਰੀ ਦੀ ਰਾਤ ਗੁਰਦੁਆਰਾ ਸਾਹਿਬ ਦੀ ਟਾਇਲਟ ਵਿੱਚ ਵੜ ਗਿਆ ਤੇ ਕਈ ਤਰ੍ਹਾਂ ਦੇ ਦਾਅਵੇ ਕਰਨ ਲੱਗਾ। ਉਸ ਨੂੰ ਸੇਵਾਦਾਰਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਫੇਰ ਗ੍ਰੰਥੀ ਤੇ ਇੱਕ ਸੇਵਾਦਾਰ ਪੁਲਿਸ ਨੂੰ ਇਤਲਾਹ ਕਰਨ ਗਏ।
ਗ੍ਰੰਥੀ ਮੁਤਾਬਕ ਪਿੱਛੇ ਗੁਰਦੁਆਰੇ ਵਿੱਚ ਠਹਿਰੇ ਇੱਕ ਨਿਹੰਗ ਸਿੱਖ ਨੇ ਫੜ੍ਹੇ ਗਏ ਸ਼ੱਕੀ ਵਿਅਕਤੀ ਦਾ ਕਤਲ ਕਰ ਦਿੱਤਾ। ਐੱਫਆਈਆਰ ਮੁਤਾਬਕ ਨਿਹੰਗ ਸਿੱਖ ਨੇ ਗ੍ਰੰਥੀ ਨੂੰ ਦੱਸਿਆ ਕਿ ਉਸ ਨੇ ਸਵੈ-ਰੱਖਿਆ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸੀਨੀਅਰ ਪੁਲਿਸ ਕਪਤਾਨ ਵਤਸਲਾ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



