ਕਾਂਗਰਸੀ ਵਰਕਰ ਦੀ ਲਾਸ਼ ਸੂਟਕੇਸ ਵਿੱਚ ਮਿਲਣ ਦਾ ਕੀ ਹੈ ਮਾਮਲਾ

ਤਸਵੀਰ ਸਰੋਤ, Kamal Saini/BBC
ਹਰਿਆਣਾ ਦੇ ਰੋਹਤਕ ਵਿੱਚ ਸ਼ਨੀਵਾਰ ਨੂੰ ਇੱਕ ਸੂਟਕੇਸ ਵਿੱਚੋਂ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਲਗਾਤਾਰ ਸੁਰਖ਼ੀਆਂ ਵਿੱਚ ਹੈ।
ਕਾਂਗਰਸ ਦੇ ਲੀਡਰ ਇਸ ਨੂੰ ਆਪਣੀ ਪਾਰਟੀ ਦੀ ਵਰਕਰ ਦੱਸ ਰਹੇ ਹਨ ਅਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਮ੍ਰਿਤਕ ਦੀ ਪਛਾਣ ਹਿਮਾਨੀ ਨਰਵਾਲ ਵਜੋਂ ਹੋਈ ਹੈ ਉਨ੍ਹਾਂ ਨੂੰ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਵੀ ਦੇਖਿਆ ਗਿਆ ਸੀ।
ਉਨ੍ਹਾਂ ਦੀ ਲਾਸ਼ ਸਾਂਪਲਾ ਬੱਸ ਸਟੈਂਡ ਦੇ ਕੋਲ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਜਿਸ ਸੂਟਕੇਸ ਵਿੱਚ ਹਿਮਾਨੀ ਦੀ ਲਾਸ਼ ਮਿਲੀ ਉਹ ਹਿਮਾਨੀ ਦੇ ਪਰਿਵਾਰ ਦਾ ਹੀ ਸੀ।
ਹਿਮਾਨੀ ਨਰਵਾਲ ਦੀ ਮਾਂ ਨੇ ਦੱਸਿਆ ਕਿ ਹਿਮਾਨੀ ਬੀਐੱਸਸੀ ਅਤੇ ਐੱਮਬੀਏ ਦੀ ਪੜ੍ਹਾਈ ਕਰ ਚੁੱਕੀ ਸੀ ਅਤੇ ਫਿਲਹਾਲ ਐੱਲਐੱਲਬੀ ਦੀ ਪੜ੍ਹਾਈ ਕਰ ਰਹੀ ਸੀ।
ਹਿਮਾਨੀ ਦੀ ਮਾਂ ਅਤੇ ਭਰਾ ਦਿੱਲੀ ਵਿੱਚ ਰਹਿੰਦੇ ਸਨ ਅਤੇ ਉਹ ਰੋਹਤਕ ਵਿੱਚ ਇਕੱਲੀ ਰਹਿੰਦੀ ਸੀ। ਹਿਮਾਨੀ ਦੇ ਪਰਿਵਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਉਦੋਂ ਤੱਕ ਹਿਮਾਨੀ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ।
ਕਾਂਗਰਸੀ ਆਗੂ ਦੀਪੇਂਦਰ ਹੁੱਡਾ ਸਣੇ ਹੋਰ ਕਾਂਗਰਸੀ ਆਗੂਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉੱਥੇ ਹੀ ਭਾਜਪਾ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਫੜਿਆ ਜਾਵੇਗਾ।
ਰਿਪੋਰਟ - ਕਮਲ ਸੈਣੀ, ਐਡਿਟ - ਸੁਖਮਨ ਦੀਪ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



