10 ਕਰੋੜ ਦਾ ਲੋਹੜੀ ਬੰਪਰ: ਰੂਪਨਗਰ ਦੇ ਪਰਿਵਾਰ ਨੂੰ ਜਦੋਂ ਲਾਟਰੀ ਜਿੱਤਣ ਬਾਰੇ ਪਤਾ ਲੱਗਾ
10 ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਰੂਪਨਗਰ ਦੇ ਪਿੰਡ ਬੜਵਾ ਵਿੱਚ ਰਹਿੰਦੇ ਇਸ ਪਰਿਵਾਰ ਦੇ ਪੱਬ ਧਰਤੀ 'ਤੇ ਨਹੀਂ ਲੱਗ ਰਹੇ।
ਕੁਵੈਤ ਵਿੱਚ ਆਪਰੇਟਰ ਵਜੋਂ ਕੰਮ ਕਰਦੇ ਹਰਭਿੰਦਰ ਸਿੰਘ ਆਉਂਦੇ ਦਿਨਾਂ ਵਿੱਚ ਮੁੜ ਕੁਵੈਤ ਜਾਣ ਦੀ ਤਿਆਰੀ ਵਿੱਚ ਸਨ। ਪਰ ਹੁਣ ਉਹ ਕੁਵੈਤ ਵਾਪਸ ਨਹੀਂ ਜਾਣਗੇ।
ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਖਰੀਦਦੇ ਆ ਰਹੇ ਸਨ, ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਕਦੇ ਨਾ ਕਦੇ ਉਨ੍ਹਾਂ ਦੀ ਲਾਟਰੀ ਜ਼ਰੂਰ ਨਿਕਲੇਗੀ।
ਹਰਭਿੰਦਰ ਆਪ ਸ਼ੂਗਰ ਸਣੇ ਕਈ ਸਿਹਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਦਾ ਪੁੱਤਰ ਅਤੇ ਪਤਨੀ ਵੀ ਪਿਛਲੇ ਸਾਲ ਗੰਭੀਰ ਹਾਦਸੇ ਸ਼ਿਕਾਰ ਹੋ ਗਏ ਸਨ ਜਿਸ ਦੇ ਇਲਾਜ ਲਈ ਉਨ੍ਹਾਂ ਦੀ ਜ਼ਮੀਨ ਵਿਕ ਗਈ ਸੀ।
ਰਿਪੋਰਟ - ਬਿਮਲ ਸੈਣੀ, ਐਡਿਟ - ਗੁਰਕਿਰਤਪਾਲ ਸਿੰਘ
ਸੰਘਰਸ਼ ਅਤੇ ਗਰੀਬੀ
ਤਸਵੀਰ ਸਰੋਤ, BBC/Bimal Saini
ਕਰੋੜਪਤੀ ਬਣ ਚੁੱਕੇ ਹਰਭਿੰਦਰ ਸਿੰਘ ਬਾਲਿਆ ਛੱਤ ਵਾਲੇ ਘਰ ਵਿੱਚ ਰਹਿੰਦੇ ਹਨ। ਹਰਭਿੰਦਰ ਕਹਿੰਦੇ ਹਨ ਕਿ ਉਹ 15 ਸਾਲਾਂ ਤੋਂ ਲਾਟਰੀ ਖਰੀਦ ਰਹੇ ਹਨ ਪਰ ਕਦੇ ਵੀ ਆਸ ਨਹੀਂ ਛੱਡੀ ਅਤੇ ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਇੱਕ ਦਿਨ ਲਾਟਰੀ ਜ਼ਰੂਰ ਨਿਕਲੇਗੀ।
ਉਹ ਕਹਿੰਦੇ ਹਨ ਕਿ ਪਰਿਵਾਰ ਵੱਲੋਂ ਲਾਟਰੀ ਦਾ ਨਤੀਜਾ ਲਾਈਵ ਵੇਖਿਆ ਗਿਆ ਸੀ। ਲਾਟਰੀ ਦੇ ਪੈਸਿਆਂ ਦੀ ਵਰਤੋਂ ਬਾਰੇ ਉਹ ਕਹਿੰਦੇ ਹਨ ਕਿ ਉਹ ਇਸ ਨਾਲ ਜ਼ਮੀਨ ਖਰੀਦਾਂਦੇ।
ਹਰਭਿੰਦਰ ਸਿੰਘ ਦੇ ਪਰਿਵਾਰ ਵਿੱਚ ਉਹ ਇੱਕਲੇ ਕਮਾਉਣ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਜ਼ਿੰਦਗੀ ਵਿੱਚ ਕਾਫ਼ੀ ਦੁੱਖ ਹੰਢਾਏ ਹਨ। ਪਰਿਵਾਰ ਨੇ ਬਹੁਤੀ ਜ਼ਮੀਨ ਵੇਚ ਦਿੱਤੀ ਸੀ।
ਹਰਭਿੰਦਰ ਸਿੰਘ ਕਈ ਸਿਹਤ ਸਮੱਸਿਆਵਾਂ ਨਾਲ ਵੀ ਜੁਝ ਰਹੇ ਹਨ। ਉਹ ਸ਼ੂਗਰ ਅਤੇ ਬੀਪੀ ਵਰਗੀਆਂ ਬੀਮਾਰੀਆਂ ਨਾਲ ਪੀੜਤ ਹਨ।
ਲਾਟਰੀ ਨਾਲ ਫੈਸਲੇ ਬਦਲੇ
ਹਰਭਿੰਦਰ ਸਿੰਘ ਦੇ ਪੱਤਰ ਦਵਿੰਦਰ ਸਿੰਘ ਲਾਟਰੀ ਪਾਉਣ ਵਾਲੇ ਦਿਨ ਦਾ ਕਿਸਾ ਦੱਸਦਿਆਂ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਵੱਲੋਂ ਲਾਟਰੀ ਪਾਉਣ ਸਮੇਂ ਕਿਹਾ ਗਿਆ ਸੀ ਕਿ ਲਾਟਰੀ ਦਾ ਨਤੀਜਾ ਆਉਣ ਤੋਂ ਬਾਅਦ ਹੀ ਕੁਵੈਤ ਦੀ ਟਿਕਟ ਬੁੱਕ ਕਰਵਾਉਣਗੇ।
ਹਰਭਿੰਦਰ ਸਿੰਘ ਕੁਵੈਤ ਵਿੱਚ ਆਪਰੇਟਰ ਵਜੋਂ ਕੰਮ ਕਰਦੇ ਸਨ ਪਰ ਹੁਣ ਉਨ੍ਹਾਂ ਨੇ ਫੈਸਲਾ ਬਦਲਦਿਆਂ ਪੰਜਾਬ ਰਹਿਣ ਦੀ ਗੱਲ ਕਹੀ ਹੈ।
ਹਰਭਿੰਦਰ ਸਿੰਘ ਦੇ ਪਤਨੀ ਕਹਿੰਦੇ ਹਨ ਕਿ ਪਰਿਵਾਰ ਨੇ ਮਾੜਾ ਸਮਾਂ ਵੇਖਿਆ ਪਰ ਪਤੀ ਦਾ ਹਮੇਸ਼ਾ ਵਿਸ਼ਵਾਸ ਸੀ ਕਿ ਲਾਟਰੀ ਜ਼ਰੂਰ ਨਿਕਲੇਗੀ। ਉਹ ਲਾਟਰੀ ਦੇ ਪੈਸਿਆਂ ਨਾਲ ਮਕਾਨ ਪਾਉਣ ਦੀ ਇੱਛਾ ਰੱਖਦੇ ਹਨ ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ